ਚੰਡੀਗੜ੍ਹ, 2 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

“ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਨਾਲ ਜੁੜੀ ਇਸ ਵੇਲੇ ਦੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਹੇਠ SIT ਅੱਜ ਫਰੀਦਕੋਟ ਜ਼ਿਲ੍ਹੇ ਦੇ ਉਨ੍ਹਾਂ ਵੱਖ-ਵੱਖ ਘਟਨਾ ਸਥਾਨਾਂ ਦਾ ਦੌਰਾ ਕਰਨ ਜਾ ਰਹੀ ਹੈ, ਜਿੱਥੇ ਇਹ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ। ਜੇਕਰ SIT ਦੇ ਅੱਜ ਦੇ ਸ਼ਡਿਊਲ ਦੀ ਗੱਲ ਕਰੀਏ ਤਾਂ ਜਾਂਚ ਟੀਮ ਦੁਪਹਿਰ 1:00 ਵਜੇ ਸਭ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇਗੀ। ਇਸ ਤੋਂ ਬਾਅਦ ਦੁਪਹਿਰ ਪੌਣੇ ਦੋ ਵਜੇ ਯਾਨੀ 1:45 ਵਜੇ ਟੀਮ ਬਰਗਾੜੀ ਦਾ ਦੌਰਾ ਕਰੇਗੀ ਅਤੇ ਫਿਰ ਦੁਪਹਿਰ 2:30 ਵਜੇ ਬਹਿਬਲ ਕਲਾਂ ਵਾਲੀ ਥਾਂ ‘ਤੇ ਜਾ ਕੇ ਜਾਂਚ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਸ਼ਾਮ ਨੂੰ ਕਰੀਬ 4:00 ਵਜੇ SIT ਬਾਜਾਖਾਨਾ ਪੁਲਿਸ ਸਟੇਸ਼ਨ ਦੀ ਚੌਕੀ ਵਿਖੇ ਪਹੁੰਚੇਗੀ, ਜਿੱਥੇ ਇਸ ਕੇਸ ਨਾਲ ਜੁੜੇ ਅਹਿਮ ਰਿਕਾਰਡ ਅਤੇ ਕੇਸ ਪ੍ਰਾਪਰਟੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਹੈ। ਤੁਹਾਨੂੰ ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪਿਛਲੇ ਦਿਨੀਂ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ SIT ਦੀ ਕਾਰਵਾਈ ਵਿੱਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਵੀ ਜਾਂਚ ਟੀਮ ਵੱਲੋਂ ਕਈ ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ ਵਿੱਚ ਵਿਜੇ ਸਾਂਪਲਾ, ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਸ਼ਾਮਲ ਹਨ, ਕੋਲੋਂ ਲੰਮੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਇਸ ਹਾਈ-ਪ੍ਰੋਫਾਈਲ ਦੌਰੇ ਤੋਂ ਬਾਅਦ ਇਸ ਮਾਮਲੇ ਵਿੱਚ ਕੀ ਨਵੇਂ ਖ਼ੁਲਾਸੇ ਹੁੰਦੇ ਹਨ।”

Spread the love