ਚੰਡੀਗੜ੍ਹ, 13 ਜੂਨ :
ਗਰਮੀ ਦੇ ਮੌਸਮ ਵਿੱਚ ਏਸੀ ਤੋਂ ਬਿਨਾਂ ਜ਼ਿੰਦਗੀ ਜਿਉਣਾ ਹੁਣ ਦੁਭਰ ਲੱਗਦਾ ਹੈ। ਘਰ ਹੋਵੇ, ਦਫ਼ਤਰ ਹੋਵੇ ਜਾਂ ਮਾਲ, ਹਰ ਥਾਂ ਏਅਰ ਕੰਡੀਸ਼ਨਰ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਿਰ ਦੁਨੀਆ ਦਾ ਪਹਿਲਾ ਏਸੀ ਕਿਸ ਨੇ ਬਣਾਇਆ ਸੀ? ਇਸ ਦੀ ਖੋਜ਼ ਕਰਨ ਪਿੱਛੇ ਕੀ ਕਾਰਨ ਰਹੇ ਹਨ। ਆਓ ਜਾਣਦੇ ਹਾਂ ਇਸ ਦਿਲਚਸਪ ਕਹਾਣੀ ਨੂੰ।
ਦੁਨੀਆ ਦਾ ਪਹਿਲਾ ਏਅਰ ਕੰਡੀਸ਼ਨਰ ਸਾਲ 1902 ਵਿੱਚ ਵਿਲਿਸ ਕੈਰੀਅਰ (Willis Carrier) ਨੇ ਬਣਾਇਆ ਸੀ। ਵਿਲਿਸ ਕੈਰੀਅਰ ਇੱਕ ਇੰਜੀਨੀਅਰ ਸਨ, ਜੋ ਇੱਕ ਪ੍ਰਿੰਟਿੰਗ ਪਲਾਂਟ ਵਿੱਚ ਕੰਮ ਕਰਦੇ ਸਨ। ਉਸ ਸਮੇਂ ਪਲਾਂਟ ਵਿੱਚ ਜ਼ਿਆਦਾ ਗਰਮੀ ਅਤੇ ਨਮੀ ਕਾਰਨ ਅਖ਼ਬਾਰਾਂ ਦੀ ਛਪਾਈ ਵਿੱਚ ਮੁਸ਼ਕਲ ਆ ਰਹੀ ਸੀ। ਰੰਗੀਨ ਸਿਆਹੀ ਕਾਗਜ਼ ‘ਤੇ ਠੀਕ ਤਰ੍ਹਾਂ ਨਹੀਂ ਛਪਦੀ ਸੀ।

ਇਸ ਸਮੱਸਿਆ ਦਾ ਹੱਲ ਲੱਭਦਿਆਂ ਵਿਲਿਸ ਕੈਰੀਅਰ ਨੇ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਜੋ ਹਵਾ ਨੂੰ ਠੰਢਾ ਅਤੇ ਨਮੀ ਨੂੰ ਕੰਟਰੋਲ ਕਰ ਸਕੇ। ਇਹੀ ਦੁਨੀਆ ਦਾ ਪਹਿਲਾ ਏਅਰ ਕੰਡੀਸ਼ਨਰ ਬਣਿਆ।
ਹਾਲਾਂਕਿ ਪਹਿਲਾ ਏਸੀ ਇੰਨਾ ਵੱਡਾ ਸੀ ਕਿ ਇਸਨੂੰ ਘਰਾਂ ਵਿੱਚ ਲਗਾਉਣਾ ਸੰਭਵ ਨਹੀਂ ਸੀ। ਇਹ ਸਿਰਫ਼ ਫੈਕਟਰੀਆਂ ਅਤੇ ਵੱਡੀਆਂ ਕੰਪਨੀਆਂ ਵਿੱਚ ਹੀ ਵਰਤਿਆ ਜਾ ਸਕਦਾ ਸੀ। ਫਿਰ 1915 ਵਿੱਚ ਕੈਰੀਅਰ ਨੇ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਏਸੀ ਦਾ ਵੱਡੇ ਪੱਧਰ ‘ਤੇ ਉਤਪਾਦਨ ਸ਼ੁਰੂ ਹੋਇਆ। ਸਮੇਂ ਦੇ ਨਾਲ ਤਕਨਾਲੋਜੀ ਵਿੱਚ ਸੁਧਾਰ ਆਇਆ ਅਤੇ 1931 ਵਿੱਚ ਪਹਿਲਾ ਵਿੰਡੋ ਏਸੀ ਬਣਾਇਆ ਗਿਆ।
ਇਸ ਤੋਂ ਬਾਅਦ 1945 ਵਿੱਚ ਇੱਕ ਛੋਟਾ ਪੋਰਟੇਬਲ ਏਸੀ ਤਿਆਰ ਕੀਤਾ ਗਿਆ ਜੋ ਨਾ ਸਿਰਫ਼ ਕਮਰੇ ਨੂੰ ਠੰਢਾ ਕਰਦਾ ਸੀ, ਸਗੋਂ ਗਰਮ ਵੀ ਕਰ ਸਕਦਾ ਸੀ ਅਤੇ ਹਵਾ ਨੂੰ ਸਾਫ਼ ਵੀ ਰੱਖਦਾ ਸੀ।
ਪੇਸ਼ਕਸ : ਰੋਬੀਆ ਧੰਜਲ













