Breaking News
ਅੰਮ੍ਰਿਤਪਾਲ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ, ਡਿਬਰੂਗੜ੍ਹ ਜੇਲ੍ਹ ’ਚ ਹੀ ਰਹੇਗਾ ਬੰਦ

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਹਾਈਕੋਰਟ ਵਿੱਚੋਂ ਇਕ ਹੋਰ ਝਟਕਾ ਲੱਗਿਆ ਹੈ। ਹਾਈਕੋਰਟ ਵੱਲੋਂ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਉਤੇ ਅਹਿਮ ਫੈਸਲਾ ਸੁਣਾਇਆ ਗਿਆ ਹੈ। ਅੰਮ੍ਰਿਤਪਾਲ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ ਹੁਣ ਅਸਾਮ ਦੀ ਜੇਲ੍ਹ ਵਿੱਚ ਹੁੰਦੇ ਹੀ ਕੀਤੀ ਜਾਵੇਗੀ।

ਅੰਮ੍ਰਿਤਪਾਲ ਸਿੰਘ ਉਤੇ ਲੱਗੇ NSA ਦੇ ਤਹਿਤ ਹਿਰਾਸਤ ਵਿੱਚ ਮਿਆਦ 22 ਅਪ੍ਰੈਲ ਨੂੰ ਖਤਮ ਹੋ ਰਹੀ ਹੈ। ਹੁਣ ਸਰਕਾਰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਐਨਐਸਏ ਦੇ ਤਹਿਤ ਮਿਆਦ ਖਤਮ ਹੋਣ ਤੋਂ ਬਾਅਦ ਵੀ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹੀ ਰੱਖਿਆ ਜਾਵੇ। ਜੇਕਰ ਉਸ ਨੂੰ ਪੰਜਾਬ ਲਿਆਂਦਾ ਜਾਂਦਾ ਹੈ ਤਾਂ ਇੱਥੇ ਲਾਅ ਐਡ ਆਰਡਰ ਖਰਾਬ ਹੋ ਸਕਦਾ ਹੈ।

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਵੱਡੇ ਫੈਸਲੇ

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਦੇ ਫੈਸਲਿਆਂ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਣਕਾਰੀ ਦਿੱਤੀ ਗਈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਪੰਚਾਇਤੀ ਰਾਜ ਅਧਿਨਿਯਮ 1994 ਅਤੇ ਪੰਜਾਬ ਰਜਿਰਵੇਸ਼ਨ ਫਾਰ ਦੀ ਆਫਿਸ ਆਫ ਗ੍ਰਾਮ ਪੰਚਾਇਤ ਚੇਅਰਮੈਨ, ਵਾਈਸ਼ ਚੇਅਰਮੈਨ, ਪੰਚਾਇਤ ਸੰਮਤੀ ਜੋ 1994 ਵਿਚ ਨਿਯਮ ਬਣੇ ਸਨ ਉਸ ਵਿੱਚ ਸੋਧ ਕਰਨ ਦੀ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।

ਸੰਜੀਵ ਅਰੋੜਾ ਦੇ ਘਰ ED ਛਾਪੇ ਨੂੰ ਲੈ ਕੇ ਬੋਲੇ ਕੇਜਰੀਵਾਲ, ‘ਸੱਤਾ ਲਈ ਨੀਵੇਂ ਦਰਜੇ ਦੀ ਰਾਜਨੀਤੀ’

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਵੱਲੋਂ ਮਾਰੇ ਗਏ ਛਾਪੇ ਉਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਭਾਜਪਾ ਦੀ ਘਟੀਆ ਰਾਜਨੀਤੀ ਕਰਾਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, ‘ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਹ ਤਿੰਨ ਦਿਨਾਂ ਵਿਚ ਦੂਜੀ ED ਦੀ ਰੇਡ ਹੈ। ਕੀ ਪ੍ਰਧਾਨ ਮੰਤਰੀ ਜੀ ਦੱਸਣਗੇ ਕਿ ਹੁਣ ਤੱਕ ‘ਆਪ’ ਆਗੂਆਂ ਦੇ ਜੋ ਐਨੀਆਂ ਸਾਰੀਆਂ ਅਣਗਣਿਤ ਛਾਪੇ ਮਾਰੇ ਗਏ ਹਨ, ਉਨ੍ਹਾਂ ਵਿਚੋਂ ਕਿੰਨਾਂ ਕਾਲਾ ਪੈਸਾ ਮਿਲਿਆ? ਇਕ ਰੁਪਿਆ ਵੀ ਮਿਲਿਆ? ਪੂਰਾ ਦੇਸ਼ ਦੇਖ ਰਿਹਾ ਹੈ ਕਿ ਤੁਸੀਂ ਕਵੇਲ ਸੱਤਾ ਲਈ ਐਨੀਂ ਘਟੀਆ ਦਰਜੇ ਦੀ ਰਾਜਨੀਤੀ ਕਰ ਰਹੇ ਹੋ।’

ED ਦੇ ਛਾਪਿਆਂ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਈਡੀ ਵੱਲੋਂ ਆਮ ਆਦਮੀ ਪਾਰਟੀਆਂ ਦੇ ਆਗੂਆਂ ਦੇ ਘਰ ਉਤੇ ਮਾਰੇ ਜਾ ਰਹੇ ਛਾਪਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਈਡੀ ਛਾਪਿਆਂ ਨੂੰ ਲੈ ਕੇ ਕਿਹਾ ਕਿ ਭਾਜਪਾ ਨੇ 2027 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਈਡੀ, ਸੀਬੀਆਈ ਰਾਹੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਡਰਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਚੋਣਾਂ ਲੋਕਾਂ ਨਾਲ ਨਹੀਂ ਜਿੱਤਦੀ, ਸਗੋਂ ਈਡੀ, ਸੀਬੀਆਈ ਰਾਹੀਂ ਚੋਣਾਂ ਜਿੱਤਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ, ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਦਿੱਲੀ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਮੇਤ ਹੋਰਨਾਂ ਆਗੂਆਂ ਉਤੇ ਫਰਜ਼ੀ ਕੇਸ ਪਾਏ ਗਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਡੇ ਲੀਡਰਾਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਦਿਖਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਦਾ ਗਲ਼ਾ ਵੱਢਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਡਰ ਕੇ ਭਾਜਪਾ ਵਿੱਚ ਚਲਿਆ ਜਾਂਦਾ ਹੈ ਉਹ ਭਾਜਪਾ ਦੀ ਵਾਸਿੰਗ ਮਸ਼ੀਨ ਵਿੱਚ ਨਿਕਲ ਕੇ ਇਮਾਨਦਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲੀਡਰ ਭਾਜਪਾ ਦੀਆਂ ਧਮਕੀਆਂ ਨੂੰ ਨਹੀਂ ਡਰਦੇ, ਭਾਜਪਾ ਦੀ ਧੱਕੇਸ਼ਾਹੀ ਦਾ ਪੂਰਾ ਡਟਕੇ ਵਿਰੋਧ ਕਰਨਗੇ।

ED ਵੱਲੋਂ ਮਾਰੇ ਛਾਪੇ ਤੋਂ ਬਾਅਦ ਸੰਜੀਵ ਅਰੋੜਾ ਦਾ ਪਹਿਲਾਂ ਬਿਆਨ

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਅੱਜ ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਉਤੇ ਛਾਪੇਮਾਰੀ ਕੀਤੀ ਗਈ ਹੈ। ਈਡੀ ਦੇ ਛਾਪੇ ਤੋਂ ਬਾਅਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਅੱਜ ਸਵੇਰੇ ਮੇਰੇ ਘਰ ਪਹੁੰਚੀ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਕਰਾਂਗਾ। ਮੈਨੂੰ ਪੂਰਾ ਭਰੋਸਾ ਹੈ ਕਿ ਸੱਚਾਈ ਸਾਹਮਣੇ ਆਏਗੀ ਅਤੇ ਨਿਆਂ ਜ਼ਰੂਰ ਹੋਵੇਗਾ।

ਸੰਜੀਵ ਅਰੋੜਾ ਦੇ ਟਿਕਾਣਿਆਂ ਉਤੇ ED ਦੇ ਛਾਪੇ ’ਤੇ ਬੋਲੇ ਭਾਜਪਾ ਕੇਂਦਰੀ ਮੰਤਰੀ, ‘ਸਭ ਫੜ੍ਹੇ ਜਾਣਗੇ’

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਅਤੇ ਹੋਰਨਾਂ ਟਿਕਾਣਿਆਂ ਉਤੇ ਅੱਜ ਈਡੀ ਵੱਲੋਂ ਛਾਪਾ ਮਾਰਿਆ ਗਿਆ ਹੈ। ਈਡੀ ਵੱਲੋਂ ਛਾਪਾ ਮਾਰੇ ਜਾਣ ਉਤੇ ਭਾਜਪਾ ਦੇ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਟਿੱਪਣੀ ਕੀਤੀ ਹੈ। ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਉਤੇ ਸੰਜੀਵ ਅਰੋੜਾ ਦੇ ਘਰ ਈਡੀ ਵੱਲੋਂ ਮਾਰੇ ਗਏ ਛਾਪੇ ਸਬੰਧੀ ਇਕ ਪੋਸਟਰ ਸਾਂਝ ਕਰਦੇ ਹੋਏ ਲਿਖਿਆ ਹੈ, ‘ਸਭ ਫੜ੍ਹੇ ਜਾਣਗੇ…!’।

ਇਹ ਵੀ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ਉਤੇ ਛਾਪਾ ਮਾਰਿਆ ਸੀ। ਹੁਣ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਹੈ। ਆਮ ਆਦਮੀ ਪਾਰਟੀ ਵੱਲੋਂ ਈਡੀ ਦੇ ਛਾਪਿਆਂ ਨੂੰ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਦੱਸਿਆ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਕੋਲ ਭੇਜਿਆ

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਕੋਲ ਭੇਜ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਐਕਟ ਨੂੰ ਮਾਣਯੋਗ ਰਾਜਪਾਲ ਸਾਹਿਬ ਕੋਲ ਦਸਤਖ਼ਤਾਂ ਲਈ ਭੇਜ ਦਿੱਤਾ ਗਿਆ ਹੈ।

ਪੰਜਾਬ ਕੈਬਨਿਟ ਮੰਤਰੀ ਦੇ ਘਰ ED ਵੱਲੋਂ ਛਾਪਾ

ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਅੱਜ ਈਡੀ ਵੱਲੋਂ ਛਾਪਾ ਮਾਰਿਆ ਗਿਆ ਹੈ। ਲੁਧਿਆਣਾ ਰਿਹਾਇਸ਼ ਉਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ ਦੀਆਂ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਮਨੀ ਲਾਂਰਡਿੰਗ ਮਾਮਲੇ ਵਿੱਚ ਕੀਤੀ ਗਈ ਹੈ। ਈਡੀ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ।

ਇਹ ਵੀ ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹੀ ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀਆਂ ਥਾਵਾਂ ਉਤੇ ਰੇਡ ਕੀਤੀ ਗਈ ਸੀ।

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਵਚਨਬੱਧ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 17 ਅਪ੍ਰੈਲ

ਮੁਲਾਜ਼ਮਾਂ ਦੇ ਮਸਲਿਆਂ ਬਾਰੇ ਕੈਬਨਿਟ ਸਬ-ਕਮੇਟੀ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਮੁਲਾਜ਼ਮ ਯੂਨੀਅਨ ਨੁਮਾਇੰਦਿਆਂ ਨਾਲ ਉੱਚ-ਪੱਧਰੀ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੰਬਿਤ ਪਈਆਂ ਮੰਗਾਂ ਦੇ ਸਮਾਂ-ਬੱਧ ਹੱਲ ਵੱਲ ਵਧ ਰਹੀ ਹੈ, ਅਤੇ ਨਾਲ ਹੀ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੇ ਬਣਦੇ ਹੱਕ ਦਿੰਦਿਆ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਭਵਿੱਖ ਵਿੱਚ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਭਵਨ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ, ਜਿਸ ਵਿੱਚ ਵਿੱਤ, ਪ੍ਰਸੋਨਲ (ਅਮਲਾ) ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ, ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ  ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਜਾਇਜ਼ ਮਸਲੇ ਜਲਦੀ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ, “ਸਰਕਾਰ ਇੱਕ ਅਜਿਹੀ ਯੋਜਨਾ ‘ਤੇ ਕੰਮ ਕਰ ਰਹੀ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੁਲਾਜ਼ਮਾਂ ਨੂੰ ਭਵਿੱਖ ਵਿੱਚ ਬਿਨਾਂ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਕੀਤੇ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ।”

ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਦਫ਼ਤਰੀ ਕਰਮਚਾਰੀ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, 4161 ਮਾਸਟਰ ਕਾਡਰ ਅਧਿਆਪਕ ਯੂਨੀਅਨ, ਮੈਰੀਟੋਰੀਅਸ ਟੀਚਰਜ਼ ਯੂਨੀਅਨ, ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸ਼ਾਮਲ ਸਨ, ਨਾਲ ਲਗਭਗ ਦੋ ਘੰਟੇ ਲੰਬੀਆਂ ਮੀਟਿੰਗਾਂ ਕੀਤੀਆਂ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨਾਲ ਸਬੰਧਤ ਮੀਟਿੰਗਾਂ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੀ ਮੌਜੂਦ ਸਨ।

ਹਰਪਾਲ ਸਿੰਘ ਚੀਮਾ ਨੇ ਯੂਨੀਅਨ ਨੁਮਾਇੰਦਿਆਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਪ੍ਰਸ਼ਾਸਨਿਕ ਕਾਰਵਾਈਆਂ ਪਹਿਲਾਂ ਹੀ ਪ੍ਰਗਤੀ ਅਧੀਨ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਵਿਭਾਗੀ ਪੱਧਰ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ।

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਹੋਈ ਮੀਟਿੰਗ ਵਿੱਚ ਸੰਬੰਧਿਤ ਵਿਭਾਗਾਂ ਦੇ ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਵਿੱਤ ਮੰਤਰੀ ਨੂੰ ਆਪੋ-ਆਪਣੇ ਵਿਭਾਗਾਂ ਨਾਲ ਸਬੰਧਤ ਮੰਗਾਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਹਾਜ਼ਰ ਅਧਿਕਾਰੀਆਂ ਵਿੱਚ ਸਕੱਤਰ ਕਿਰਤ ਮਨਵੇਸ਼ ਸਿੰਘ ਸਿੱਧੂ, ਸਕੱਤਰ ਸਥਾਨਕ ਸਰਕਾਰਾਂ ਮਨਜੀਤ ਸਿੰਘ ਬਰਾੜ, ਵਿਸ਼ੇਸ਼ ਸਕੱਤਰ ਸਥਾਨਕ ਸਰਕਾਰਾਂ ਦੀਪਤੀ ਉੱਪਲ, ਵਿਸ਼ੇਸ਼ ਸਕੱਤਰ ਪ੍ਰਸੋਨਲ ਉਪਕਾਰ ਸਿੰਘ, ਵਧੀਕ ਸਕੱਤਰ ਪ੍ਰਸੋਨਲ ਗੌਤਮ ਜੈਨ, ਵਿਸ਼ੇਸ਼ ਸਕੱਤਰ ਲੋਕ ਨਿਰਮਾਣ ਵਿਭਾਗ ਹਰਗੁਣਜੀਤ ਕੌਰ, ਵਿਸ਼ੇਸ਼ ਸਕੱਤਰ ਵਿੱਤ ਅਜੈ ਅਰੋੜਾ ਅਤੇ ਵਿਸ਼ੇਸ਼ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਡਾ. ਸੱਯਦ ਸਹਿਰਿਸ਼ ਅਸਗਰ ਦੇ ਨਾਲ-ਨਾਲ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਇਸ ਦੌਰਾਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਨੁਮਾਇੰਦਗੀ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਬਲਿਹਾਰ ਸਿੰਘ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਪਵਨਦੀਪ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਰਮਨਦੀਪ ਸਿੰਘ, ਹਰਜਿੰਦਰਪਾਲ ਸਿੰਘ, ਲਛਮਣ ਸਿੰਘ ਅਤੇ ਜਗਦੀਪ ਸਿੰਘ ਨੇ ਕੀਤੀ। ਇਸ ਤੋਂ ਪਹਿਲਾਂ ਦਫ਼ਤਰੀ ਮੁਲਾਜ਼ਮ ਯੂਨੀਅਨ ਦੀ ਨੁਮਾਇੰਦਗੀ ਕੁਲਦੀਪ ਸਿੰਘ, ਰਾਜਿੰਦਰ ਸਿੰਘ ਸੰਧਾ ਅਤੇ ਜਗਮੋਹਨ ਸਿੰਘ ਨੇ ਕੀਤੀ। ਰਾਜੀਵ ਕੁਮਾਰ, ਰੇਸ਼ਮ ਖੇਮੂਆਣਾ ਅਤੇ ਜਗਦੀਸ਼ ਕੁਮਾਰ ਜੱਗੀ ਨੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਨੁਮਾਇੰਦਗੀ ਕੀਤੀ। ਸੰਦੀਪ ਸਿੰਘ ਗਿੱਲ, ਗੁਰਦਾਸ ਸਿੰਘ ਮਾਨਸਾ ਅਤੇ ਬਲਕਾਰ ਮਘਾਣੀਆ ਨੇ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੀ ਨੁਮਾਇੰਦਗੀ ਕੀਤੀ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਨੁਮਾਇੰਦਗੀ ਡਾ. ਟੀਨਾ, ਡਾ. ਅਜੈ ਕੁਮਾਰ ਅਤੇ ਅਸ਼ਪ੍ਰੀਤ ਕੌਰ ਨੇ ਕੀਤੀ। ਰਮਨਜੀਤ ਸਿੰਘ ਗਿੱਲ, ਜਗਜੀਵਨ ਸਿੰਘ ਅਤੇ ਆਰਤੀ ਬਾਲਾ ਨੇ ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਦੀ ਨੁਮਾਇੰਦਗੀ ਕੀਤੀ, ਜਦਕਿ ਧੰਨਾ ਮੱਲ ਗੋਇਲ, ਐਚ.ਐਸ. ਰਾਣੂ ਅਤੇ ਸੁਰਜੀਤ ਸਿੰਘ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀਆਂ ਚਿੰਤਾਵਾਂ ਪੇਸ਼ ਕੀਤੀਆਂ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

17-04-2026

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਸ਼ੁੱਕਰਵਾਰ, ੪ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੫੬)

ਪੰਜਾਬੀ ਵਿਆਖਿਆ

ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ।ਰਹਾਉ। (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ : ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ।੧। (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ । ਹੇ ਦਾਸ ਕਬੀਰ! (ਹੁਣ) ਆਖ—ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ।੨।੧੦। ਸ਼ਬਦ ਦਾ ਭਾਵ:—ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ ।੧੦।

Category :