ਪਟਿਆਲਾ, 28 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵੈਸ਼ਨੋ ਦੇਵੀ ਜਾ ਰਹੀ ਇਕ ਸ਼ਰਧਾਲੂਆਂ ਦੀ ਬੱਸ ਨਾਲ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 15 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਰਾਜਪੁਰਾ ਦੇ ਨਜ਼ਦੀਕ ਸਰਹਿੰਦ ਇਲਾਕੇ ਦੇ ਪਿੰਡ ਪਤਾਰਸੀ ਕਲਾਂ ਵਿਖੇ ਵਾਪਰਿਆ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦਿੱਲੀ ਤੋਂ ਕਟੜਾ (ਜੰਮੂ) ਜਾ ਰਹੀ ਇੱਕ ਤੇਜ਼ ਰਫ਼ਤਾਰ ਵੋਲਵੋ ਬੱਸ ਅੱਗੇ ਜਾ ਰਹੇ ਟਰਾਲੇ ਦੇ ਪਿੱਛੇ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਸ਼ਟ ਹੋ ਗਿਆ। ਇਸ ਹਾਦਸੇ ਵਿਚ ਬੱਸ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਬੱਸ ਵਿਚ ਸਵਾਰ 15 ਯਾਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮ੍ਰਿਤਕ ਡਰਾਈਵਰ ਦੀ ਪਛਾਣ ਇੰਦਰਜੀਤ ਸਿੰਘ ਵਜੋਂ ਹੋਈ ਹੈ, ਜੋ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ। ਸੂਚਨਾ ਮਿਲਦਿਆਂ ਹੀ ਡੀਐਸਪੀ, ਥਾਣਾ ਮੁਖੀ ਅਤੇ ਥਾਣਾ ਮੁਲੇਪੁਰ ਦੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚੋਂ 6 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਭੇਜ ਦਿੱਤਾ। ਬਾਕੀ ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਿਹਾ ਹੈ। ਪੁਲਿਸ ਨੇ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Spread the love