ਮੋਰਿੰਡਾ, 3 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
2027 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਦਰ ਉਤੇ ਹਨ ਤਾਂ ਉਸ ਸਮੇਂ ਕਾਂਗਰਸ ਪਾਰਟੀ ਵਿੱਚ ਚੱਲਦਾ ਲੀਡਰਸ਼ਿੱਪ ਦਾ ਕਲੇਸ਼ ਹੁਣ ਖੁੱਲ੍ਹੇ ਮੈਦਾਨ ਵਿੱਚ ਆ ਗਿਆ ਹੈ। ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੇ ਹੱਥ ਮੁੜ ਪ੍ਰਧਾਨਗੀ ਦੀ ਕਮਾਂਡ ਦੇਣ ਤੋਂ ਬਾਅਦ ਜ਼ਿਆਦਾਤਰ ਕਾਂਗਰਸੀ ਆਗੂਆਂ ਦੇ ਤੇਵਰ ਤਿੱਖੇ ਦਿਖਾਈ ਦਿੱਤੇ। ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਏ ਜਾਣ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਇਕੱਤਰ ਹੋ ਕੇ ਹਾਈਕਮਾਂਡ ਤੱਕ ਨਰਾਜ਼ਗੀ ਦਾ ਸੁਨੇਹਾ ਪਹੁੰਚਾਇਆ। ਮੀਟਿੰਗ ਤੋਂ ਬਾਅਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਹਾਈਕਮਾਂਡ ਨਾਲ ਕੋਈ ਲੜਾਈ ਨਹੀਂ ਹੈ, ਅਸੀਂ ਵੀ ਹਾਈਕਮਾਂਡ ਨੁੰ ਮੰਨਦੇ ਹਾਂ। ਉਨ੍ਹਾਂ ਕਿਹਾ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਹਾਈਕਮਾਂਡ ਨਾਲ ਰਾਬਤਾ ਬਣਾ ਕੇ ਫੈਸਲੇ ਨੂੰ ਵਿਚਾਰਨ ਦੀ ਅਪੀਲ ਕਰਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇ।
ਮੀਟਿੰਗ ਤੋਂ ਬਾਅਦ ਜਿਥੇ ਕਈ ਕਾਂਗਰਸੀ ਆਗੂ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਚਦੇ ਦਿਖਾਈ ਦਿੱਤੇ।..ਤਾਂ ਉਧਰ ਹੀ ਇਸ ਸਬੰਧੀ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਮੀਟਿੰਗ ਤੋਂ ਇਹ ਵੀ ਤੱਕ ਕਹਿ ਦਿੱਤਾ ਕਿ ਕੁਝ ਵਰਕਰਾਂ ਨੇ ਆਪਣੀਆਂ ਭਾਵਨਾਵਾਂ ਚੰਨੀ ਨੂੰ ਦੱਸੀਆਂ ਹਨ।
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ 3-4 ਘੰਟੇ ਲਾ ਕੇ ਸਲਾਹ ਮਸ਼ਵਰਾ ਕੀਤਾ ਗਿਆ ਹੈ। ਸਭ ਨੇ ਆਪਣੀ ਆਪਣੀ ਸਲਾਹ ਦਿੱਤੀ ਹੈ। ਸਾਬਕਾ ਐਮਪੀ ਮੁਹਿੰਮਦ ਸਦੀਕ ਨੇ ਕਿਹਾ ਕਿ ਜੋ ਲੋਕ ਚਾਹੁੰਦੇ ਹਨ ਉਹ ਹੀ ਗੱਲ ਕੀਤੀ ਹੈ, ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਰੱਖੀ।
ਅੱਜ ਦੀ ਮੀਟਿੰਗ ਵਿੱਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਰਾਣਾ ਗੁਰਜੀਤ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆਗੂ ਤੇ ਵਰਕਰ ਪਹੁੰਚੇ।
ਦੂਜੇ ਪਾਸੇ ਜੇਕਰ ਕਾਂਗਰਸ ਦੇ ਇਸ ਕਲੇਸ਼ ਉਤੇ ਨਜ਼ਰ ਮਾਰੀ ਜਾਵੇ ਤਾਂ ਇਹ ਉਸੇ ਤਰ੍ਹਾਂ ਹੀ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਹੋਇਆ ਸੀ। ਉਸ ਸਮੇਂ ਮੁੱਖ ਮੰਤਰੀ ਕੁਰਸੀ ਝਗੜੇ ਦੀ ਜੜ੍ਹ ਬਣੀ ਸੀ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰ ਦਿੱਤਾ ਗਿਆ , ਚਰਨਜੀਤ ਸਿੰਘ ਚੰਨੀ ਦੇ ਸਿਰ ਉਤੇ ਮੁੱਖ ਮੰਤਰੀ ਦਾ ਤਾਜ਼ ਧਰਿਆ ਗਿਆ….ਉਸ ਸਮੇਂ ਤੱਤਕਾਲੀ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਰੁੱਧ ਵੀ ਕਈ ਲੀਡਰ ਖੁੱਲ੍ਹ ਕੇ ਬੋਲੇ.. ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਤੋਂ ਖੂੰਝੇ ਲੀਡਰ ਵੀ ਚੰਨੀ ਖਿਲਾਫ ਬੋਲਣ ਦਾ ਮੌਕਾ ਨਾ ਗੁਆਉਂਦੇ।… ਅਤੇ ਉਸੇ ਸਮੇਂ ਵਾਂਗ ਹੁਣ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਮੁੜ ਦੋਫਾੜ ਹੋਣ ਕਿਨਾਰੇ ਹੈ। ਕੇਂਦਰੀ ਹਾਈਕਮਾਂਡ ਨੇ ਹੁਣ ਭਾਵੇਂ ਕਿਹਾ ਸੀ ਕਿ 2022 ਵਾਲੇ ਤੋਂ ਸਬਕ ਸਿੱਖ ਕੇ ਅੱਗੇ ਵਧਾਂਗੇ, ਪਰ ਹੁਣ ਲੱਗਦਾ ਸਾਇਦ ਕੇਂਦਰ ਦੇ ਫਾਰਮੂਲੇ ਪੰਜਾਬ ਦੇ ਆਗੂਆਂ ਦੇ ਮੁਤਾਬਕ ਲਗਾਉਣ ਵਿੱਚ ਅਸਫਲ ਰਹੀ ਹੈ।
ਕੇਂਦਰ ਹਾਈਕਮਾਂਡ ਨੇ ਜਦੋਂ 1 ਜੁਲਾਈ ਦੀ ਢਲਦੀ ਸ਼ਾਮ ਨੂੰ ਜ਼ਿੰਮੇਵਾਰੀਆਂ ਦੀ ਸੂਚੀ ਜਾਰੀ ਕੀਤੀ ਤਾਂ ਆਗੂਆਂ ਨੇ ਚੁੱਪ ਧਾਰ ਲਈ ਤੇ ਉਹੀ ਚੁੱਪੀ ਅੱਜ ਮੋਰਿੰਡਾ ਵਿੱਚ ਪਾਰਟੀ ਨੂੰ ਚੈਲੰਜ ਬਣਦੀ ਦਿਖਾਈ ਦਿੱਤੀ ਹੈ। ਮੀਟਿੰਗ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਗੱਲ ਕਰਦੇ ਹੋਏ ਨਰਾਜ਼ਗੀ ਪ੍ਰਗਟਾਈ।
ਹਾਈਕਮਾਂਡ ਦੇ ਫੈਸਲੇ ਵਿਰੁੱਧ ਇਕੱਠੇ ਹੋਏ ਕਾਂਗਰਸੀ ਆਗੂਆਂ ਦੇ ਤੇਵਰ ਤਿੱਖੇ ਰਹੇ, ਪਰ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਚੁੱਪ ਰਹਿਣ ਵਿੱਚ ਅਜੇ ਤੱਕ ਸਿਆਣਪ ਸਮਝੀ ਹੈ। ਉਨ੍ਹਾਂ ਵੱਲੋਂ ਕਾਂਗਰਸੀ ਲੀਡਰਾਂ ਦੀ ਇਸ ਮੀਟਿੰਗ ਉਤੇ ਕੁਝ ਵੀ ਬੋਲਣ ਤੋਂ ਕਿਨਾਰਾ ਕੀਤਾ ਹੋਇਆ ਹੈ। ਕਾਂਗਰਸ ਦੇ ਇਸ ਕਲੇਸ਼ ਕੀ ਰੂਪ ਧਾਰਨ ਕਰੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪਰ ਪੰਜਾਬ ਦੇ ਲੋਕਾਂ ਅਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਕਾਂਗਰਸ ਵੱਲ ਜ਼ਰੂਰ ਹਨ, ਕਾਂਗਰਸ ਇਸ ਲੜਾਈ ਨੂੰ ਥੰਮ ਸਕੇਗੀ ਜਾਂ ਫਿਰ ਕੋਈ ਨਵਾਂ ਰੂਪ ਧਾਰਨ ਕਰੇਗਾ।













