Breaking News
26 ਹਜ਼ਾਰ ਤੋਂ ਵੱਧ ਕਿਸਾਨਾਂ ਵੱਲੋਂ 3.41 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ

ਚੰਡੀਗੜ੍ਹ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬੀਜਾਈ (ਡੀਐਸਆਰ) ਅਧੀਨ ਰਕਬੇ ਵਿੱਚ 16 ਫੀਸਦ ਵਾਧਾ ਦਰਜ ਕੀਤਾ ਗਿਆ ਹੈ, ਜੋ ਪੰਜਾਬ ਸਰਕਾਰ ਦੀ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਮੁਹਿੰਮ ਨੂੰ ਕਿਸਾਨਾਂ ਵੱਲੋਂ ਮਿਲ ਰਹੇ ਵੱਡੇ ਹੁਲਾਰੇ ਨੂੰ ਦਰਸਾਉਂਦਾ ਹੈ। ਦੱਸਣਯੋਗ ਹੈ ਕਿ ਪਾਣੀ ਦੀ ਬਚਤ ਵਾਲੀ ਇਸ ਤਕਨੀਕ ਤਹਿਤ ਹੁਣ ਤੱਕ 26,896 ਕਿਸਾਨਾਂ ਨੇ 3.41 ਲੱਖ ਏਕੜ ਰਕਬਾ ਲਿਆਂਦਾ ਹੈ।

ਪਿਛਲੇ ਸਾਲ ਦੀ ਦਰ ਨੂੰ ਬਰਕਰਾਰ ਰੱਖਦਿਆਂ, ਜਦੋਂ 25,853 ਕਿਸਾਨਾਂ ਨੇ 2.93 ਲੱਖ ਏਕੜ ਰਕਬੇ ਵਿੱਚ ਡੀ.ਐੱਸ.ਆਰ. ਵਿਧੀ ਅਪਣਾਈ ਸੀ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਿੱਤੀ ਵਰ੍ਹੇ ਲਈ ਮਾਲੀ ਸਹਾਇਤਾ ਵਧਾ ਕੇ 40 ਕਰੋੜ ਰੁਪਏ ਕਰ ਦਿੱਤੀ ਹੈ, ਜੋ ਕਿ 2025 ਵਿੱਚ ਵੰਡੀ ਗਈ 35.16 ਕਰੋੜ ਰੁਪਏ ਦੀ ਲਾਭ ਰਾਸ਼ੀ ਤੋਂ ਵੱਧ ਹੈ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਰੇਕ ਰਜਿਸਟਰਡ ਕਿਸਾਨ ਨੂੰ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਰਾਹੀਂ 1,500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨ ਡੀ.ਐੱਸ.ਆਰ. ਸਕੀਮ ਲਈ 30 ਜੂਨ, 2025 ਤੱਕ agrimachinerypb.com ‘ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਉਂਜੋ ਝੋਨੇ ਦੇ ਮੁੱਖ ਉਤਪਾਦਨ ਵਾਲੇ ਜ਼ਿਲ੍ਹਿਆਂ ਵਿੱਚ ਇਸਦੀ ਲਵਾਈ ਅਜੇ ਵੀ ਜਾਰੀ ਹੈ, ਜੋ ਜੁਲਾਈ ਦੇ ਅੱਧ ਤੱਕ ਚੱਲਣ ਦੀ ਉਮੀਦ ਹੈ, ਇਸ ਲਈ ਵਿਭਾਗ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਡੀ.ਐੱਸ.ਆਰ. ਅਧੀਨ ਰਕਬਾ ਹੋਰ ਵਧਣ ਦੀ ਉਮੀਦ ਹੈ। ਸ. ਖੁੱਡੀਆਂ ਨੇ ਫੀਲਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸਾਨਾਂ ਦੀ ਮੌਕੇ ‘ਤੇ ਰਜਿਸਟ੍ਰੇਸ਼ਨ ਅਤੇ ਬੈਂਕ ਖਾਤਿਆਂ ਦੀ ਵੈਰੀਫਿਕੇਸ਼ਨ (ਪੜਤਾਲ) ਵਿੱਚ ਮਦਦ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਨੂੰ ਯਕੀਨੀ ਬਣਾਈ ਜਾ ਸਕੇ।

ਖੇਤੀਬਾੜੀ ਮੰਤਰੀ ਨੇ ਕਿਹਾ, “ਇਹ 16 ਫੀਸਦ ਵਾਧਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਟਿਕਾਊ ਖੇਤੀ ਪ੍ਰਤੀ ਸੋਚ ਵਿੱਚ ਕਿਸਾਨਾਂ ਦੇ ਭਰੋਸੇ ਦਾ ਪ੍ਰਤੀਕ ਹੈ। ਸਾਲ 2026-27 ਲਈ 40 ਕਰੋੜ ਦੇ ਵਧੇ ਹੋਏ ਬਜਟ ਦੇ ਨਾਲ, ਅਸੀਂ ਕਿਸਾਨਾਂ ਦੀ ਲਾਗਤ ਘਟਾਉਣ ਦੇ ਨਾਲ-ਨਾਲ ਪੰਜਾਬ ਦੇ ਖੇਤੀਬਾੜੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਯਤਨਾਂ ਨੂੰ ਹੋਰ ਤੇਜ਼ ਕਰ ਰਹੇ ਹਾਂ। ਅਸੀਂ ਸਿਰਫ਼ ਵਿੱਤੀ ਲਾਭ ਹੀ ਨਹੀਂ ਦੇ ਰਹੇ, ਸਗੋਂ ਪਾਣੀ ਬਚਾਉਣ ਦੀ ਕਵਾਇਦ ਨੂੰ ਉਤਸ਼ਾਹਿਤ ਕਰ ਰਹੇ ਹਾਂ। ਡੀ.ਐੱਸ.ਆਰ. ਅਧੀਨ ਆਉਣ ਵਾਲਾ ਇੱਕ-ਇੱਕ ਏਕੜ ਰਕਬਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵੱਲ ਠੋਸ ਕਦਮ ਹੈ।”
ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਨ੍ਹਾਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਅੱਗੇ ਆ ਕੇ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਡੀ.ਐੱਸ.ਆਰ. ਤਕਨੀਕ ਵਿੱਚ ਕੱਦੂ ਕਰਨ ਅਤੇ ਪਨੀਰੀ ਲਾਉਣ ਦੀ ਲੋੜ ਨਹੀਂ ਰਹਿੰਦੀ, ਜਿਸ ਨਾਲ ਸਿੰਚਾਈ ਵਾਲੇ ਪਾਣੀ ਦੀ ਖਪਤ 15-20 ਫੀਸਦ ਤੱਕ ਘਟ ਜਾਂਦੀ ਹੈ ਅਤੇ ਲੇਬਰ (ਮਜ਼ਦੂਰੀ) ਦੇ ਖਰਚੇ ਵਿੱਚ ਵੱਡੀ ਬਚਤ ਹੁੰਦੀ ਹੈ। ਸੂਬਾ ਸਰਕਾਰ ਟਿਕਾਊ ਖੇਤੀਬਾੜੀ ਲਈ ਡੀ.ਐੱਸ.ਆਰ. ਨੂੰ ਇੱਕ ਮੁੱਖ ਆਧਾਰ ਵਜੋਂ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ, ਜਿਸ ਤਹਿਤ ਝੋਨੇ ਦੀ ਲਵਾਈ ਦੇ ਰਵਾਇਤੀ ਢੰਗ ਨੂੰ ਇਸ ਨਵੀਂ ਵਿਧੀ ਵੱਲ ਆਉਣ ਵਾਲੇ ਕਿਸਾਨਾਂ ਲਈ ਵਿਆਪਕ ਜਾਗਰੂਕਤਾ ਮੁਹਿੰਮਾਂ, ਪ੍ਰਦਰਸ਼ਨੀਆਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ ‘ਲੈਟਰਜ਼ ਟੂ ਮਾਈ ਡੌਟਰਜ਼’ ਲੋਕ ਅਰਪਣ

ਚੰਡੀਗੜ੍ਹ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਇੱਕ ਮਾਂ ਦੇ ਪਿਆਰ ਤੇ ਸਿਆਣਪ ਦੀ ਗਹਿਰਾਈ ਦਾ ਜਸ਼ਨ ਮਨਾਉਂਦਿਆਂ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਅੱਜ ਇੱਥੇ ਇੱਕ ਸਮਾਰੋਹ ਦੌਰਾਨ ਲੇਖਿਕਾ ਰਾਵੀ ਪੰਧੇਰ ਦੀ ਕਿਤਾਬ ‘ਲੈਟਰਜ਼ ਟੂ ਮਾਈ ਡੌਟਰਜ਼’ ਜਾਰੀ ਕੀਤੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਇੱਕ ਭਾਵੁਕ ਸੰਗ੍ਰਹਿ ਹੈ ਜੋ ਇੱਕ ਮਾਂ ਦੀਆਂ ਭਾਵਨਾਵਾਂ, ਉਮੀਦਾਂ, ਡਰਾਂ ਅਤੇ ਜੀਵਨ ਦੇ ਸਬਕਾਂ ਨੂੰ ਆਪਣੀਆਂ ਧੀਆਂ ਲਈ ਲਿਖੀਆਂ ਚਿੱਠੀਆਂ ਵਿੱਚ ਪਰੋਂਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਦੂਰੀਆਂ ਦੇ ਇਸ ਦੌਰ ਵਿੱਚ, ਅਜਿਹੀਆਂ ਦਿਲੋਂ ਲਿਖੀਆਂ ਕਹਾਣੀਆਂ ਸਾਨੂੰ ਮਾਂ-ਧੀ ਦੇ ਰਿਸ਼ਤੇ ਦੀ ਤਾਕਤ ਅਤੇ ਕਦਰਾਂ-ਕੀਮਤਾਂ, ਹੌਸਲੇ ਤੇ ਪਛਾਣ ਘੜਨ ਵਿੱਚ ਮਾਂ ਦੀ ਭੂਮਿਕਾ ਦੀ ਯਾਦ ਦਿਵਾਉਂਦੀਆਂ ਹਨ।

ਲੇਖਿਕਾ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਜਦੋਂ ਔਰਤਾਂ ਆਪਣੇ ਜੀਵਨ ਅਨੁਭਵਾਂ ਨੂੰ ਕਲਮਬੱਧ ਕਰਦੀਆਂ ਹਨ ਤਾਂ ਪੰਜਾਬ ਦੀ ਸਾਹਿਤਕ ਵਿਰਾਸਤ ਹੋਰ ਅਮੀਰ ਹੁੰਦੀ ਹੈ। ‘ਲੈਟਰਜ਼ ਟੂ ਮਾਈ ਡੌਟਰਜ਼’ ਹਰ ਉਸ ਮਾਂ ਨਾਲ ਗੱਲ ਕਰਦੀ ਹੈ ਜੋ ਹੌਸਲਾ ਤੇ ਦਇਆ ਵਿਰਾਸਤ ਵਜੋਂ ਦੇਣਾ ਚਾਹੁੰਦੀ ਹੈ, ਅਤੇ ਹਰ ਉਸ ਧੀ ਨਾਲ ਜੋ ਆਪਣੀਆਂ ਜੜ੍ਹਾਂ ਨੂੰ ਸਮਝਣਾ ਚਾਹੁੰਦੀ ਹੈ।

ਲੇਖਕਾ ਰਾਵੀ ਪੰਧੇਰ ਨੇ ਸਾਂਝਾ ਕੀਤਾ ਕਿ ਇਹ ਕਿਤਾਬ ਉਨ੍ਹਾਂ ਗੱਲਬਾਤਾਂ ਨੂੰ ਸੰਭਾਲਣ ਲਈ ਲਿਖੀ ਗਈ ਹੈ ਜੋ ਅਕਸਰ ਅਣਕਹੀਆਂ ਰਹਿ ਜਾਂਦੀਆਂ ਹਨ। ਇਹ ਉਨ੍ਹਾਂ ਚੁੱਪ ਕੁਰਬਾਨੀਆਂ, ਸ਼ਾਂਤ ਹਿੰਮਤ ਅਤੇ ਬੇਸ਼ਰਤ ਪਿਆਰ ਨੂੰ ਸ਼ਰਧਾਂਜਲੀ ਹੈ ਜੋ ਮਾਂ ਬਣਨ ਨੂੰ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝਾਂ ਨੂੰ ਪਾਲਣ ਵਾਲੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਸ਼ਰਮਾ ਦਾ ਧੰਨਵਾਦ ਕੀਤਾ।

ਇਸ ਮੌਕੇ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਤੇ ਮੈਂਬਰ ਸਕੱਤਰ ਕਨੂੰ ਥਿੰਦ ਵੀ ਹਾਜ਼ਿਰ ਸਨ।

ਪੰਜਾਬ ਨੇ ਜੇਲ੍ਹਾਂ ਵਿੱਚ ਸਿਹਤ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ/ਲੁਧਿਆਣਾ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ‘ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ’ ਵਿਸ਼ੇ ‘ਤੇ ਇੱਕ ਉੱਚ-ਪੱਧਰੀ ਮੀਟਿੰਗ ਆਯੋਜਿਤ ਕੀਤੀ। ਇਹ ਪ੍ਰੋਗਰਾਮ ਯੂਨਾਈਟਡ ਨੇਸ਼ਨਜ਼ ਆਫਿਸ ਆਨ ਡਰਗਜ਼ ਐਂਡ ਕਰਾਈਮ (ਯੂਐਨਓਡੀਸੀ) ਵੱਲੋਂ ਪੰਜਾਬ ਜੇਲ੍ਹ ਵਿਭਾਗ ਅਤੇ ਗੈਰ-ਸਰਕਾਰੀ ਸੰਸਥਾ ‘ਟਰਨ ਯੋਰ ਕਨਸਰਨ ਇੰਟੂ ਐਕਸ਼ਨ’ (ਟੀਵਾਈਸੀਆਈਏ) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਆਯੋਜਿਤ ਕੀਤਾ ਗਿਆ।

ਇਸ ਇੱਕ ਰੋਜ਼ਾ ਮੀਟਿੰਗ ਵਿੱਚ ਰਾਜ ਸਰਕਾਰ, ਜੇਲ੍ਹ ਵਿਭਾਗ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਸਿਹਤ ਮਾਹਰਾਂ ਨੇ ਭਾਗ ਲਿਆ। ਇਸ ਦੌਰਾਨ ਜੇਲ੍ਹਾਂ ਵਿੱਚ ਕੈਦੀਆਂ ਦੀ ਬਿਹਤਰ ਸਿਹਤ ਲਈ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਪੱਖਾਂ ਵਿਚਕਾਰ ਤਾਲਮੇਲ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ, “ਸਾਡੇ ਦੁਆਰਾ ਚੁੱਕੇ ਗਏ ਮੁੱਖ ਕਦਮਾਂ ਵਿੱਚੋਂ ਇੱਕ ਹੈ ਨਸ਼ੇ ਦੀ ਲਤ ਨੂੰ ਅਪਰਾਧ ਤੋਂ ਮੁਕਤ ਕਰਨਾ। ਮਰੀਜ਼ਾਂ ਅਤੇ ਤਸਕਰਾਂ ਵਿਚਕਾਰ ਸਪੱਸ਼ਟ ਫਰਕ ਹੈ। ਪਿਛਲੇ ਇੱਕ ਸਾਲ ਅਤੇ ਤਿੰਨ ਮਹੀਨਿਆਂ ਵਿੱਚ 10,000 ਤੋਂ ਵੱਧ ਨਸ਼ਾ ਪੀੜਤਾਂ, ਜਿਨ੍ਹਾਂ ਨੇ ਨਹੀਂ ਤਾਂ ਜੇਲ੍ਹ ਵਿੱਚ ਹੋਣਾ ਸੀ, ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਸੀਂ 25,000 ਕੈਦੀਆਂ ਦੀ ਹੈਪੇਟਾਈਟਿਸ, ਐਚਆਈਵੀ ਅਤੇ ਨਸ਼ੇ ਦੀ ਜਾਂਚ ਵੀ ਕੀਤੀ ਹੈ। ਸਾਡਾ ਮੰਨਣਾ ਹੈ ਕਿ ਜੇਲ੍ਹਾਂ ਸਿਰਫ਼ ਸੁਧਾਰ ਘਰ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਇਲਾਜ, ਮੁੜ ਵਸੇਬਾ ਅਤੇ ਸਿਹਤਯਾਬੀ ਦੇ ਕੇਂਦਰ ਵੀ ਹੋਣੀਆਂ ਚਾਹੀਦੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਓਓਏਟੀ ਕਲੀਨਿਕਾਂ ਦਾ ਨੈੱਟਵਰਕ ਮੌਜੂਦ ਹੈ, ਜੋ ਕੈਦੀਆਂ ਨੂੰ ਨਸ਼ੇ ਤੋਂ ਉਭਰਨ ਵਿੱਚ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ, ਹੁਨਰ ਵਿਕਾਸ ਲਈ ਆਈਟੀਆਈ ਕੋਰਸ, ਮਨੋਚਿਕਿਤਸਕ ਅਤੇ ਕੌਂਸਲਰ ਵੀ ਕੈਦੀਆਂ ਲਈ ਉਪਲੱਬਧ ਹਨ।”

ਸੂਬੇ ਭਰ ਦੇ ਜੇਲ੍ਹ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ, “ਨਾਰਕੋਟਿਕ ਡਰਗਜ਼ ਐਂਡ ਸਾਇਕੋਟ੍ਰੋਪਿਕ ਸਬਸਟੈਂਸਿਜ਼ (ਐਨਡੀਪੀਐਸ) ਐਕਟ ਤਹਿਤ ਦੋਸ਼ੀ ਸਾਬਤ ਕਰਨ ਦੇ ਮਾਮਲਿਆਂ ਵਿੱਚ ਪੰਜਾਬ ਦੇਸ਼ ਵਿੱਚ ਅੱਗੇ ਹੈ। ਇਸੇ ਤਰ੍ਹਾਂ ਸੁਧਾਰਾਤਮਕ ਨਿਆਂ ਦੇ ਖੇਤਰ ਵਿੱਚ ਵੀ ਸਾਨੂੰ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਮਾਨ ਸਰਕਾਰ ਲਈ ਨਸ਼ੇ ਨੂੰ ਸਮਾਜ ਤੋਂ ਖਤਮ ਕਰਨਾ ਅਤੇ ਹਰ ਨਸ਼ਾ ਪੀੜਤ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਦੋਵੇਂ ਅਹਿਮ ਮਹੱਤਵ ਰੱਖਦੇ ਹਨ।”

ਪ੍ਰੋਗਰਾਮ ਦੀ ਸ਼ੁਰੂਆਤ ਜੇਲ੍ਹਾਂ ਵਿੱਚ ਉਭਰ ਰਹੀਆਂ ਸਿਹਤ ਚੁਣੌਤੀਆਂ ‘ਤੇ ਚਰਚਾ ਹੋਈ, ਜਿਸ ਤੋਂ ਬਾਅਦ ਆਈਜੀ ਜੇਲ੍ਹ ਅਤੇ ਆਈਏਐਸ ਅਧਿਕਾਰੀ ਮੁਹੰਮਦ ਤਇਅਬ ਨੇ ਵਿਸ਼ੇਸ਼ ਪੇਸ਼ਕਾਰੀ ਦਿੱਤੀ। ਪ੍ਰੋਗਰਾਮ ਵਿੱਚ ਜੇਲ੍ਹ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲਾਂ ‘ਤੇ ਕਈ ਸੈਸ਼ਨ ਹੋਏ, ਜਿਨ੍ਹਾਂ ਵਿੱਚ ਨਸ਼ਾ ਅਤੇ ਸੰਕਰਾਮਕ ਬੀਮਾਰੀਆਂ ਦੀ ਰੋਕਥਾਮ, ਮਹਿਲਾਵਾਂ ਲਈ ਖ਼ਾਸ ਸਿਹਤ ਸੇਵਾਵਾਂ, ਦਿਵਿਆਂਗਤਾ, ਨਸ਼ਾ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਜਿੰਦਗੀ ਵਰਗੇ ਵਿਸ਼ਿਆਂ ‘ਤੇ ਵਿਸ਼ੇਸ਼ ਚਰਚਾ ਹੋਈ।

ਯੂਐਨਓਡੀਸੀ ਦੇ ਮਾਹਰਾਂ ਨੇ ਜੇਲ੍ਹ ਸਿਹਤ ਅਤੇ ਮੁੜ ਵਸੇਬਾ ਨਾਲ ਜੁੜੇ ਅੰਤਰਰਾਸ਼ਟਰੀ ਮਿਆਰਾਂ ਅਤੇ ਵਿਸ਼ਵ ਦੇ ਸਰਵੋਤਮ ਅਭਿਆਸਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਹਤ ਸੇਵਾਵਾਂ ਤੱਕ ਪਹੁੰਚ ਹਰ ਵਿਅਕਤੀ ਦਾ ਮੂਲ ਅਧਿਕਾਰ ਹੈ ਅਤੇ ਜੇਲ੍ਹ ਵਿੱਚ ਰਹਿੰਦੇ ਸਮੇਂ ਅਤੇ ਰਿਹਾਈ ਤੋਂ ਬਾਅਦ ਵੀ ਕੈਦੀਆਂ ਨੂੰ ਇਲਾਜ ਅਤੇ ਮਨੋ-ਸਮਾਜਿਕ ਸਹਾਇਤਾ ਲਗਾਤਾਰ ਮਿਲਣੀ ਚਾਹੀਦੀ ਹੈ।

ਇਸ ਮੌਕੇ ਦੱਖਣੀ ਏਸ਼ੀਆ ਲਈ ਯੂਐਨਓਡੀਸੀ ਖੇਤਰੀ ਦਫ਼ਤਰ ਦੀ ਅਪਰਾਧਿਕ ਨਿਆਂ ਮਾਹਰ ਸੀਮਾ ਜੋਸ਼ੀ ਨੇ ਕਿਹਾ, “ਇਸ ਸਾਲ ਦੀ ਥੀਮ ‘ਵਰਲਡ ਡਰਗ ਪ੍ਰਾਬਲਮ: ਪਰਸਿਸਟਿੰਗ ਇਸ਼ੂਜ਼, ਨਿਊ ਚੈਲੇਂਜਜ਼, ਇਨੋਵੇਟਿਵ ਰਿਸਪਾਂਸਿਜ਼’ ਸਾਨੂੰ ਯਾਦ ਦਿਵਾਉਂਦੀ ਹੈ ਕਿ ਚੁਣੌਤੀਆਂ ਬਦਲ ਰਹੀਆਂ ਹਨ, ਇਸ ਲਈ ਸਾਡੇ ਹੱਲ ਵੀ ਸਮੇਂ ਦੇ ਨਾਲ ਵਿਕਸਿਤ ਹੋਣੇ ਚਾਹੀਦੇ ਹਨ। ਅੱਜ ਦਾ ਦਿਨ ਸਿਰਫ਼ ਨਸ਼ੇ ਦੇ ਪ੍ਰਭਾਵ ਨੂੰ ਸਵੀਕਾਰ ਕਰਨ ਦਾ ਹੀ ਨਹੀਂ, ਸਗੋਂ ਹੱਲਾਂ, ਸਾਂਝੇਦਾਰੀਆਂ ਅਤੇ ਆਸ ਨੂੰ ਉਤਸ਼ਾਹਿਤ ਕਰਨ ਦਾ ਵੀ ਹੈ। ਜੇਲ੍ਹ ‘ਚ ਕੈਦੀਆਂ ਸਿਹਤ, ਨਸ਼ੇ ਦਾ ਇਲਾਜ ਅਤੇ ਐਚਆਈਵੀ ਸੇਵਾਵਾਂ ਨੂੰ ਮਜ਼ਬੂਤ ਕਰਨਾ ਇਸ ਪ੍ਰਤੀਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਲੋਕਾਂ ਦੇ ਮੁੜ ਸਿਹਤਯਾਬ ਹੋਣ ਅਤੇ ਸਮਾਜ ਵਿੱਚ ਮੁੜ ਸ਼ਾਮਲ ਹੋਣ ਵਿੱਚ ਮਦਦ ਕਰਦਾ ਹੈ, ਨਾਲ ਹੀ ਸੁਰੱਖਿਅਤ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਂਦਾ ਹੈ।”

ਮੀਟਿੰਗ ਦੌਰਾਨ ਵਿਸ਼ੇਸ਼ਗਿਆਨਾਂ ਨੇ ਸਕ੍ਰੀਨਿੰਗ ਪ੍ਰਣਾਲੀ, ਨਸ਼ਾ ਛੱਡਣ ਦੇ ਦੌਰਾਨ ਇਲਾਜ, ਓਪੀਓਡ ਅਧਾਰਤ ਇਲਾਜ, ਮਾਨਸਿਕ ਅਤੇ ਸਮਾਜਿਕ ਸਹਾਇਤਾ ਅਤੇ ਇਲਾਜ ਦੀ ਲਗਾਤਾਰਤਾ ਜਿਹੇ ਵਿਸ਼ਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਭਾਈਵਾਲਾਂ ਵਿੱਚ ਜਾਗਰੂਕਤਾ ਅਤੇ ਭਾਗੀਦਾਰੀ ਵਧਾਉਣ ਲਈ ਨਸ਼ਾ ਅਤੇ ਐਚਆਈਵੀ ‘ਤੇ ਆਧਾਰਿਤ ਐਜੂਕੇਸ਼ਨਲ ਟੂਲਜ਼ ਵੀ ਪੇਸ਼ ਕੀਤੇ ਗਏ।

ਮੀਟਿੰਗ ਵਿੱਚ ਮਹਿਲਾਵਾਂ ਦੀ ਪ੍ਰਜਨਨ ਸਿਹਤ, ਮਾਨਸਿਕ ਸਿਹਤ ਸਹਾਇਤਾ ਅਤੇ ਨਸ਼ੇ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਜੇਲ੍ਹ ਦੌਰਾਨ ਅਤੇ ਰਿਹਾਈ ਤੋਂ ਬਾਅਦ ਵੀ ਲਗਾਤਾਰ ਇਲਾਜ ਅਤੇ ਦੇਖਭਾਲ ਮੁਹੱਈਆ ਕਰਵਾਉਣ ‘ਤੇ ਵਿਸ਼ੇਸ਼ ਚਰਚਾ ਹੋਈ।

ਅੰਤ ਵਿੱਚ ਸਾਰੇ ਵਿਭਾਗਾਂ ਨੇ ਮਿਲ ਕੇ ਕੰਮ ਕਰਨ ਅਤੇ ਜੇਲ੍ਹਾਂ ਵਿੱਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਮਨੁੱਖੀ ਅਧਿਕਾਰ ਆਧਾਰਿਤ ਸਭਨਾਂ ਦੀ ਸ਼ਮੂਲੀਅਤ ਅਤੇ ਤਾਲਮੇਲ ਵਾਲਾ ਦ੍ਰਿਸ਼ਟੀਕੋਣ ਅਪਣਾਉਣ ਦਾ ਸੰਕਲਪ ਲਿਆ।

ਪਾਸਪੋਰਟ ਬਣਵਾਉਣਾ ਹੋਇਆ ਮਹਿੰਗਾ, ਕੇਂਦਰ ਸਰਕਾਰ ਨੇ ਵਧਾਈ ਫ਼ੀਸ

ਨਵੀਂ ਦਿੱਲੀ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਦੇਸ਼ ਯਾਤਰਾ ਜਾਣ ਵਾਸਤੇ ਜ਼ਰੂਰੀ ਲੋੜੀਂਦਾ ਦਸਤਾਵੇਜ ਪਾਸਪੋਰਟ ਬਣਾਉਣਾ ਹੁਣ ਮਹਿੰਗਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਾਸਪੋਰਟ ਬਣੳਉਣ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਕੀਤਾ ਗਿਆ ਵਾਧਾ 1 ਜੁਲਾਈ 2026 ਤੋਂ ਲਾਗੂ ਹੋ ਜਾਵੇਗਾ। ਨਵੀਆਂ ਦਰਾਂ ਅਨੁਸਾਰ ਆਮ ਅਤੇ ਤਤਕਾਲ ਦੋਵੇਂ ਕਿਸਮਾਂ ਦੇ ਪਾਸਪੋਰਟਾਂ ਦੀ ਫੀਸ ਵਿੱਚ ਵਾਧਾ ਕੀਤਾ ਗਿਆ ਹੈ। 36 ਪੇਜਾਂ ਵਾਲੇ ਆਮ ਪਾਸਪੋਰਟ ਲਈ ਹੁਣ 1500 ਰੁਪਏ ਦੀ ਥਾਂ 2500 ਰੁਪਏ ਅਦਾ ਕਰਨੇ ਹੋਣਗੇ, ਜਦਕਿ 60 ਪੇਜਾਂ ਵਾਲੇ ਪਾਸਪੋਰਟ ਦੀ ਫੀਸ 2000 ਤੋਂ ਵਧ ਕੇ 3500 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਤਤਕਾਲ ਪਾਸਪੋਰਟ ਲਈ ਫੀਸ 3500 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ, ਜਦਕਿ 60 ਪੇਜਾਂ ਵਾਲੇ ਤਤਕਾਲ ਪਾਸਪੋਰਟ ਲਈ 4000 ਰੁਪਏ ਦੀ ਥਾਂ 6000 ਰੁਪਏ ਦੇਣੇ ਪੈਣਗੇ। ਫੀਸਾਂ ਵਿੱਚ ਇਸ ਵਾਧੇ ਕਾਰਨ ਪਾਸਪੋਰਟ ਬਣਵਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪੈ ਸਕਦਾ ਹੈ।

ਖੁਦ ਨੂੰ ਗੋਲੀ ਮਾਰ ਕੇ ਪੰਜਾਬ ਪੁਲਿਸ ਦੇ ASI ਨੇ ਕੀਤੀ ਖੁਦਕੁਸ਼ੀ

ਤਰਨਤਾਰਨ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਓਰੋ :

ਪੰਜਾਬ ਪੁਲਿਸ ਦੇ ਏਐਸਆਈ ਵੱਲੋਂ ਖੁਦ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਵਿੱਚ ਪੰਜਾਬ ਪੁਲਿਸ ਦੇ ਏਐਸਆਈ (ਸਹਾਇਕ ਸਬ-ਇੰਸਪੈਕਟਰ) ਨੇ ਆਪਣੇ ਕੁਆਰਟਰ ਅੰਦਰ ਆਪਣੀ ਸਰਵਿਸ ਪਿਸਤੌਲ ਨਾਲ ਖੁਦਕੁਸ਼ੀ ਕਰ ਲਈ। ਮ੍ਰਿਤਕ ਏਐਸਆਈ ਦੀ ਪਹਿਚਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਏਐਸਆਈ ਕੈਰੋ ਪੁਲਿਸ ਚੌਂਕੀ ਦੇ ਇੰਚਾਰਜ ਵਜੋਂ ਤਾਇਨਾਤ ਸੀ ਤੇ ਲਗਭਗ ਚਾਰ ਮਹੀਨਿਆਂ ਤੋਂ ਉੱਥੇ ਸੇਵਾ ਨਿਭਾ ਰਿਹਾ ਸੀ। ਮੁਢਲੀ ਜਾਣਕਾਰੀ ਅਨੁਸਾਰ ਏਐਸਆਈ ਨੇ ਨਾਕਾਬੰਦੀ ‘ਤੇ ਆਪਣੀ ਰੁਟੀਨ ਰਾਤ ਦੀ ਡਿਊਟੀ ਪੂਰੀ ਕੀਤੀ ਸੀ। ਆਪਣੇ ਕੁਆਰਟਰਾਂ ‘ਚ ਵਾਪਸ ਆਉਣ ਤੋਂ ਬਾਅਦ ਉਸ ਨੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਰਾਤ ਦਾ ਖਾਣਾ ਖਾਧਾ ਅਤੇ ਰਾਤ ਨੂੰ ਆਪਣੇ ਕਮਰੇ ਵਿਚ ਚਲਿਆ ਗਿਆ। ਕੁਆਟਰ ਵਿੱਚੋਂ ਥੋੜ੍ਹੇ ਸਮੇਂ ਬਾਅਦ ਗੋਲੀ ਚੱਲਣ ਦੀ ਆਵਾਜ਼ ਆਈ ਤੇ ਤੁਰੰਤ ਹੋਰ ਪੁਲਿਸ ਮੁਲਾਜ਼ਮ ਘਰ ਪਹੁੰਚੇ। ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਜਦੋਂ ਕਰਮਚਾਰੀ ਕਮਰੇ ‘ਚ ਦਾਖਲ ਹੋਏ, ਤਾਂ ਉਨ੍ਹਾਂ ਨੇ ਏਐਸਆਈ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ ਤੇ ਨੇੜੇ ਹੀ ਸਰਵਿਸ ਪਿਸਤੌਲ ਪਈ ਹੋਈ ਸੀ। ਏਐਸਆਈ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ

ਚੰਡੀਗੜ੍ਹ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ। ਸਰਕਾਰ ਵੱਲ਼ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਇਕ ਜੁਲਾਈ ਤੋਂ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ। 1 ਜੁਲਾਈ 2026 ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਸਾਰੇ ਸਰਕਾਰੀ ਦਫ਼ਤਰਾਂ/ਅਦਾਰਿਆਂ ਦਾ ਦਫ਼ਤਰੀ ਸਮਾਂ ਮੁੜ ਪਹਿਲਾਂ ਤਰ੍ਹਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ।

ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜਿਆ ਰਿਕਾਰਡ,  16335 ਮੈਗਾਵਾਟ ਤੱਕ ਪਹੁੰਚੀ ਡਿਮਾਂਡ

ਚੰਡੀਗੜ੍ਹ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗਰਮੀ ਦੇ ਚਲਦਿਆਂ ਬਿਜਲੀ ਦੀ ਮੰਗ ਨੇ ਪੰਜਾਬ ਵਿੱਚ ਰਿਕਾਰਡ ਤੋੜ ਦਿੱਤੇ ਹਨ। ਸੂਬੇ ਵਿੱਚ ਕੱਲ੍ਹ ਦੁਪਹਿਰ ਸਮੇਂ ਬਿਜਲੀ ਦੀ ਮੰਗ 16335 ਮੈਗਾਵਾਟ ’ਤੇ ਪਹੁੰਚ ਗਈ ਹੈ, ਜਦੋਂ ਕਿ ਬਿਜਲੀ ਦੀ ਮੰਗ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਿਛਲੇ ਸਾਲ ਦੇ ਇਸੇ ਦਿਨ ਦੇ ਮੁਕਾਬਲੇ 1638 ਮੈਗਾਵਾਟ ਬਿਜਲੀ ਦੀ ਮੰਗ ਸੀ। ਸਾਲ 2025 ਵਿੱਚ ਅੱਜ ਦੇ ਦਿਨ ਸੂਬੇ ਵਿੱਚ ਬਿਜਲੀ ਦੀ ਮੰਗ 14697 ਮੈਗਾਵਾਟ ਅਤੇ ਸਾਲ 2024 ਵਿੱਚ 15345 ਮੈਗਾਵਾਟ ਦਰਜ ਕੀਤੀ ਗਈ ਸੀ। ਪੰਜਾਬ ਵਿੱਚ ਨਿੱਜੀ ਤੇ ਸਰਕਾਰੀ ਖੇਤਰ ਦੇ 5 ਥਰਮਲ ਪਲਾਂਟਾਂ ਦੇ 15 ਵਿੱਚੋਂ ਸਿਰਫ਼ 12 ਯੂਨਿਟ ਹੀ ਚਾਲੂ ਹਨ ਅਤੇ ਤਿੰਨ ਬੰਦ ਹਨ।

ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਸੂਬੇ ਦੇ ਕਈ ਇਲਾਕਿਆਂ ਵਿੱਚ ਅਗਲੇ ਤਿੰਨ-ਚਾਰ ਦਿਨ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 26, 27, 29 ਤੇ 30 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਟੁੱਟਵਾਂ ਮੀਂਹ ਪੈ ਸਕਦਾ ਹੈ, ਜਦੋਂ ਕਿ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ।  

ਲੋਕ ਫੈਸਲਾ ਕਰਨਗੇ; ਧਰਮ ਦੇ ਨਾਂ ‘ਤੇ ਫ਼ਰਜ਼ੀ ਵੀਡੀਓ ਅਤੇ ਝੂਠਾ ਪ੍ਰਚਾਰ ਮੈਨੂੰ ਪੰਜਾਬ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦਾ: CM ਮਾਨ

ਬਰਨਾਲਾ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ ਦੀ ਬੇਮਿਸਾਲ ਤਰੱਕੀ ਦੇ ਖ਼ਿਲਾਫ਼ ਇੱਕਜੁੱਟ ਹੋ ਗਈਆਂ ਹਨ, ਕਿਉਂਕਿ ਉਹ ‘ਆਪ’ ਦੀ ਅਗਵਾਈ ਵਾਲੀ ਸਰਕਾਰ ਨੂੰ ਮਿਲ ਰਹੇ ਭਰਵੇਂ ਜਨਤਕ ਸਮਰਥਨ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਬਰਨਾਲਾ ਵਿਖੇ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀਆਂ ਹਨ ਕਿਉਂਕਿ ਉਹ ਸੂਬੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਅਤੇ ਉਨ੍ਹਾਂ ਨੇ ਮੈਨੂੰ ਬਦਨਾਮ ਕਰਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਧਰਮ ਦੇ ਨਾਂ ‘ਤੇ ਫ਼ਰਜ਼ੀ ਵੀਡੀਓ ਅਤੇ ਝੂਠੇ ਪ੍ਰਚਾਰ ਦਾ ਸਹਾਰਾ ਲਿਆ ਹੈ।

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਲੋਕ-ਪੱਖੀ ਫੈਸਲਿਆਂ ਦੀ ਸੂਚੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲੀਹੋਂ ਲਾਹੁਣ ਦੀਆਂ ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਪੂਰਾ ਧਿਆਨ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ‘ਤੇ ਕੇਂਦਰਿਤ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਭਰ ਦੀਆਂ ਔਰਤਾਂ ਨੂੰ ਪਹਿਲੀ ਜੁਲਾਈ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਵਿੱਚ ਹਾਈ-ਟੈਨਸ਼ਨ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦੇ ਦੇਸ਼ ਦੇ ਪਹਿਲੇ ਪ੍ਰਾਜੈਕਟ ਦੀ ਸ਼ੁਰੂਆਤ ਬਾਰੇ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਸਾਜ਼ਿਸ਼ ਜਾਂ ਬਦਨਾਮੀ ਦੀ ਮੁਹਿੰਮ ਉਨ੍ਹਾਂ ਨੂੰ ਲੋਕਾਂ ਲਈ ਕੰਮ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਤੋਂ ਨਹੀਂ ਰੋਕ ਸਕਦੀ।

ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਮ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਕਈ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਕਿਹਾ, “ਰਵਾਇਤੀ ਸਿਆਸੀ ਪਾਰਟੀਆਂ, ਜਿਨ੍ਹਾਂ ਨੇ ਕਦੇ ਆਮ ਲੋਕਾਂ ਦੀ ਪਰਵਾਹ ਨਹੀਂ ਕੀਤੀ, ਇਨ੍ਹਾਂ ਪ੍ਰਾਪਤੀਆਂ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਉਹ ਪੰਜਾਬ ਸਰਕਾਰ ਅਤੇ ਮੇਰੇ ਖ਼ਿਲਾਫ਼ ਲਗਾਤਾਰ ਜ਼ਹਿਰ ਉਗਲ ਰਹੀਆਂ ਹਨ। ਉਨ੍ਹਾਂ ਕੋਲ ਲੋਕਾਂ ਲਈ ਕੋਈ ਏਜੰਡਾ ਨਹੀਂ ਹੈ ਅਤੇ ਉਨ੍ਹਾਂ ਦਾ ਇੱਕੋ-ਇੱਕ ਮਕਸਦ ਬੇਬੁਨਿਆਦ ਬਿਆਨਬਾਜ਼ੀ ਕਰ ਕੇ ਸਰਕਾਰ ਨੂੰ ਬਦਨਾਮ ਕਰਨਾ ਹੈ।”

ਇੱਕ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜ ਦਿਨਾਂ ਬਾਅਦ ਯਾਨੀ ਪਹਿਲੀ ਜੁਲਾਈ ਤੋਂ ਪੰਜਾਬ ਭਰ ਦੀਆਂ ਔਰਤਾਂ ਨੂੰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ, “18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਸਬੰਧੀ ਉਨ੍ਹਾਂ ਦੇ ਮੋਬਾਈਲ ਫੋਨਾਂ ‘ਤੇ ਮੈਸੇਜ ਮਿਲਣਗੇ। ਪੰਜਾਬ ਦੀ ਹਰ ਔਰਤ ਨੂੰ 1,000 ਰੁਪਏ, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਮਿਲਣਗੇ। ਇਹ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ। ਜੋ ਔਰਤਾਂ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਹਨ, ਉਹ ਵੀ ਇਸ ਯੋਜਨਾ ਦੇ ਯੋਗ ਹੋਣਗੀਆਂ।”

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲਗਭਗ 97 ਫ਼ੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਲਾਗੂ ਕਰਨ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ।

ਇਸ ਯੋਜਨਾ ਦੇ ਵਿਆਪਕ ਸਮਾਜਿਕ ਮਹੱਤਵ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਵਿੱਤੀ ਸਹਾਇਤਾ ਸ਼ਾਇਦ ਔਰਤਾਂ ਨੂੰ ਅਮੀਰ ਨਾ ਬਣਾਵੇ, ਪਰ ਇਹ ਉਨ੍ਹਾਂ ਨੂੰ ਮਾਣ-ਸਨਮਾਨ ਜ਼ਰੂਰ ਦੇਵੇਗੀ। ਔਰਤਾਂ ਸਭ ਤੋਂ ਵੱਧ ਸਤਿਕਾਰ ਦੀਆਂ ਹੱਕਦਾਰ ਹਨ ਕਿਉਂਕਿ ਉਹ ਖ਼ੁਦ ਜੀਵਨ ਦਾ ਸਰੋਤ ਹਨ। ਮਾਵਾਂ ਅਤੇ ਭੈਣਾਂ ਦੀਆਂ ਅਸੀਸਾਂ ਹਰ ਚੁਣੌਤੀ ਨੂੰ ਪਾਰ ਕਰਨ ਵਿੱਚ ਮਦਦ ਕਰਦੀਆਂ ਹਨ। ਔਰਤਾਂ ਦੀ ਘਰੇਲੂ ਸਥਿਤੀ ਸੁਧਾਰਨ, ਲਿੰਗ ਬਰਾਬਰੀ ਨੂੰ ਹੁਲਾਰਾ ਦੇਣ ਅਤੇ ਸਮਾਜਿਕ ਤੇ ਆਰਥਿਕ ਫੈਸਲਿਆਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਔਰਤਾਂ ਦੀ ਵਿੱਤੀ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।”

ਇੱਕ ਹੋਰ ਵੱਡੇ ਉਪਰਾਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਹਾਈ-ਟੈਨਸ਼ਨ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਦੇਸ਼ ਦਾ ਪਹਿਲਾ ਅਹਿਮ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ ਦੇ ਆਪਣੇ ਪਿੰਡ ਤੋਂ ਇੱਕ ਪਾਇਲਟ ਪ੍ਰਾਜੈਕਟ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ, “ਇਹ ਇਤਿਹਾਸਕ ਪ੍ਰਾਜੈਕਟ ਪਿੰਡਾਂ ਨੂੰ ਸਿਰਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਅਤੇ ਫਾਲਤੂ ਖੰਭਿਆਂ ਦੇ ਜਾਲ ਤੋਂ ਮੁਕਤ ਕਰੇਗਾ। ਬਿਜਲੀ ਦੇ ਖੰਭੇ ਅਤੇ ਉੱਪਰਲੀਆਂ ਤਾਰਾਂ ਲੋਕਾਂ, ਪਸ਼ੂਆਂ ਅਤੇ ਖਾਸ ਕਰ ਕੇ ਬੱਚਿਆਂ ਲਈ ਕਰੰਟ ਲੱਗਣ ਦਾ ਲਗਾਤਾਰ ਖ਼ਤਰਾ ਬਣੀਆਂ ਰਹਿੰਦੀਆਂ ਹਨ। ਜਦੋਂ ਟਰੈਕਟਰ, ਕੰਬਾਈਨਾਂ ਅਤੇ ਹੋਰ ਵਾਹਨ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆਉਂਦੇ ਹਨ ਤਾਂ ਅਕਸਰ ਹਾਦਸੇ ਵਾਪਰਦੇ ਹਨ।”

ਉਨ੍ਹਾਂ ਅੱਗੇ ਕਿਹਾ, “ਫਸਲਾਂ ਨੂੰ ਲੱਗਣ ਵਾਲੀ ਅੱਗ ਕਾਰਨ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਜਦੋਂ ਕਿ ਮੀਂਹ, ਹਨੇਰੀ ਅਤੇ ਤੇਜ਼ ਹਵਾਵਾਂ ਕਾਰਨ ਖੰਭੇ ਅਤੇ ਤਾਰਾਂ ਟੁੱਟ ਜਾਂਦੀਆਂ ਹਨ, ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਪਾਵਰ ਕਾਰਪੋਰੇਸ਼ਨ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਇਹ ਪ੍ਰਾਜੈਕਟ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਪੱਕੀ ਰਾਹਤ ਦੇਵੇਗਾ ਅਤੇ ਪਿੰਡਾਂ ਵਿੱਚ ਜੀਵਨ ਪੱਧਰ ਨੂੰ ਬਿਹਤਰ ਬਣਾਏਗਾ। ਸਰਕਾਰੀ ਖ਼ਜ਼ਾਨੇ ਦੀ ਇੱਕ-ਇੱਕ ਪਾਈ ਲੋਕਾਂ ਦੀ ਭਲਾਈ ਲਈ ਸਮਝਦਾਰੀ ਨਾਲ ਖ਼ਰਚੀ ਜਾ ਰਹੀ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 90 ਫ਼ੀਸਦੀ ਤੋਂ ਵੱਧ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ। ਉਨ੍ਹਾਂ ਕਿਹਾ, “ਪਹਿਲੀ ਵਾਰ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਜਿੱਥੇ ਕੇਂਦਰ ਸਰਕਾਰ ਰਾਸ਼ਟਰੀ ਸੰਪਤੀਆਂ ਨੂੰ ਆਪਣੇ ਚਹੇਤੇ ਦੋਸਤਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ, ਉੱਥੇ ਸਾਡੀ ਸਰਕਾਰ ਨੇ ਇੱਕ ਨਿੱਜੀ ਥਰਮਲ ਪਲਾਂਟ ਖ਼ਰੀਦ ਕੇ ਇਤਿਹਾਸ ਰਚਿਆ ਹੈ।”

ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਲਾਈਨਾਂ ਅਤੇ ਖਾਲੇ ਬਣਾਏ ਹਨ ਤਾਂ ਜੋ ਪੰਜਾਬ ਦੇ ਹਰ ਕੋਨੇ ਵਿੱਚ ਕਿਸਾਨਾਂ ਤੱਕ ਸਿੰਚਾਈ ਦੀਆਂ ਸਹੂਲਤਾਂ ਪਹੁੰਚ ਸਕਣ। ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਪਾਈਪਲਾਈਨਾਂ ਅਤੇ ਖਾਲਿਆਂ ਰਾਹੀਂ ਲਗਪਗ 21,000 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਪੂਰੀਆਂ ਕਰ ਕੇ ਉਨ੍ਹਾਂ ਨੂੰ ਵੱਡਾ ਫਾਇਦਾ ਹੋਵੇਗਾ। ਨਹਿਰਾਂ ਅਤੇ ਨਦੀਆਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਤੱਕ ਵਧਿਆ ਹੈ।”

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪਣੇ ਹੀ ਮਾੜੇ ਕਰਮਾਂ ਕਾਰਨ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਵਿੱਚ ਜਾਣ ਤੋਂ ਝਿਜਕਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਕਾਲੀ ਦਲ ਹੁਣ ਜੇਠਾਣੀਆਂ-ਦਰਾਣੀਆਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ, ਜਿੱਥੇ ਇੱਕ ਐਮ.ਪੀ. ਹੈ ਅਤੇ ਦੂਜੀ ਐਮ.ਐਲ.ਏ. ਹੈ। ਸੁਖਬੀਰ ਬਾਦਲ 2022 ਦੀ ਚੋਣ ਹਾਰ ਤੋਂ ਬਾਅਦ ਅਜੇ ਵੀ ਸਦਮੇ ਵਿੱਚ ਹਨ।”

ਉਨ੍ਹਾਂ ਅੱਗੇ ਕਿਹਾ, “ਜਦੋਂ ਮੇਰੇ ਵਿਰੋਧੀ ਸਿਆਸੀ ਤੌਰ ‘ਤੇ ਮੇਰਾ ਮੁਕਾਬਲਾ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ ਉਹ ਮੈਨੂੰ ਧਾਰਮਿਕ ਅਧਾਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਮੈਂ ਉਨ੍ਹਾਂ ਲਈ ਇੱਕ ਡਰਾਉਣਾ ਸੁਪਨਾ ਬਣ ਗਿਆ ਹਾਂ, ਇਸ ਲਈ ਉਨ੍ਹਾਂ ਨੇ ਹੁਣ ਮੈਨੂੰ ਧਾਰਮਿਕ ਤੌਰ ‘ਤੇ ਨਿਸ਼ਾਨਾ ਬਣਾਉਣਾ ਚੁਣਿਆ ਹੈ। ਉਹ ਰੋਜ਼ਾਨਾ ਫ਼ਰਜ਼ੀ ਵੀਡੀਓ ਬਣਾਉਂਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰਦੇ ਹਨ।”

ਮੁੱਖ ਮੰਤਰੀ ਨੇ ਸਾਫ਼ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਉਨ੍ਹਾਂ ਨੂੰ ਰੋਕ ਨਹੀਂ ਸਕਣਗੀਆਂ। ਉਨ੍ਹਾਂ ਭਰੋਸਾ ਦਿੱਤਾ, “ਮੈਂ ਬਿਜਲੀ, ਪਾਣੀ, ਸੜਕਾਂ, ਪਿੰਡਾਂ ਦੇ ਛੱਪੜਾਂ, ਆਮ ਆਦਮੀ ਕਲੀਨਿਕਾਂ, ਹਸਪਤਾਲਾਂ ਅਤੇ ਰੋਜ਼ਗਾਰ ਦੇ ਮੌਕਿਆਂ ਲਈ ਕੰਮ ਕਰਨਾ ਜਾਰੀ ਰੱਖਾਂਗਾ।”

ਹਾਲੀਆ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਉਹ ਇੱਕ ਤੋਂ ਬਾਅਦ ਇੱਕ ਦੋਸ਼ ਲਾ ਕੇ ਮੈਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੇ ਬਾਹਰ ਮੇਰੇ ਬਾਈਕਾਟ ਦੇ ਪੋਸਟਰ ਲਗਾਉਣ ਦੇ ਹੁਕਮ ਦਿੱਤੇ ਹਨ। ਪਰ ਅਜਿਹੇ ਪੋਸਟਰ ਅਕਾਲੀ ਦਲ ਜਾਂ ਸੁਖਬੀਰ ਬਾਦਲ ਖ਼ਿਲਾਫ਼ ਕਿਉਂ ਨਹੀਂ ਲਗਾਏ ਗਏ, ਜਦੋਂ ਉਨ੍ਹਾਂ ਨੇ ਖ਼ੁਦ ਬੇਅਦਬੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਕਬੂਲੀ ਸੀ?”

ਉਨ੍ਹਾਂ ਅੱਗੇ ਕਿਹਾ, “2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੁਖਬੀਰ ਬਾਦਲ ਨੇ ਆਪਣੀਆਂ ਗਲਤੀਆਂ ਸਵੀਕਾਰ ਕੀਤੀਆਂ, ਗਲਤ ਕੰਮਾਂ ਨੂੰ ਮੰਨਿਆ, ਗੋਲੀਕਾਂਡ ਦੀ ਜ਼ਿੰਮੇਵਾਰੀ ਲਈ ਅਤੇ ਮੰਨਿਆ ਕਿ ਸੰਗਤ ਖ਼ਿਲਾਫ਼ ਹੁਕਮ ਜਾਰੀ ਕੀਤੇ ਗਏ ਸਨ। ਕੀ ਕਿਸੇ ਨੇ ਉਨ੍ਹਾਂ ਖ਼ਿਲਾਫ਼ ਗੁਰਦੁਆਰਿਆਂ ਦੇ ਬਾਹਰ ਬਾਈਕਾਟ ਦੇ ਪੋਸਟਰ ਲਗਾਏ?”

ਮੁੱਖ ਮੰਤਰੀ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ, “ਜਦੋਂ ਮੈਂ ਪਿੰਡਾਂ, ਜਨਤਕ ਇਕੱਠਾਂ ਅਤੇ ਰੈਲੀਆਂ ਵਿੱਚ ਜਾਂਦਾ ਹਾਂ ਤਾਂ ਭਾਰੀ ਇਕੱਠ ਹੁੰਦਾ ਹੈ। ਵਿਰੋਧੀ ਧਿਰ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਉਹ ਖ਼ੁਦ ਅਜਿਹਾ ਜਨਤਕ ਸਮਰਥਨ ਹਾਸਲ ਨਹੀਂ ਕਰ ਸਕਦੇ। ਇਸ ਲਈ ਤਿੰਨੋਂ ਪਾਰਟੀਆਂ ਨੇ ਮੈਨੂੰ ਧਾਰਮਿਕ ਆਧਾਰ ‘ਤੇ ਬਦਨਾਮ ਕਰਨ ਦੇ ਇੱਕੋ-ਇੱਕ ਮਕਸਦ ਨਾਲ ਹੱਥ ਮਿਲਾ ਲਿਆ ਹੈ। ਪਰ ਅੰਤ ਵਿੱਚ ਲੋਕ ਹੀ ਆਖਰੀ ਫੈਸਲਾ ਸੁਣਾਉਣਗੇ।”

ਉਨ੍ਹਾਂ ਦੁਹਰਾਇਆ, “ਮੈਂ ਪੰਜਾਬ ਅਤੇ ਇਸ ਦੇ ਹਿੱਤਾਂ ਲਈ ਮਜ਼ਬੂਤੀ ਨਾਲ ਖੜ੍ਹਾ ਰਹਾਂਗਾ। ਉਹ ਜੋ ਮਰਜ਼ੀ ਕਰਨ, ਪਰ ਲੋਕ ਫੈਸਲਾ ਕਰਨਗੇ ਕਿ ਕੀ ਕੋਈ ਇਸ ਪੱਧਰ ਤੱਕ ਡਿੱਗ ਸਕਦਾ ਹੈ।”
ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਪੂਰੀ ਤਰ੍ਹਾਂ ਮਨਘੜਤ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਵਿਰੋਧੀਆਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਇਹ ਵੀਡੀਓਜ਼ ਪੂਰੀ ਤਰ੍ਹਾਂ ਫ਼ਰਜ਼ੀ ਅਤੇ ਮਨਘੜਤ ਹਨ। ਕਿਉਂਕਿ ਵਿਰੋਧੀ ਧਿਰ ਸਿਆਸੀ ਤੌਰ ‘ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੀ, ਇਸ ਲਈ ਉਹ ਝੂਠੇ ਧਾਰਮਿਕ ਪ੍ਰਚਾਰ ਰਾਹੀਂ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਪੰਜਾਬ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੇ, ਇਸੇ ਕਰਕੇ ਉਹ ਅਜਿਹੀਆਂ ਸਾਜ਼ਿਸ਼ਾਂ ਘੜਦੇ ਰਹਿੰਦੇ ਹਨ। ਪੰਜਾਬ ਦੇ ਲੋਕ ਫੈਸਲਾ ਕਰਨਗੇ। ਮੈਂ ਲੋਕਾਂ ਦਾ ਹਾਂ ਅਤੇ ਉਨ੍ਹਾਂ ਦੇ ਵਿਚਕਾਰ ਹੀ ਰਹਾਂਗਾ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤਿੰਨ ਸਿਆਸੀ ਪਾਰਟੀਆਂ ਉਨ੍ਹਾਂ ਖ਼ਿਲਾਫ਼ ਇਸ ਲਈ ਇੱਕਜੁੱਟ ਹੋਈਆਂ ਹਨ ਕਿਉਂਕਿ ਉਹ ਪੰਜਾਬ ਦੇ ਬੇਮਿਸਾਲ ਵਿਕਾਸ ਅਤੇ ਲੋਕਾਂ ਵੱਲੋਂ ਮਿਲ ਰਹੇ ਅਥਾਹ ਪਿਆਰ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਉਨ੍ਹਾਂ ਕਿਹਾ, “ਕਾਂਗਰਸ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕ ਚੜ੍ਹਾਏ ਸਨ, ਅੱਜ ਸਾਡੇ ‘ਤੇ ਸਵਾਲ ਚੁੱਕ ਰਹੀ ਹੈ ਅਤੇ ਇਸ ਨੂੰ ਭਾਜਪਾ ਦਾ ਸਮਰਥਨ ਹਾਸਲ ਹੈ, ਜਿਸ ਨੇ ਇਸ ਘਿਨਾਉਣੇ ਅਪਰਾਧ ਵਿੱਚ ਕਾਂਗਰਸ ਦਾ ਸਾਥ ਦਿੱਤਾ ਸੀ। ਤੀਜੀ ਪਾਰਟੀ ਉਹ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੀ ਹੈ। ਤਿੰਨਾਂ ਦਾ ਇੱਕੋ ਇੱਕ ਏਜੰਡਾ ਹੈ, ਹਰ ਸੰਭਵ ਤਰੀਕੇ ਨਾਲ ਮੈਨੂੰ ਬਦਨਾਮ ਕਰਨਾ।”

ਕਾਂਗਰਸ ‘ਤੇ ਤਨਜ਼ ਕਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕਾਂਗਰਸ ਵਿੱਚ ਹਰ ਆਗੂ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਕੋਲ ਆਮ ਵਰਕਰਾਂ ਨਾਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਜ਼ਿਆਦਾ ਹਨ। ਕਾਂਗਰਸ ਇੱਕ ਖੇਰੂੰ-ਖੇਰੂੰ ਹੋਈ ਪਾਰਟੀ ਹੈ, ਜੋ ਆਪਣੀ ਅੰਦਰੂਨੀ ਲੜਾਈ ਕਾਰਨ ਢਹਿ-ਢੇਰੀ ਹੋ ਜਾਵੇਗੀ। ਇਨ੍ਹਾਂ ਆਗੂਆਂ ਕੋਲ ਪੰਜਾਬ ਲਈ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਦਾ ਇੱਕੋ ਇੱਕ ਮਕਸਦ ਸੱਤਾ ਵਿੱਚ ਆ ਕੇ ਸੂਬੇ ਦੀ ਦੌਲਤ ਨੂੰ ਲੁੱਟਣਾ ਹੈ, ਪਰ ਉਨ੍ਹਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ।”

ਉਨ੍ਹਾਂ ਅੱਗੇ ਕਿਹਾ, “ਪਹਿਲਾਂ ਇਹ ਰਵਾਇਤੀ ਪਾਰਟੀਆਂ ਸਿਰਫ਼ ਸੱਤਾ ਹਥਿਆਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੀਆਂ ਸਨ। ਹੁਣ ਉਨ੍ਹਾਂ ਦੁਆਰਾ ਫੈਲਾਈ ਗੰਦਗੀ ਨੂੰ ਸਾਫ਼ ਕਰਨ ਲਈ ‘ਝਾੜੂ’ ਮੌਜੂਦ ਹੈ।”

‘ਆਪ’ ਸਰਕਾਰ ਦੇ ਸਿਹਤ ਸੰਭਾਲ ਉਪਰਾਲਿਆਂ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ, ਜੋ ਦੇਸ਼ ਦੀ ਪਹਿਲੀ ਵਿਆਪਕ ਸਿਹਤ ਸੰਭਾਲ ਯੋਜਨਾ ਹੈ, ਜੋ ਪੰਜਾਬ ਦੇ ਹਰ ਵਸਨੀਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ, “ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜੋ ਅਜਿਹੀ ਵਿਆਪਕ ਸਿਹਤ ਸਹੂਲਤ ਦੇ ਰਿਹਾ ਹੈ। ਇਸ ਯੋਜਨਾ ਨੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਲੋਕਾਂ ‘ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ। ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਹਰ ਪਰਿਵਾਰ ਨੂੰ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਲੋਕ ਪਹਿਲਾਂ ਹੀ 650 ਕਰੋੜ ਰੁਪਏ ਤੋਂ ਵੱਧ ਦਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ।”

ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਈ ਹੋਰ ਪਤਵੰਤੇ ਹਾਜ਼ਰ ਸਨ।

ਮਨੀ ਲਾਂਡਰਿੰਗ ਮਾਮਲੇ ‘ਚ ਸੰਜੀਵ ਅਰੋੜਾ ’ਤੇ ED ਦਾ ਵੱਡਾ ਐਕਸ਼ਨ, ਜਾਇਦਾਦਾਂ ਕੀਤੀਆਂ ਜ਼ਬਤ

ਚੰਡੀਗੜ੍ਹ, 26 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਗੁਰੂਗ੍ਰਾਮ ਦੀ ਰੀਅਲ ਅਸਟੇਟ ਕੰਪਨੀ ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ (HSRL) ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਤੇ ਵਿਅਕਤੀਆਂ ਨਾਲ ਸਬੰਧਤ ਉਤੇ ਵੱਡੀ ਕਾਰਵਾਈ ਕੀਤੀ ਗਈ ਹੈ। ਈਡੀ ਨੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ 55.57 ਕਰੋੜ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਆਰਜ਼ੀ ਤੌਰ ‘ਤੇ ਜ਼ਬਤ (Freeze) ਕੀਤਾ ਹੈ। ਇਹ ਵੀ ਦੱਸਣਯੋਗ ਹੈ ਕਿ ਐੱਚ ਐੱਸ ਆਰ ਐੱਲ ਨੂੰ ਪਹਿਲਾਂ ਮੈਸਰਜ਼ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਵਜੋਂ ਜਾਣਿਆ ਜਾਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਲੁਧਿਆਣਾ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਸਥਿਤ ਬੈਂਕ ਖਾਤੇ, ਫਿਕਸਡ ਡਿਪਾਜ਼ਿਟ (FDs), ਜ਼ਮੀਨ, ਵਪਾਰਕ ਇਮਾਰਤਾਂ (ਦਫ਼ਤਰ/ਦੁਕਾਨਾਂ) ਅਤੇ ਰਿਹਾਇਸ਼ੀ ਅਪਾਰਟਮੈਂਟ (ਫਲੈਟ) ਸ਼ਾਮਲ ਹਨ। ਇਹ ਜਾਇਦਾਦਾਂ HSRL ਕੰਪਨੀ, ਇਸ ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਅਰੋੜਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਬੰਧਤ ਸੰਸਥਾਵਾਂ ਦੇ ਨਾਮ ਉਤੇ ਹਨ। ਈ ਡੀ (ED) ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਜਾਇਦਾਦ ਜ਼ਬਤ ਕੀਤੀ ਗਈ ਹੈ। ਇਹ ਜਾਂਚ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਥਾਣੇ ਵਿੱਚ ਦਰਜ ਇੱਕ ਐੱਫ ਆਈ ਆਰ (FIR) ਦੇ ਅਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਈਡੀ (ED) ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਤੌਰ ‘ਤੇ ਰੀਅਲ ਅਸਟੇਟ ਦਾ ਕੰਮ ਕਰਨ ਵਾਲੀ ਕੰਪਨੀ HSRL ਨੇ ਸਾਲ 2023-24 ਦੌਰਾਨ ਯੂਏਈ (UAE) ਦੀਆਂ ਦੋ ਕੰਪਨੀਆਂ ਨੂੰ ਲਗਪਗ 157 ਕਰੋੜ ਰੁਪਏ ਦੇ ਮੋਬਾਈਲ ਫ਼ੋਨ ਦੀ ਫਰਜ਼ੀ ਬਰਾਮਦ (export) ਵਿਕਰੀ ਦਿਖਾਈ ਸੀ। ਇਨ੍ਹਾਂ ਕੰਪਨੀਆਂ ਦੇ ਨਾਮ ਮੈਸਰਜ਼ ਫੋਰਟਬੈਲ ਟੈਲੀਕਾਮ FZCO ਅਤੇ ਮੈਸਰਜ਼ ਡਰੈਗਨ ਗਲੋਬਲ FZCO ਹਨ। ਈਡੀ ਨੇ ਦੋਸ਼ ਲਾਇਆ ਹੈ ਕਿ ਮੋਬਾਈਲ ਫੋਨ ਸਥਾਨਕ ਤੌਰ ‘ਤੇ ਸਪਲਾਇਰ ਫਰਮਾਂ ਤੋਂ ਖਰੀਦੇ ਗਏ ਸਨ, ਪਰ ਕਥਿਤ ਬਰਾਮਦ (exports) ਦੇ ਬਦਲੇ ਅਸਲ ਵਿੱਚ ਕੋਈ ਵੀ ਸਾਮਾਨ ਇੱਧਰ-ਓਧਰ ਨਹੀਂ ਭੇਜਿਆ ਗਿਆ। ਇਸ ਦੀ ਬਜਾਏ, ਕੰਪਨੀ ਨੇ ਕਥਿਤ ਤੌਰ ਉੱਤੇ ਜਾਅਲੀ ਬਿੱਲ (ਇਨਵੌਇਸ) ਬਣਾਉਣ ਅਤੇ ‘ਐਕੋਮੋਡੇਸ਼ਨ ਐਂਟਰੀਆਂ’ (ਫ਼ਰਜ਼ੀ ਐਂਟਰੀਆਂ) ਦਿਖਾਉਣ ਲਈ ਅਜਿਹੀਆਂ ਸ਼ੈੱਲ ਕੰਪਨੀਆਂ (ਕਾਗਜ਼ੀ ਕੰਪਨੀਆਂ) ਜਾਂ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕੀਤੀ ਜੋ ਅਸਲ ਵਿੱਚ ਮੌਜੂਦ ਹੀ ਨਹੀਂ ਸਨ ਅਤੇ ਨਾਲ ਹੀ ਸਾਂਝੇ ਮੋਬਾਈਲ ਨੰਬਰਾਂ ਅਤੇ ਈਮੇਲ ਆਈਡੀਜ਼ ਦਾ ਵੀ ਇਸਤੇਮਾਲ ਕੀਤਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

26-06-2026

ਸੂਹੀ ਮਹਲਾ ੪ ॥ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥ ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ)(ਅੰਗ: ੭੩੧)

ਪੰਜਾਬੀ ਵਿਆਖਿਆ

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ । ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ ।੧।ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ । ਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ । ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ) ।੧।ਰਹਾਉ।ਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ । ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ ।੨। ਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ । ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ ।੩।ਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ । ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ । ਹੇ ਦਾਸ ਨਾਨਕ! (ਆਖ—) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ । ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ ।੪।੨।

English Translation

SOOHEE, FOURTH MEHL:I chant and vibrate the Name of the Lord God, the Supreme Being, Har, Har; my poverty and problems have all been eradicated. The fear of birth and death has been erased, through the Word of the Guru’s Shabad; serving the Unmoving, Unchanging Lord, I am absorbed in peace. || 1 || O my mind, vibrate the Name of the most Beloved, Darling Lord. I have dedicated my mind and body, and placed them in offering before the Guru; I have sold my head to the Guru, for a very dear price. || 1 || Pause || The kings and the rulers of men enjoy pleasures and delights, but without the Name of the Lord, death seizes and dispatches them all. The Righteous Judge of Dharma strikes them over the heads with his staff, and when the fruits of their actions come into their hands, then they regret and repent. || 2 || Save me, save me, Lord; I am Your humble servant, a mere worm. I seek the Protection of Your Sanctuary, O Primal Lord, Cherisher and Nourisher. Please bless me with the Blessed Vision of the Saint’s Darshan, that I may find peace. O God, please fulfill the desires of Your humble servant. || 3 || You are the All-powerful, Great, Primal God, my Lord and Master. O Lord, please bless me with the gift of humility. Servant Nanak has found the Naam, the Name of the Lord, and is at peace; I am forever a sacrifice to the Naam. || 4 || 2 ||Friday, 12th Assaar (Samvat 558 Nanakshahi)(Page: 731)

ਪੰਜਾਬ

ਦੇਸ਼