ਚੰਡੀਗੜ੍ਹ, 14 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਪਣੇ ਚੰਗੇ ਭਵਿੱਖ ਲਈ ਪੰਜਾਬ ਛੱਡ ਕੇ ਕੈਨੇਡਾ ਗਈ ਵਿਦਿਆਰਥਣ ਦੀ ਅੱਗ ਲੱਗਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਸ਼ਹਿਰ ਵਿੱਚ ਬੀਤੇ ਦਿਨੀਂ ਭਿਆਨਕ ਅੱਗ ਲੱਗ ਗਈ। ਅੱਗ ਕਿੰਗ ਸਟਰੀਟ ਉਤੇ ਸਥਿਤ ਛੇ ਯੂਨਿਟਾਂ ਵਾਲੀ ਇਕ ਇਮਾਰਤ ਵਿੱਚ ਲੱਗੀ ਸੀ, ਤੇਜ਼ੀ ਨਾਲ ਫੈਲਦੀ ਅੱਗ ਨੇ ਨਾਲ ਲੱਗਦੇ ਵਪਾਰਕ ਦਫ਼ਤਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਇਕ ਪੰਜਾਬੀ ਵਿਦਿਆਰਥਣ ਦੀ ਦੁੱਖਦਾਈ ਮੌਤ ਹੋ ਗਈ, ਜਦੋਂ ਕਿ 10 ਹੋਰ ਬੇਘਰ ਹੋ ਗਏ। ਮ੍ਰਿਤਕ ਦੀ ਪਹਿਚਾਣ 24 ਸਾਲਾ ਅਮਿਤੌਜ ਕੌਰ ਵਜੋਂ ਹੋਈ ਹੈ। ਅਮਿਤੋਜ ਕੌਰ 2020 ਵਿੱਚ ਪੰਜਾਬ ਤੋਂ ਕੈਨੇਡਾ ਗਈ ਸੀ। ਬ੍ਰਿਜਵਾਟਰ ਪੁਲੀਸ ਦੇ ਐਕਟਿੰਗ ਚੀਫ਼ ਡੈਨ ਮੈਕਫੀ ਨੇ ਇਸ ਸਬੰਧੀ ਦੱਸਿਆ ਕਿ ਜਦੋਂ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਅੱਗ ਦੀ ਤੀਬਰਤਾ ਕਾਰਨ ਇਮਾਰਤ ਅੰਦਰ ਜਾਣਾ ਸੰਭਵ ਨਹੀਂ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂ ਵਿੱਚ ਲੱਗ ਰਿਹਾ ਸੀ ਕਿ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲ ਗਏ ਹਨ, ਪ੍ਰੰਤੂ ਬਾਅਦ ਵਿੱਚ ਪਤਾ ਚੱਲਿਆ ਕਿ ਇੱਕ ਵਿਅਕਤੀ ਲਾਪਤਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਸ਼ਾਮ ਵੇਲੇ ਜਦੋਂ ਇਮਾਰਤ ਅੰਦਰ ਜਾਣਾ ਸੁਰੱਖਿਅਤ ਹੋਇਆ, ਤਾਂ ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਫਾਇਰ ਮਾਰਸ਼ਲ ਦਫ਼ਤਰ ਅਤੇ ਮੈਡੀਕਲ ਐਗਜ਼ਾਮੀਨਰ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Spread the love