ਚੰਡੀਗੜ੍ਹ, 12 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਚੰਡੀਗੜ੍ਹ ਵਿੱਚ ਦਿਨ-ਦਿਹੜੇ ਅਪਰਾਧਿਕ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਜਿਸ ਨੇ ਸਥਾਨਕ ਲੋਕਾਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਚੰਡੀਗੜ੍ਹ ਦੇ ਸੈਕਟਰ-37 ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ੁੱਕਰਵਾਰ ਸਵੇਰੇ ਇੱਕ ਬਜ਼ੁਰਗ ਔਰਤ ਨਾਲ ਦਿਨ-ਦਿਹੜੇ ਲੁਟੇਰੇ ਵਾਲੀਆਂ ਖੋਹ ਕੇ ਫਰਾਰ ਹੋ ਗਏ। ਪੀੜਤ ਔਰਤ 72 ਸਾਲਾ ਅਮਰਜੀਤ ਕੌਰ ਮੁਤਾਬਕ ਉਹ ਨੇੜੇ ਦੀ ਇੱਕ ਦੁਕਾਨ ਤੋਂ ਕਰਿਆਨੇ ਦਾ ਸਾਮਾਨ ਖਰੀਦ ਕੇ ਹੱਥ ਵਿੱਚ ਬੈਗ ਫੜੀ ਆਪਣੇ ਘਰ ਵਾਪਸ ਆ ਰਹੀ ਸੀ। ਉਹ ਅਜੇ ਆਪਣੇ ਘਰ ਤੋਂ ਕੁਝ ਹੀ ਕਦਮਾਂ ਦੀ ਦੂਰੀ ‘ਤੇ ਸੀ ਕਿ ਪਿੱਛੋਂ ਪੈਦਲ ਆਏ ਇੱਕ ਅਣਪਛਾਤੇ ਨੌਜਵਾਨ ਨੇ ਅਚਾਨਕ ਉਨ੍ਹਾਂ ‘ਤੇ ਝਪਟਾ ਮਾਰਿਆ ਅਤੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਰਫ਼ੂਚੱਕਰ ਹੋ ਗਿਆ। ਬਜ਼ੁਰਗ ਔਰਤ ਲੁਟੇਰੇ ਦਾ ਪਿੱਛਾ ਨਹੀਂ ਕਰ ਸਕੀ, ਪਰ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਹ ਸਾਰੀ ਵਾਰਦਾਤ ਉੱਥੇ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮ ਬਜ਼ੁਰਗ ਔਰਤ ਦੇ ਪਿੱਛੇ ਆਉਂਦਾ ਹੈ ਅਤੇ ਵਾਲੀਆਂ ਖੋਹ ਕੇ ਭੱਜ ਜਾਂਦਾ ਹੈ। ਘਟਨਾ ਦੀ ਇਤਲਾਹ ਮਿਲਦੇ ਹੀ ਸੈਕਟਰ-39 ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਟੇਰੇ ਦੀ ਪਛਾਣ ਕਰਨ ਲਈ ਇਲਾਕੇ ਦੇ ਹੋਰ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਵੇਗਾ।

Spread the love