ਚੰਡੀਗੜ੍ਹ, 14 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਯੂਰੀਆ ਦੇ ਭਾਅ ਵਿੱਚ ਕੌਮਾਂਤਰੀ ਬਾਜ਼ਾਰ ਵਿੱਚ ਵੱਡੀ ਗਿਰਾਵਟ ਦਿਖਾਈ ਦਿੱਤੀ ਹੈ। ਕੌਮਾਂਤਰੀ ਪੱਧਰ ਦੇ ਬਦਲੇ ਹਾਲਾਤਾਂ ਕਾਰਨ ਹੁਣ ਯੂਰੀਆ ਦੀਆਂ ਕੀਮਤਾਂ ਕਰੀਬ ਅੱਧੀਆਂ ਘੱਟ ਸਕਦੀਆਂ ਹਨ। ਭਾਰਤ ਦੇ ਤਾਜ਼ਾ ਯੂਰੀਆ ਆਯਾਤ ਟੈਂਡਰ ਵਿੱਚ ਕੀਮਤਾਂ ਅਪ੍ਰੈਲ ਮਹੀਨੇ ਦੇ ਮੁਕਾਬਲੇ ਹੁਣ 50 ਫੀਸਦੀ ਤੱਕ ਘੱਟ ਦਰਜ ਕੀਤੀਆਂ ਗਈਆਂ ਹਨ। ਸਰਕਾਰੀ ਕੰਪਨੀ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (NFL) ਵੱਲੋਂ 17 ਲੱਖ ਟਨ ਯੂਰੀਆ ਆਯਾਤ ਕਰਨ ਲਈ ਜਾਰੀ ਕੀਤੇ ਗਏ ਤਾਜ਼ਾ ਟੈਂਡਰ ਵਿੱਚ, ਸਭ ਤੋਂ ਘੱਟ ਬੋਲੀ 445 ਤੋਂ 449 ਡਾਲਰ ਪ੍ਰਤੀ ਟਨ ਰਹੀ ਹੈ। ਜਦਕਿ ਅਪ੍ਰੈਲ ਮਹੀਨੇ ਵਿੱਚ ਇੰਡੀਅਨ ਪੋਟਾਸ਼ ਲਿਮਟਿਡ (IPL) ਦੇ ਟੈਂਡਰ ਵਿੱਚ ਇਹ ਕੀਮਤ 935 ਤੋਂ 959 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਸੀ। ਇਸ ਵੱਡੀ ਮੰਦੀ ਦਾ ਸਿਹਰਾ ਚੀਨ ਸਿਰ ਜਾਂਦਾ ਹੈ, ਜਿਸ ਨੇ ਮਾਰਚ 2026 ਤੋਂ ਲਗਾਈਆਂ ਆਪਣੀਆਂ ਨਿਰਯਾਤ ਪਾਬੰਦੀਆਂ ਨੂੰ ਹੁਣ ਢਿੱਲਾ ਕਰ ਦਿੱਤਾ ਹੈ, ਜਿਸ ਨਾਲ ਗਲੋਬਲ ਮਾਰਕੀਟ ਵਿੱਚ ਸਪਲਾਈ ਵਧ ਗਈ ਹੈ। ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਐਲ.ਐਨ.ਜੀ. (LNG) ਮਹਿੰਗੀ ਹੋਣ ਕਾਰਨ ਭਾਰਤ ਸਰਕਾਰ ਦੀ ਖਾਦ ਸਬਸਿਡੀ ਦਾ ਬੋਝ ਬਜਟ ਦੇ 1.7 ਲੱਖ ਕਰੋੜ ਦੇ ਅੰਦਾਜ਼ੇ ਤੋਂ ਵਧ ਕੇ 3.4 ਲੱਖ ਕਰੋੜ ਰੁਪਏ ਤੱਕ ਜਾਣ ਦਾ ਖ਼ਦਸ਼ਾ ਬਣ ਗਿਆ ਸੀ।

Spread the love