ਚੰਡੀਗੜ੍ਹ :

ਕੋਈ ਸਮਾਂ ਸੀ ਜਦੋਂ ਸੂਈ ਨਾਲ ਤੋਪੇ ਭਰਦਿਆਂ ਦੇ ਹੱਥਾਂ ਦੇ ਪੋਟੇ ਛਿੱਲੇ ਜਾਂਦੇ ਸਨ। ਹੌਲੀ ਹੌਲੀ ਸਾਇੰਸ ਨੇ ਤਰੱਕੀ ਕੀਤੀ ਤਾਂ ਸਿਲਾਈ ਮਸ਼ੀਨ ਨੇ ਆ ਕੇ ਹੱਥਾਂ ਵਿੱਚੋਂ ਸੂਈ ਰਖਵਾ ਦਿੱਤੀ। ਸਿਲਾਈ ਮਸ਼ੀਨ ਦੀ ਵੀ ਆਪਣੀ ਇਕ ਦਸਤਾਨ ਹੈ, ਕਿਵੇਂ ਇਸ ਦੀ ਖੋਜ਼ ਹੋਈ, ਕਿਵੇਂ ਘਰ ਘਰ ਪਹੁੰਚੀ। ਸਿਲਾਈ ਮਸ਼ੀਨ ਇੱਕ ਅਜਿਹਾ ਯੰਤਰ ਜਿਸ ਨੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਅਤੇ ਇੱਕ ਅਜਿਹੀ ਮਸ਼ੀਨ ਜਿਸ ਤੋਂ ਬਿਨਾਂ ਅੱਜ ਕੱਪੜਾ ਉਦਯੋਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਮਸ਼ੀਨ ਨੂੰ ਬਣਾਉਣ ਪਿੱਛੇ ਦਹਾਕਿਆਂ ਦੀ ਮਿਹਨਤ ਅਤੇ ਕਈ ਨਾਕਾਮ ਕੋਸ਼ਿਸ਼ਾਂ ਛੁਪੀਆਂ ਹੋਈਆਂ ਹਨ?

ਅੱਜ ਭਾਵੇਂ ਸਿਲਾਈ ਮਸ਼ੀਨ ਹਰ ਘਰ ਅਤੇ ਹਰ ਦਰਜ਼ੀ ਦੀ ਦੁਕਾਨ ਵਿੱਚ ਆਮ ਨਜ਼ਰ ਆਉਂਦੀ ਹੈ, ਪਰ ਇੱਕ ਸਮਾਂ ਅਜਿਹਾ ਸੀ ਜਦੋਂ ਕੱਪੜੇ ਪੂਰੀ ਤਰ੍ਹਾਂ ਹੱਥਾਂ ਨਾਲ ਸਿਉਂਦੇ ਜਾਂਦੇ ਸਨ। ਇੱਕ ਕੱਪੜਾ ਤਿਆਰ ਕਰਨ ਵਿੱਚ ਕਈ ਦਿਨ ਲੱਗ ਜਾਂਦੇ ਸਨ।ਫਿਰ ਸਾਲ 1790 ਵਿੱਚ ਅੰਗਰੇਜ਼ ਖੋਜਕਾਰ ਥਾਮਸ ਸੇਂਟ ਨੇ ਪਹਿਲੀ ਵਾਰ ਸਿਲਾਈ ਮਸ਼ੀਨ ਦਾ ਡਿਜ਼ਾਈਨ ਤਿਆਰ ਕੀਤਾ। ਹਾਲਾਂਕਿ ਇਹ ਮਸ਼ੀਨ ਉਸ ਸਮੇਂ ਲੋਕਾਂ ਤੱਕ ਨਹੀਂ ਪਹੁੰਚ ਸਕੀ, ਪਰ ਇਸ ਨੇ ਇੱਕ ਨਵੀਂ ਕ੍ਰਾਂਤੀ ਦੀ ਨੀਂਹ ਰੱਖ ਦਿੱਤੀ। ਇਸ ਤੋਂ ਬਾਅਦ ਕਈ ਖੋਜਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ। ਆਖ਼ਰਕਾਰ ਇਲਿਆਸ ਹੋਵੇ ਅਤੇ ਆਈਜ਼ੈਕ ਸਿੰਗਰ ਨੇ ਅਜਿਹੀ ਸਿਲਾਈ ਮਸ਼ੀਨ ਵਿਕਸਿਤ ਕੀਤੀ ਜੋ ਤੇਜ਼, ਭਰੋਸੇਯੋਗ ਅਤੇ ਆਮ ਲੋਕਾਂ ਦੀ ਪਹੁੰਚ ਵਿੱਚ ਸੀ। ਸਿਲਾਈ ਮਸ਼ੀਨ ਦੇ ਆਉਣ ਨਾਲ ਕੱਪੜਾ ਉਦਯੋਗ ਵਿੱਚ ਵੱਡੀ ਕ੍ਰਾਂਤੀ ਆ ਗਈ। ਜਿਹੜਾ ਕੰਮ ਪਹਿਲਾਂ ਦਿਨਾਂ ਵਿੱਚ ਹੁੰਦਾ ਸੀ, ਉਹ ਹੁਣ ਕੁਝ ਘੰਟਿਆਂ ਵਿੱਚ ਪੂਰਾ ਹੋਣ ਲੱਗਾ। ਇਸ ਨਾਲ ਉਤਪਾਦਨ ਵਧਿਆ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ। ਅੱਜ ਦੁਨੀਆ ਭਰ ਵਿੱਚ 4000 ਤੋਂ ਵੱਧ ਕਿਸਮਾਂ ਦੀਆਂ ਸਿਲਾਈ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ। ਘਰੇਲੂ ਵਰਤੋਂ ਤੋਂ ਲੈ ਕੇ ਵੱਡੀਆਂ ਫੈਕਟਰੀਆਂ ਤੱਕ, ਹਰ ਥਾਂ ਇਹ ਮਸ਼ੀਨਾਂ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ।

Spread the love