Breaking News
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਿਆ ਰਹੀ ਰੰਗ, 80% ਸਫਲਤਾ ਦਰ ਨਾਲ ਜਨਤਾ ਅਤੇ ਪੁਲਿਸ ਦੇ ਤਾਲਮੇਲ ਨੇ ਤੋੜੀ ਤਸਕਰਾਂ ਦੀ ਕਮਰ: ਬਲਤੇਜ ਪੰਨੂ

ਚੰਡੀਗੜ੍ਹ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਜਿਸ ਤਰ੍ਹਾਂ ਦੀ ਸਫਲਤਾ ਮਿਲ ਰਹੀ ਹੈ, ਉਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਬਹੁਤ ਜਲਦ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਵੱਲ ਵਧ ਰਿਹਾ ਹੈ। ਸਰਕਾਰ ਅਤੇ ਜਨਤਾ ਵਿਚਕਾਰ ਇਸੇ ਤਾਲਮੇਲ ਨੇ ਨਸ਼ਾ ਤਸਕਰਾਂ ਦੀ ਕਮਰ ਤੋੜ ਦਿੱਤੀ ਹੈ।

ਨਸ਼ਿਆਂ ਵਿਰੁੱਧ ਜਾਰੀ ਇਸ ਜੰਗ ਦੇ ਹੁਣ ਤੱਕ ਦੇ ਅੰਕੜੇ ਸਾਂਝੇ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਮੁਸਤੈਦੀ ਦਿਖਾਉਂਦੇ ਹੋਏ ਕੁੱਲ 41,850 ਐਫਆਈਆਰ ਦਰਜ ਕੀਤੀਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਕਰੀਬ 60,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਦੇ ਅੰਕੜੇ ਦੱਸਦੇ ਹਨ ਕਿ ਮੁਹਿੰਮ ਕਿੰਨੀ ਡੂੰਘਾਈ ਨਾਲ ਕੰਮ ਕਰ ਰਹੀ ਹੈ। ਹੁਣ ਤੱਕ ਪੁਲਿਸ ਨੇ 2569 ਕਿੱਲੋ ਹੈਰੋਇਨ, 0.37 ਕਿੱਲੋ ਸਮੈਕ, 748 ਕਿੱਲੋ ਅਫੀਮ, 35,058 ਕਿੱਲੋ ਭੁੱਕੀ, 898 ਕਿੱਲੋ ਗਾਂਜਾ ਅਤੇ 4599 ਕਿੱਲੋ ਕੋਕੀਨ ਬਰਾਮਦ ਕਰਕੇ ਨਸ਼ਿਆਂ ਦੇ ਵੱਡੇ ਨੈੱਟਵਰਕ ਨੂੰ ਤਬਾਹ ਕੀਤਾ ਹੈ।

ਬਲਤੇਜ ਪੰਨੂ ਨੇ ਵਿਸ਼ੇਸ਼ ਤੌਰ ‘ਤੇ ਜ਼ਮੀਨੀ ਪੱਧਰ ‘ਤੇ ਜਨਤਾ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਬਣਾਈਆਂ ਗਈਆਂ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਬਣਾਈ ਗਈ ਵਿਸ਼ੇਸ਼ ਮੋਬਾਈਲ ਐਪ ‘ਤੇ ਸਭ ਤੋਂ ਵੱਧ ਸੂਚਨਾਵਾਂ ਪੁਲਿਸ ਤੱਕ ਪਹੁੰਚ ਰਹੀਆਂ ਹਨ, ਜਿਸ ਦੀ ਸਫਲਤਾ ਦਰ (ਸਕਸੈੱਸ ਰੇਟ) 80 ਫੀਸਦੀ ਤੋਂ ਵੀ ਜ਼ਿਆਦਾ ਹੈ।

ਪੰਨੂ ਨੇ ਸਪੱਸ਼ਟ ਕੀਤਾ ਕਿ ਅੱਜ ਜੋ ਵੱਡੀ ਗਿਣਤੀ ਵਿੱਚ ਐਫਆਈਆਰ ਦਰਜ ਹੋ ਰਹੀਆਂ ਹਨ ਅਤੇ ਬਰਾਮਦਗੀ ਹੋ ਰਹੀ ਹੈ, ਉਹ ਮੁੱਖ ਤੌਰ ‘ਤੇ ਲੋਕਾਂ ਦੁਆਰਾ ਦਿੱਤੀ ਗਈ ਸਹੀ ਜਾਣਕਾਰੀ ਅਤੇ ਉਨ੍ਹਾਂ ਦੀ ਮਦਦ ਸਦਕਾ ਹੀ ਸੰਭਵ ਹੋ ਰਿਹਾ ਹੈ। ‘ਰੰਗਲਾ ਪੰਜਾਬ’ ਦੀ ਦਿਸ਼ਾ ਵਿੱਚ ਇਹ ਇੱਕ ਨਿਰਣਾਇਕ ਜਿੱਤ ਹੈ।

PSEB ਵੱਲੋਂ AIਬਾਰੇ ਕਰਵਾਈ ਗਈ ਕਾਨਫਰੰਸ ‘ਚ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖਪਤਕਾਰਾਂ ਦੀ ਥਾਂ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਜ਼ੋਰ

ਚੰਡੀਗੜ੍ਹ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਵੱਲ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ‘ਤੇ ਕਰਵਾਈ ਗਈ ਕੌਮੀ-ਪੱਧਰ ਦੀ ਦੋ-ਰੋਜ਼ਾ ਕਾਨਫਰੰਸ ਅੱਜ ਗੂਗਲ ਅਤੇ ਇੰਟੇਲ ਦੁਆਰਾ ਵਿਹਾਰਕ ਵਰਕਸ਼ਾਪਾਂ ਦੇ ਆਯੋਜਨ ਨਾਲ ਸਮਾਪਤ ਹੋਈ।

ਇਸ ਕਾਨਫਰੰਸ ਨੇ ਕਲਾਸਰੂਮਾਂ ਵਿੱਚ ਏਆਈ ਨੂੰ ਸ਼ਾਮਲ ਕਰਨ ਲਈ ਢੁਕਵਾਂ ਰੋਡਮੈਪ, ਜੋ ਸਿੱਖਣ ਦੀ ਗੁਣਵੱਤਾ ‘ਚ ਸੁਧਾਰ, ਪਹੁੰਚ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਸਿਰਫ਼ ਖਪਤਕਾਰਾਂ ਦੀ ਥਾਂ ਤਕਨਾਲੋਜੀ ਦੇ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਕੇਂਦ੍ਰਿਤ ਹੋਵੇਗਾ, ਤਿਆਰ ਕਰਨ ਵਾਸਤੇ ਨੀਤੀ ਘਾੜਿਆਂ, ਸਿੱਖਿਅਕਾਂ ਅਤੇ ਤਕਨਾਲੋਜੀ ਮਾਹਿਰਾਂ ਲਈ ਵਿਚਾਰ-ਵਟਾਂਦਰੇ ਵਾਸਤੇ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ।

ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐਸ (ਸੇਵਾਮੁਕਤ) ਨੇ ਏਆਈ ਦੀ ਨੈਤਿਕ ਵਰਤੋਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸਨੂੰ ਸਿਖਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰਾਂ ਨੂੰ ਨਿਖਾਰਨ ਵਾਸਤੇ ਵਰਤਿਆ ਜਾ ਸਕਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਏਆਈ-ਅਧਾਰਤ ਉਪਕਰਨ ਸਾਡੇ ਪੱਕੇ ਸਾਥੀ ਬਣ ਗਏ ਹਨ, ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਉਪਕਰਨਾਂ ਦੀ ਚੋਣ ਉਸੇ ਤਰ੍ਹਾਂ ਹੀ ਪੂਰੀ ਸੂਝ-ਬੂਝ ਅਤੇ ਪਰਖ ਨਾਲ ਕਰਨ ਜਿਵੇਂ ਅਸੀਂ ਆਪਣੇ ਦੋਸਤਾਂ ਦੀ ਚੋਣ ਕਰਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਅਤੇ ਇੱਕ ਸਪਸ਼ਟ ਕਾਨੂੰਨੀ ਤੇ ਨੈਤਿਕ ਢਾਂਚੇ ਵਿੱਚ ਰਹਿ ਕੇ ਕਰਨ ਲਈ ਉਤਸ਼ਾਹਿਤ ਕੀਤਾ, ਜੋ ਮੁੱਖ ਉਦੇਸ਼ਾਂ ਨਾਲ ਸਮਝੌਤਾ ਕੀਤੇ ਬਿਨਾਂ ਉਨ੍ਹਾਂ ਲਈ ਸਿੱਖਣ ਵਾਸਤੇ ਲਾਹੇਵੰਦ ਸਾਬਤ ਹੋਵੇ।

ਗੂਗਲ ਦੀ ਅਗਵਾਈ ਵਾਲੇ ਸੈਸ਼ਨ ਦੌਰਾਨ ਸਿੱਖਿਆ ਵਿੱਚ ਏ.ਆਈ. ਦੀ ਬੇਹੱਦ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ ਗਿਆ, ਜਿਸ ਵਿੱਚ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ-ਨਿਰਮਾਣ ‘ਤੇ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਅਧਿਆਪਕਾਂ ਤੋਂ ਲੈ ਕੇ ਪ੍ਰਸ਼ਾਸਕਾਂ ਤੱਕ, ਸਿੱਖਿਆ ਪ੍ਰਣਾਲੀ ਦੇ ਮੁੱਖ ਹਿੱਸੇਦਾਰ ਪਹਿਲਾਂ ਹੀ ਏ.ਆਈ-ਅਧਾਰਤ ਪਹੁੰਚ ਨਾਲ ਜੁੜ ਰਹੇ ਅਤੇ ਇਸਨੂੰ ਅਪਣਾ ਰਹੇ ਹਨ, ਜੋ ਇਸ ਤਬਦੀਲੀ ਵੱਲ ਸਾਡੀ ਮਜ਼ਬੂਤ ਤਿਆਰੀ ਨੂੰ ਦਰਸਾਉਂਦਾ ਹੈ।

ਕਾਨਫਰੰਸ ਦਾ ਇੱਕ ਮੁੱਖ ਹਿੱਸਾ “ਕੰਮ ਵਾਲੇ ਸਥਾਨ ‘ਤੇ ਏ.ਆਈ. ਦੀ ਵਰਤੋਂ” ‘ਤੇ ਇੰਟੈਲ ਦੀ ਵਿਹਾਰਕ ਵਰਕਸ਼ਾਪ ਸੀ, ਜਿਸ ਵਿੱਚ 112 ਤੋਂ ਵੱਧ ਹਾਜ਼ਰੀਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਸ਼ਨ ਦੌਰਾਨ ਸਰਕਾਰੀ ਢਾਂਚੇ ਦੇ ਅੰਦਰ ਏ.ਆਈ. ਉਪਕਰਨ ਸਥਾਪਤ ਕਰਨ ‘ਤੇ ਵਿਹਾਰਕ ਸਿਖਲਾਈ ਦਿੱਤੀ ਗਈ, ਜਿਸ ਵਿੱਚ ਡੇਟਾ ਗੋਪਨੀਯਤਾ, ਜ਼ਿੰਮੇਵਾਰੀ ਨਾਲ ਵਰਤੋਂ ਅਤੇ ਸੰਗਠਨ-ਵਿਸ਼ੇਸ਼ ਜਾਂ ਸੰਵੇਦਨਸ਼ੀਲ ਜਾਣਕਾਰੀ ਨੂੰ ਅਣਜਾਣੇ ਵਿੱਚ ਸਾਂਝਾ ਕਰਨ ਵਰਗੀਆਂ ਸਥਿਤੀਆਂ ਦੀ ਰੋਕਥਾਮ ਲਈ ਸੁਰੱਖਿਆ ਉਪਾਵਾਂ ‘ਤੇ ਜ਼ੋਰ ਦਿੱਤਾ ਗਿਆ।

ਆਈਕੇਜੀ ਪੀਟੀਯੂ ਦੁਆਰਾ “ਸਕੂਲ ਲੀਡਰਾਂ ਲਈ ਸਕੂਲਾਂ ਵਿੱਚ ਏ.ਆਈ.” ਵਿਸ਼ੇ ‘ਤੇ ਇੱਕ ਹੋਰ ਵਰਕਸ਼ਾਪ ਕਰਵਾਈ ਗਈ, ਜੋ ਵਿਸ਼ੇਸ਼ ਕਰਕੇ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ। ਇਹ ਸੰਸਥਾਗਤ ਲੀਡਰਸ਼ਿਪ ਅਤੇ ਅਕਾਦਮਿਕ ਪ੍ਰਬੰਧਨ ਵਿੱਚ ਏ.ਆਈ. ਉਪਕਰਨਾਂ ਨੂੰ ਏਕੀਕ੍ਰਿਤ ਕਰਨ ‘ਤੇ ਕੇਂਦ੍ਰਿਤ ਸੀ। ਇਸਦੇ ਨਾਲ ਹੀ ਏ.ਆਈ.-ਸਮਰੱਥ ਮਾਹੌਲ ਵਿੱਚ ਅਕਾਦਮਿਕ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਕੂਲਾਂ ਵਾਸਤੇ ਏ.ਆਈ-ਅਧਾਰਤ ਸਮੱਗਰੀ ਦੀ ਪਛਾਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।

ਨੀਵ ਏਆਈ ਦੁਆਰਾ ਆਯੋਜਿਤ ਵਿਦਿਆਰਥੀ-ਕੇਂਦ੍ਰਿਤ ਵਰਕਸ਼ਾਪ “ਏਆਈ ਇਨ ਐਜੂਕੇਸ਼ਨ” ਨੇ ਏਆਈ-ਅਧਾਰਤ ਐਪਲੀਕੇਸ਼ਨਾਂ ਵਿੱਚ ਵਿਹਾਰਕ ਹੁਨਰਾਂ ਦੀ ਸਿਖਲਾਈ ਦਿੱਤੀ। ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਵਿਹਾਰਕ ਵਰਤੋਂ ਦੇ ਮਾਮਲਿਆਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਏਆਈ ਦੀ ਸ਼ੁਰੂਆਤੀ, ਬੁਨਿਆਦੀ ਸਮਝ ਨੂੰ ਉਤਸ਼ਾਹਿਤ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਉੱਭਰ ਰਹੇ ਸਾਧਨਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਗਿਆ।

ਚੇਅਰਮੈਨ ਨੇ ਦੱਸਿਆ ਕਿ ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਏਆਈ ਟੂਲ ਕਿਵੇਂ ਵਿਕਸਤ ਕੀਤੇ ਜਾਂਦੇ ਹਨ, ਉਨ੍ਹਾਂ ਦੇ ਪਿੱਛੇ ਦੀਆਂ ਪ੍ਰਕਿਰਿਆਵਾਂ ਅਤੇ ਅਜਿਹੀਆਂ ਤਕਨਾਲੋਜੀਆਂ ਬਣਾਉਣ ਲਈ ਲੋੜੀਂਦੇ ਵਿਭਿੰਨ ਹੁਨਰ ਸੈੱਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਐਕਸਪੋਜ਼ਰ ਨੇ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਡੂੰਘਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਏਆਈ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਭਵਿੱਖ ਦੇ ਮਾਰਗਾਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦੀ ਉਤਸੁਕਤਾ, ਅਨੁਕੂਲਤਾ ਤੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੁੜਨ ਦੀ ਇੱਛਾ ਨੇ ਆਉਣ ਵਾਲੇ ਸਾਲਾਂ ਵਿੱਚ ਏਆਈ-ਅਧਾਰਤ ਸਿਖਲਾਈ ਦੇ ਖੇਤਰ ਵਿੱਚ ਅਥਾਹ ਸੰਭਾਵਨਾ ਨੂੰ ਉਜਾਗਰ ਕੀਤਾ।

ਡਾ. ਅਮਰਪਾਲ ਸਿੰਘ ਨੇ ਦੋ-ਰੋਜ਼ਾ ਕਾਨਫਰੰਸ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਐਲਿਕਸ ਈਵੈਂਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਕੈਬਿਨਟ ਮੰਤਰੀ ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ

ਚੰਡੀਗੜ੍ਹ, ਅਪ੍ਰੈਲ 18, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਸ਼ੁੱਕਰਵਾਰ ਸ਼ਾਮ ਪੰਜਾਬ ਸਕੱਤਰੇਤ ਵਿਖੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ, ਡਾਇਰੈਕਟਰ ਭੂਪਿੰਦਰ ਸਿੰਘ ਢਿੱਲੋਂ (ਸੇਵਾਮੁਕਤ) ਵਿਸੇਸ਼ ਤੌਰ ਤੇ ਹਾਜ਼ਰ ਸਨ।

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਿਤ ਕੇਸਾਂ ਵਿੱਚ ਕਾਫ਼ੀ ਪ੍ਰਗਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜੰਗਾਂ ਦੌਰਾਨ ਸ਼ਹੀਦ ਹੋਏ ਜਿਆਦਾਤਰ ਸੈਨਿਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੇ ਕੇਸਾਂ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਖਾਲੀ ਅਸਾਮੀਆਂ ਨੂੰ ਭਰਨ ਲਈ ਕਾਰਵਾਈ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਵਿਭਾਗੀ ਬਜਟ ਅਤੇ ਹੋਰ ਅਹਿਮ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਸ੍ਰੀ ਭਗਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਿਤ ਸਾਰੇ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਨੇਪੜੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਨਿਓਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਪ੍ਰਤੀ ਪੰਜਾਬ ਸਰਕਾਰ ਪੂਰੀ ਸ਼ਰਧਾ ਅਤੇ ਸਤਿਕਾਰ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਵਿਅਕਤੀ 64.6 ਕਿਲੋ ਹੈਰੋਇਨ ਸਮੇਤ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਨਾਰਕੋ-ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਯੂਨਿਟ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੁਲਜ਼ਮਾਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਅਵਾਨ ਵਾਸਾਊ ਦੇ ਵਸਨੀਕ ਸਰਵਣ ਸਿੰਘ ਉਰਫ਼ ਗੁੱਜਰ ਅਤੇ ਅੰਮ੍ਰਿਤਸਰ ਦੇ ਪਿੰਡ ਦਿਆਲ ਰੰਗੜ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ। ਪੁਲਿਸ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਦੀ ਮਾਰੂਤੀ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰਦੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਦੇ ਪਾਕਿਸਤਾਨੀ ਤਸਕਰਾਂ ਅਤੇ ਪੁਰਤਗਾਲ ਅਧਾਰਤ ਹੈਂਡਲਰ ਨਾਲ ਵੀ ਸਬੰਧ ਹਨ।

ਉਨ੍ਹਾਂ ਕਿਹਾ, “ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਪਾਕਿਸਤਾਨੀ ਤਸਕਰ ਮੂਸਾ, ਜਿਸਦਾ ਨਾਮ 532 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਵਿੱਚ ਸਾਹਮਣੇ ਆਇਆ ਸੀ, ਨਾਲ ਵੀ ਸਬੰਧ ਹਨ,”। ਜ਼ਿਕਰਯੋਗ ਹੈ ਕਿ ਭਾਰਤੀ ਕਸਟਮ ਅਧਿਕਾਰੀਆਂ ਨੇ 2019 ਵਿੱਚ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਵਿਖੇ 532 ਕਿਲੋਗ੍ਰਾਮ ਹੈਰੋਇਨ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੇ- ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਸਰਵਣ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਤਲਾਹ ’ਤੇ ਹੋਰ ਛਾਣਬੀਣ ਕਰਦਿਆਂ ਪਤਾ ਲੱਗਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਇਹ ਦੋਵੇਂ ਪ੍ਰਾਪਤ ਕੀਤੀ ਖੇਪ ਨੂੰ ਕਿਸੇ ਹੋਰ ਧਿਰ ਤੱਕ ਪਹੁੰਚਾਉਣ ਲਈ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਐਸ.ਐਸ.ਓ.ਸੀ. ਅੰਮ੍ਰਿਤਸਰ ਯੂਨਿਟ ਟੀਮ ਨੇ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਾਹਲ ਬਾਈਪਾਸ ਨੇੜਿਓਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 64.62 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਏ.ਆਈ.ਜੀ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਖੇਪ ਡਿਲੀਵਰ ਕਰਨ ਬਦਲੇ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਐਫ.ਆਈ.ਆਰ. ਨੰਬਰ 23 ਮਿਤੀ 17.04.2026 ਨੂੰ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 25 ਅਤੇ 29 ਅਤੇ ਭਾਰਤੀ ਵਾਯੂਯਾਨ ਅਧਿਨੀਅਮ ਦੀਆਂ ਧਾਰਾਵਾਂ 25, 26, 27, 28 ਅਤੇ 29 ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਮੋਗਾ : ਵਰਕਸ਼ਾਪ ’ਚ ਲੱਗੀ ਭਿਆਨਕ ਅੱਗ, 15 ਤੋਂ ਵੱਧ ਗੱਡੀਆਂ ਸੜ ਕੇ ਹੋਈਆਂ ਸੁਆਹ

ਮੋਗਾ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਗਾ ਵਿੱਚ ਇਕ ਵਰਕਸ਼ਾਪ ਵਿੱਚ ਅੱਗ ਲੱਗਣ ਕਾਰਨ 15 ਤੋਂ 20 ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਬੁੱਗੀਪੁਰਾ ਬਾਈਪਾਸ ਅੰਮ੍ਰਿਤਸਰ ਉਤੇ ਇਕ ਵਰਕਸ਼ਾਪ ਵਿੱਚ ਅਚਾਨਕ ਅੱਗ ਲੱਗ ਗਈ। ਦੇਖਦਿਆਂ ਹੀ ਅੱਗ ਭੜਕ ਗਈ। ਕਬਾੜ ਦੀ ਵਰਕਸ਼ਾਪ ਵਿੱਚ ਖੜ੍ਹੀਆਂ 15-20 ਗੱਡੀਆਂ ਸੜਕ ਕੇ ਸੁਆਹ ਹੋ ਗਈਆਂ। ਮਾਲਕ ਨੇ ਦੱਸਿਆ ਥੋੜ੍ਹਾ ਥੋੜ੍ਹਾ ਧੂੰਆਂ ਨਿਕਲ ਰਿਹਾ ਸੀ, ਜਦੋਂ ਆ ਕੇ ਦੇਖਿਆ ਤਾਂ ਤੇਜ਼ ਹਵਾ ਹੋਣ ਕਾਰਨ ਅੱਗ ਇਕਦਮ ਜ਼ਿਆਦਾ ਭੜਕ ਗਈ। ਉਨ੍ਹਾਂ ਦੱਸਿਆ ਕਿ ਕਰੀਬ 35 ਤੋਂ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਪੁਲਿਸ ਨੂੰ ਖਬਰ ਮਿਲਦਿਆਂ ਹੀ ਮੌਕੇ ਉਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਉਤੇ ਪਹੁੰਚ ਗਈਆਂ, ਕਈ ਗੱਡੀਆਂ ਨਾਲ ਅੱਗ ਉਤੇ ਕਾਬੂ ਪਾਇਆ ਗਿਆ।

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਰਜੀਹ : ਡਾ. ਬਲਜੀਤ ਕੌਰ

ਚੰਡੀਗੜ੍ਹ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ, ਉੱਥੇ ਹੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।

ਅੱਜ ਪੰਜਾਬ ਭਵਨ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸ਼ੇਨਾ ਅਗਰਵਾਲ ਅਤੇ ਡਿਪਟੀ ਡਾਇਰੈਕਟਰ ਸ੍ਰੀਮਤੀ ਸੁਮਨਦੀਪ ਕੌਰ ਦੀ ਹਾਜ਼ਰੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਵਿਭਾਗ ਦਾ ਅਹਿਮ ਹਿੱਸਾ ਹਨ ਅਤੇ ਜ਼ਮੀਨੀ ਪੱਧਰ ’ਤੇ ਬੱਚਿਆਂ, ਮਹਿਲਾਵਾਂ ਅਤੇ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮੰਗ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਪੂਰਾ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਬੜੇ ਧਿਆਨ ਨਾਲ ਸੁਣਿਆ ਗਿਆ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਜਲਦ ਅਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਹੋਰ ਕਿਹਾ ਕਿ ਜੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਸਰਕਾਰ ਪੱਧਰ ‘ਤੇ ਹੱਲ ਹੋਣੀਆਂ ਹਨ, ਉਨ੍ਹਾਂ ਮੰਗਾਂ ਨੂੰ ਨਵੀਂ ਗਠਿਤ ਸਬ ਕਮੇਟੀ ਸਾਹਮਣੇ ਵਿਚਾਰਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਵੀ ਤਰਜੀਹੀ ਅਧਾਰ ਤੇ ਕਢਿਆ ਜਾਵੇਗਾ।

ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰ ਬੱਚਿਆਂ ਦੇ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮਾਵਾਂ ਨੂੰ ਜਾਗਰੂਕ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਕੀਤੀ ਜਾ ਰਹੀ ਇਹ ਸੇਵਾ ਸਮਾਜ ਦੀ ਮਜ਼ਬੂਤ ਨੀਂਹ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

ਮੰਤਰੀ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਸਨਮਾਨ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਭਵਿੱਖ ਵਿੱਚ ਵੀ ਲੋੜ ਅਨੁਸਾਰ ਢੁਕਵੇਂ ਫੈਸਲੇ ਕੀਤੇ ਜਾਣਗੇ।

ਵਿਸ਼ਵ ਲਿਵਰ ਦਿਵਸ 2026: ‘ਦ ਲੈਂਸੇਟ’ ਨੇ ਵਿਸ਼ਵ ਪੱਧਰ ‘ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ

ਚੰਡੀਗੜ੍ਹ,18 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਦੁਨੀਆ ਭਰ ਵਿੱਚ 19 ਅਪ੍ਰੈਲ ਨੂੰ ‘ਸਾਲਿਡ ਹੈਬਿਟਸ, ਸਟ੍ਰਾਂਗ ਲਿਵਰ’ (‘ਸਿਹਤਮੰਦ ਆਦਤਾਂ, ਸਿਹਤਮੰਦ ਲਿਵਰ ’) ਦੇ ਥੀਮ ਉੱਤੇ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਦੇ ਮੌਕੇ, ‘ਦ ਲੈਂਸੇਟ’ ਦੀ ਇੱਕ ਚੇਤਾਵਨੀ ਨੇ ਲਿਵਰ ਬੀਮਾਰੀਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਸ਼ਵ ਪੱਧਰੀ ਵਾਧੇ ਨੂੰ ਉਜਾਗਰ ਕੀਤਾ ਹੈ। ਰਿਪੋਰਟ ਮੁਤਾਬਕ ‘ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼’(ਐਮਏਐਸਐਲਡੀ) ਦੇ ਮਾਮਲਿਆਂ ਵਿੱਚ 2050 ਤੱਕ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਚਿੰਤਾਜਨਕ ਸਥਿਤੀ ਦੇ ਦਰਮਿਆਨ, ਪੰਜਾਬ ਇਸ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਲਈ ਅੱਗੇ ਵੱਧ ਰਿਹਾ ਹੈ। ਰਾਜ ਨੇ ਵਿਸਥਾਰਿਤ ਸਕ੍ਰੀਨਿੰਗ ਅਤੇ ਕੈਸ਼ਲੈੱਸ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਆਪਣੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਉਹ ਆਧੁਨਿਕ ਜੀਵਨਸ਼ੈਲੀ ਨਾਲ ਜੁੜੀ ਇਸ ਤੇਜ਼ੀ ਨਾਲ ਵਧ ਰਹੀ ‘ਮੂਕ ਮਹਾਂਮਾਰੀ’ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅਗੇਤਰੀ ਭੂਮਿਕਾ ਨਿਭਾਅ ਰਿਹਾ ਹੈ।

ਦੁਨੀਆ ਭਰ ਵਿੱਚ ਲਿਵਰ ਸਬੰਧੀ ਬੀਮਾਰੀਆਂ ਇੱਕ ‘ਮੂਕ ਮਹਾਂਮਾਰੀ’ ਵਜੋਂ ਉੱਭਰ ਰਹੀਆਂ ਹਨ। ਸਿਹਤ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਬਾਲਿਗ ਵਿਅਕਤੀ ਇਸ ਨਾਲ ਪ੍ਰਭਾਵਿਤ ਹੈ। ਇਹ ਐਸੀ ਬੀਮਾਰੀ ਹੈ ਜਿਸ ਦੇ ਲੱਛਣ ਅਕਸਰ ਉਸ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ‘ਦ ਲੈਂਸੇਟ’ ਦਾ ਅਧਿਐਨ ਚੇਤਾਵਨੀ ਦਿੰਦਾ ਹੈ ਕਿ ਮਰੀਜ਼ਾਂ ਦੀ ਗਿਣਤੀ 2023 ਵਿੱਚ 1.3 ਅਰਬ ਤੋਂ ਵੱਧ ਕੇ 2050 ਤੱਕ 1.8 ਅਰਬ ਹੋ ਸਕਦੀ ਹੈ, ਜੋ ਕਿ 42 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਰਿਹਾ ਹੈ, ਖ਼ਾਸ ਕਰਕੇ ਸ਼ਹਿਰੀ ਅਬਾਦੀ ਅਤੇ ਉੱਚ-ਖ਼ਤਰਾ ਸਮੂਹਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਪੰਜਾਬ ਵਿੱਚ ਡਾਕਟਰਾਂ ਦੇ ਮੁਤਾਬਕ ‘ਹੈਪੇਟਾਈਟਿਸ-ਸੀ’ ਇਨਫੈਕਸ਼ਨ, ਸ਼ਰਾਬ ਦੀ ਵਰਤੋਂ ਅਤੇ ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ,ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਜ਼(ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ,“ਭਾਰਤ ਵਿੱਚ ਲਿਵਰ ਦੇ ਗੰਭੀਰ ਰੋਗਾਂ ਦੇ ਮੁੱਖ ਕਾਰਨਾਂ ਵਿੱਚ ਸ਼ਰਾਬ ਇੱਕ ਵੱਡਾ ਕਾਰਨ ਹੈ ਅਤੇ ਇਹ ਵਾਇਰਲ ਹੈਪੇਟਾਈਟਿਸ ਨਾਲ ਮਿਲ ਕੇ ਹਾਲਤ ਨੂੰ ਹੋਰ ਵੀ ਖਰਾਬ ਕਰ ਦਿੰਦੀ ਹੈ। ਫੈੱਟੀ ਲਿਵਰ ਡਿਜ਼ੀਜ਼ ਹੁਣ ਸ਼ਰਾਬ ਅਤੇ ਹੈਪੇਟਾਈਟਿਸ-ਸੀ ਦੇ ਨਾਲ ਇੱਕ ਮੁੱਖ ਕਾਰਨ ਵਜੋਂ ਉੱਭਰ ਰਹੀ ਹੈ। ਅਲਟਰਾ-ਪ੍ਰੋਸੈਸਡ ਖਾਣਾ, ਤਲੀਆਂ ਹੋਈਆਂ ਚੀਜ਼ਾਂ ਅਤੇ ਟ੍ਰਾਂਸ- ਫੈਟਸ ਦਾ ਲੰਬੇ ਸਮੇਂ ਤੱਕ ਸੇਵਨ ਸਮੱਸਿਆ ਨੂੰ ਵਧਾ ਰਿਹਾ ਹੈ।”

ਡਾਕਟਰ ਇੱਕ ਚਿੰਤਾਜਨਕ ਬਦਲਾਅ ਵੀ ਦੇਖ ਰਹੇ ਹਨ ਕਿ ਘੱਟ ਉਮਰ ਦੇ ਮਰੀਜ਼ਾਂ ਵਿੱਚ ਲਿਵਰ ਦੀਆਂ ਬੀਮਾਰੀਆਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਇਸ ਦਾ ਮੁੱਖ ਕਾਰਨ ਸ਼ਰਾਬ ਦਾ ਵਧਦਾ ਸੇਵਨ ਅਤੇ ਹੈਪੇਟਾਈਟਿਸ-ਸੀ ਦਾ ਫੈਲਾਅ ਹੈ, ਜੋ ਰਾਜ ਵਿੱਚ ਬਦਲ ਰਹੀਆਂ ਜੀਵਨਸ਼ੈਲੀ ਅਤੇ ਵਿਵਹਾਰਕ ਰੁਝਾਨਾਂ ਨੂੰ ਦਰਸਾਉਂਦਾ ਹੈ।

ਸਿਹਤ ਸੇਵਾਵਾਂ ਬਾਰੇ ਉਨ੍ਹਾਂ ਨੇ ਦੱਸਿਆ,” ਪੰਜਾਬ ਨੇ ਆਪਣੀ ਰੈਫਰਲ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਲਿਵਰ ਬੀਮਾਰੀਆਂ ਦੀ ਪਹਿਲਾਂ ਨਾਲੋਂ ਜਲਦੀ ਪਛਾਣ ਹੋ ਰਹੀ ਹੈ। ਪਿੰਡਾਂ ਵਿੱਚ ਸਕ੍ਰੀਨਿੰਗ ਅਤੇ ਵਿਸ਼ੇਸ਼ਗਿਆ ਸੇਵਾਵਾਂ ਤੱਕ ਪਹੁੰਚ ਵੀ ਸੁਧਰੀ ਹੈ, ਹਾਲਾਂਕਿ ਫੈੱਟੀ ਲਿਵਰ ਦੀ ‘ਮੂਕ’ ਪ੍ਰਕਿਰਤੀ ਕਾਰਨ ਦੇਰ ਨਾਲ ਪਛਾਣ ਦੀ ਸਮੱਸਿਆ ਅਜੇ ਵੀ ਮੌਜੂਦ ਹੈ।”

ਵਿੱਤੀ ਅਤੇ ਪਹੁੰਚ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਰਾਜ ਨੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕਵਰੇਜ ਦਾ ਵਿਸਥਾਰ ਕੀਤਾ ਹੈ, ਜੋ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕਰਦੀ ਹੈ। ਡਾ. ਸਿੰਘ ਦੱਸਦੇ ਹਨ ਕਿ ਮਰੀਜ਼ ਦੇ ਭਰਤੀ ਹੋਣ ’ਤੇ, ਜ਼ਿਆਦਾਤਰ ਟੈਸਟ ਅਤੇ ਦਵਾਈਆਂ ਇਸ ਯੋਜਨਾ ਦੇ ਅਧੀਨ ਕਵਰ ਹੁੰਦੀਆਂ ਹਨ, ਜਿਸ ਨਾਲ ਮਰੀਜ਼ ਦਾ ਜੇਬ ਤੋਂ ਹੋਣ ਵਾਲਾ ਖ਼ਰਚ ਘੱਟ ਹੁੰਦਾ ਹੈ। ਇਸ ਯੋਜਨਾ ਵਿੱਚ ਜਾਂਚ, ਹਸਪਤਾਲ ਵਿੱਚ ਦਾਖ਼ਲਾ ਅਤੇ ਵਿਸ਼ੇਸ਼ਗਿਆ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨੇ ਕਈ ਮਰੀਜ਼ਾਂ ਨੂੰ ਬਿਹਤਰ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ ਅਤੇ ਇਹ ਕਈ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਨਿਰਣਾਇਕ ਸਾਬਤ ਹੋਈ ਹੈ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਕਿਹਾ, “ਇਹ ਯੋਜਨਾ ਜੇਬ ਤੋਂ ਹੋਣ ਵਾਲੇ ਖਰਚ ਨੂੰ ਘਟਾਉਂਦੀ ਹੈ , ਇਸਦੇ ਨਾਲ ਹੀ ਰੋਗ ਦੀ ਪਛਾਣ ਅਤੇ ਇਲਾਜ ਵਿੱਚ ਹੋਣ ਵਾਲੀ ਦੇਰੀ ਨੂੰ ਰੋਕਦੀ ਹੈ।”

ਜਨਤਕ ਸਿਹਤ ਪ੍ਰੋਗਰਾਮਾਂ ਹੇਠ ਵਿਸਥਾਰਿਤ ਸਕ੍ਰੀਨਿੰਗ ਨਾਲ, ਸ਼ੁਰੂਆਤੀ ਪਛਾਣ ਵਿੱਚ ਸੁਧਾਰ ਹੋਣ ਅਤੇ ਬੀਮਾਰੀ ਦੀ ਪ੍ਰਗਤੀ ਨੂੰ ਧੀਮਾ ਕਰਨ ਦੀ ਉਮੀਦ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਿਵਰ ਡਿਜ਼ੀਜ਼ ਦੇ ਸ਼ੁਰੂਆਤੀ ਪੜਾਅ ਨੂੰ ਜੀਵਨਸ਼ੈਲੀ ਦੇ ਵਿੱਚ ਬਦਲਾਅ ਜਿਵੇਂ ਕਿ ਵਧੀਆ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਸ਼ਰਾਬ ਦੇ ਸੇਵਨ ਵਿੱਚ ਕਮੀ ਕਰਨ ਨਾਲ ਅਕਸਰ ਠੀਕ ਕੀਤਾ ਜਾ ਸਕਦਾ ਹੈ।

ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

ਚੰਡੀਗੜ੍ਹ/ਪਟਿਆਲਾ , 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ ਪਹਿਲਾਂ ਅਚਾਨਕ ਅਜਿਹੇ ਮੋੜ ’ਤੇ ਆ ਖੜ੍ਹੀ ਹੋਈ, ਜਿੱਥੇ ਹਰ ਰਾਹ ਮੁਸ਼ਕਲ ਨਜ਼ਰ ਆਉਣ ਲੱਗਾ ਸੀ। ਉਸ ਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਗੰਭੀਰ ਬਿਮਾਰੀ ਕਾਰਨ ਹੌਲੀ-ਹੌਲੀ ਖਾਣਾ-ਪੀਣਾ ਛੱਡ ਦਿੱਤਾ ਸੀ। ਮਜਬੂਰ ਤੇ ਬੇਬਸ ਪੁੱਤਰ ਲਈ ਇਹ ਸਿਰਫ਼ ਬੀਮਾਰੀ ਨਹੀਂ ਸਗੋਂ ਹਰ ਰੋਜ਼ ਟੁੱਟਦੀਆਂ ਹੋਈਆਂ ਉਮੀਦਾਂ ਦਾ ਦਰਦ ਸੀ।

ਗੁਰਪਿੰਦਰ ਜੀਤ ਦੇ ਦੱਸਣ ਮੁਤਾਬਿਕ ਪਹਿਲਾਂ ਨਿੱਜੀ ਡਾਕਟਰਾਂ ਕੋਲ ਦੌੜ-ਭੱਜ ਕੀਤੀ ਗਈ, ਫਿਰ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਗਿਆ। ਦਵਾਈਆਂ ਚੱਲੀਆਂ, ਟੈਸਟ ਹੋਏ, ਪਰ ਹਾਲਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੋ ਗਈ । ਜਦੋਂ ਰਿਪੋਰਟ ਆਈ ਤਾਂ ਜਿਵੇਂ ਅਸਮਾਨ ਹੀ ਢਹਿ ਪਿਆ—ਮਾਂ ਨੂੰ ਬੱਚੇਦਾਨੀ ਦਾ ਕੈਂਸਰ ਸੀ।
ਗੁਰਪਿੰਦਰ ਲਈ ਇਹ ਬਹੁਤ ਔਖੀ ਘੜੀ ਸੀ, ਇਹ ਉਸ ਮਾਂ ਦੀ ਜ਼ਿੰਦਗੀ ਦਾ ਸਵਾਲ ਸੀ I ਉਸਨੂੰ ਜਨਮ ਦੇਣ ਅਤੇ ਪਾਲਣ -ਪੋਸਣ ਵਾਲੀ ਮਾਂ ਅੱਜ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ । ਬਿਨਾਂ ਦੇਰ ਕੀਤੇ ਉਹ ਮਾਂ ਨੂੰ ਸੰਗਰੂਰ ਦੇ ਟਾਟਾ ਕੈਂਸਰ ਹਸਪਤਾਲ ਲੈ ਗਿਆ। ਇਲਾਜ ਸ਼ੁਰੂ ਹੋਇਆ, ਪਰ ਪਹਿਲੇ ਹੀ ਝਟਕੇ ਵਿੱਚ 60 ਹਜ਼ਾਰ ਰੁਪਏ ਤੋੰ ਵੱਧ ਖਰਚ ਹੋ ਗਏ। ਇੱਕ ਡਰਾਈਵਰ ਦੀ ਸੀਮਿਤ ਆਮਦਨ ਦੇ ਸਾਹਮਣੇ ਇਹ ਰਕਮ ਪਹਾੜ ਵਰਗੀ ਸੀ।

ਗੁਰਪਿੰਦਰ ਦੇ ਮਨ ਵਿੱਚ ਇੱਕੋ ਸਵਾਲ ਸੀ—“ਮਾਂ ਨੂੰ ਕਿਵੇਂ ਬਚਾਵਾਂ?” ਕਰਜ਼ਾ ਲੈਣ ਦੀ ਨੌਬਤ ਵੀ ਆ ਗਈ ਸੀ। ਓਦੋਂ , ਜਿਵੇਂ ਹਨੇਰੇ ਵਿੱਚ ਇੱਕ ਰੌਸ਼ਨੀ ਦੀ ਕਿਰਨ ਉਸਦੇ ਸਾਮ੍ਹਣੇ ਆਈ। ਹਸਪਤਾਲ ਵਿੱਚ ਉਸਨੂੰ ਨੇ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਪਤਾ ਲੱਗਾ ।

ਹੋਰ ਦੇਰੀ ਨਾ ਕਰਦੇ ਹੋਏ ਗੁਰਪਿੰਦਰ ਨੇ ਉੱਥੇ ਹੀ ਰਜਿਸਟ੍ਰੇਸ਼ਨ ਕਰਵਾ ਲਿਆ। ਕੁਝ ਸਮੇਂ ਵਿੱਚ ਹੀ ਉਸ ਦੇ ਮੋਬਾਈਲ ’ਤੇ ਮੈਸੇਜ ਆ ਗਿਆ ਅਤੇ ਸਮਾਰਟ ਕਾਰਡ ਬਣ ਗਿਆ। ਇਸ ਤੋਂ ਬਾਅਦ ਜੋ ਹੋਇਆ, ਉਹ ਉਸ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਲੱਖਾਂ ਰੁਪਏ ਦਾ ਇਲਾਜ—ਜਿਸ ਵਿੱਚ ਮਹਿੰਗੇ ਟੈਸਟ, ਵਾਰ-ਵਾਰ ਕੀਮੋਥੈਰੇਪੀ, ਦਵਾਈਆਂ, ਆਪਰੇਸ਼ਨ, ਆਈਸੀਯੂ, ਵੈਂਟੀਲੇਟਰ ਅਤੇ ਹਸਪਤਾਲ ਵਿੱਚ ਰਹਿਣ-ਖਾਣ ਤੱਕ ਦਾ ਖਰਚ ਸ਼ਾਮਲ ਸੀ—ਸਾਰਾ ਖਰਚ ਸਰਕਾਰ ਨੇ ਝੱਲਿਆ।

ਗੁਰਪਿੰਦਰ ਦੀਆਂ ਅੱਖਾਂ ਭਰ ਆਉਂਦੀਆਂ ਹਨ ਜਦੋਂ ਉਹ ਕਹਿੰਦਾ ਹੈ ,“ਮਾਂ ਤਾਂ ਮਾਂ ਹੁੰਦੀ ਹੈ… ਉਸਨੂੰ ਹਰ ਹਾਲ ਵਿੱਚ ਬਚਾਉਣਾ ਸੀ। ਪੈਸੇ ਨਹੀਂ ਸਨ, ਪਰ ਰੱਬ ਨੇ ਇਸ ਯੋਜਨਾ ਦੇ ਰੂਪ ਵਿੱਚ ਰਸਤਾ ਵਿਖਾ ਦਿੱਤਾ।” ਡਾਕਟਰਾਂ ਲਈ ਵੀ ਇਹ ਕੇਸ ਬਹੁਤ ਚੁਣੌਤੀਪੂਰਨ ਸੀ। ਕੈਂਸਰ ਬੱਚੇਦਾਨੀ ਤੋਂ ਵੱਧ ਕੇ ਲੀਵਰ ਅਤੇ ਫੇਫੜਿਆਂ ਤੱਕ ਫੈਲ ਗਿਆ ਸੀ। ਪਹਿਲਾਂ ਤਿੰਨ ਵਾਰ ਕੀਮੋਥੈਰੇਪੀ ਦਿੱਤੀ ਗਈ, ਪਰ ਸਰੀਰ ਕਮਜ਼ੋਰ ਹੋਣ ਕਰਕੇ ਸਾਈਡ ਇਫੈਕਟ ਸਾਹਮਣੇ ਆਏ। ਫਿਰ ਹੌਲੀ-ਹੌਲੀ ਡੋਜ਼ ਘੱਟ ਕਰਕੇ ਨੌ ਵਾਰ ਹੋਰ ਕੀਮੋਥੈਰੇਪੀ ਦਿੱਤੀ ਗਈ।

ਇਲਾਜ ਤੋਂ ਬਾਅਦ ਟਿਊਮਰ ਇੱਕ ਥਾਂ ’ਤੇ ਸਿਮਟ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟੇ ਲੰਬਾ ਆਪਰੇਸ਼ਨ ਕਰਕੇ ਉਸਨੂੰ ਕੱਢ ਦਿੱਤਾ। 35 ਤੋਂ 40 ਟਾਂਕਿਆਂ ਨਾਲ ਮਾਂ ਨੇ ਦਰਦ ਸਹਿੰਦੇ ਹੋਏ ਵੀ ਜ਼ਿੰਦਗੀ ਦੀ ਡੋਰ ਫੜ੍ਹੀ ਰੱਖੀ। ਮਾਂ ਆਪਰੇਸ਼ਨ ਤੋਂ ਬਾਅਦ ਦੋ-ਤਿੰਨ ਦਿਨਾਂ ਲਈ ਆਈਸੀਯੂ ਵਿੱਚ ਅਤੇ ਵੈਂਟੀਲੇਟਰ ’ਤੇ ਰਹੀ, ਫਿਰ ਉਹਨਾਂ ਨੂੰ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ।

ਗੁਰਪਿੰਦਰ ਹਰ ਵੇਲੇ ਮਾਂ ਦੇ ਕੋਲ ਬੈਠਾ ਰਹਿੰਦਾ —ਕਦੇ ਦਵਾਈ ਦਿੰਦਾ, ਕਦੇ ਸਿਰ ਸਹਿਲਾਉਂਦਾ। ਅੱਠ ਦਿਨ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਜਦੋਂ ਮਾਂ ਦੀ ਹਾਲਤ ਸੁਧਰਨ ਲੱਗੀ, ਤਾਂ ਜਿਵੇਂ ਉਨ੍ਹਾਂ ਦੀ ਦੁਨੀਆ ਵਾਪਸ ਆ ਗਈ। 24 ਨਵੰਬਰ 2025 ਤੋਂ ਸ਼ੁਰੂ ਹੋਇਆ ਇਹ ਸਫ਼ਰ ਅਜੇ ਵੀ ਜਾਰੀ ਹੈ। ਅਗਲੇ ਇਲਾਜ ਅਤੇ ਜਾਂਚ ਲਈ ਉਹ ਮੁੱਲਾਂਪੁਰ ਸਥਿਤ ਹਸਪਤਾਲ ਵਿੱਚ ਫਾਲੋਅਪ ਲਈ ਜਾਣਗੇ। ਕੁੱਝ ਦਵਾਈਆਂ ਜੋ ਹਸਪਤਾਲ ਵਿੱਚ ਉਪਲੱਬਧ ਨਹੀਂ ਸਨ, ਉਹਨਾਂ ਦਾ ਖਰਚ ਗੁਰਪਿੰਦਰ ਨੇ ਆਪ ਉਠਾਇਆ, ਪਰ ਬਾਕੀ ਸਾਰਾ ਇਲਾਜ ਯੋਜਨਾ ਅਧੀਨ ਮੁਫ਼ਤ ਹੋਇਆ।

ਹਸਪਤਾਲ ਵਿੱਚ ਗਾਇਨੇਕੋਲੋਜੀ ਦੀ ਡਾ. ਸ਼ਿਵਾਲੀ ਨੇ ਸਰਜਰੀ ਦੇ ਡਾਕਟਰਾਂ ਨਾਲ ਮਿਲ ਕੇ ਆਪਰੇਸ਼ਨ ਕੀਤਾ। ਟਾਟਾ ਮੈਮੋਰੀਅਲ ਦੇ ਡਾਕਟਰਾਂ ਮੁਤਾਬਕ, ਇਸ ਸਰਜਰੀ ਉੱਤੇ ਦਵਾਈਆਂ ਨੂੰ ਮਿਲਾ ਕੇ ਘੱਟੋ-ਘੱਟ 8 ਤੋਂ 10 ਲੱਖ ਰੁਪਏ ਦਾ ਖਰਚ ਹੋਇਆ ਹੈ l

ਦੋ ਬੱਚਿਆਂ ਦੇ ਪਿਤਾ ਅਤੇ ਇੱਕ ਸਧਾਰਨ ਡਰਾਈਵਰ ਗੁਰਪਿੰਦਰ ਲਈ ਇਹ ਰਾਹਤ ਸ਼ਬਦਾਂ ਤੋਂ ਪਰੇ ਹੈ। ਉਹ ਕਹਿੰਦਾ ਹੈ,“ਹੁਣ ਸੁਕੂਨ ਹੈ ਕਿ ਮਾਂ ਬਿਨਾਂ ਇਲਾਜ ਦੇ ਨਹੀਂ ਮਰੇਗੀ… ਸਰਕਾਰ ਨੇ ਸਾਨੂੰ ਉਮੀਦ ਦਿੱਤੀ ਹੈ।”
ਇਹ ਸਿਰਫ਼ ਇਲਾਜ ਦੀ ਕਹਾਣੀ ਨਹੀਂ, ਸਗੋਂ ਇੱਕ ਪੁੱਤਰ ਦੇ ਸੰਘਰਸ਼,ਮਾਂ ਲਈ ਪਿਆਰ ਅਤੇ ਇੱਕ ਅਜਿਹੀ ਯੋਜਨਾ ਦੀ ਕਹਾਣੀ ਹੈ; ਜਿਸ ਨੇ ਮੁਸ਼ਕਲ ਵੇਲੇ ਵਿੱਚ ਸਹਾਰਾ ਬਣ ਕੇ ਇੱਕ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਿਆ।ਇਹ ਸਫ਼ਰ ਇਸ ਪਰਿਵਾਰ ਲਈ ਗੰਭੀਰ ਬੀਮਾਰੀ ਦੀ ਕਠੋਰ ਹਕੀਕਤ ਨੂੰ ਬਿਆਨ ਕਰਦਾ ਹੈ, ਨਾਲ ਹੀ ਇਹ ਵੀ ਦਰਸਾਉਂਦਾ ਹੈ ਕਿ ਸੁਲਭ ਸਿਹਤ ਸੇਵਾਵਾਂ ਅਤੇ ਪ੍ਰਭਾਵਸ਼ਾਲੀ ਸਰਕਾਰੀ ਮਦਦ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਆਰਥਿਕ ਤੰਗੀ ਕਿਸੇ ਵੀ ਵਿਅਕਤੀ ਦੇ ਜੀਵਨ ਬਚਾਉਣ ਵਾਲੇ ਇਲਾਜ ਦੇ ਰਾਹ ਵਿੱਚ ਰੁਕਾਵਟ ਨਾ ਬਣੇ।

ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ : ਸਰਕਾਰ ਨੇ DA ’ਚ ਕੀਤਾ ਵਾਧਾ

ਨਵੀਂ ਦਿੱਲੀ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ ਕਿ ਕੇਂਦਰੀ ਮੰਤਰੀ ਮੰਡਲ ਵੱਲੋਂ ਡੀਏ ਵਿੱਚ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤਾ ਹੈ। ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਾਂ ਲਈ ਰਾਹਤ (DR) ਵਿੱਚ 2 ਫੀਸਦੀ ਵਾਧਾ ਕੀਤਾ ਹੈ। ਹੁਣ ਕੇਂਦਰੀ ਕਰਮਚਾਰੀਆਂ ਦਾ ਭੱਤਾ 58 ਫੀਸਦੀ ਤੋਂ ਵਧਕੇ 60 ਫੀਸਦੀ ਹੋ ਜਾਵੇਗਾ। ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵਧਿਆ ਹੋਇਆ ਮਹਿੰਗਾਈ ਭੱਤਾ 1 ਜਨਵਰੀ 2026 ਤੋਂ ਲਾਗੂ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਦੇ ਇਲਾਵਾ, ਜਨਵਰੀ, ਫਰਵਰੀ ਅਤੇ ਮਾਰਚ ਤਿੰਨ ਮਹੀਨਿਆਂ ਦਾ ਬਕਾਇਆ ਵੀ ਮਿਲੇਗਾ।

ਪੰਜਾਬ ਦੇ ਸਕੂਲਾਂ ਵਿੱਚ AI ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇਗਾ; ਸਰਟੀਫੀਕੇਟਾਂ ’ਚ ਦਰਜ ਹੋਣਗੇ ਪ੍ਰਾਪਤ ਕੀਤੇ ਅੰਕ

ਚੰਡੀਗੜ੍ਹ; 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੇ ਆਪਣੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਸ਼ਾਮਲ ਕਰਨ ਵੱਲ ਇੱਕ ਫੈਸਲਾਕੁੰਨ ਕਦਮ ਚੁੱਕਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਰਾਸ਼ਟਰੀ ਪੱਧਰ ਦੀ ਏ.ਆਈ. ਕਾਨਫਰੰਸ ਅਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਜਾ ਰਹੀ  ਹੈ, ਜਿਸ ਵਿੱਚ ਨੀਤੀ-ਘਾੜੇ, ਉਦਯੋਗਿਕ ਆਗੂ ਅਤੇ ਸਿੱਖਿਆ ਸ਼ਾਸਤਰੀ  ਕਲਾਸਰੂਮਾਂ ਲਈ ਭਵਿੱਖੀ ਰੂਪਰੇਖਾ ਤਿਆਰ ਕਰ ਰਹੇ ਹਨ। ਇਹ ਪਹਿਲਕਦਮੀ ਇੱਕ ਢਾਂਚਾਗਤ ਤਬਦੀਲੀ ਦਾ ਸੰਕੇਤ ਹੈ , ਜਿਸ ਤਹਿਤ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ-ਸੰਚਾਲਿਤ ਵਿਸ਼ਵ ਅਰਥਵਿਵਸਥਾ ਦੀਆਂ ਮੰਗਾਂ ਦੇ ਨਾਲ –ਨਾਲ ਸਿੱਖਣ ਦੇ ਨਤੀਜਿਆਂ ਵਿੱਚ ਹੋਰ ਸੁਧਾਰ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਨਫਰੰਸ ਨੂੰ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲਣ ਵਾਲੀ ਇੱਕ ਅਗਾਂਹਵਧੂ ਪਹਿਲ ਦੱਸਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਏਕੀਕਰਨ ਸਿੱਖਿਆ ਸੁਧਾਰਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅੱਗੇ ਕਿਹਾ, ‘‘ ਇਹ ਗੁਣਵੱਤਾ ਸੁਧਾਰ, ਨਵੀਨਤਾ ਅਤੇ ਸਿੱਖਿਆ ਦੇ ਆਧੁਨਿਕੀਕਰਨ ਵਿੱਚ ਵਡਮੁੱਲਾ ਯੋਗਦਾਨ ਪਾਵੇਗਾ ਅਤੇ ਵਿਦਿਆਰਥੀ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨਾਲੋਜੀ-ਅਧਾਰਤ ਮਾਹੌਲ ਅਤੇ ਵਿਸ਼ਵਵਿਆਪੀ ਚੁਣੌਤੀਆਂ ਨੂੰ ਬਿਹਤਰ ਢੰਗ ਨਜਿੱਠਣ ਲਈ ਤਿਆਰ ਕਰੇਗਾ।”

ਆਪਣੇ ਸਵਾਗਤੀ  ਭਾਸ਼ਣ ਦੌਰਾਨ ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਸੇਵਾਮੁਕਤ) ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਲਾਜ਼ਮੀ ਕੰਪਿਊਟਰ ਸਾਇੰਸ ਪਾਠਕ੍ਰਮ ਦੇ ਆਧਾਰ ’ਤੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੁਣ ਸਿਲੇਬਸ ਦੇ ਇੱਕ ਮੁੱਖ ਹਿੱਸੇ ਵਜੋਂ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੰਪਿਊਟਰ ਸਾਇੰਸ ਵਿੱਚ ਸਿੱਖਣ ਦੇ ਨਤੀਜੇ ਵਿਦਿਆਰਥੀਆਂ ਦੇ ਬੋਰਡ ਸਰਟੀਫਿਕੇਟਾਂ ਵਿੱਚ ਵੀ ਦਰਜ ਕੀਤੇ ਜਾਣਗੇ, ਜਿਸ ਨਾਲ ਵਿਸ਼ੇ ਦੇ ਅਕਾਦਮਿਕ ਅਹਿਮੀਅਤ ਵਿੱਚ ਹੋਰ ਵਾਧਾ ਹੋਵੇਗਾ।

ਇਸ ਪਹਿਲ ਦੀ ਵਡਮੁੱਲੀ ਅਹਿਮੀਅਤ ਨੂੰ ਸਮਝਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਡੇ ਰਹਿਣ ਅਤੇ ਸਿੱਖਣ ਦੇ ਬੁਨਿਆਦੀ ਤਰੀਕਿਆਂ ਨੂੰ ਨਵਾਂ ਆਕਾਰ ਦੇ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਨਹੀਂ ਕਿ ਏ.ਆਈ. ਸਿੱਖਿਆ ਨੂੰ  ਕਿਸ ਹੱਦ ਤੱਕ ਪ੍ਰਭਾਵਤ ਕਰੇਗਾ, ਸਗੋਂ ਮਸਲਾ ਇਹ ਹੈ ਕਿ ਅਸੀਂ ਕਿਵੇਂ ਜ਼ਿੰਮੇਵਾਰੀ ਅਤੇ ਦੂਰਦਰਸ਼ਤਾ ਨਾਲ ਉਸ ਪ੍ਰਭਾਵ ਨੂੰ ਕਿਵੇਂ ਕਬੂਲ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪੀਐਸਈਬੀ ਨਾ ਸਿਰਫ਼ ਤਕਨਾਲੋਜੀ ਦੇ ਹੁਨਰਮੰਦ ਉਪਭੋਗਤਾ ਸਗੋਂ ਜ਼ਿੰਮੇਵਾਰ ਡਿਜੀਟਲ ਨਾਗਰਿਕ ਬਣਾਉਣ ਲਈ ਏ.ਆਈ. ਦੀ ਵਰਤੋਂ ਲਈ ਇੱਕ ਨੈਤਿਕ ਆਧਾਰ ਬਣਾਉਣ ਲਈ ਵਚਨਬੱਧ ਹੈ।

ਕਾਨਫਰੰਸ ਵਿੱਚ ਦੇਸ਼ ਭਰ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਅਤੇ ਨੀਤੀ –ਘਾੜਿਆਂ ਵੱਲੋਂ ਵਿਸਥਾਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਪਵਨ ਕੁਮਾਰ ਨੇ ਸਾਰੇ ਵਿਸ਼ਿਆਂ ਵਿੱਚ ਏ.ਆਈ. ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ,‘‘ਇਹ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਦਾ ਸਹੀ ਸਮਾਂ ਹੈ। ਏਆਈ ਨੂੰ ਕੰਪਿਊਟਰ ਸਾਇੰਸ ਤੱਕ ਸੀਮਿਤ ਨਹੀਂ ਰੱਖਿਆ ਜਾਣਾ ਚਾਹੀਦਾ ਬਲਕਿ ਸਾਰੇ ਵਿਸ਼ਿਆਂ ਤੱਕ ਲਿਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਹੀ ਏਆਈ ਤੋਂ ਜਾਣੂ ਹਨ ਅਤੇ ਹੁਣ ਉਨ੍ਹਾਂ ਦੀ ਸਮਰੱਥਾ ਨੂੰ ਸੇਧਿਤ ਕਰਕੇ ਉਨ੍ਹਾਂ ਨੂੰ ਉਦਯੋਗ ਦੇ ਹਾਣੀ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਜੰਮੂ ਅਤੇ ਕਸ਼ਮੀਰ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਗੁਲਾਮ ਹਸਨ ਸ਼ੇਖ ਨੇ ਏਆਈ ਨੂੰ ਪੂਰੇ ਜ਼ਿੰਮੇਵਾਰਾਨਾ ਢੰਗ ਤੇ ਸੁਹਿਰਦਤਾ ਨਾਲ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ ਜ਼ਿੰਮੇਵਾਰੀ ਇਹਨਾਂ ਤਕਨੀਕਾਂ ਨੂੰ ਸੋਚ-ਸਮਝ ਕੇ ਅਪਣਾਉਣ ਦੀ ਹੈ ਤਾਂ ਜੋ ਅਸਮਾਨਤਾ ਪੈਦਾ ਕੀਤੇ ਬਿਨਾਂ ਸਿੱਖਿਆ ਨੂੰ ਵਧਾਇਆ ਜਾ ਸਕੇ। ਸਹੀ ਪਹੁੰਚ ਨਾਲ ਏਆਈ ਦੀ ਨੈਤਿਕ ਅਤੇ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਂਦੇ ਹੋਏ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ,।’’

ਇੰਟੇਲ ਵਿਖੇ ਏਸ਼ੀਆ ਪੈਸੀਫਿਕ ਅਤੇ ਜਾਪਾਨ ਦੇ ਸੀਨੀਅਰ ਡਾਇਰੈਕਟਰ ਸ਼ਵੇਤਾ ਖੁਰਾਨਾ ਨੇ ਉਦਯੋਗਿਕ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਅਧਿਆਪਕਾਂ ਨੂੰ ਸਸ਼ਕਤ ਬਣਾਉਣ ‘ਤੇ ਕੇਂਦਰਿਤ ਪਹਿਲਕਦਮੀਆਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਅਸਲ ਤਬਦੀਲੀ ਸਿੱਖਿਆ ਅਤੇ ਉਦਯੋਗਾਂ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਲਿਆ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜੋ ਵਿਕਸਤ ਹੋ ਰਹੀਆਂ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਸੀ.ਬੀ.ਐਸ.ਈ. ਵਿੱਚ ਸਿਖਲਾਈ ਅਤੇ ਹੁਨਰ ਸਿੱਖਿਆ ਦੇ ਡਾਇਰੈਕਟਰ ਡਾ. ਬਿਸਵਜੀਤ ਸਾਹਾ ਨੇ ਸੂਬਿਆਂ ਦਰਮਿਆਨ ਤਕਨੀਕੀ ਪਾੜੇ ਨੂੰ ਪੂਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੀਆਂ ਸੂਬਾ ਸਰਕਾਰਾਂ ਨੂੰ ਵਿਸ਼ਵਵਿਆਪੀ ਮਿਆਰਾਂ ਨਾਲ ਇਕਸਾਰ ਹੋ ਕੇ ਤਕਨਾਲੋਜੀ ਦੇ ਪਾੜੇ ਨੂੰ ਪੂਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰ ਕੰਪਿਊਟਰ ਸਾਇੰਸ ਪਾਠਕ੍ਰਮ ਵਿੱਚ ਏਆਈ ਨੂੰ ਜੋੜਨ ਸਬੰਧੀ ਪੰਜਾਬ ਦਾ ਕਦਮ ਭਵਿੱਖ ਲਈ ਤਿਆਰ ਕਾਰਜਬਲ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇੰਟਰਐਕਟਿਵ ਸੈਸ਼ਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਗੂਗਲ ਤੋਂ ਹੇਮੰਤ ਭੱਲਾ ਨੇ ਬੋਰਡ ਦੀ ਪਹੁੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਗੂਕਰਨ ਦੇ ਕੇਂਦਰ ਵਿੱਚ ਜ਼ਿੰਮੇਵਾਰ ਏਆਈ ਅਤੇ ਨੈਤਿਕ ਵਿਚਾਰਾਂ ਨੂੰ ਰੱਖਣਾ ਇੱਕ ਸ਼ਲਾਘਾਯੋਗ ਵਿਚਾਰ ਹੈ।

ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਆਯੋਜਿਤ ਇੱਕ ਪ੍ਰਦਰਸ਼ਨੀ ਵਿੱਚ ਏਆਈ-ਅਧਾਰਤ ਸਟਾਰਟਅੱਪ ਪ੍ਰੋਜੈਕਟਾਂ ਅਤੇ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਨਵੀਨ ਸਿੱਖਿਆ ਦੁਆਲੇ ਵਿਕਸਿਤ ਹੋ ਰਹੇ ਮਾਹੌਲ ਨੂੰ ਦਰਸਾਉਂਦਾ ਹੈ।

ਕਾਨਫਰੰਸ ਵਿੱਚ ਤਿੰਨ ਵਿਸ਼ੇਸ਼ ਪੈਨਲ ਚਰਚਾਵਾਂ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਨੀਤੀ, ਤਕਨਾਲੋਜੀ ਅਤੇ ਕਾਰਜਬਲ ਦੀ ਤਿਆਰੀ ਸਬੰਧੀ ਸੁਧਾਰਾਂ ਦੀ ਸਮੀਖਿਆ ਕੀਤੀ ਗਈ। “ਸਿੱਖਿਆ ਵਿੱਚ ਏਆਈ – ਨੀਤੀ ਤੋਂ ਅਭਿਆਸ ਤੱਕ”ਵਿਸ਼ੇ ’ਤੇ ਕਰਵਾਏ ਗਏ ਸੈਸ਼ਨ ਨੇ ਪਾਠਕ੍ਰਮ ਏਕੀਕਰਨ ਅਤੇ ਸੰਸਥਾਗਤ ਤਿਆਰੀ ਰਾਹੀਂ ਨੀਤੀਗਤ ਢਾਂਚੇ ਨੂੰ ਕਲਾਸਰੂਮ ਲਾਗੂਕਰਨ ਦੇ ਅਮਲ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਰੋਬੋਟਿਕਸ ਐਂਡ ਐਸਟੀਈਐਮ – ਪਾਵਰਿੰਗ ਦਿ ਸਕਿੱਲ ਐਕੋਨੋਮੀ”ਵਿਸ਼ੇ ’ਤੇ ਪੈਨਲ ਚਰਚਾ ਨੇ ਏਆਈ ਨਵੀਨਤਾ, ਰੋਬੋਟਿਕਸ ਏਕੀਕਰਨ, ਅਤੇ ਉਦਯੋਗ-ਅਨੁਕੂਲ ਸਿੱਖਿਆ ਮਾਡਲਾਂ ਦੀ ਪੜਚੋਲ ਕੀਤੀ। ਏਆਈ ਐਂਡ ਆਟੋਮੇਸ਼ਨ – ਇੰਡਸਟਰੀ 4.0 ਐਂਡ ਫਿਊਚਰ ਵਰਕਫੋਰਸ”ਵਿਸ਼ੇ ’ਤੇ ਪੈਨਲ ਚਰਚਾ ਨੇ ਉਦਯੋਗਾਂ ਵਿੱਚ ਏਆਈ ਨੂੰ ਤੇਜ਼ੀ ਨਾਲ ਅਪਣਾਉਣ, ਰੋਜ਼ਗਾਰ ’ਤੇ ਆਟੋਮੇਸ਼ਨ ਦੇ ਪ੍ਰਭਾਵ ਅਤੇ ਭਵਿੱਖ ਲਈ ਤਿਆਰ ਕਾਰਜਬਲ ਪੈਦਾ ਕਰਨ ਲਈ ਰੀ-ਸਕਿਲਿੰਗ ਅਤੇ ਅੱਪ-ਸਕਿਲਿੰਗ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ।

ਇਹ ਕਾਨਫਰੰਸ, ਓਪਨ ਹਾਊਸ ਚਰਚਾ ਨਾਲ ਸਮਾਪਤ ਹੋਈ, ਜਿਸ ਤੋਂ ਬਾਅਦ ਪੀਐਸਈਬੀ ਦੇ ਸਕੱਤਰ ਕੇਸ਼ਵ ਗੋਇਲ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਕਿਹਾ ਕਿ ਇਹ ਪੰਜਾਬ ਵਿੱਚ ਨਵੀਨਤਾ, ਸਹਿਯੋਗ ਅਤੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

Category :