Breaking News
ਅਫ਼ਗਾਨ ਨਾਗਰਿਕ ਸਮੇਤ 7 ਜਣੇ 10 ਆਧੁਨਿਕ ਹਥਿਆਰਾਂ, 5 ਕਿੱਲੋ ਹੈਰੋਇਨ ਅਤੇ 30 ਲੱਖ ਰੁਪਏ ਦੀ ਹਵਾਲਾ ਰਕਮ ਸਣੇ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਅਫ਼ਗਾਨ ਨਾਗਰਿਕ ਅਤੇ ਨਾਬਾਲਗ ਸਮੇਤ ਸੱਤ ਮੁਲਜ਼ਮਾਂ ਨੂੰ 10 ਆਧੁਨਿਕ ਪਿਸਤੌਲਾਂ, 5.048 ਕਿੱਲੋ ਹੈਰੋਇਨ ਅਤੇ 30.38 ਲੱਖ ਰੁਪਏ ਦੀ ਹਵਾਲਾ ਰਕਮ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਕਾਲੂ (21) ਨਿਵਾਸੀ ਪਿੰਡ ਖੁਰਮਣੀਆਂ (ਅੰਮ੍ਰਿਤਸਰ); ਜਗਜੀਤ ਸਿੰਘ ਉਰਫ਼ ਜੱਗੀ (40) ਮੂਲ ਨਿਵਾਸੀ ਜਲਾਲਾਬਾਦ (ਅਫ਼ਗਾਨਿਸਤਾਨ) ਜੋ ਮੌਜੂਦਾ ਸਮੇਂ ਤਿਲਕ ਨਗਰ (ਨਵੀਂ ਦਿੱਲੀ) ਵਿੱਚ ਰਹਿ ਰਿਹਾ ਸੀ; ਗੋਪਾਲ ਸ਼ਰਮਾ ਉਰਫ਼ ਗੌਰਵ (21) ਨਿਵਾਸੀ ਇਸਲਾਮਾਬਾਦ (ਅੰਮ੍ਰਿਤਸਰ); ਅਨੀਕੇਤ ਸਹੋਤਾ (21) ਨਿਵਾਸੀ ਰਾਮ ਨਗਰ ਕਾਲੋਨੀ (ਅੰਮ੍ਰਿਤਸਰ); ਪ੍ਰਭਜੀਤ ਸਿੰਘ ਉਰਫ਼ ਪ੍ਰਭ (26) ਨਿਵਾਸੀ ਗੁਮਟਾਲਾ ਕਾਲੋਨੀ (ਅੰਮ੍ਰਿਤਸਰ); ਰਾਜਬੀਰ ਸਿੰਘ ਉਰਫ਼ ਆਰੀਅਨ (22) ਨਿਵਾਸੀ ਮਕਬੂਲਪੁਰਾ (ਅੰਮ੍ਰਿਤਸਰ) ਵਜੋਂ ਹੋਈ ਹੈ, ਜਿਨ੍ਹਾਂ ਨਾਲ ਇੱਕ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9ਐਮਐਮ ਉਜ਼ੀ (ਯੂ.ਜੈਡ.ਆਈ.) ਸਬ-ਮਸ਼ੀਨ ਗਨ (ਇਟਲੀ ਦੀ ਬਣੀ,) ਇੱਕ ਗੱਫਾਰ ਸਬ-ਮਸ਼ੀਨ ਸਕਿਓਰਿਟੀ ਗਨ (9ਐਮਐਮ ਆਟੋਮੈਟਿਕ), 9ਐਮਐਮ ਦੇ 4 ਗਲਾਕ (ਗਲੌਕ) ਪਿਸਤੌਲ (ਆਸਟਰੀਆ ਦੇ ਬਣੇ,), ਇੱਕ 9ਐਮਐਮ ਜ਼ਿਗਾਨਾ ਸਪੋਰਟ ਪਿਸਤੌਲ, ਇੱਕ ਕੋਲਡ ਕਿੰਗ ਕਮਾਂਡੋ ਸੈਮੀ-ਆਟੋਮੈਟਿਕ ਪਿਸਤੌਲ (.30 ਬੋਰ), ਇੱਕ ਸਕਾਰਪੀਅਨ ਜ਼ਿਗਾਨਾ ਤਿਸਾਸ ਤੁਰਕੀ ਪਿਸਤੌਲ (.30 ਬੋਰ) ਅਤੇ ਇੱਕ ਹੋਰ .30 ਬੋਰ ਪਿਸਤੌਲ ਸ਼ਾਮਲ ਹਨ। ਹਥਿਆਰ, ਨਸ਼ੀਲੇ ਪਦਾਰਥ ਅਤੇ ਹਵਾਲਾ ਰਾਸ਼ੀ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਮੁਲਜ਼ਮ ਵਿਦੇਸ਼ਾਂ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ, ਜੋ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਉਕਤ ਨੈੱਟਵਰਕ ਨੂੰ ਚਲਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਅੱਗੇ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਨੈੱਟਵਰਕ ਵਿੱਤੀ ਲੈਣ-ਦੇਣ ਲਈ ਵੱਖ-ਵੱਖ ਥਾਵਾਂ ਤੋਂ ਹਵਾਲਾ ਚੈਨਲਾਂ ਦੀ ਵਰਤੋਂ ਕਰ ਰਿਹਾ ਸੀ।

ਡੀ.ਜੀ.ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਦੇਸ਼ੀ ਨੈੱਟਵਰਕ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ।

ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੁਖਤਾ ਖੁਫੀਆ ਸੂਚਨਾ ਦੇ ਆਧਾਰ ‘ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਇੱਕ ਆਪ੍ਰੇਸ਼ਨ ਚਲਾਇਆ, ਜਿਸ ਦੌਰਾਨ ਮੁਲਜ਼ਮ ਜਸਪ੍ਰੀਤ ਉਰਫ਼ ਕਾਲੂ ਨੂੰ ਇੱਕ ਨਾਬਾਲਗ ਵਿਅਕਤੀ ਸਮੇਤ 220 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਹੋਰ ਬਾਰੀਕੀ ਨਾਲ ਜਾਂਚ ਕਰਦਿਆਂ, ਜਸਪ੍ਰੀਤ ਉਰਫ਼ ਕਾਲੂ ਦੇ ਖੁਲਾਸਿਆਂ ਦੇ ਆਧਾਰ ‘ਤੇ ਇਸ ਮਾਡਿਊਲ ਦੇ ਦੋ ਹੋਰ ਮੈਂਬਰਾਂ—ਗੋਪਾਲ ਉਰਫ਼ ਗੌਰਵ ਅਤੇ ਅਨੀਕੇਤ ਸਹੋਤਾ ਨੂੰ 4.8 ਕਿੱਲੋ ਹੈਰੋਇਨ ਸਮਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਗੇ ਦੀ ਪੁੱਛਗਿੱਛ ਦੌਰਾਨ ਪੁਲਿਸ ਇੱਕ ਹੋਰ ਮੁਲਜ਼ਮ ਜਗਜੀਤ ਉਰਫ਼ ਜੱਗੀ ਤੱਕ ਪਹੁੰਚੀ, ਜੋ ਅਫ਼ਗਾਨ ਨਾਗਰਿਕ ਹੈ ਅਤੇ ਇਸ ਗੈਰ-ਕਾਨੂੰਨੀ ਨੈੱਟਵਰਕ ਰਾਹੀਂ ਆਉਂਦੀ ਹਵਾਲਾ ਦੇ ਪੈਸਿਆਂ ਦੇ ਪ੍ਰਬੰਧਨ ਅਤੇ ਹਵਾਲਾ ਰਾਸ਼ੀ ਦੇ ਲੈਣ-ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਸੀ.ਪੀ. ਨੇ ਦੱਸਿਆ ਕਿ ਮੁਲਜ਼ਮ ਜਗਜੀਤ ਜੱਗੀ ਦੀ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਉਸ ਦੇ ਦੋ ਸਾਥੀਆਂ ਪ੍ਰਭਜੀਤ ਉਰਫ਼ ਪ੍ਰਭ ਅਤੇ ਰਾਜਬੀਰ ਉਰਫ਼ ਆਰੀਅਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਭਜੀਤ ਸਿੰਘ ਦੇ ਖੁਲਾਸੇ ‘ਤੇ ਕੀਤੀ ਗਈ ਤਲਾਸ਼ੀ ਅਤੇ ਜਾਂਚ ਦੌਰਾਨ ਪੁਲਿਸ ਨੇ 10 ਆਧੁਨਿਕ ਗੈਰ-ਕਾਨੂੰਨੀ ਹਥਿਆਰਾਂ ਦਾ ਜ਼ਖੀਰਾ ਅਤੇ 30.38 ਲੱਖ ਰੁਪਏ ਦੀ ਵੱਡੀ ਹਵਾਲਾ ਰਾਸ਼ੀ ਬਰਾਮਦ ਕੀਤੀ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਜਗਜੀਤ ਸਿੰਘ ਉਰਫ਼ ਜੱਗੀ ਦਾ ਪੁਰਾਣਾ ਅਪਰਾਧਕ ਪਿਛੋਕੜ ਹੈ ਅਤੇ ਉਸ ਖ਼ਿਲਾਫ਼ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21-ਬੀ, 21-ਸੀ, 27-ਏ, 29 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6, 7, 8) ਤਹਿਤ ਐਫ.ਆਈ.ਆਰ. ਨੰਬਰ 177 ਮਿਤੀ 13-06-2026 ਦਰਜ ਹੈ।

ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ ਕੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾ

ਚੰਡੀਗੜ੍ਹ: 25 ਜੂਨ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਨਸ਼ਾ ਵਿਰੋਧੀ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਲੋੜੀਂਦੀ ਹੈ, ਇਸ ਭਾਵਨਾ ਨੂੰ ਮਜ਼ਬੂਤ ਕਰਦਿਆਂ ਪੰਜਾਬ ਸਰਕਾਰ ਨੇ ਵੀਰਵਾਰ ਨੂੰ ‘ਸਾਂਝਾ ਸੁਨੇਹਾ – ਇਕਜੁੱਟ ਪੰਜਾਬ’ ਨਾਮੀ ਨਿਵੇਕਲੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਸਰਕਾਰੀ ਏਜੰਸੀਆਂ, ਕਮਿਊਨਿਟੀ ਲੀਡਰਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿਚਾਲੇ ਟਿਕਾਊ ਭਾਈਵਾਲੀ ਕਾਇਮ ਕਰਨਾ ਹੈ ਤਾਂ ਜੋ ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਨਾਲ ਨਜਿੱਠਿਆ ਜਾ ਸਕੇ।

ਇਹ ਸੰਮੇਲਨ ਅੰਤਰਰਾਸ਼ਟਰੀ ਨਸ਼ਾ ਅਤੇ ਨਜਾਇਜ਼ ਤਸਕਰੀ ਵਿਰੋਧੀ ਦਿਵਸ ਮੌਕੇ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ (ਡਿਟਸੂ) ਵੱਲੋਂ ਆਯੋਜਿਤ ਕੀਤਾ ਗਿਆ, ਜੋ ਪੰਜਾਬ ਵਿਚ ਨਸ਼ਾ ਵਿਰੋਧੀ ਵਿਆਪਕ ਕਾਰਵਾਈ ਦਾ ਤਕਨੀਕੀ ਆਧਾਰ ਹੈ। ਇਸ ਸਮਾਗਮ ਵਿੱਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਇਹ ਸੰਸਥਾਵਾਂ ਸਿੱਖਿਆ, ਮਾਨਸਿਕ ਸਿਹਤ, ਨਸ਼ਾ-ਛੁਡਾਉਣ, ਬੱਚਿਆਂ ਦੀ ਸੁਰੱਖਿਆ, ਯੁਵਕ ਭਲਾਈ, ਔਰਤ ਦੇ ਸਸ਼ਕਤੀਕਰਨ, ਕਮਿਊਨਿਟੀ ਆਊਟਰੀਚ ਅਤੇ ਖੇਡਾਂ ਵਿਚ ਕੰਮ ਕਰ ਰਹੀਆਂ ਹਨ।

ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਵਿਰੋਧੀ ਲੜਾਈ ਵਿਚ ਸਮਾਜ ਤੇ ਲੋਕਾਂ ਦੀ ਸਾਂਝੀ ਕਾਰਵਾਈ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਗੂਕਰਨ, ਇਲਾਜ ਤੇ ਮੁੜ ਵਸੇਬਾ ਅਤੇ ਰੋਕਥਾਮ ਦੀ ਵਿਆਪਕ ਰਣਨੀਤੀ ਅਪਣਾਈ ਹੈ। ਉਨ੍ਹਾਂ ਕਿਹਾ, “ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਅਸੀਂ ਇਸ ਮੁਹਿੰਮ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਵੀ ਲਾਗੂ ਕੀਤਾ ਹੈ, ਖੇਡਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਨਾਲੋ-ਨਾਲ ਨਸ਼ਿਆਂ ਵਿਰੋਧੀ ਲੜਾਈ ਵਿਚ ਅੱਗੇ ਆਉਣ ਲਈ ਮਾਪਿਆਂ ਤੇ ਅਧਿਆਪਕਾਂ ਦਾ ਵੀ ਮਾਰਗਦਰਸ਼ਨ ਦੇ ਰਹੇ ਹਾਂ।”

“ਇਕਜੁੱਟ ਪੰਜਾਬ ਹੀ ਰੰਗਲਾ ਪੰਜਾਬ ਹੈ। ਨਸ਼ਾ ਵਿਰੋਧੀ ਮੁਹਿੰਮ ਦੀ ਅਸਲ ਸਫ਼ਲਤਾ ਲਈ ਇਸਨੂੰ ਇੱਕ ਲੋਕ ਲਹਿਰ ਬਣਾਉਣਾ ਲਾਜ਼ਮੀ ਹੈ। ਐੱਨਜੀਓ, ਵਿੱਦਿਅਕ ਅਦਾਰੇ, ਕਮਿਊਨਿਟੀ ਲੀਡਰਾਂ ਤੋਂ ਲੈ ਕੇ ਨਸ਼ਾ ਪੀੜ੍ਹਤਾਂ ਪਰਿਵਾਰਕ ਜੀਆਂ ਤੱਕ – ਸਮਾਜ ਦੇ ਹਰ ਵਰਗ ਨੂੰ ਇਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ ਅੱਜ ਦੇ ਸਮਾਗਮ ਵਿੱਚ 40 ਤੋਂ ਵੱਧ ਐੱਨਜੀਓ ਭਾਗ ਲੈ ਰਹੇ ਹਨ। ਇਹ ‘ਸਾਂਝਾ ਸੁਨੇਹਾ’ ਨੂੰ ਇੱਕ ਸਾਂਝੀ ਅਰਦਾਸ ਅਤੇ ਪਲੇਟਫਾਰਮ ਬਣਾਏਗਾ ਜਿੱਥੇ ਤਜਰਬੇ, ਵਿਚਾਰ ਅਤੇ ਨਵੀਨਤਾਵਾਂ ਹਕੀਕਤ ਦਾ ਰੂਪ ਧਾਰਨ ਕਰਨਗੀਆਂ।”

ਉਨ੍ਹਾਂ ਸਰਕਾਰ ਵੱਲੋਂ ਨਸ਼ਾ ਛੁਡਾਊ ਸੇਵਾਵਾਂ ਨੂੰ ਮਜ਼ਬੂਤ ਕਰਨ, ਮੁੜ ਵਸੇਬਾ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਉਣ ਦੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਸੰਮੇਲਨ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਵਿਚਾਲੇ ਖੁੱਲ੍ਹੀ ਗੱਲਬਾਤ ਅਤੇ ਵਿਚਾਰ ਸਾਂਝੇ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਉਪਲੱਬਧ ਕਰਵਾਇਆ। ਇਨ੍ਹਾਂ ਸੰਸਥਾਵਾਂ ਵੱਲੋਂ ਇਲਾਜ, ਰੋਕਥਾਮ ਅਤੇ ਜਾਗਰੂਕਤਾ ‘ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ।

ਇਸ ਮੌਕੇ ਭਾਗ ਲੈਣ ਵਾਲੀਆਂ ਸੰਸਥਾਵਾਂ ਅਨਨਿਆ ਬਿਰਲਾ ਫਾਊਂਡੇਸ਼ਨ, ਸਲੈਮ ਆਊਟ ਲਾਊਡ, ਸੈਂਟਰ ਸਕੁਏਅਰ ਫਾਊਂਡੇਸ਼ਨ, ਲਾਡਲੀ ਫਾਊਂਡੇਸ਼ਨ, ਆਦਿਤਿਆ ਬਿਰਲਾ ਐਜੂਕੇਸ਼ਨ ਟ੍ਰੱਸਟ, ਸਮਰਥਿਆ, ਲਭਿਆ, ਕਲਗੀਧਰ ਟ੍ਰੱਸਟ, ਯੂਨਾਈਟਿਡ ਵੇਅ ਦਿੱਲੀ, ਹੰਸ ਫਾਊਂਡੇਸ਼ਨ, ਐਕਟ ਹਿਊਮਨ, ਸਰਵਪ੍ਰੇਮ ਫਾਊਂਡੇਸ਼ਨ, ਮਿਹਰ ਫਾਊਂਡੇਸ਼ਨ, ਮਾਨਸ ਕੀ ਜਾਤ ਸਭੇ ਇੱਕ ਸੇਵਾ ਸੋਸਾਇਟੀ, ਬ੍ਰਹਮਾ ਕੁਮਾਰੀਆਂ, ਮੈਜਿਕ ਬੱਸ, ਇਨੀਸ਼ੀਏਟਰਜ਼ ਆਫ ਚੇਂਜ, ਰਾਊਂਡਗਲਾਸ ਫਾਊਂਡੇਸ਼ਨ, ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ, ਐਸਪੀਵਾਈਐਮ, ਕਰੁਣਾ ਸ਼ਕਤੀ ਫਾਊਂਡੇਸ਼ਨ, ਉਦਯਨ ਕੇਅਰ, ਟੀਵਾਈਸੀਆਈਏ, ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਅਤੇ ਮਾਨਸਾ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਭਾਗੀਦਾਰਾਂ ਨੇ ਮੁੱਖ ਥੀਮ ਵਿਸ਼ਿਆਂ ‘– ਸਕੂਲਾਂ ਅਤੇ ਕਾਲਜਾਂ ਵਿਚ ਰੋਕਥਾਮ, ਸਿਹਤ ਅਤੇ ਵੈਲਨੈੱਸ, ਦੇਖਭਾਲ ਦੀ ਲੋੜ ਵਾਲੇ ਬੱਚਿਆਂ ਅਤੇ ਕਾਨੂੰਨੀ ਕੇਸਾਂ ਵਾਲੇ ਬੱਚਿਆਂ ਲਈ ਸਹਾਇਤਾ ਅਤੇ ਖੇਡਾਂ ਤੇ ਹੋਰ ਗਤੀਵਿਧੀਆਂ ਰਾਹੀਂ ਯੁਵਾ ਸਸ਼ਕਤੀਕਰਨ ‘ਤੇ ਚਰਚਾ ਕੀਤੀ।

“ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ” ‘ਤੇ ਵਿਸ਼ੇਸ਼ ਗੱਲਬਾਤ ਵਿੱਚ ਸਿਮਰਨਜੋਤ ਮੱਕੜ, ਕਰਮਨ ਕੌਰ ਮਿਗਲਾਣੀ, ਸੁਲਤਾਨ ਰੰਧਾਵਾ, ਸਿਮਰਨ ਕੌਰ ਖਾਲਸਾ ਅਤੇ ਕੁਲਦੀਪ ਘਈ ਵਰਗੇ ਡਿਜੀਟਲ ਇਨਫਲੂਐਂਸਰਾਂ ਨੇ ਹਿੱਸਾ ਲਿਆ। ਇਨਫਲੂਐਂਸਰਾਂ ਨੇ ਜਨਤਕ ਰਾਏ ਬਣਾਉਣ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ‘ਤੇ ਚਰਚਾ ਕੀਤੀ ਅਤੇ ਸਮਾਜ ਦੀ ਭਲਾਈ ਲਈ ਸਕਾਰਾਤਮਕ ਸੁਨੇਹਾ ਫੈਲਾਉਣ ਅਤੇ ਨਸ਼ਿਆਂ ਵਿੱਚ ਫਸੇ ਲੋਕਾਂ ਨੂੰ ਨਸ਼ਾ-ਮੁਕਤ ਬਣਾਉਣ ਲਈ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ।

ਸੈਸ਼ਨਾਂ ਦੌਰਾਨ ਭਾਗੀਦਾਰਾਂ ਨੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕੀਤੀ ਜਿਵੇਂ ਰੈਫਰਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ, ਵਿੱਦਿਅਕ ਅਦਾਰਿਆਂ ਵਿੱਚ ਮਾਨਸਿਕ ਸਿਹਤ ਸਹਾਇਤਾ ਵਧਾਉਣਾ, ਲੋੜਵੰਦ ਵਰਗਾਂ ਤੱਕ ਪਹੁੰਚ ਵਧਾਉਣਾ ਅਤੇ ਖੇਡਾਂ, ਹੁਨਰ ਵਿਕਾਸ ਅਤੇ ਕਮਿਊਨਿਟੀ ਭਾਗੀਦਾਰੀ ਰਾਹੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਾ।

ਭਾਗੀਦਾਰਾਂ ਦੇ ਵਿਚਾਰ:

ਮਨੀਸ਼ ਕੁਮਾਰ, ਐਸਪੀਵਾਈਐਮ (ਦਿੱਲੀ) ਦੇ ਟੀਮ ਲੀਡਰ ਨੇ ਕਿਹਾ, “ਨਸ਼ਾ ਛੁਡਾਉਣ ਦੀ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ। ਅਸੀਂ ਮੁੱਖ ਤੌਰ ‘ਤੇ ਸਰਕਾਰ ਨੂੰ ਉਹ ਥਾਵਾਂ ਬਾਰੇ ਜਾਣਕਾਰੀ ਦਿੰਦੇ ਹਾਂ ਜਿੱਥੇ ਸੇਵਾਵਾਂ ਦੀ ਮੰਗ ਹੈ (ਨਸ਼ਾ ਛੁਡਾਊ ਸੈਂਟਰ ਖੋਲ੍ਹਣਾ ਜਾਂ ਜਾਗਰੂਕਤਾ ਕੈਂਪ ਆਦਿ) ਅਤੇ ਰਿਕਵਰੀ ਤੋਂ ਬਾਅਦ ਫਾਲੋ-ਅੱਪ ਤਾਂ ਜੋ ਨਸ਼ੇ ਵੱਲ ਵਾਪਸੀ ਦੇ ਕੇਸ ਘੱਟ ਤੋਂ ਘੱਟ ਹੋਣ।”

ਲੁਧਿਆਣਾ ਆਧਾਰਿਤ ਜ਼ਿਲ੍ਹਾ ਫਾਊਂਡੇਸ਼ਨ ਦੀ ਹੈੱਡ ਡਾ. ਨੀਲਮ ਸੋਢੀ ਨੇ ਕਿਹਾ, “ਨਸ਼ਾਖੋਰੀ ਜੀਵਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਕੋਪਿੰਗ ਮਕੈਨਿਜ਼ਮ ਹੈ। ਜ਼ਿਲ੍ਹਾ ਫਾਊਂਡੇਸ਼ਨ ਇਸ ਮਕਸਦ ਨਾਲ ਜੁੜੀ ਹੋਈ ਹੈ ਕਿ ਮਾਪੇ ਬਿਹਤਰ ਢੰਗ ਨਾਲ ਆਪਣੇ ਬੱਚਿਆਂ ਨੂੰ ਅਤੇ ਬੱਚੇ ਖੁਦ ਨੂੰ ਚੰਗੀ ਤਰ੍ਹਾਂ ਸਮਝ ਸਕਣ, ਜਿਸਦਾ ਨਸ਼ਾਖੋਰੀ ਨਾਲ ਸਿੱਧਾ ਸਬੰਧ ਹੈ, ਕਿਉਂਕਿ ਜਦੋਂ ਜੀਵਨ ਵਿੱਚ ਮੁਸ਼ਕਲਾਂ ਜਾਂ ਚੁਣੌਤੀਆਂ ਆਉਣ ਤਾਂ ਲੋਕ ਨਸ਼ਿਆਂ ਨੂੰ ਉਨ੍ਹਾਂ ਨਾਲ ਨਜਿੱਠਣ ਦੇ ਸਾਧਨ (ਕੋਪਿੰਗ ਮਕੈਨਿਜ਼ਮ) ਵਜੋਂ ਨਾ ਅਪਣਾਉਣ।”

ਪੰਜਾਬ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਦੀ ਲਾਗੂ ਕੀਤੀ ਪੁਰਾਣੀ ਪੈਨਸ਼ਨ ਸਕੀਮ

ਚੰਡੀਗੜ੍ਹ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਪੰਜਾਬ ਦੇ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ 16 ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ। ਜਾਰੀ ਪੱਤਰ ਮੁਤਾਬਕ ਜਿਹੜੇ ਕਰਮਚਾਰੀਆਂ ਦੇ ਆਸ਼ਰਿਤਾਂ ਵੱਲੋਂ ਤਰਸ ਦੇ ਆਧਾਰ ਉਤੇ ਨੌਕਰੀ ਲੈਣ ਲਈ ਮਿਤੀ 1 ਜਨਵਰੀ 2004 ਤੋਂ ਪਹਿਲਾਂ ਅਪਲਾਈ ਕੀਤਾ ਸੀ, ਪ੍ਰੰਤੂ ਉਨ੍ਹਾਂ ਦੀ ਨਿਯੁਕਤੀ 1 ਜਨਵਰੀ 2004 ਤੋਂ ਬਾਅਦ ਹੋਈ ਸੀ, ਉਨ੍ਹਾਂ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ।

4.43 ਲੱਖ ਤੋਂ ਵੱਧ ਮਰੀਜ਼, 782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ: ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲ ਰਹੀ ਹੈ ਸਿਹਤ ਢਾਂਚੇ ਦੀ ਤਸਵੀਰ


ਚੰਡੀਗੜ੍ਹ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬੇ ਦੇ ਸਿਹਤ ਖੇਤਰ ਦੀ ਤਸਵੀਰ ਬਦਲ ਰਹੀ ਹੈ। ਸਟੇਟ ਹੈਲਥ ਏਜੰਸੀ (ਐੱਸਐੱਚਏ) ਪੰਜਾਬ ਅਨੁਸਾਰ, ਪਟਿਆਲਾ ਜ਼ਿਲ੍ਹਾ ਇਸ ਯੋਜਨਾ ਨੂੰ ਅਪਣਾਉਣ ਅਤੇ ਇਸਦੀ ਵਰਤੋਂ ਵਿੱਚ ਸਭ ਤੋਂ ਅੱਗੇ ਹੈ ਅਤੇ ਪ੍ਰੋਗਰਾਮ ਅਧੀਨ ਰਾਜ ਵਿੱਚ ਸਭ ਤੋਂ ਵੱਧ ਮਰੀਜ਼ਾਂ ਅਤੇ ਖਰਚ ਦੇ ਮਾਮਲੇ ਵਿੱਚ ਸਿਖ਼ਰ ’ਤੇ ਹੈ। ਪੂਰੇ ਪੰਜਾਬ ਵਿੱਚ 4,43,906 ਤੋਂ ਵੱਧ ਮਰੀਜ਼ ਲਾਭ ਲੈ ਚੁੱਕੇ ਹਨ ਅਤੇ ਜਿਸ ਦੇ ਕੁੱਲ 782.79 ਕਰੋੜ ਤੋਂ ਵੱਧ ਦਾ ਖਰਚ ਹੋਇਆ ਹੈ।

ਸਰਕਾਰੀ ਅਤੇ ਸੂਚੀਬੱਧ ਕੀਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣ ਲਈ ਡਿਜ਼ਾਈਨ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ , ਸੂਬੇ ਦੀਆਂ ਸਭ ਤੋਂ ਵਧੀਆ ਲੋਕ ਭਲਾਈ ਯੋਜਨਾਵਾਂ ਵਿੱਚੋਂ ਇੱਕ ਬਣ ਚੁੱਕੀ ਹੈ। ਐੱਸ.ਐੱਚ.ਏ. ਪੰਜਾਬ ਦੇ ਤਾਜ਼ਾ ਅੰਕੜਿਆਂ ਮੁਤਾਬਿਕ (23 ਜੂਨ ਤੱਕ) ਇਸ ਯੋਜਨਾ ਨੇ ਵੱਡੇ ਪੱਧਰ ’ਤੇ ਤਬਦੀਲੀ ਲਿਆਂਦੀ ਹੈ।

 ਪਟਿਆਲਾ ਯੋਜਨਾ ਦਾ ਲਾਭ ਲੈਣ ਵਿੱਚ ਸਭ ਤੋਂ ਅੱਗੇ ਹੈ, ਜਿੱਥੇ 52,672 ਮਰੀਜ਼ਾਂ ਦੇ ਇਲਾਜ਼ ਉੱਪਰ ਲਗਭਗ 79.15 ਕਰੋੜ ਰੁਪਏ ਖਰਚੇ ਗਏ ਹਨ।  ਇਸ ਤੋਂ ਬਾਅਦ ਬਠਿੰਡਾ ਹੈ ਜਿੱਥੇ 30,813 ਮਰੀਜ਼ਾਂ ਉੱਤੇ 76.81 ਕਰੋੜ ਰੁਪਿਆ ਖਰਚਿਆ ਗਿਆ ਹੈ, ਜਦਕਿ ਲੁਧਿਆਣਾ ਵਿੱਚ 44,227 ਮਰੀਜ਼ਾਂ ਉੱਤੇ 60.54 ਕਰੋੜ ਰੁਪਏ ਦਾ ਖਰਚਾ ਦਰਜ ਕੀਤਾ ਗਿਆ ਹੈ। ਪਟਿਆਲਾ ਦੀ ਅਗਵਾਈ ਤੋਂ ਲੱਗਦਾ ਹੈ ਕਿ ਇੱਥੇ ਹਸਪਤਾਲਾਂ ਨਾਲ ਬਿਹਤਰ ਸਬੰਧ ਅਤੇ ਲਾਭਪਾਤਰੀਆਂ ਵਿੱਚ ਯੋਜਨਾ ਬਾਰੇ ਵਧੇਰੇ ਜਾਗਰੂਕਤਾ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਲੋਕਾਂ ਨੂੰ ਉਨ੍ਹਾਂਦੀ ਜੇਬ ਚੋਂ ਹੋਣ ਵਾਲੇ ਵੱਡੇ ਸਿਹਤ ਖਰਚਿਆਂ ਤੋਂ ਰਾਹਤ ਦਿੱਤੀ ਹੈ।” ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਕਾਗਜ਼ ’ਤੇ ਅਧਾਰਤ ਨੀਤੀ ਨਹੀਂ ਸਗੋਂ ਉਨ੍ਹਾਂ ਪਰਿਵਾਰਾਂ ਲਈ ਜੀਵਨ ਰੇਖਾ ਹੈ ਜਿਨ੍ਹਾਂ ਨੂੰ ਕਿਸੇ ਵੇਲੇ ਹਸਪਤਾਲ ਦੇ ਬਿਲ ਬੀਮਾਰੀ ਤੋਂ ਵੀ ਵੱਧ ਡਰਾਉਂਦੇ ਸਨ।’’”

ਪੂਰੇ ਪੰਜਾਬ ਵਿੱਚ ਯੋਜਨਾ ਦਾ ਪ੍ਰਭਾਵ ਸਪੱਸ਼ਟ ਨਜ਼ਰ ਆ ਰਿਹਾ ਹੈ। ਜਲੰਧਰ (27,682 ਮਰੀਜ਼), ਅੰਮ੍ਰਿਤਸਰ (20,503) ਅਤੇ ਐੱਸ.ਏ.ਐੱਸ. ਨਗਰ (20,085) ਵਰਗੇ ਜ਼ਿਲਿ੍ਹਆਂ ਨੇ ਯੋਜਨਾ ਦਾ ਵਿਆਪਕ ਲਾਭ ਲਿਆ ਹੈ, ਜਦਕਿ ਛੋਟੇ ਜ਼ਿਲ੍ਹੇ ਜਿਵੇਂ ਕਪੂਰਥਲਾ (9,384) ਅਤੇ ਮਲੇਰਕੋਟਲਾ (3,181) ਵਿੱਚ ਵੀ ਯੋਜਨਾ ਦੀ ਪਹੁੰਚ ਅਤੇ ਵਰਤੋਂ ਲਗਾਤਾਰ ਵਧ ਰਹੀ ਹੈ।

ਐੱਸ.ਐੱਚ.ਏ. ਦੇ ਅੰਕੜਿਆਂ ਅਨੁਸਾਰ ਰਾਜ ਭਰ ਵਿੱਚ 4,43,906 ਮਰੀਜ਼ਾਂ ਨੇ ਲਾਭ ਉਠਾਇਆ ਹੈ ਅਤੇ ਜਿਸ ’ਤੇ  ਕੁੱਲ ਖਰਚ 782.79 ਕਰੋੜ ਹੋਇਆ। ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ, “ਸਾਡਾ ਉਦੇਸ਼ ਬਹੁਤ ਸਧਾਰਨ ਹੈ — ਪੰਜਾਬ ਵਿੱਚ ਕੋਈ ਵੀ ਪਰਿਵਾਰ ਬੀਮਾਰੀ ਕਾਰਨ ਕਰਜ਼ਈ ਨਾ ਹੋਵੇ। ਇਹ ਯੋਜਨਾ ਹਰ ਤਿਮਾਹੀ ਵਧਦੀ ਜਾ ਰਹੀ ਹੈ।”

ਪੇਂਡੂ ਇਲਾਕਿਆਂ ਵਿੱਚ ਇਹ ਯੋਜਨਾ ਆਮ ਜਨਸਮੂਹ ਵਿੱਚ ਬਹੁਤ ਚਰਚਾ ਵਿੱਚ ਹੈ। ਮਾਨਸਾ ਦੇ 62 ਸਾਲਾ ਕਿਸਾਨ ਗੁਰਮੀਤ ਸਿੰਘ ਨੇ ਕਿਹਾ, “ਜੇ ਇਹ ਯੋਜਨਾ ਨਾ ਹੁੰਦੀ ਤਾਂ ਇਲਾਜ ਲਈ ਮੈਨੂੰ ਆਪਣੀ ਜ਼ਮੀਨ ਵੇਚਣੀ ਪੈਂਦੀ।”ਅਜਿਹੇ ਤਜਰਬੇ ਸੰਗਰੂਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਆਦਿ ਜ਼ਿਲਿ੍ਹਆਂ ਵਿੱਚ ਵੀ ਸਾਹਮਣੇ ਆ ਰਹੇ ਹਨ, ਜਿੱਥੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਗੁਰਦਾਸਪੁਰ ਅਤੇ ਰੂਪਨਗਰ ਵਰਗੇ ਜ਼ਿਲਿ੍ਹਆਂ ਵਿੱਚ ਵੀ ਔਸਤਨ ਅੰਕੜੇ ਹੋਣ ਦੇ ਬਾਵਜੂਦ ਯੋਜਨਾ ਦੀ ਲਗਾਤਾਰ ਵਧਦੀ ਵਰਤੋਂ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਵਧ ਰਹੀ ਹੈ ਅਤੇ ਸੂਚੀਬੱਧ ਹਸਪਤਾਲਾਂ ਦੇ ਨੈੱਟਵਰਕ ਦਾ ਵੀ ਲਗਾਤਾਰ ਵਿਸਤਾਰ ਹੋ ਰਿਹਾ ਹੈ।

ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਸਿਰੋਂ ਵਿਆਹ ਦਾ ਬੋਝ ਘਟਾਇਆ; ਅਸ਼ੀਰਵਾਦ ਸਕੀਮ ਤਹਿਤ ₹16.74 ਕਰੋੜ ਜਾਰੀ: ਡਾ. ਬਲਜੀਤ ਕੌਰ


ਚੰਡੀਗੜ੍ਹ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੇ ਫਿਕਰ ਨੂੰ ਦੂਰ ਕਰਦਿਆਂ ਇੱਕ ਵੱਡੀ ਰਾਹਤ ਦਿੱਤੀ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ‘ਅਸ਼ੀਰਵਾਦ ਸਕੀਮ’ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ 3282 ਲਾਭਪਾਤਰੀਆਂ ਨੂੰ 16.74 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਇਸ ਫੈਸਲੇ ਪਿੱਛੇ ਮਨੁੱਖੀ ਸੰਵੇਦਨਸ਼ੀਲਤਾ ਨੂੰ ਉਜਾਗਰ ਕਰਦਿਆਂ ਵਿਸ਼ੇਸ਼ ਤੌਰ ‘ਤੇ ਕਿਹਾ, “ਧੀ ਦਾ ਵਿਆਹ ਕਿਸੇ ਵੀ ਗਰੀਬ ਮਾਪਿਆਂ ਲਈ ਫਿਕਰ ਜਾਂ ਕਰਜ਼ੇ ਦਾ ਕਾਰਨ ਨਹੀਂ ਬਣਨਾ ਚਾਹੀਦਾ। ਪੰਜਾਬ ਸਰਕਾਰ ਹਰ ਲੋੜਵੰਦ ਪਰਿਵਾਰ ਦੇ ਨਾਲ ਇੱਕ ਵੱਡੇ ਭਰਾ ਅਤੇ ਪੁੱਤਰ ਵਾਂਗ ਖੜ੍ਹੀ ਹੈ। ਸਾਡਾ ਮਕਸਦ ਸਿਰਫ਼ ਕਾਗਜ਼ੀ ਕਾਰਵਾਈ ਕਰਨਾ ਜਾਂ ਅੰਕੜੇ ਪੇਸ਼ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਜਦੋਂ ਕੋਈ ਧੀ ਆਪਣੇ ਘਰੋਂ ਵਿਦਾ ਹੋਵੇ, ਤਾਂ ਉਸ ਦੇ ਮਾਪਿਆਂ ਦੇ ਚਿਹਰੇ ‘ਤੇ ਚਿੰਤਾ ਦੀ ਬਜਾਏ ਸੁਖਾਲੇਪਣ ਦੀ ਮੁਸਕਰਾਹਟ ਹੋਵੇ। ਇਸੇ ਲਈ ਇਹ ਰਾਸ਼ੀ ਬਿਨਾਂ ਕਿਸੇ ਦੇਰੀ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ, ਪੂਰੀ ਪਾਰਦਰਸ਼ਤਾ ਨਾਲ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ।”

ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਲੂ ਸਾਲ ਦੌਰਾਨ ਅਸ਼ੀਰਵਾਦ ਪੋਰਟਲ ‘ਤੇ ਕੁੱਲ 14 ਜ਼ਿਲ੍ਹਿਆਂ ਤੋਂ 3282 ਲਾਭਪਾਤਰੀਆਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਸਾਰੀਆਂ ਨੂੰ ਇਸ ਰਾਸ਼ੀ ਨਾਲ ਕਵਰ ਕਰ ਲਿਆ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਮਾਨਸਾ, ਪਟਿਆਲਾ, ਪਠਾਨਕੋਟ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ, ਸੰਗਰੂਰ ਅਤੇ ਮਾਲੇਰਕੋਟਲਾ ਸ਼ਾਮਲ ਹਨ।

ਜ਼ਿਲ੍ਹੇ ਵਾਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਦੇ 1178 ਅਤੇ ਜਲੰਧਰ ਦੇ 877 ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਕਪੂਰਥਲਾ ਦੇ 427, ਐਸ.ਬੀ.ਐਸ. ਨਗਰ ਦੇ 261, ਪਠਾਨਕੋਟ ਦੇ 210, ਬਰਨਾਲਾ ਦੇ 61, ਪਟਿਆਲਾ ਦੇ 61, ਮਾਨਸਾ ਦੇ 50, ਫਤਹਿਗੜ੍ਹ ਸਾਹਿਬ ਦੇ 47, ਬਠਿੰਡਾ ਦੇ 39, ਐਸ.ਏ.ਐਸ. ਨਗਰ ਦੇ 29, ਫਰੀਦਕੋਟ ਦੇ 28, ਮਾਲੇਰਕੋਟਲਾ ਦੇ 13 ਅਤੇ ਸੰਗਰੂਰ ਦੇ 01 ਲਾਭਪਾਤਰੀ/ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ 51,000 ਰੁਪਏ ਦੀ ਰਾਸ਼ੀ ਵਿੱਤੀ ਸਹਾਇਤਾ ਵਜੋਂ ਦਿੱਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ, ਅਨੁਸੂਚਿਤ ਜਾਤੀ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਰੋਤਾਂ ਨੂੰ ਮਿਲਾਕੇ ਸਾਲਾਨਾ ਆਮਦਨ 32,790 ਰੁਪਏ ਤੋ ਘੱਟ ਹੋਵੇ। ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।

ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਉੱਥੇ ਹੀ ਅਨੁਸੂਚਿਤ ਜਾਤੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਲਈ ਲਗਾਤਾਰ ਯਤਨਸ਼ੀਲ ਹੈ।

ਕਥਿਤ ਵਿਵਾਦਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਖੁਲਾਸੇ

ਚੰਡੀਗੜ੍ਹ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਵਿਵਾਦਤ ਵੀਡੀਓ ਨੂੰ ਲੈ ਕੇ ਵੱਡੇ ਖੁਲਾਸਾ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਮੈਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ ਧਾਰਮਿਕ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ। ਮੈਨੂੰ ਧਾਰਮਿਕ ਤੌਰ ਉਤੇ ਬਦਨਾਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਖਿਲਾਫ ਬੋਰਡ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸੁਖਬੀਰ ਬਾਦਲ ਨੇ ਬੇਅਦਬੀਆਂ ਦਾ ਗੁਨਾਹ ਕਬੂਲ ਕੀਤਾ ਸੀ, ਤਾਂ ਉਦੋਂ ਸੁਖਬੀਰ ਬਾਦਲ ਦੇ ਪੋਸਟਰ ਕਿਉਂ ਨਹੀਂ ਲਗਾਏ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹਾਂ ਕਿ ਵੀਡੀਓ ਵਿੱਚ ਮੈਂ ਨਹੀਂ ਹਾਂ। ਉਨ੍ਹਾਂ ਕਿਹਾ ਕਿ ਵੀਡੀਓ ਵਾਲੇ ਬੰਦੇ ਦਾ ਕੱਦ ਮੇਰੇ ਨਾਲੋਂ 2 ਇੰਚ ਉੱਚਾ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਇਕ ‘ਨਕਲੀ ਮਾਸਕ’ ਵਾਲੀ ਵੀਡੀਓ ਵੀ ਵਿਖਾਈ। ਉਨ੍ਹਾਂ ਕਿਹਾ ਕਿ ਵੀਡੀਓ ਵਾਲੇ ਵਿਅਕਤੀ ਦੀ ਮੇਰੇ ਸਰੀਰਕ ਬਣਤਰ ਨਹੀਂ ਮਿਲਦੀ।

ਕੀ ਤੁਹਾਡਾ WhatsApp ਸੱਚਮੁੱਚ SAFE ਹੈ ?

ਅੱਜ ਦੇ ਡਿਜ਼ੀਟਲ ਯੁੱਗ ਦੇ ਵਿੱਚ ਵਟਸਐਪ (WhatsApp) ਸਿਰਫ਼ ਚੈਟਿੰਗ ਲਈ ਵਰਤੀ ਜਾਣ ਵਾਲੀ ਐਪ ਨਹੀਂ ਰਹੀ। ਇਹਦੇ ਵਿੱਚ ਸਾਡੀਆਂ ਨਿੱਜੀ ਗੱਲਾਂ, ਮਹੱਤਵਪੂਰਨ ਜਾਣਕਾਰੀਆਂ ਤੇ ਕਈ ਅਹਿਮ ਦਸਤਾਵੇਜ਼ ਵੀ ਸੁਰੱਖਿਅਤ ਹੁੰਦੇ ਨੇ। ਅਜਿਹੇ ਵਿੱਚ ਆਪਣੀਆਂ chats  ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਚੰਗੀ ਗੱਲ ਇਹ ਹੈ ਕਿ ਵਟਸਐਪ ਆਪਣੇ ਖਪਤਕਾਰ ਨੂੰ ਕਈ ਅਜਿਹੇ ਨਜਿੱਤਾ ਅਤੇ ਸੁਰੱਖਿਆ ਫੀਚਰ ਮੁਹੱਈਆ ਕਰਵਾਉਂਦਾ ਹੈ ਜਿਨ੍ਹਾਂ ਦੀ ਸਹੀ ਵਰਤੋਂ ਕਰਕੇ ਨਿੱਜੀ ਜਾਣਕਾਰੀਆਂ ਨੂੰ ਕਾਫ਼ੀ ਹੱਦ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

‘ਚੈਟ ਲਾਕ’

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ‘ਚੈਟ ਲਾਕ’ (Chat Lock) ਫੀਚਰ ਦੀ। ਇਹ ਤੁਹਾਡੀਆਂ ਖ਼ਾਸ ਅਤੇ ਨਿੱਜੀ ਚੈਟਾਂ ਨੂੰ ਹੋਰਾਂ ਦੀ ਨਜ਼ਰ ਤੋਂ ਬਚਾਉਣ ਦਾ ਇੱਕ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ ਚੁਣੀਆਂ ਗਈਆਂ ਚੈਟਾਂ ਲਾਕ ਹੋ ਜਾਂਦੀਆਂ ਨੇ। ਉਨ੍ਹਾਂ ਨੂੰ ਖੋਲ੍ਹਣ ਲਈ ਫਿੰਗਰਪ੍ਰਿੰਟ, ਫੇਸ ਆਈ.ਡੀ. ਜਾਂ ਪਾਸਵਰਡ ਦੀ ਲੋੜ ਪੈਂਦੀ ਹੈ; ਜਿਹੜੀ ਵੀ ਚੀਜ਼ ਤੁਸੀਂ ਲਾਈ ਹੁੰਦੀ ਹੈ ਇਨ੍ਹਾਂ ਨੂੰ ਖੋਲ੍ਹਣ ਵਾਸਤੇ, ਉਸ ਨਾਲ ਹੀ ਇਹ ਚੈਟਾਂ ਖੁੱਲ੍ਹਦੀਆਂ ਨੇ। ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇ ਤੁਹਾਡਾ ਫੋਨ ਕਿਸੇ ਹੋਰ ਦੇ ਹੱਥ ਵੀ ਚਲਾ ਜਾਵੇ, ਤਾਂ ਵੀ ਤੁਹਾਡੀਆਂ ਨਿੱਜੀ ਗੱਲਾਂ ਸੁਰੱਖਿਅਤ ਰਹਿੰਦੀਆਂ ਹਨ।

‘ਡਿਸਅਪੀਅਰਿੰਗ ਮੈਸੇਜਿਸ’ (Disappearing Messages)

ਇਸ ਤੋਂ ਇਲਾਵਾ ਵਟਸਐਪ ਦੇ ਵਿੱਚ ‘ਡਿਸਅਪੀਅਰਿੰਗ ਮੈਸੇਜਿਸ’ (Disappearing Messages) ਦਾ ਵਿਕਲਪ ਵੀ ਮੌਜੂਦ ਹੈ। ਇਸ ਸੈਟਿੰਗ ਨੂੰ ਐਕਟਿਵ ਕਰਨ ਤੋਂ ਬਾਅਦ ਭੇਜੇ ਗਏ ਸੁਨੇਹੇ ਨਿਰਧਾਰਿਤ ਸਮੇਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੇ ਨੇ। ਯੂਜ਼ਰ ਆਪਣੀ ਲੋੜ ਮੁਤਾਬਕ 24 ਘੰਟੇ, 7 ਦਿਨ ਜਾਂ 90 ਦਿਨ ਦਾ ਸਮਾਂ ਚੁਣ ਸਕਦੇ ਨੇ, ਜਿਸ ਨਾਲ ਚੈਟਾਂ ਲੰਬੇ ਸਮੇਂ ਤੱਕ ਸਟੋਰ ਰਹਿ ਕੇ ਤੁਹਾਡੇ ਫੋਨ ਨੂੰ ਨਹੀਂ ਭਰਦੀਆਂ, ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਵਿੱਚ ਵੀ ਮਦਦ ਮਿਲਦੀ ਹੈ।

‘ਟੂ-ਸਟੈਪ ਵੈਰੀਫਿਕੇਸ਼ਨ’ (Two-step verification)

ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ‘ਟੂ-ਸਟੈਪ ਵੈਰੀਫਿਕੇਸ਼ਨ’ (Two-step verification) ਵੀ ਇੱਕ ਮਹੱਤਵਪੂਰਨ ਫੀਚਰ ਹੈ ਵਟਸਐਪ ਦਾ, ਜਿਸਨੂੰ ਐਕਟਿਵ ਕਰਨ ਤੋਂ ਬਾਅਦ ਤੁਹਾਡੇ ਖਾਤੇ ਨਾਲ ਇੱਕ ਵਾਧੂ ਸੁਰੱਖਿਆ ਪਰਤ ਜੁੜ ਜਾਂਦੀ ਹੈ। ਜੇ ਕੋਈ ਵਿਅਕਤੀ ਤੁਹਾਡੇ ਨੰਬਰ ਦੀ ਵਰਤੋਂ ਕਰਕੇ ਕਿਸੇ ਹੋਰ ਡਿਵਾਈਸ ‘ਤੇ ਵਟਸਐਪ ਲੌਗਇਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਇੱਕ ਖ਼ਾਸ ਪਿੰਨ ਦਰਜ ਕਰਨਾ ਪਊਗਾ, ਤੇ ਉਹ ਪਿੰਨ ਤੁਹਾਡੇ ਫੋਨ ‘ਤੇ ਹੀ ਆਵੇਗਾ। ਇਸ ਪਿੰਨ ਤੋਂ ਬਿਨਾਂ ਖਾਤੇ ਤੱਕ ਪਹੁੰਚ ਸੰਭਵ ਹੀ ਨਹੀਂ ਹੁੰਦੀ, ਜਿਸ ਨਾਲ ਹੈਕਿੰਗ ਦਾ ਖ਼ਤਰਾ ਕਾਫ਼ੀ ਘਟ ਜਾਂਦਾ ਹੈ।

ਇਸ ਦੇ ਨਾਲ ਹੀ ਵਟਸਐਪ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਨਵੇਂ ਫੀਚਰਸ ‘ਤੇ ਕੰਮ ਕਰ ਰਿਹਾ ਹੈ। ਇਸੇ ਕੜੀ ਵਿੱਚ ਕੰਪਨੀ ਇੱਕ ਨਵਾਂ ਸੁਰੱਖਿਆ ਫੀਚਰ ਵੀ ਲਿਆ ਰਹੀ ਹੈ ਜੋ ਖ਼ਾਸ ਤੌਰ ‘ਤੇ ਉਨ੍ਹਾਂ ਉਪਭੋਗਤਾਵਾਂ ਦੇ ਲਈ ਤਿਆਰ ਕੀਤਾ ਗਿਆ ਹੈ ਜੋ ਹੈਕਿੰਗ ਜਾਂ ਟਾਰਗੇਟਿਡ ਸਾਈਬਰ ਹਮਲਿਆਂ ਤੋਂ ਵਾਧੂ ਸੁਰੱਖਿਆ ਚਾਹੁੰਦੇ ਹਨ। WABetaInfo ਦੀ ਇੱਕ ਰਿਪੋਰਟ ਦੇ ਮੁਤਾਬਕ, ਵਟਸਐਪ ਦੇ ਨਵੇਂ iOS ਬੀਟਾ ਵਰਜ਼ਨ ਦੇ ਵਿੱਚ ‘ਸਟ੍ਰਿਕਟ ਅਕਾਊਂਟ ਸੈਟਿੰਗਜ਼’ (Strict Account Settings) ਨਾਮ ਦਾ ਇੱਕ ਨਵਾਂ ਵਿਕਲਪ ਦੇਖਣ ਨੂੰ ਮਿਲਿਆ ਹੈ। ਇਹ ਫੀਚਰ ਪ੍ਰਾਈਵੇਸੀ ਦੇ ਐਡਵਾਂਸਡ ਸੈਕਸ਼ਨ ਵਿੱਚ ਉਪਲਬਧ ਹੋਵੇਗਾ। ਜਦੋਂ ਉਪਭੋਗਤਾ ਇਸ ਨੂੰ ਐਕਟਿਵ ਕਰਨਗੇ, ਤਾਂ ਉਨ੍ਹਾਂ ਨੂੰ ਐਕਸਟ੍ਰੀਮ ਪ੍ਰੋਟੈਕਸ਼ਨ ਮੋਡ, ਯਾਨੀ ਕਿ ਕੜੇ ਸੁਰੱਖਿਆ ਨਿਯਮਾਂ ਦਾ ਇੱਕ ਸੈੱਟ ਚਾਲੂ ਕਰਨ ਦੀ ਆਪਸ਼ਨ ਮਿਲੇਗੀ। ਇਸ ਮੋਡ ਦੇ ਐਕਟਿਵ ਹੋਣ ਤੋਂ ਬਾਅਦ ਵਟਸਐਪ ਆਪਣੇ ਆਪ ਕੁਝ ਵਾਧੂ ਸੁਰੱਖਿਆ ਸੈਟਿੰਗਜ਼ ਲਾਗੂ ਕਰੇਗਾ ਜੋ ਖਾਤੇ ਨੂੰ ਹੋਰ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਨਗੀਆਂ। ਇਸ ਦਾ ਮੁੱਖ ਮਕਸਦ ਤੁਹਾਡੇ ਖਾਤੇ ਨੂੰ ਹੈਕਿੰਗ, ਗੈਰ-ਅਧਿਕਾਰਿਤ ਪਹੁੰਚ ਅਤੇ ਟਾਰਗੇਟਿਡ ਸਾਈਬਰ ਹਮਲਿਆਂ ਤੋਂ ਬਚਾਉਣਾ ਹੈ। ਸੋ, ਵਟਸਐਪ ਦੇ ਇਹ ਸਾਰੇ ਜਿਹੜੇ ਫੀਚਰ ਹਨ, ਖ਼ਾਸ ਤੌਰ ‘ਤੇ ਤੁਹਾਡੀ ਸੁਰੱਖਿਆ ਤੇ ਪ੍ਰਾਈਵੇਸੀ ਦੇ ਨਾਲ ਜੁੜੇ ਹੋਏ ਹਨ। ਇਸ ਨੌਲੇਜ ਬੁਲੇਟਿਨ ਦੇ ਵਿੱਚ ਅਸੀਂ ਇਨ੍ਹਾਂ ਫੀਚਰਸ ਦੀ ਹੀ ਜਾਣਕਾਰੀ ਦਿੱਤੀ ਹੈ। ਤੁਸੀਂ ਜੇ ਚੰਗੀ ਤਰ੍ਹਾਂ ਨਹੀਂ ਸੁਣਿਆ ਤਾਂ ਦੁਬਾਰਾ ਸੁਣ ਕੇ ਆਪਣੇ ਮੋਬਾਈਲ ਦੇ ਵਟਸਐਪ ਦੇ ਵਿੱਚ ਇਨ੍ਹਾਂ ਫੀਚਰਸ ਨੂੰ ਆਨ-ਆਫ ਕਰ ਸਕਦੇ ਹੋ।

ਪੇਸ਼ਕਸ਼ : ਦਪਿੰਦਰ ਕੌਰ ਪੂਨੀਆ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ

ਚੰਡੀਗੜ੍ਹ, 25 ਜੂਨ 2025:

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਨ ਸਿੱਖ ਯੋਧੇ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਪੀਕਰ ਸੰਧਵਾਂ ਨੇ ਮਹਾਨ ਸਿੱਖ ਜਰਨੈਲ ਦੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕੀਤਾ। ਉਨ੍ਹਾਂ ਨੇ ਪਹਿਲੇ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਸਥਾਪਨਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਭੂਮਿਕਆ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਗਏ ਕ੍ਰਾਂਤੀਕਾਰੀ ਭੂਮੀ ਸੁਧਾਰਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਤਹਿਤ ਗਰੀਬ ਮੁਜ਼ਾਰਿਆਂ ਅਤੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਗਏ ਸਨ।

ਸ. ਸੰਧਵਾਂ ਨੇ ਕਿਹਾ, “ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਹਾਦਰੀ, ਨਿਆਂ ਅਤੇ ਨਿਸ਼ਕਾਮਤਾ ਦੀ ਪ੍ਰਤੱਖ ਮਿਸਾਲ ਹੈ। ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਅਣਥੱਕ ਲੜਾਈ ਲੜੀ। ਉਨ੍ਹਾਂ ਦੀ ਮਹਾਨ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।”

ਸਪੀਕਰ ਨੇ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਰਸਾਏ ਮਾਰਗ ਅਤੇ ਆਦਰਸ਼ਾਂ ’ਤੇ ਚੱਲਣ ਦੀ ਅਪੀਲ ਕੀਤੀ।

ਸਰਹੱਦ ਪਾਰੋਂ ਚਲਦੇ ਹਥਿਆਰਾਂ, ਨਸ਼ੀਲੇ ਪਦਾਰਥਾਂ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼

ਅੰਮ੍ਰਿਤਸਰ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਸਰਹੱਦ ਪਾਰੋਂ ਚੱਲ ਰਹੇ ਨਾਜਾਇਜ਼ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਇਸ ਕਾਰਵਾਈ ਦੌਰਾਨ ਇੱਕ ਅਫਗਾਨ ਨਾਗਰਿਕ ਅਤੇ ਇੱਕ ਨਾਬਾਲਗ ਸਮੇਤ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ 10 ਅਤਿ-ਆਧੁਨਿਕ ਹਥਿਆਰ, ਜਿਨ੍ਹਾਂ ਵਿੱਚ ਦੋ ਸਬ-ਮਸ਼ੀਨ ਗੰਨ ਸ਼ਾਮਲ ਹਨ, 5.048 ਕਿਲੋ ਹੈਰੋਇਨ ਅਤੇ 30.38 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੰਮ ਕਰਨ ਵਾਲੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਸਨ। ਉਹ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦੇ ਸਨ ਅਤੇ ਅੱਗੇ ਅਪਰਾਧਿਕ ਅਨਸਰਾਂ ਨੂੰ ਵੰਡਦੇ ਸਨ। ਇਹ ਨੈੱਟਵਰਕ ਵੱਖ-ਵੱਖ ਥਾਵਾਂ ‘ਤੇ ਵਿੱਤੀ ਲੈਣ-ਦੇਣ ਲਈ ਹਵਾਲਾ ਚੈਨਲਾਂ ਦੀ ਵਰਤੋਂ ਵੀ ਕਰਦਾ ਸੀ।

ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਕਰਨ, ਹੋਰ ਬਰਾਮਦਗੀ ਅਤੇ ਗ੍ਰਿਫ਼ਤਾਰੀਆਂ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਮੋਹਾਲੀ : ਜਿੰਮ ’ਚ ਕਸਰਤ ਕਰਦੇ ਨੌਜਵਾਨ ਦੀ ਮੌਤ

ਮੋਹਾਲੀ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਵਿਖੇ ਜਿੰਮ ਵਿਚ ਕਸਰਤ ਕਰਦੇ ਸਮੇਂ ਇਕ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 56 ਦਾ ਰਹਿਣ ਵਾਲਾ ਮੁਕੇਸ਼ ਆਪਣੀ ਪਤਨੀ ਨਾਲ ਜਿੰਮ ਵਿੱਚ ਕਸਰਤ ਕਰਨ ਲਈ ਆਇਆ ਸੀ। ਜਦੋਂ ਉਹ ਕਸਰਤ ਕਰ ਰਿਹਾ ਸੀ ਤਾਂ ਉਸ ਦੌਰਾਨ ਉਹ ਅਚਾਨਕ ਡਿੱਗ ਗਿਆ ਤੇ ਬੇਹੋਸ਼ ਹੋ ਗਿਆ। ਉਸ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਅਤੇ ਸੰਧਿਆ ਦੀ ਇਸੇ ਸਾਲ ਜਨਵਰੀ ਮਹੀਨੇ ਵਿੱਚ ਲਵ ਮੈਰਿਜ ਹੋਈ ਸੀ।

ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਿੰਮ ਦੀ ਸੀਸੀਟੀਵੀ ਫੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੰਜਾਬ

ਦੇਸ਼