Breaking News
ਕੀ ਤੁਹਾਡਾ WhatsApp ਸੱਚਮੁੱਚ SAFE ਹੈ ?

ਅੱਜ ਦੇ ਡਿਜ਼ੀਟਲ ਯੁੱਗ ਦੇ ਵਿੱਚ ਵਟਸਐਪ (WhatsApp) ਸਿਰਫ਼ ਚੈਟਿੰਗ ਲਈ ਵਰਤੀ ਜਾਣ ਵਾਲੀ ਐਪ ਨਹੀਂ ਰਹੀ। ਇਹਦੇ ਵਿੱਚ ਸਾਡੀਆਂ ਨਿੱਜੀ ਗੱਲਾਂ, ਮਹੱਤਵਪੂਰਨ ਜਾਣਕਾਰੀਆਂ ਤੇ ਕਈ ਅਹਿਮ ਦਸਤਾਵੇਜ਼ ਵੀ ਸੁਰੱਖਿਅਤ ਹੁੰਦੇ ਨੇ। ਅਜਿਹੇ ਵਿੱਚ ਆਪਣੀਆਂ chats  ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਚੰਗੀ ਗੱਲ ਇਹ ਹੈ ਕਿ ਵਟਸਐਪ ਆਪਣੇ ਖਪਤਕਾਰ ਨੂੰ ਕਈ ਅਜਿਹੇ ਨਜਿੱਤਾ ਅਤੇ ਸੁਰੱਖਿਆ ਫੀਚਰ ਮੁਹੱਈਆ ਕਰਵਾਉਂਦਾ ਹੈ ਜਿਨ੍ਹਾਂ ਦੀ ਸਹੀ ਵਰਤੋਂ ਕਰਕੇ ਨਿੱਜੀ ਜਾਣਕਾਰੀਆਂ ਨੂੰ ਕਾਫ਼ੀ ਹੱਦ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

‘ਚੈਟ ਲਾਕ’

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ‘ਚੈਟ ਲਾਕ’ (Chat Lock) ਫੀਚਰ ਦੀ। ਇਹ ਤੁਹਾਡੀਆਂ ਖ਼ਾਸ ਅਤੇ ਨਿੱਜੀ ਚੈਟਾਂ ਨੂੰ ਹੋਰਾਂ ਦੀ ਨਜ਼ਰ ਤੋਂ ਬਚਾਉਣ ਦਾ ਇੱਕ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ ਚੁਣੀਆਂ ਗਈਆਂ ਚੈਟਾਂ ਲਾਕ ਹੋ ਜਾਂਦੀਆਂ ਨੇ। ਉਨ੍ਹਾਂ ਨੂੰ ਖੋਲ੍ਹਣ ਲਈ ਫਿੰਗਰਪ੍ਰਿੰਟ, ਫੇਸ ਆਈ.ਡੀ. ਜਾਂ ਪਾਸਵਰਡ ਦੀ ਲੋੜ ਪੈਂਦੀ ਹੈ; ਜਿਹੜੀ ਵੀ ਚੀਜ਼ ਤੁਸੀਂ ਲਾਈ ਹੁੰਦੀ ਹੈ ਇਨ੍ਹਾਂ ਨੂੰ ਖੋਲ੍ਹਣ ਵਾਸਤੇ, ਉਸ ਨਾਲ ਹੀ ਇਹ ਚੈਟਾਂ ਖੁੱਲ੍ਹਦੀਆਂ ਨੇ। ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇ ਤੁਹਾਡਾ ਫੋਨ ਕਿਸੇ ਹੋਰ ਦੇ ਹੱਥ ਵੀ ਚਲਾ ਜਾਵੇ, ਤਾਂ ਵੀ ਤੁਹਾਡੀਆਂ ਨਿੱਜੀ ਗੱਲਾਂ ਸੁਰੱਖਿਅਤ ਰਹਿੰਦੀਆਂ ਹਨ।

‘ਡਿਸਅਪੀਅਰਿੰਗ ਮੈਸੇਜਿਸ’ (Disappearing Messages)

2. ਇਸ ਤੋਂ ਇਲਾਵਾ ਵਟਸਐਪ ਦੇ ਵਿੱਚ ‘ਡਿਸਅਪੀਅਰਿੰਗ ਮੈਸੇਜਿਸ’ (Disappearing Messages) ਦਾ ਵਿਕਲਪ ਵੀ ਮੌਜੂਦ ਹੈ। ਇਸ ਸੈਟਿੰਗ ਨੂੰ ਐਕਟਿਵ ਕਰਨ ਤੋਂ ਬਾਅਦ ਭੇਜੇ ਗਏ ਸੁਨੇਹੇ ਨਿਰਧਾਰਿਤ ਸਮੇਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੇ ਨੇ। ਯੂਜ਼ਰ ਆਪਣੀ ਲੋੜ ਮੁਤਾਬਕ 24 ਘੰਟੇ, 7 ਦਿਨ ਜਾਂ 90 ਦਿਨ ਦਾ ਸਮਾਂ ਚੁਣ ਸਕਦੇ ਨੇ, ਜਿਸ ਨਾਲ ਚੈਟਾਂ ਲੰਬੇ ਸਮੇਂ ਤੱਕ ਸਟੋਰ ਰਹਿ ਕੇ ਤੁਹਾਡੇ ਫੋਨ ਨੂੰ ਨਹੀਂ ਭਰਦੀਆਂ, ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਵਿੱਚ ਵੀ ਮਦਦ ਮਿਲਦੀ ਹੈ।

‘ਟੂ-ਸਟੈਪ ਵੈਰੀਫਿਕੇਸ਼ਨ’ (Two-step verification)

3. ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ‘ਟੂ-ਸਟੈਪ ਵੈਰੀਫਿਕੇਸ਼ਨ’ (Two-step verification) ਵੀ ਇੱਕ ਮਹੱਤਵਪੂਰਨ ਫੀਚਰ ਹੈ ਵਟਸਐਪ ਦਾ, ਜਿਸਨੂੰ ਐਕਟਿਵ ਕਰਨ ਤੋਂ ਬਾਅਦ ਤੁਹਾਡੇ ਖਾਤੇ ਨਾਲ ਇੱਕ ਵਾਧੂ ਸੁਰੱਖਿਆ ਪਰਤ ਜੁੜ ਜਾਂਦੀ ਹੈ। ਜੇ ਕੋਈ ਵਿਅਕਤੀ ਤੁਹਾਡੇ ਨੰਬਰ ਦੀ ਵਰਤੋਂ ਕਰਕੇ ਕਿਸੇ ਹੋਰ ਡਿਵਾਈਸ ‘ਤੇ ਵਟਸਐਪ ਲੌਗਇਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਇੱਕ ਖ਼ਾਸ ਪਿੰਨ ਦਰਜ ਕਰਨਾ ਪਊਗਾ, ਤੇ ਉਹ ਪਿੰਨ ਤੁਹਾਡੇ ਫੋਨ ‘ਤੇ ਹੀ ਆਵੇਗਾ। ਇਸ ਪਿੰਨ ਤੋਂ ਬਿਨਾਂ ਖਾਤੇ ਤੱਕ ਪਹੁੰਚ ਸੰਭਵ ਹੀ ਨਹੀਂ ਹੁੰਦੀ, ਜਿਸ ਨਾਲ ਹੈਕਿੰਗ ਦਾ ਖ਼ਤਰਾ ਕਾਫ਼ੀ ਘਟ ਜਾਂਦਾ ਹੈ। 4. ਇਸ ਦੇ ਨਾਲ ਹੀ ਵਟਸਐਪ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਨਵੇਂ ਫੀਚਰਸ ‘ਤੇ ਕੰਮ ਕਰ ਰਿਹਾ ਹੈ। ਇਸੇ ਕੜੀ ਵਿੱਚ ਕੰਪਨੀ ਇੱਕ ਨਵਾਂ ਸੁਰੱਖਿਆ ਫੀਚਰ ਵੀ ਲਿਆ ਰਹੀ ਹੈ ਜੋ ਖ਼ਾਸ ਤੌਰ ‘ਤੇ ਉਨ੍ਹਾਂ ਉਪਭੋਗਤਾਵਾਂ ਦੇ ਲਈ ਤਿਆਰ ਕੀਤਾ ਗਿਆ ਹੈ ਜੋ ਹੈਕਿੰਗ ਜਾਂ ਟਾਰਗੇਟਿਡ ਸਾਈਬਰ ਹਮਲਿਆਂ ਤੋਂ ਵਾਧੂ ਸੁਰੱਖਿਆ ਚਾਹੁੰਦੇ ਹਨ। WABetaInfo ਦੀ ਇੱਕ ਰਿਪੋਰਟ ਦੇ ਮੁਤਾਬਕ, ਵਟਸਐਪ ਦੇ ਨਵੇਂ iOS ਬੀਟਾ ਵਰਜ਼ਨ ਦੇ ਵਿੱਚ ‘ਸਟ੍ਰਿਕਟ ਅਕਾਊਂਟ ਸੈਟਿੰਗਜ਼’ (Strict Account Settings) ਨਾਮ ਦਾ ਇੱਕ ਨਵਾਂ ਵਿਕਲਪ ਦੇਖਣ ਨੂੰ ਮਿਲਿਆ ਹੈ। ਇਹ ਫੀਚਰ ਪ੍ਰਾਈਵੇਸੀ ਦੇ ਐਡਵਾਂਸਡ ਸੈਕਸ਼ਨ ਵਿੱਚ ਉਪਲਬਧ ਹੋਵੇਗਾ। ਜਦੋਂ ਉਪਭੋਗਤਾ ਇਸ ਨੂੰ ਐਕਟਿਵ ਕਰਨਗੇ, ਤਾਂ ਉਨ੍ਹਾਂ ਨੂੰ ਐਕਸਟ੍ਰੀਮ ਪ੍ਰੋਟੈਕਸ਼ਨ ਮੋਡ, ਯਾਨੀ ਕਿ ਕੜੇ ਸੁਰੱਖਿਆ ਨਿਯਮਾਂ ਦਾ ਇੱਕ ਸੈੱਟ ਚਾਲੂ ਕਰਨ ਦੀ ਆਪਸ਼ਨ ਮਿਲੇਗੀ। ਇਸ ਮੋਡ ਦੇ ਐਕਟਿਵ ਹੋਣ ਤੋਂ ਬਾਅਦ ਵਟਸਐਪ ਆਪਣੇ ਆਪ ਕੁਝ ਵਾਧੂ ਸੁਰੱਖਿਆ ਸੈਟਿੰਗਜ਼ ਲਾਗੂ ਕਰੇਗਾ ਜੋ ਖਾਤੇ ਨੂੰ ਹੋਰ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਨਗੀਆਂ। ਇਸ ਦਾ ਮੁੱਖ ਮਕਸਦ ਤੁਹਾਡੇ ਖਾਤੇ ਨੂੰ ਹੈਕਿੰਗ, ਗੈਰ-ਅਧਿਕਾਰਿਤ ਪਹੁੰਚ ਅਤੇ ਟਾਰਗੇਟਿਡ ਸਾਈਬਰ ਹਮਲਿਆਂ ਤੋਂ ਬਚਾਉਣਾ ਹੈ। ਸੋ, ਵਟਸਐਪ ਦੇ ਇਹ ਸਾਰੇ ਜਿਹੜੇ ਫੀਚਰ ਹਨ, ਖ਼ਾਸ ਤੌਰ ‘ਤੇ ਤੁਹਾਡੀ ਸੁਰੱਖਿਆ ਤੇ ਪ੍ਰਾਈਵੇਸੀ ਦੇ ਨਾਲ ਜੁੜੇ ਹੋਏ ਹਨ। ਇਸ ਨੌਲੇਜ ਬੁਲੇਟਿਨ ਦੇ ਵਿੱਚ ਅਸੀਂ ਇਨ੍ਹਾਂ ਫੀਚਰਸ ਦੀ ਹੀ ਜਾਣਕਾਰੀ ਦਿੱਤੀ ਹੈ। ਤੁਸੀਂ ਜੇ ਚੰਗੀ ਤਰ੍ਹਾਂ ਨਹੀਂ ਸੁਣਿਆ ਤਾਂ ਦੁਬਾਰਾ ਸੁਣ ਕੇ ਆਪਣੇ ਮੋਬਾਈਲ ਦੇ ਵਟਸਐਪ ਦੇ ਵਿੱਚ ਇਨ੍ਹਾਂ ਫੀਚਰਸ ਨੂੰ ਆਨ-ਆਫ ਕਰ ਸਕਦੇ ਹੋ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ

ਚੰਡੀਗੜ੍ਹ, 25 ਜੂਨ 2025:

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਨ ਸਿੱਖ ਯੋਧੇ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਪੀਕਰ ਸੰਧਵਾਂ ਨੇ ਮਹਾਨ ਸਿੱਖ ਜਰਨੈਲ ਦੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕੀਤਾ। ਉਨ੍ਹਾਂ ਨੇ ਪਹਿਲੇ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਸਥਾਪਨਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਭੂਮਿਕਆ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਗਏ ਕ੍ਰਾਂਤੀਕਾਰੀ ਭੂਮੀ ਸੁਧਾਰਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਤਹਿਤ ਗਰੀਬ ਮੁਜ਼ਾਰਿਆਂ ਅਤੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਗਏ ਸਨ।

ਸ. ਸੰਧਵਾਂ ਨੇ ਕਿਹਾ, “ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਹਾਦਰੀ, ਨਿਆਂ ਅਤੇ ਨਿਸ਼ਕਾਮਤਾ ਦੀ ਪ੍ਰਤੱਖ ਮਿਸਾਲ ਹੈ। ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਅਣਥੱਕ ਲੜਾਈ ਲੜੀ। ਉਨ੍ਹਾਂ ਦੀ ਮਹਾਨ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।”

ਸਪੀਕਰ ਨੇ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਰਸਾਏ ਮਾਰਗ ਅਤੇ ਆਦਰਸ਼ਾਂ ’ਤੇ ਚੱਲਣ ਦੀ ਅਪੀਲ ਕੀਤੀ।

ਸਰਹੱਦ ਪਾਰੋਂ ਚਲਦੇ ਹਥਿਆਰਾਂ, ਨਸ਼ੀਲੇ ਪਦਾਰਥਾਂ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼

ਅੰਮ੍ਰਿਤਸਰ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਸਰਹੱਦ ਪਾਰੋਂ ਚੱਲ ਰਹੇ ਨਾਜਾਇਜ਼ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਇਸ ਕਾਰਵਾਈ ਦੌਰਾਨ ਇੱਕ ਅਫਗਾਨ ਨਾਗਰਿਕ ਅਤੇ ਇੱਕ ਨਾਬਾਲਗ ਸਮੇਤ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ 10 ਅਤਿ-ਆਧੁਨਿਕ ਹਥਿਆਰ, ਜਿਨ੍ਹਾਂ ਵਿੱਚ ਦੋ ਸਬ-ਮਸ਼ੀਨ ਗੰਨ ਸ਼ਾਮਲ ਹਨ, 5.048 ਕਿਲੋ ਹੈਰੋਇਨ ਅਤੇ 30.38 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੰਮ ਕਰਨ ਵਾਲੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਸਨ। ਉਹ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦੇ ਸਨ ਅਤੇ ਅੱਗੇ ਅਪਰਾਧਿਕ ਅਨਸਰਾਂ ਨੂੰ ਵੰਡਦੇ ਸਨ। ਇਹ ਨੈੱਟਵਰਕ ਵੱਖ-ਵੱਖ ਥਾਵਾਂ ‘ਤੇ ਵਿੱਤੀ ਲੈਣ-ਦੇਣ ਲਈ ਹਵਾਲਾ ਚੈਨਲਾਂ ਦੀ ਵਰਤੋਂ ਵੀ ਕਰਦਾ ਸੀ।

ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਕਰਨ, ਹੋਰ ਬਰਾਮਦਗੀ ਅਤੇ ਗ੍ਰਿਫ਼ਤਾਰੀਆਂ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਮੋਹਾਲੀ : ਜਿੰਮ ’ਚ ਕਸਰਤ ਕਰਦੇ ਨੌਜਵਾਨ ਦੀ ਮੌਤ

ਮੋਹਾਲੀ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਵਿਖੇ ਜਿੰਮ ਵਿਚ ਕਸਰਤ ਕਰਦੇ ਸਮੇਂ ਇਕ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 56 ਦਾ ਰਹਿਣ ਵਾਲਾ ਮੁਕੇਸ਼ ਆਪਣੀ ਪਤਨੀ ਨਾਲ ਜਿੰਮ ਵਿੱਚ ਕਸਰਤ ਕਰਨ ਲਈ ਆਇਆ ਸੀ। ਜਦੋਂ ਉਹ ਕਸਰਤ ਕਰ ਰਿਹਾ ਸੀ ਤਾਂ ਉਸ ਦੌਰਾਨ ਉਹ ਅਚਾਨਕ ਡਿੱਗ ਗਿਆ ਤੇ ਬੇਹੋਸ਼ ਹੋ ਗਿਆ। ਉਸ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਅਤੇ ਸੰਧਿਆ ਦੀ ਇਸੇ ਸਾਲ ਜਨਵਰੀ ਮਹੀਨੇ ਵਿੱਚ ਲਵ ਮੈਰਿਜ ਹੋਈ ਸੀ।

ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਿੰਮ ਦੀ ਸੀਸੀਟੀਵੀ ਫੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਵਿਧਾਇਕ ਕੁਲਦੀਪ ਧਾਲੀਵਾਲ ਨੇ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਰੱਖਿਆ ਜਨਤਾ ਦੇ ਸਾਹਮਣੇ

ਅੰਮ੍ਰਿਤਸਰ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ। ਧਾਲੀਵਾਲ ਨੇ ਕਿਹਾ ਕਿ ਅੱਜ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਦੇ ਨਵੇਂ ਰਾਹ ‘ਤੇ ਅੱਗੇ ਵਧ ਰਿਹਾ ਹੈ। ਮਾਨ ਸਰਕਾਰ ਸਿਹਤ, ਸਿੱਖਿਆ, ਸੜਕਾਂ, ਰੁਜ਼ਗਾਰ, ਨਹਿਰੀ ਪਾਣੀ, ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੀ ਖੇਤੀ ਨੂੰ ਉੱਨਤ ਬਣਾਉਣ ਲਈ ਯੁੱਧ ਪੱਧਰ ‘ਤੇ ਕੰਮ ਕਰ ਰਹੀ ਹੈ। ਝੋਨੇ ਦੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਦੇ ਕੋਨੇ-ਕੋਨੇ ਤੱਕ ਅਤੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ, ਅਤੇ ਜਿੱਥੇ ਅਜੇ ਪਾਣੀ ਨਹੀਂ ਪਹੁੰਚਿਆ, ਉੱਥੇ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੁੱਧਵਾਰ ਨੂੰ ‘ਆਪ’ ਆਗੂਆਂ ਜਰਨੈਲ ਸਿੰਘ ਢੋਟ, ਸਰਬਜੋਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਸੰਧੂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਸਾਲ 2022 ਦੀਆਂ ਚੋਣਾਂ ਦੌਰਾਨ ਜਨਤਾ ਨਾਲ ਕੀਤੀਆਂ ਪੰਜ ਮੁੱਖ ਗਾਰੰਟੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਇਹਨਾਂ ਸਾਰੀਆਂ ਗਾਰੰਟੀਆਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਬਿਜਲੀ ਦੀ ਗਾਰੰਟੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਜਾਰੀ ਹੈ। ਸਿਹਤ ਦੇ ਖੇਤਰ ਵਿੱਚ ਨਾ ਸਿਰਫ਼ ‘ਮੋਹੱਲਾ ਕਲੀਨਿਕ’ ਦੀ ਗਾਰੰਟੀ ਪੂਰੀ ਕੀਤੀ ਗਈ, ਸਗੋਂ ਬਿਨਾਂ ਕਿਸੇ ਵਾਅਦੇ ਦੇ ਵੀ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ‘ਹੈਲਥ ਇੰਸ਼ੋਰੈਂਸ ਕਾਰਡ’ ਮੁਫ਼ਤ ਦਿੱਤਾ ਗਿਆ।

ਸਿੱਖਿਆ ਪ੍ਰਣਾਲੀ ਬਾਰੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਸੀ, ਜਿਸ ਨੂੰ ਸੁਧਾਰਦਿਆਂ ਮਾਨ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਸਕੂਲਾਂ ਦੀਆਂ ਕੰਧਾਂ, ਕਲਾਸਰੂਮ, ਬਾਥਰੂਮ, ਆਧੁਨਿਕ ਲੈਬਾਂ, ਕਿਤਾਬਾਂ ਅਤੇ ਪੱਖਿਆਂ ਵਰਗੀਆਂ ਤਮਾਮ ਸਹੂਲਤਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਹਨ। ਇਸ ਤੋਂ ਇਲਾਵਾ, ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਿਨਾਂ ਕਿਸੇ ਸਿਫਾਰਸ਼ ਜਾਂ ਰਿਸ਼ਵਤ ਦੇ, ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਪੰਜਾਬ ਦੇ ਲਗਭਗ 68 ਹਜ਼ਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਧਾਲੀਵਾਲ ਨੇ ਅੱਗੇ ਦੱਸਿਆ ਕਿ ਆਉਂਦੀ 1 ਜੁਲਾਈ ਤੋਂ ਪੰਜਾਬ ਦੀਆਂ ਮਾਵਾਂ-ਭੈਣਾਂ ਲਈ ਇੱਕ ਹੋਰ ਵੱਡੀ ਗਾਰੰਟੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਤਹਿਤ ਜਨਰਲ ਕੈਟੇਗਰੀ ਦੀਆਂ ਔਰਤਾਂ ਨੂੰ ₹1000 ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ ₹1500 ਪ੍ਰਤੀ ਮਹੀਨਾ ਦਿੱਤੇ ਜਾਣਗੇ, ਜਿਸ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਪੂਰੀਆਂ ਕਰ ਲਈਆਂ ਗਈਆਂ ਹਨ। ਧਾਲੀਵਾਲ ਨੇ ਇਸ ਲਈ ਪੰਜਾਬ ਦੀਆਂ ਔਰਤਾਂ ਨੂੰ ਅਗਾਊਂ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਪ੍ਰਗਟਾਇਆ।

ਉਨ੍ਹਾਂ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਅੱਜ ਇਸੇ ਲਈ ਬੌਖਲਾਏ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ 1 ਜੁਲਾਈ ਤੋਂ ਬਾਅਦ ਜਦੋਂ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ, ਤਾਂ ਪੰਜਾਬ ਦੀ ਧਰਤੀ ‘ਤੇ ਵਿਰੋਧੀ ਧਿਰ ਨੂੰ ਕੋਈ ਪੁੱਛਣ ਵਾਲਾ ਨਹੀਂ ਰਹੇਗਾ। ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦਾ ਅਮਨ-ਚੈਨ ਵਿਗਾੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੀ ਜਨਤਾ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।

ਉੱਥੇ ਹੀ, ਧਾਲੀਵਾਲ ਨੇ ਚੰਡੀਗੜ੍ਹ ਵਿੱਚ ਕਾਂਗਰਸ ਆਗੂਆਂ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ‘ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਾਂਗਰਸ ਨੂੰ ਉਸ ਦੇ ਕਾਲੇ ਇਤਿਹਾਸ ਦੀ ਯਾਦ ਦਿਵਾਈ।

ਧਾਲੀਵਾਲ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਅੱਜ ਜੋ ਲੋਕ ਪ੍ਰੈਸ ਕਾਨਫਰੰਸ ਵਿੱਚ ਬੈਠ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਮਰਿਆਦਾ ਦੀ ਦੁਹਾਈ ਦੇ ਰਹੇ ਹਨ, ਉਹ ਅਸਲ ਵਿੱਚ ਇੰਦਰਾ ਗਾਂਧੀ ਦੇ ਵਾਰਿਸ ਹਨ। ਜੂਨ 1984 ਦੇ ਇਸੇ ਮਹੀਨੇ ਵਿੱਚ ਕਾਂਗਰਸ ਸਰਕਾਰ ਨੇ ਤੋਪਾਂ ਅਤੇ ਟੈਂਕਾਂ ਨਾਲ ਸਾਡੇ ਸਰਵਉੱਚ ਧਾਰਮਿਕ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ ਸੀ। ਅੱਜ ਵੀ ਉਸ ਤ੍ਰਾਸਦੀ ਦੀਆਂ ਤਸਵੀਰਾਂ ਦੇਖ ਕੇ ਹਰ ਸੱਚੇ ਸਿੱਖ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਉਸ ਸਮੇਂ ਕਾਂਗਰਸ ਦੇ ਇਸ ਕਾਰੇ ਦੀ ਨਿੰਦਾ ਕਰਨ ਦੀ ਬਜਾਏ, ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਆਪ੍ਰੇਸ਼ਨ ਬਲੂ ਸਟਾਰ ਦਾ ਸਵਾਗਤ ਕੀਤਾ ਸੀ ਅਤੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੱਤੀਆਂ ਸਨ। ਅਜਿਹੇ ਲੋਕਾਂ ਨੂੰ ਸਿੱਖ ਮਰਿਆਦਾਵਾਂ ‘ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਧਾਲੀਵਾਲ ਨੇ ਕਾਂਗਰਸ ਆਗੂਆਂ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਥੋੜ੍ਹੀ ਵੀ ਹਿੰਮਤ ਅਤੇ ਪੰਜਾਬੀਅਤ ਬਾਕੀ ਹੈ, ਤਾਂ ਉਹ ਰਾਹੁਲ ਗਾਂਧੀ ਨੂੰ ਕਹਿ ਕੇ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿੱਚੋਂ ਬਾਹਰ ਕਢਵਾ ਕੇ ਦਿਖਾਉਣ। ਉਨ੍ਹਾਂ ਦਿੱਲੀ ਵਿੱਚ ਹੋਏ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਕਾਂਗਰਸ ਨੇ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜ਼ਿੰਦਾ ਸਾੜਿਆ ਅਤੇ ਸਾਡੀਆਂ ਮਾਵਾਂ-ਭੈਣਾਂ ਦੀ ਪੱਤ ਲੁੱਟੀ, ਉਹ ਅੱਜ ਪੰਜਾਬ ਨੂੰ ਉਪਦੇਸ਼ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ ਹੈ; ਚਾਹੇ ਉਹ ਪੰਜਾਬ ਤੋਂ ਚੰਡੀਗੜ੍ਹ ਖੋਹਣਾ ਹੋਵੇ, ਪੰਜਾਬੀ ਬੋਲਦੇ ਇਲਾਕੇ ਖੋਹਣੇ ਹੋਣ ਜਾਂ ਪੰਜਾਬ ਦਾ ਨਹਿਰੀ ਪਾਣੀ ਖੋਹਣਾ ਹੋਵੇ, ਇਹਨਾਂ ਸਾਰੇ ਗੁਨਾਹਾਂ ਪਿੱਛੇ ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਰਹੀਆਂ ਹਨ।

ਧਾਲੀਵਾਲ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਜੋ ਕਾਂਗਰਸ ਆਗੂ ਇਕਜੁੱਟ ਹੋਣ ਦਾ ਨਾਟਕ ਕਰ ਰਹੇ ਹਨ, ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਵਿਜ਼ਨ ਜਾਂ ਮੁੱਦਾ ਨਹੀਂ ਹੈ। ਇਹ ਸਿਰਫ਼ ਸੱਤਾ ਦੇ ਲਾਲਚ ਵਿੱਚ ਇਕੱਠੇ ਹੋਏ ਹਨ ਅਤੇ ਪ੍ਰੈਸ ਕਾਨਫਰੰਸ ਤੋਂ ਬਾਹਰ ਨਿਕਲਦਿਆਂ ਹੀ ਇਹ ਆਗੂ ਫਿਰ ਤੋਂ ਇੱਕ-ਦੂਜੇ ਦੀ ਲੱਤ ਖਿੱਚਣ ਵਿੱਚ ਲੱਗ ਜਾਣਗੇ। ਪੰਜਾਬ ਦੀ ਜਨਤਾ ਹੁਣ ਇਨ੍ਹਾਂ ਦੇ ਬਹਿਕਾਵੇ ਵਿੱਚ ਆਉਣ ਵਾਲੀ ਨਹੀਂ ਹੈ ਅਤੇ ਉਹ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਕੇਂਦਰ ਸਰਕਾਰ ਦਾ ਵੱਡਾ ਬਿਆਨ, ਪਾਸਪੋਰਟ ਇੱਕ ਯਾਤਰਾ ਦਸਤਾਵੇਜ਼

ਨਵੀਂ ਦਿੱਲੀ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੇਂਦਰ ਸਰਕਾਰ ਵੱਲੋਂ ਪਾਸਪੋਰਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪਾਸਪੋਰਟ ਇਕ ਦਸਤਾਵੇਜ਼ ਹੈ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਪਾਸਪੋਰਟ ਇਕ ਦਸਤਾਵੇਜ਼ ਹੈ, ਪਾਸਪੋਰਟ ਨੂੰ ਨਾਗਰਿਕਤਾ ਦਾ ਨਿਰਣਾਇਕ ਸਬੂਤ ਨਾ ਮੰਨਿਆ ਜਾਵੇ। ਇਹ ਵੀ ਕਿਹਾ ਕਿ ਵੋਟਰ ਕਾਰਡ, ਪੈਨ ਕਾਰਡ ਦੀ ਤਰ੍ਹਾਂ ਨਾਗਰਿਕਤਾ ਦਾ ਸਬੂਤ ਨਹੀਂ ਹੈ। ਪਾਸਪੋਰਟ ਵਿਦੇਸ਼ਾਂ ’ਚ ਪਛਾਣ ਤੇ ਯਾਤਰਾ ਦੀ ਸਹੂਲਤ ਦੇਣਾ ਹੀ ਦਸਤਾਵੇਜ਼ ਦਾ ਮਕਸਦ ਹੈ।

 ਵਿਦੇਸ਼ ਮੰਤਰਾਲੇ (MEA) ਦੇ ਅਧਿਕਾਰੀਆਂ ਨੇ ‘ਪਾਸਪੋਰਟ ਸੇਵਾ ਦਿਵਸ’ ਦੇ ਮੌਕੇ ‘ਤੇ ਭਾਰਤ ਦੇ ਪਾਸਪੋਰਟ ਅਤੇ ਗਤੀਸ਼ੀਲਤਾ ਈਕੋਸਿਸਟਮ ਵਿੱਚ ਵਿਕਾਸ ਨੂੰ ਦਰਸਾਉਂਦੇ ਹੋਏ ਇਹ ਸਪੱਸ਼ਟੀਕਰਨ ਦਿੱਤਾ, ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਕਿਹਾ ਕਿ ਇੱਕ ਪਾਸਪੋਰਟ ਵਿਦੇਸ਼ ਵਿੱਚ ਯਾਤਰਾ ਕਰਨ ਵੇਲੇ ਇੱਕ ਭਾਰਤੀ ਨਾਗਰਿਕ ਦੀ ਕੌਮੀਅਤ ਨੂੰ ਪ੍ਰਮਾਣਿਤ ਕਰਦਾ ਹੈ ਪਰ ਇਹ ਆਪਣੇ ਆਪ ਵਿੱਚ ਨਾਗਰਿਕਤਾ ਦਾ ਦਸਤਾਵੇਜ਼ ਨਹੀਂ ਹੈ।

ਸਰਕਾਰ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਨਵਾਂ ਚਰਚਾ ਛਿੜ ਗਈ ਹੈ। ਕਈ ਪ੍ਰਮੁੱਖ ਹਸਤੀਆਂ ਵੱਲੋਂ ਇਸ ਉਤੇ ਟਿੱਪਣੀ ਕੀਤੀ ਗਈ ਹੈ। ਮਸ਼ਹੂਰ ਗੀਤਕਾਰ ਅਤੇ ਲੇਖਕ ਜਾਵਿਦ ਅਖ਼ਤਰ ਨੇ ਇਸ ਮਾਮਲੇ ‘ਤੇ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਜਾਵਿਦ ਅਖ਼ਤਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਵਿਦੇਸ਼ ਮੰਤਰਾਲਾ ਕਹਿ ਰਿਹਾ ਹੈ ਕਿ ਪਾਸਪੋਰਟ ਸਿਰਫ਼ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਸਬੂਤ ਨਹੀਂ। ਉਨ੍ਹਾਂ ਨੇ ਹੈਰਾਨੀ ਜਤਾਉਂਦੇ ਹੋਏ ਸਵਾਲ ਕੀਤਾ, ‘ਕੀ ਸੱਚਮੁੱਚ ਅਜਿਹਾ ਹੈ? ਤਾਂ ਕੀ ਸਰਕਾਰ ਇਹ ਯਾਤਰਾ ਦਸਤਾਵੇਜ਼ ਕੁਝ ਲੋਕਾਂ ਨੂੰ ਇਹ ਪੂਰੀ ਤਰ੍ਹਾਂ ਯਕੀਨੀ ਬਣਾਏ ਬਿਨਾਂ ਹੀ ਜਾਰੀ ਕਰ ਰਹੀ ਹੈ ਕਿ ਉਹ ਵਿਅਕਤੀ ਭਾਰਤੀ ਨਾਗਰਿਕ ਹੈ ਵੀ ਜਾਂ ਨਹੀਂ?’ ਜਾਵਿਦ ਅਖ਼ਤਰ ਨੇ ਸਰਕਾਰ ਦੇ ਇਸ ਸਪੱਸ਼ਟੀਕਰਨ ਨੂੰ ਪੂਰੀ ਤਰ੍ਹਾਂ ਬੇਤੁਕਾ ਯਾਨੀ ‘Absurd’ ਦੱਸਿਆ ਹੈ।

ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਦਾ ਪਾਰਦਰਸ਼ੀ, ਨਿਰਪੱਖ ਅਤੇ ਸਮਾਂਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ : ਡਾ. ਰਵਜੋਤ ਸਿੰਘ

ਚੰਡੀਗੜ੍ਹ/ਐਸ.ਏ.ਐਸ. ਨਗਰ(ਮੋਹਾਲੀ), 24 ਜੂਨ:

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਪ੍ਰਵਾਸੀਆਂ ਨਾਲ ਸਬੰਧਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਅਤੇ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਅਤੇ ਤੁਰੰਤ ਨਿਪਟਾਰੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਅੱਜ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਈ ਗਈ ‘ਐਨ.ਆਰ.ਆਈ. ਮਿਲਣੀ-2026’ ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਹੈ।

ਇਸ ਮਿਲਣੀ ਵਿੱਚ ਐਸ.ਏ.ਐਸ. ਨਗਰ (ਮੋਹਾਲੀ), ਰੂਪਨਗਰ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਇਸ ਮੌਕੇ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਮੁਹੰਮਦ ਤਈਅਬ, ਏ.ਡੀ.ਜੀ.ਪੀ. ਐਨ.ਆਰ.ਆਈ. ਵਿੰਗ ਪੰਜਾਬ ਆਰ.ਕੇ. ਜੈਸਵਾਲ, ਕਮਿਸ਼ਨਰ ਪਟਿਆਲਾ ਡਿਵੀਜ਼ਨ-ਕਮ-ਚੇਅਰਮੈਨ ਐਨ.ਆਰ.ਆਈ. ਸਭਾ ਜਲੰਧਰ ਵਿਨੇ ਬੁਬਲਾਨੀ, ਵਿਸ਼ੇਸ਼ ਸਕੱਤਰ ਐਨ.ਆਰ.ਆਈ. ਅਮਨਦੀਪ ਕੌਰ, ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਕੋਮਲ ਮਿੱਤਲ, ਐਸ.ਐਸ.ਪੀ. ਰੂਪਨਗਰ ਮਨਿੰਦਰ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਨਾਤਾ ਰੱਖਦੇ ਹਨ ਅਤੇ ਉਨ੍ਹਾਂ ਨੇ ਦੁਨੀਆ ਭਰ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਨ.ਆਰ.ਆਈਜ਼ ਨਾਲ ਸਬੰਧਤ ਹਰ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਸੁਣਵਾਈ ਅਤੇ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।

ਐਨ.ਆਰ.ਆਈ. ਮੰਤਰੀ ਨੇ ਦੱਸਿਆ ਕਿ ਜਨਵਰੀ 2022 ਤੋਂ ਮਈ 2026 ਤੱਕ ਐਨ.ਆਰ.ਆਈ. ਵਿਭਾਗ ਕੋਲ ਕੁੱਲ 26,828 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 25,870 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 1,187 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਅਤੇ 1,451 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅੰਕੜੇ ਪੰਜਾਬ ਸਰਕਾਰ ਦੀ ਐਨ.ਆਰ.ਆਈਜ਼ ਦੇ ਮਸਲਿਆਂ ਦੇ ਹੱਲ ਪ੍ਰਤੀ ਗੰਭੀਰਤਾ ਅਤੇ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਮੁੱਖ ਤੌਰ ’ਤੇ ਪ੍ਰਾਪਰਟੀ ਵਿਵਾਦਾਂ, ਜ਼ਮੀਨਾਂ ’ਤੇ ਗੈਰ-ਕਾਨੂੰਨੀ ਕਬਜ਼ਿਆਂ, ਦਸਤਾਵੇਜ਼ੀ ਤਰੁੱਟੀਆਂ ਅਤੇ ਵਿਆਹੁਤਾ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਲਗਭਗ 5,000 ਤੋਂ 6,000 ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਦਾ ਨਿਪਟਾਰਾ ਆਪਸੀ ਸਹਿਮਤੀ ਜਾਂ ਕਾਨੂੰਨੀ ਪ੍ਰਕਿਰਿਆ ਰਾਹੀਂ ਕਰਵਾਇਆ ਜਾਂਦਾ ਹੈ।

ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਦਾ ਨਿਪਟਾਰਾ ਲੰਬੇ ਸਮੇਂ ਤੋਂ ਲੰਬਿਤ ਹੈ ਜਾਂ ਜਿਨ੍ਹਾਂ ਵਿੱਚ ਸੁਣਵਾਈ ਦੀ ਪ੍ਰਕਿਰਿਆ ਧੀਮੀ ਹੈ, ਉਨ੍ਹਾਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਸਬੰਧਤ ਅਧਿਕਾਰੀਆਂ ਨਾਲ ਨਿਯਮਿਤ ਤੌਰ ’ਤੇ ਸਮੀਖਿਆ ਕਰਕੇ ਹੱਲ ਯਕੀਨੀ ਬਣਾ ਰਹੇ ਹਨ।

ਕੈਨੇਡਾ ਵਿੱਚ ‘ਕੰਟਰੈਕਟ ਮੈਰਿਜ’ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਰਕ ਪਰਮਿਟ ਜਾਂ ਸਥਾਈ ਨਿਵਾਸ (ਪੀ.ਆਰ.) ਹਾਸਲ ਕਰਨ ਦੇ ਮਾਮਲਿਆਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਤੇ ਰਾਸ਼ਟਰੀ ਪੱਧਰ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ ਕਾਨੂੰਨੀ ਵਿਵਸਥਾ ਸੰਸਦ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ, ਪਰ ਪੰਜਾਬ ਵਿੱਚ ਵੱਧ ਰਹੇ ਅਜਿਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਦੇ ਸਥਾਈ ਹੱਲ ਲਈ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਜਾਵੇਗਾ।

ਪੰਜਾਬ ‘ਚ SIR ਅੱਜ ਤੋਂ, ਘਰੋ ਘਰੀ ਹੋਵੇਗੀ ਗਣਨਾ

ਚੰਡੀਗੜ੍ਹ, 25 ਜੂਨ, ਪ੍ਰਾਈਮ ਏਸ਼ੀਆ ਨਿਊਜ਼ :
ਪੰਜਾਬ ਰਾਜ ਵਿੱਚ ਅੱਜ  ਤੋਂ (25 ਜੂਨ 2026 ) ਤੋਂ  ਵਿਸ਼ੇਸ਼ ਗਹਿਰੀ ਸੁਧਾਈ ਅਧੀਨ ਘਰੋ-ਘਰ ਗਣਨਾ ਦਾ ਪਹਿਲੇ ਪੜਾਅ ਦਾ ਕੰਮ ਆਰੰਭ ਹੋ ਜਾਵੇਗਾ। ਘਰੋ-ਘਰ ਗਣਨਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਅੱਜ ਇੱਥੇ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗਣਨਾ ਦੇ ਪਹਿਲੇ ਪੜਾਅ ਦੌਰਾਨ ਬੀ.ਐਲ.ਓ. ਵੱਲੋਂ ਘਰ-ਘਰ ਜਾ ਕੇ ਪ੍ਰੀ-ਪ੍ਰਿੰਟਡ ਫਾਰਮਾਂ ਦੀ ਵੰਡ ਕੀਤੀ ਜਾਵੇਗੀ ਅਤੇ ਬੀ.ਐਲ.ਓਜ਼ ਵੱਲੋਂ ਇਹ ਫਾਰਮ ਭਰਨ ਵਿੱਚ ਵੋਟਰਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਇਨ੍ਹਾਂ ਫਾਰਮਾਂ ਨੂੰ ਘਰੋ-ਘਰੀ ਜਾ ਕੇ ਵਾਪਸ ਇਕੱਤਰ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਘਰੋ-ਘਰੀ ਗਣਨਾ ਦੀ ਪ੍ਰਕਿਰਿਆ 24 ਜੁਲਾਈ 2026 ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜੇਕਰ ਬੀ.ਐਲ.ਓ. ਨੂੰ ਕੋਈ ਫਾਰਮ ਪ੍ਰਾਪਤ ਨਹੀਂ ਹੁੰਦਾ ਤਾਂ ਉਸ ਫਾਰਮ ਦੀ ਪ੍ਰਾਪਤੀ ਲਈ ਉਹ ਤਿੰਨ ਵਾਰ ਤੱਕ ਉਸ ਘਰ ਦਾ ਦੌਰਾ ਕਰੇਗਾ ਅਤੇ ਆਪਣੇ ਦੌਰੇ ਸਬੰਧੀ ਘਰ ਦੇ ਦਰਵਾਜ਼ੇ ਤੇ ਸਟਿੱਕਰ ਚਿਪਕਾ ਕੇ ਜਾਣਕਾਰੀ ਦਰਜ ਕਰੇਗਾ।
 ਉਨ੍ਹਾਂ ਦੱਸਿਆ ਕਿ 24453 ਬੀ.ਐਲ.ਓਜ਼. ਵਲੋਂ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਦੀ ਗਣਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇ ਪੰਜਾਬ ਰਾਜ ਵਿੱਚ 1 ਕਰੋੜ 84 ਲੱਖ 61 ਹਜ਼ਾਰ 581 ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ, ਜੋ ਕਿ 86.02 ਫੀਸਦ ਬਣਦੀ ਹੈ।

ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਐਸ.ਆਈ.ਆਰ. ਸਬੰਧੀ ਐਲਾਨੇ ਗਏ ਪ੍ਰੋਗਰਾਮ ਅਨੁਸਾਰ 25 ਜੂਨ ਤੋਂ 24 ਜੁਲਾਈ ,2026 ਤੱਕ ਘਰੋ-ਘਰੀ ਗਣਨਾ,
ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸਨ ਦਾ ਕੰਮ 24 ਜੁਲਾਈ 2026 ਤੱਕ ਕੀਤਾ ਜਾਵੇਗਾ ਜਦਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 3-8-2026 ਤੋਂ 2-9-2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03-08-2026 ਤੋਂ 28-09-2026 ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਗਣਨਾ ਸਬੰਧੀ ਪੰਜਾਬ ਰਾਜ ਦੇ ਸਮੁੱਚੇ ਚੋਣ ਅਮਲੇ ਅਤੇ ਬੀ.ਐਲ.ਏਜ਼. ਨੂੰ ਟਰੇਨਿੰਗ ਦੇਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀਮਤੀ ਮਿਤਰਾ ਨੇ ਸਪੱਸ਼ਟ ਕੀਤਾ ਘਰੋ-ਘਰੀ ਗਣਨਾ ਦੌਰਾਨ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੁੰਦੀ ਹੈ  ਤਾਂ ਉਸਨੂੰ  ਇਤਰਾਜ ਅਤੇ ਦਾਅਵਿਆਂ ਦੀ ਪ੍ਰਕਿਰਿਆ ਦੌਰਾਨ ਨੋਟਿਸ ਜਾਰੀ ਹੋਵੇਗਾ, ਜਿਸ ’ਤੇ ਸਬੰਧਤ ਵਿਅਕਤੀ ਮੰਗੇ ਗਏ ਦਸਤਾਵੇਜ਼ ਈਆਰਓ ਨੂੰ ਪੇਸ਼ ਕਰਕੇ ਆਪਣੀ ਵੋਟ ਬਣਵਾਉਣ ਲਈ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਅਮਲ ਦੌਰਾਨ ਕਿਸੇ ਵੀ ਯੋਗ ਵਿਅਕਤੀ ਦੀ ਵੋਟ ਨਹੀਂ ਕੱਟੀ ਜਾਵੇਗੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਭਾਰਤੀ ਨਾਗਰਿਕ ਨੇ ਕਿਸੇ ਹੋਰ ਦੇਸ਼ ਦਾ ਪਾਸਪੋਰਟ ਬਣਵਾ ਲਿਆ ਹੈ ਤਾਂ ਉਹ ਭਾਰਤ ਵਿੱਚ ਵੋਟ ਬਣਵਾਉਣ ਦਾ ਹੱਕਦਾਰ ਨਹੀਂ ਹੈ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੋਟਰ ਦੋ ਥਾਵਾਂ ਤੇ ਵੋਟ ਬਣਾਉਂਦਾ ਹੈ ਜਾਂ ਫਿਰ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਦੇ ਬਾਵਜੂਦ ਭਾਰਤ ਵਿੱਚ ਆਪਦੀ ਵੋਟ ਬਣਾਉਂਦਾ ਹੈ ਤਾਂ ਉਸਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।

ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਐਸਆਈਆਰ ਦੀ ਪੂਰੀ ਪ੍ਰਕਿਰਿਆ ਸਬੰਧੀ ਪੰਜਾਬ ਰਾਜ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੀਟਿੰਗ ਕਰਕੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਵੀ ਅਮਲ ਕੀਤਾ ਗਿਆ ਹੈ। ਉਨ੍ਹਾਂ  ਦੱਸਿਆ ਕਿ ਇਹ ਮੀਟਿੰਗ ਰਾਜ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ , ਤਹਿਸੀਲ ਪੱਧਰ ਅਤੇ ਬੀਐਲਓ ਪੱਧਰ ਤੱਕ ਕੀਤੀਆਂ ਗਈਆਂ ਹਨ।

ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਸਮੂਹ ਈਆਰਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਬੰਧਤ ਖੇਤਰ ਦੇ ਬੀਐਲਓਜ਼ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨਗੇ ਅਤੇ ਬੀਐਲਓਜ਼ ਤੋਂ ਫੀਡਬੈਕ ਲੈਣ ਤੋਂ ਇਲਾਵਾਂ ਉਨ੍ਹਾਂ ਦੀਆਂ  ਤਕਨੀਕੀ ਸਮੱਸਿਆਵਾਂ, ਘਰ ਜਾਂ ਵਿਅਕਤੀ ਲੱਭਣ ਵਿੱਚ ਪੇਸ਼ ਆ ਰਹੀ ਸਮੱਸਿਆ ਬਾਰੇ ਜਾਂ ਕਿਸੇ ਵੱਲੋਂ ਦੁਰਵਿਹਾਰ ਕਰਨ ਸਬੰਧੀ ਜਾਣਕਾਰੀ ਲੈਣਗੇ।

ਵੈਨੇਜ਼ੁਏਲਾ ‘ਚ ਭੂਚਾਲ ਨਾਲ ਤਬਾਹੀ, ਇਮਾਰਤਾਂ ਢਹਿ ਢੇਰੀ, ਹਜ਼ਾਰਾਂ ਮੌਤਾਂ ਦਾ ਖਦਸ਼ਾ

ਵੈਨੇਜ਼ੁਏਲਾ ਵਿੱਚ ਅੱਜ ਆਈ ਭੂਚਾਲ ਨੇ ਤਬਾਹੀ ਮਚਾ ਦਿੱਤੀ ਹੈ। ਜ਼ਬਰਦਸਤ ਆਏ ਭੂਚਾਲ ਨੇ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ ਹੈ। ਇਸ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਸ਼ੰਕਾਂ ਪ੍ਰਗਟਾਈ ਜਾ ਰਹੀ ਹੈ। ਵੈਨੇਜ਼ੁਏਲਾ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ, ਮਾਈਕੇਟੀਆ ਏਅਰਪੋਰਟ ਨੂੰ ਭੂਚਾਲ ਨਾਲ ਹੋਏ ਗੰਭੀਰ ਨੁਕਸਾਨ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਜ਼ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਦੇਸ਼ ਵਿੱਚ ਐਂਮਰਜੈਂਸੀ ਦਾ ਐਲਾਨ ਕੀਤਾ ਅਤੇ ਐਂਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਇਕ ਜਨਰਲ ਨੂੰ ਵੀ ਨਿਯੁਕਤ ਕੀਤਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਏਕਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਭੂਚਾਲ ਵਿੱਚ ਆਪਣਿਆਂ ਨੂੰ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ, ਹਾਲਾਂਕਿ ਉਨ੍ਹਾਂ ਮ੍ਰਿਤਕਾਂ ਦੀ ਗਿਣਤੀ ਨਹੀਂ ਦੱਸੀ।

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੱਸੀ ਜਾ ਰਹੀ ਹੈ, ਜਿੰਨਾਂ ਭਾਰੀ ਤਬਾਹੀ ਮਚਾਈ ਹੈ। ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਮੋਂਟਾਲਬਨ ਤੋਂ 25 ਕਿਲੋਮੀਟਰ ਦੂਰ ਸਥਿਤ ਸੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 6:04 ਵਜੇ ਆਇਆ, ਜਿਸ ਤੋਂ ਬਾਅਦ ਕੁਝ ਸਕਿੰਟਾਂ ਬਾਅਦ ਦੂਜਾ ਭੂਚਾਲ ਆਇਆ। ਵੈਨੇਜ਼ੁਏਲਾ ਦੇ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਮਾਰਤਾਂ ਦੇ ਅੰਦਰ ਨਾ ਰਹਿਣ ਦੀ ਸਲਾਹ ਦਿੱਤੀ ਹੈ, ਕਿਉਂਕਿ ਸੰਭਾਵੀ ਭੂਚਾਲ ਦੇ ਝਟਕੇ ਅਜੇ ਵੀ ਆ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਸੜਕਾਂ ‘ਤੇ ਬਾਹਰ ਰਹਿਣ ਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

25-06-2026

ਧਨਾਸਰੀ ਮਹਲਾ ੫ ॥

ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਵੀਰਵਾਰ, ੧੧ ਹਾੜ (ਸੰਮਤ ੫੫੮ ਨਾਨਕਸ਼ਾਹੀ)(ਅੰਗ: ੬੮੦)

ਪੰਜਾਬੀ ਵਿਆਖਿਆ

ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ । ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ । ਹੇ ਨਾਨਕ! ਆਖ—(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ।੨।੫।੩੬।

English Translation

DHANAASAREE, FIFTH MEHL:

People try to deceive others, but the Inner-knower, the Searcher of hearts, knows everything. They commit sins, and then deny them, while they pretend to be in Nirvaanaa. || 1 || They believe that You are far away, but You, O God, are near at hand. Looking around, this way and that, the greedy people come and go. || Pause || As long as the doubts of the mind are not removed, liberation is not found. Says Nanak, he alone is a Saint, a devotee, and a humble servant of the Lord, to whom the Lord and Master is merciful. || 2 || 5 || 36 ||Thursday, 11th Assaar (Samvat 558 Nanakshahi)(Page: 680)

ਪੰਜਾਬ

ਦੇਸ਼