ਬਰਨਾਲਾ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬਰਨਾਲਾ ਵਿੱਚ ਏਸੀ ਬਲਾਸਟ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੇਸੀ ਰੋਡ, ਲੇਨ ਨੰਬਰ 11 ‘ਤੇ ਇੱਕ ਘਰ ਦੇ ਅੰਦਰ ਏਅਰ ਕੰਡੀਸ਼ਨਰ ਦੀ ਮੁਰੰਮਤ ਕਰਦੇ ਸਮੇਂ ਹੋਏ ਇੱਕ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਨੌਜਵਾਨ ਮਕੈਨਿਕ ਦੀ ਦੁਖਦਾਈ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਸਿਕੰਦਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਠੀਕਰੀਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਇੱਕ ਖਰਾਬ ਏਅਰ ਕੰਡੀਸ਼ਨਰ ਦੀ ਮੁਰੰਮਤ ਕਰਨ ਆਇਆ ਸੀ। ਜਦੋਂ ਉਹ ਏਅਰ ਕੰਡੀਸ਼ਨਰ ਦੀ ਮੁਰੰਮਤ ਕਰ ਰਿਹਾ ਸੀ, ਤਾਂ ਅਚਾਨਕ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚ ਝਟਕੇ ਲੱਗ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਤੁਰੰਤ ਘਟਨਾ ਸਥਾਨ ‘ਤੇ ਇਕੱਠੇ ਹੋ ਗਏ। ਇਸ ਹਾਦਸੇ ਵਿੱਚ ਸਿਕੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਸਥਾਨਕ ਲੋਕਾਂ ਅਤੇ ਸਾਥੀਆਂ ਦੀ ਮਦਦ ਨਾਲ ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Spread the love