ਚੰਡੀਗੜ੍ਹ, 2 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਕੋਈ ਵੀ ਫੇਰਬਦਲ ਕਰਨ ਤੋਂ ਗੁਰੇਜ਼ ਕਰਦੇ ਹੋਏ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਵਿੱਚ ਵਿੱਚ ਜਿੱਥੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਕੁਰਸੀ ਬਚਾਉਣ ਵਿੱਚ ਸਫਲ ਰਹੇ ਹਨ, ਉੱਥੇ ਹੀ ਪਾਰਟੀ ਨੇ ਅੰਦਰੂਨੀ ਕਲੇਸ਼ ਨੂੰ ਠੱਲ੍ਹ ਪਾਉਣ ਲਈ ਕਈ ਦਿੱਗਜਾਂ ਦੇ ਸਿਆਸੀ ਕੱਦ ਨੂੰ ਬਰਾਬਰ ਤੋਲਣ ਦੀ ਕੋਸ਼ਿਸ਼ ਕੀਤੀ ਹੈ। ਰਾਜਾ ਵੜਿੰਗ ਭਾਵੇਂ ਪ੍ਰਧਾਨ ਬਣੇ ਰਹਿਣਗੇ, ਪਰ ਹੁਣ ਉਨ੍ਹਾਂ ਦੇ ਮੋਢਿਆਂ ਦਾ ਭਾਰ ਵੰਡਣ ਅਤੇ ਹਰ ਵਰਗ ਨੂੰ ਪ੍ਰਤੀਨਿਧਤਾ ਦੇਣ ਲਈ ਪਾਰਟੀ ਨੇ ਤਿੰਨ ਵਰਕਿੰਗ ਪ੍ਰਧਾਨ ਤਾਇਨਾਤ ਕਰ ਦਿੱਤੇ ਹਨ:

  • ਸਖਵਿੰਦਰ ਸਿੰਘ ਡੈਨੀ
  • ਰਾਜ ਕੁਮਾਰ ਵੇਰਕਾ
  • ਸੰਗਤ ਸਿੰਘ ਗਿਲਜੀਆਂ

ਇਸ ਦੇ ਨਾਲ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਪ੍ਰਤਾਪ ਸਿੰਘ ਬਾਜਵਾ ਦੀ ਪੁਜੀਸ਼ਨ ਨੂੰ ਬਿਨਾਂ ਕਿਸੇ ਛੇੜਛਾੜ ਦੇ ਬਰਕਰਾਰ ਰੱਖਿਆ ਗਿਆ ਹੈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਨੇ ‘ਚੋਣ ਪ੍ਰਚਾਰ ਕਮੇਟੀ’ ਦੀ ਕਮਾਂਡ ਸੌਂਪ ਕੇ ਸੂਬੇ ਦੀ ਸਿਆਸਤ ਗਰਮਾ ਦਿੱਤੀ ਹੈ। ਸਿਆਸੀ ਮਾਹਰ ਇਸ ਨੂੰ ਹਿਮਾਚਲ ਪ੍ਰਦੇਸ਼ ਵਾਲੇ ਫਾਰਮੂਲੇ ਵਜੋਂ ਦੇਖ ਰਹੇ ਹਨ, ਜਿੱਥੇ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁੱਖੂ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਉਹ ਮੁੱਖ ਮੰਤਰੀ ਬਣੇ। ਇਸ ਕਦਮ ਨਾਲ ਹਾਈ ਕਮਾਂਡ ਨੇ ਭਵਿੱਖ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚੰਨੀ, ਵੜਿੰਗ ਅਤੇ ਬਾਜਵਾ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਹਨ।

ਚੰਨੀ ਦੀ ਮਦਦ ਲਈ ਤਿੰਨ ਤਕੜੇ ਸਿਆਸੀ ਚਿਹਰੇ ਸਹਿ-ਚੇਅਰਮੈਨ ਲਾਏ ਗਏ ਹਨ:

  1. ਰਾਣਾ ਗੁਰਜੀਤ ਸਿੰਘ
  2. ਸੁਖਪਾਲ ਸਿੰਘ ਖਹਿਰਾ
  3. ਡਾ. ਧਰਮਵੀਰ ਗਾਂਧੀ

ਕੋਰ ਕਮੇਟੀ ਦੀ ਕਮਾਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਂਪੀ ਗਈ ਹੈ। ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਚੇਅਰਪਰਸਨ ਵਿਜੇ ਇੰਦਰ ਸਿੰਗਲਾ ਹੋਣਗੇ, ਜਦਕਿ ਓ.ਪੀ. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਨਾਗਰਾ, ਅੰਗਦ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਕੋ-ਚੇਅਰਮੈਨ ਬਣਾਇਆ ਗਿਆ ਹੈ। ਮੈਨੀਫੈਸਟੋ ਕਮੇਟੀ ਦੀ ਕਮਾਨ ਡਾ. ਅਮਰ ਸਿੰਘ ਨੂੰ ਦਿੱਤੀ ਗਈ ਹੈ, ਜਦਕਿ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ, ਹਰਦਿਆਲ ਕੰਬੋਜ ਅਤੇ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਇਸ ਕਮੇਟੀ ਦੇ ਕੋ-ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਕੁਮਾਰ ਵੇਰਕਾ, ਸੁਖਵਿੰਦਰ ਸਿੰਘ ਡੈਨੀ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Spread the love