ਚੰਡੀਗੜ੍ਹ, 12 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਵਫ਼ਦ ਨੇ ਅੱਜ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਡਾ. ਸ਼ੀਨਾ ਅਗਰਵਾਲ ਨਾਲ ਮੁਲਾਕਾਤ ਕਰਕੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਸੰਬੰਧਿਤ ਅਹਿਮ ਮੰਗਾਂ ਅਤੇ ਮਸਲਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਮੀਟਿੰਗ ਵਿੱਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਵਿੱਤ ਸਕੱਤਰ ਅੰਮ੍ਰਿਤਪਾਲ ਬਾਜਵਾ ਅਤੇ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਜਨਰਲ ਸਕੱਤਰ ਊਸ਼ਾ ਰਾਣੀ ਵੀ ਸ਼ਾਮਲ ਹੋਏ। ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
ਯੂਨੀਅਨ ਵੱਲੋਂ ਹੈਲਪਰਾਂ ਦੀ ਦਸਵੀਂ ਯੋਗਤਾ ਦੇ ਆਧਾਰ ‘ਤੇ ਪ੍ਰਮੋਸ਼ਨ ਦੇ ਮਾਮਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮਾਤਾਵਾਂ ਦੀ ਸਸ਼ਕਤੀਕਰਨ ਯੋਜਨਾ ਅਤੇ ਹੋਰ ਸਰਕਾਰੀ ਗਤੀਵਿਧੀਆਂ ਦੌਰਾਨ ਛੁੱਟੀਆਂ ਵਾਲੇ ਦਿਨਾਂ ਵਿੱਚ ਹੈਲਪਰਾਂ ਨੂੰ ਬਿਨਾਂ ਕਿਸੇ ਭੁਗਤਾਨ ਦੇ ਡਿਊਟੀ ‘ਤੇ ਸੱਦੇ ਜਾਣ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਅਜਿਹੇ ਕੰਮਾਂ ਲਈ ਬਣਦਾ ਮਾਨਦੇਹ ਦੇਣ ਦੀ ਮੰਗ ਉਠਾਈ ਗਈ।
ਮੀਟਿੰਗ ਦੌਰਾਨ ਸੁਪਰਵਾਈਜ਼ਰਾਂ ਦੀ ਭਰਤੀ ਵਿੱਚ ਹੋ ਰਹੀ ਬੇਵਜ੍ਹਾ ਦੇਰੀ ਦਾ ਮਾਮਲਾ ਵੀ ਉਠਾਇਆ ਗਿਆ ਅਤੇ ਭਰਤੀ ਪ੍ਰਕਿਰਿਆ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਨੇ ਹਾਲ ਹੀ ਵਿੱਚ ਪੋਸ਼ਣ ਰਾਸ਼ਨ ਵਿੱਚ ਮਿਲੇ ਜ਼ਹਿਰੀਲੇ ਅਤੇ ਗੈਰ-ਮਿਆਰੀ ਪਦਾਰਥਾਂ ਦੇ ਗੰਭੀਰ ਮਾਮਲੇ ਵੱਲ ਵੀ ਡਾਇਰੈਕਟਰ ਦਾ ਧਿਆਨ ਦਿਵਾਇਆ ਅਤੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਡਾ. ਸੋਨਾ ਅਗਰਵਾਲ ਨੇ ਯੂਨੀਅਨ ਵੱਲੋਂ ਉਠਾਏ ਗਏ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ।
ਇਸੇ ਦਿਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਬਿਨਾਂ ਪ੍ਰੀਮੀਅਮ ਵਾਲੀ ਬੀਮਾ ਯੋਜਨਾ ਸਬੰਧੀ ਵੀ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਬੈਂਕਾਂ ਅਤੇ ਜੱਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਦੇ ਕਈ ਪ੍ਰਮੁੱਖ ਬੈਂਕਾਂ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਐਕਸਿਸ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਆਪਣੇ ਪ੍ਰਸਤਾਵਿਤ ਬੀਮਾ ਅਤੇ ਬੈਂਕਿੰਗ ਪੈਕੇਜ ਪੇਸ਼ ਕੀਤੇ ਗਏ, ਜਦਕਿ ਹੋਰ ਬੈਂਕਾਂ ਵੱਲੋਂ ਆਪਣੇ ਪ੍ਰਸਤਾਵ ਅਗਲੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣਗੇ।
ਜੱਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਕਿਸੇ ਵੀ ਫੈਸਲੇ ਤੋਂ ਪਹਿਲਾਂ ਬੀਮਾ ਪੈਕੇਜਾਂ ਦੇ ਸਾਰੇ ਵੇਰਵੇ, ਲਾਭ, ਸ਼ਰਤਾਂ, ਉਮਰ ਸੀਮਾਵਾਂ ਅਤੇ ਹੈਲਪਰਾਂ ਸਮੇਤ ਸਾਰੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਏ ਬਿਨਾਂ ਕਿਸੇ ਵੀ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਡਾਇਰੈਕਟਰ ਡਾ. ਸੋਨਾ ਅਗਰਵਾਲ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਦੁਬਾਰਾ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿੱਚ ਸਾਰੇ ਬੈਂਕ ਆਪਣੇ ਵਿਸਥਾਰਪੂਰਵਕ ਪੈਕੇਜ ਪੇਸ਼ ਕਰਨਗੇ। ਉਸ ਤੋਂ ਬਾਅਦ ਜੱਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਉਹ ਬੈਂਕ ਚੁਣਿਆ ਜਾਵੇਗਾ ਜੋ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਭ ਤੋਂ ਵਧੀਆ ਅਤੇ ਵੱਧ ਤੋਂ ਵੱਧ ਲਾਭਦਾਇਕ ਸਹੂਲਤਾਂ ਪ੍ਰਦਾਨ ਕਰੇਗਾ।

Spread the love