Breaking News
ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਅਜਨਾਲਾ, 25 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਦੋ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ ਜਿਸ ਵਿੱਚ ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਤੱਥ ਰੱਖੇ ਗਏ। ਸੁਣਵਾਈ ਤੋਂ ਬਾਅਦ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਹੋਰ ਰਿਮਾਂਡ ਨਹੀਂ ਮੰਗਿਆ। ਪੁਲਿਸ ਨੇ ਅਦਾਲਤ ਅੱਗੇ ਕੋਈ ਨਵੀਂ ਡਿਮਾਂਡ ਪੇਸ਼ ਨਾ ਕਰਨ ਕਰਕੇ ਅਦਾਲਤ ਨੇ ਸਿੱਧਾ ਜੁਡੀਸ਼ਅਲ ਰਿਮਾਂਡ ਦਾ ਹੁਕਮ ਜਾਰੀ ਕੀਤਾ।

ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਾ ਤਾਂ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਅਤੇ ਨਾ ਹੀ ਕੋਈ ਵੱਡੀ ਰਿਕਵਰੀ ਜਾਂ ਨਵਾਂ ਮਾਮਲਾ ਅੱਗੇ ਰੱਖਿਆ ਗਿਆ। ਵਕੀਲ ਨੇ ਕਿਹਾ ਕਿ ਪੁਲਿਸ ਕੋਲ ਪਹਿਲਾਂ ਕੁਝ ਸਵਾਲ ਸਨ, ਜਿਵੇਂ ਕਿ ਪਾਲਕੀ ਸਾਹਿਬ, ਮੋਬਾਇਲ ਜਾਂ ਹੋਰ ਸਾਮਾਨ ਦੀ ਰਿਕਵਰੀ ਸਬੰਧੀ, ਪਰ ਅੱਜ ਦੀ ਸੁਣਵਾਈ ਵਿੱਚ ਇਸ ਸਬੰਧੀ ਕੋਈ ਵੱਡੀ ਗੱਲ ਸਾਹਮਣੇ ਨਹੀਂ ਆਈ।

ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਹੁਣ ਭਾਈ ਅੰਮ੍ਰਿਤਪਾਲ ਸਿੰਘ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਰਹਿਣਗੇ।

ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ ’ਤੇ ਹੋਏ ਲਖਬੀਰ ਕਤਲ ਮਾਮਲੇ ’ਚ ਨਿਹੰਗ ਸਿੰਘ ਬਰੀ

ਸੋਨੀਪਤ, 25 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਕਿਸਾਨ ਅੰਦੋਲਨ ਦੌਰਾਨ ਕੁੰਡਲੀ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਗਏ ਲਖਬੀਰ ਸਿੰਘ ਮਾਮਲੇ ਵਿੱਚ ਸੋਨੀਪਤ ਦੀ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ। ਲਖਬੀਰ ਸਿੰਘ ਕਤਲ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਚਾਰ ਨਿਹੰਗਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਮਾਮਲੇ ਦੀ ਸੁਣਾਈ ਦੌਰਾਨ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਕਿਹਾ ਕਿ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਇਹ ਕਤਲ ਨਿਹੰਗਾਂ ਨੇ ਹੀ ਕੀਤਾ ਸੀ। ਜ਼ਿਕਰਯੋਗ ਹੈ ਕਿ 2021 ਵਿੱਚ ਦੁਸ਼ਹਿਰੇ ਵਾਲੇ ਦਿਨ ਪੰਜਾਬ ਦੇ ਤਰਨ ਤਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 15 ਅਕਤੂਬਰ 2021 ਨੂੰ ਕੁੰਡਲੀ ਥਾਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ ਉਤੇ ਲਖਬੀਰ ਸਿੰਘ ਨੂੰ ਪੁਲਿਸ ਬੈਰੀਕੇਡ ਨਾਲ ਪੁੱਠਾ ਲਟਕਿਆ ਹੋਇਆ ਮਿਲਿਆ ਸੀ। ਉਸਦਾ ਖੱਬਾ ਹੱਥ ਵੱਢਿਆ ਹੋਇਆ ਸੀ। ਨੌਜਵਾਨ ਦੇ ਕਤਲ ਦਾ ਦੋਸ਼ ਨਿਹੰਗਾਂ ਉਤੇ ਲਗਾਇਆ ਗਿਆ ਸੀ। ਇਸ ਮਾਮਲੇ ਵਿੱਚ ਕਈ ਵੀਡੀਓ ਵੀ ਸਾਹਮਣੇ ਆਈਆਂ ਸਨ।

ਪਾਰਟੀ ਛੱਡਣ ਵਾਲੇ ਸਾਂਸਦਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਸਿਆ ਤੰਜ

ਚੰਡੀਗੜ੍ਹ, 25 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸੱਤ ਰਾਜ ਸਭਾ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਛੱਡਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਗੀ ਸਾਂਸਦਾਂ ਦੀ ਤੁਲਨਾ ਅਦਰ ਲਸਣ ਤੇ ਮਾਸਾਲਿਆਂ ਨਾਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, ‘ਅਦਰਕ, ਲਸਣ, ਜ਼ੀਰਾ, ਮੇਥੀ ਪਾਊਡਰ, ਲਾਲ ਮਿਰਚ, ਕਾਲੀ ਮਿਰਚ ਅਤੇ ਧਨੀਆ, ਇਹ 7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਨੇ ਪਰ ਇਨ੍ਹਾਂ ਦੀ ਆਪਣੀ “ਸਬਜ਼ੀ” ਨਹੀਂ ਬਣ ਸਕਦੀ..’

 ਬੀਤੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਕਿਹਾ ਪਾਰਟੀ ਵੱਡੀ ਹੁੰਦੀ ਹੈ, ਸੰਗਠਨ ਵੱਡਾ ਹੁੰਦਾ ਹੈ, ਵਿਅਕਤੀ ਨਹੀਂ। ਇਹ ਛੇ-ਸੱਤ ਲੋਕ ਜੋ ਗਏ ਹਨ, ਉਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਇੱਥੇ ਬੈਠੇ-ਬੈਠੇ ਅਹੁਦੇ ਮਿਲ ਗਏ, ਉਨ੍ਹਾਂ ਨੂੰ ਕਿਸੇ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਪਈ। ਹੁਣ ਉਹ ਉੱਥੇ ਆਪਣੇ ਰਾਜਨੀਤਿਕ ਹਿੱਤਾਂ ਲਈ ਨਹੀਂ, ਆਪਣੀਆਂ ਜਾਨਾਂ ਬਚਾਉਣ ਲਈ ਗਏ ਹਨ ਪਰ ਉੱਥੇ ਵੀ ਉਨ੍ਹਾਂ ਦਾ ਕੁਝ ਨਹੀਂ ਹੋਵੇਗਾ। ਉਨ੍ਹਾਂ ਦਾ ਇਸਤੇਮਾਲ ਕਰਕੇ ਛੱਡ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ, ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਇਹ ਸੱਤ ਲੋਕ ਪਾਰਟੀ ਦਾ ਹਿੱਸਾ ਨਹੀਂ ਸਨ। ਕਈ ਵਾਰ ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਸਲੂਟ ਸਾਨੂੰ ਮਾਰੇ ਜਾਂਦੇ ਹਨ, ਪਰ ਇਸ ਪਿੱਛੇ ਕੋਈ ਹੋਰ ਹੁੰਦਾ ਹੈ। ਪੰਜਾਬ ਦੇ ਲੋਕ ਇਨ੍ਹਾਂ ਗੱਦਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਤਾਂ ਦੱਸ ਦਈਏ  ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਹਲਚੱਲ ਹੋਈ, ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਰਾਜ ਸਭਾ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਛੱਡਣ ਦਾ ਐਲਾਨ ਕੀਤਾ। ਆਗੂਆ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਬੀਤੇ ਕੱਲ੍ਹ ਰਾਘਵ ਚੱਢਾ (ਪੰਜਾਬ), ਸੰਦੀਪ ਪਾਠਕ (ਪੰਜਾਬ), ਅਸ਼ੋਕ ਕੁਮਾਰ ਮਿੱਤਲ (ਪੰਜਾਬ), ਹਰਭਜਨ ਸਿੰਘ (ਪੰਜਾਬ), ਵਿਕਰਮਜੀਤ ਸਿੰਘ ਸਾਹਨੀ (ਪੰਜਾਬ), ਸਵਾਤੀ ਮਾਲੀਵਾਲ (ਦਿੱਲੀ) ਅਤੇ ਰਾਜਿੰਦਰ ਗੁਪਤਾ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਸੰਦੀਪ ਪਾਠਕ ਨੇ ਕਿਹਾ, ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ ਕੁੱਲ 10 ਸੰਸਦ ਮੈਂਬਰ ਹਨ ਅਤੇ ਉਨ੍ਹਾਂ ਵਿੱਚੋਂ ਦੋ ਤਿਹਾਈ ਸਾਡੇ ਨਾਲ ਹਨ। ਅਸੀਂ ਰਾਜ ਸਭਾ ਚੇਅਰਮੈਨ ਨੂੰ ਆਪਣੇ ਦਸਤਖਤ ਸੌਂਪ ਦਿੱਤੇ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

25-04-2026

ਸੋਰਠਿ ਮਹਲਾ ੫ ॥

ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥

ਸ਼ਨਿਚਰਵਾਰ, ੧੨ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੦੯)

ਪੰਜਾਬੀ ਵਿਆਖਿਆ

ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧।ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ। ਰਹਾਉ। ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ। ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨। ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ ਮੇਰੇ ਸਿਰ ਉਤੇ ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।੩। ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।੪।੫।

ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਨੇ ਛੱਡੀ ਆਮ ਆਦਮੀ ਪਾਰਟੀ

ਨਵੀਂ ਦਿੱਲੀ, 24 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡੀ ਹਲਚੱਲ ਹੋਈ, ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਰਾਜ ਸਭਾ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਛੱਡਣ ਦਾ ਐਲਾਨ ਕੀਤਾ। ਆਗੂਆ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਅਮਿਤ ਸ਼ਾਹ ਨੇ ਰਾਘਵ ਚੱਢਾ ਨੂੰ ਨਵੀਂ ਪਾਰਟੀ ਬਣਾਉਣ ਲਈ ਕਿਹਾ : AAP

ਚੰਡੀਗੜ੍ਹ, 24 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ : ਆਮ ਆਦਮੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਉਤੇ ਪਾਰਟੀ ਤੋੜਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਅੱਜ ਇੱਥੇ ਪ੍ਰੈਸ ਕਾਨਫਰੰਸ ਕਰੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਆਮ ਆਦੀ ਪਾਰਟੀ ਤੋੜਨ ਦੀ ਸਾਜਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਰਾਘਵ ਚੱਢਾ ਨੂੰ ਇਕ ਟੂਲ ਵਾਂਗ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਰਾਘਵ ਚੱਢਾ ਰਾਹੀਂ ‘ਆਪ’ ਦੇ ਰਾਜ ਸਭਾ ਮੈਂਬਰਾਂ ਨੂੰ ਤੋੜ ਕੇ ਪਾਰਟੀ ਵਿੱਚ ਭਾਜਪਾ ਵਿੱਚ ਸ਼ਾਮਲ ਕਰਵਾ ਰਹੇ ਹਨ। ਉਨ੍ਹਾਂ ਦੋਸ਼ ਲਗਾਏ ਕਿ ਅਮਿਤ ਸ਼ਾਹ ਨੇ ਰਾਘਵ ਚੱਢਾ ਨੂੰ 7 ‘ਆਪ’ ਦੇ ਸਾਂਸਦ ਤੋੜ ਕੇ ਲਿਆਉਣ ਉਤੇ ਕੇਂਦਰੀ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਹੈ। ਬਲਤੇਜ ਪੰਨੂ ਨੇ ਕਿਹਾ ਕਿ ਰਾਘਵ ਚੱਢਾ ਨੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਪੰਜਾਬ ਨੇ ਰਾਘਵ ਚੱਢਾ ਨੂੰ ਛੋਟੀ ਉਮਰ ਵਿੱਚ ਰਾਜ ਸਭਾ ਮੈਂਬਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਦੋਂ ਪਿਆਰ ਕਰਦੇ ਹਨ ਪੂਰੇ ਦਿਲ ਨਾਲ ਕਰਦੇ ਹਨ, ਗ਼ਦਾਰਾਂ ਨੂੰ ਸਬਕ ਸਿਖਾਉਣ ਵੀ ਜਾਣਦੇ ਹਨ। ਉਨ੍ਹਾਂ ਅਮਿਤ ਸ਼ਾਹ ਅਤੇ ਰਾਘਵ ਚੱਢਾ ਨੂੰ ਚੇਤਾਵਨੀ ਦਿੱਤੀ ਕਿ ਪੰਜਾਬੀਆਂ ਨਾਲ ਦੁਸ਼ਮਣੀ ਨਾ ਲਵੋ, ਬਹੁਤ ਮਹਿੰਗੀ ਪਵੇਗੀ।

‘ਲਾਂਰੈਂਸ ਆਫ ਪੰਜਾਬ’ ’ਤੇ ਕੇਂਦਰ ਨੇ ਲਾਈ ਰੋਕ

ਚੰਡੀਗੜ੍ਹ, 24 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

27 ਅਪ੍ਰੈਲ ਨੂੰ ਓ ਟੀ ਟੀ ਪਲੇਟਫਾਰਮ ਉਤੇ ਰਿਲੀਜ਼ ਹੋਣ ਵਾਲੀ ਵਿਵਾਦਤ ਭੜਕਾਊ ਸਿਰੀਜ਼ ਉਤੇ ਕੇਂਦਰ ਸਰਕਾਰ ਵੱਲੋਂ ਰੋਕ ਲਗਾਈ ਗਈ ਹੈ। ਭਾਰਤ ਸਰਕਾਰ ਵੱਲੋਂ ‘ਲਾਰੈਂਸ ਆਫ ਪੰਜਾਬ’ ਉਤੇ ਰੋਕ ਲਗਾਉਣ ਤੋਂ ਬਾਅਦ ਹੁਣ ਇਹ ਰਿਲੀਜ਼ ਨਹੀਂ ਹੋਵੇਗੀ। ਇਸ ਸਿਰੀਜ਼ ਉਤੇ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕਈ ਸਵਾਲ ਚੁੱਕੇ ਗਏ ਸਨ। ਇਸ ਉਤੇ ਰੋਕ ਲਗਾਉਣ ਲਈ ਪੰਜਾਬ ਪੁਲਿਸ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਕੇਂਦਰ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਹਾਈਕੋਰਟ ਵੱਲੋਂ ਪੰਜਾਬ ਵਿੱਚ 38 ਜੱਜਾਂ ਦੀਆਂ ਬਦਲੀਆਂ

ਚੰਡੀਗੜ੍ਹ, 24 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਵਿੱਚ 38 ਜੱਜਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਕੈਨੇਡਾ ਵਿੱਚ ਪੰਜਾਬੀ ਲੜਕੀ ਦੀ ਭੇਦਭਰੀ ਹਾਲਤ ‘ਚ ਮੌਤ

ਲੁਧਿਆਣਾ, 24 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਪਣੇ ਸੁਨਿਹਰੀ ਭਵਿੱਖ ਲਈ ਪੰਜਾਬ ਤੋਂ ਕੈਨੇਡਾ ਗਈ ਇਕ ਨੌਜਵਾਨ ਲੜਕੀ ਦੀ ਭੇਣਪਰੇ ਹਾਲਤ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾਣੂਕੇ ਦੀ ਰਹਿਣ ਵਾਲੀ ਅਨਮੋਲਦੀਪ ਕੌਰ ਦੀ ਕੈਨੇਡਾ ‘’ਚ ਮੌਤ ਹੋ ਗਈ। ਅਮਨਦੀਪ ਕੌਰ ਓਨਟਾਰੀਓ ਦੇ ਬੈਰੀ ਇਲਾਕੇ ਵਿੱਚ ਰਹਿ ਰਹੀ ਸੀ। 5 ਸਾਲ ਪਹਿਲਾਂ ਅਨਮੋਲਦੀਪ ਕੌਰ ਵਿਦੇਸ਼ ਗਈ ਸੀ। ਮ੍ਰਿਤਕ ਲੜਕੀ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਦੀ ਧੀ 2021 ਵਿਚ ਕੈਨੇਡਾ ਗਈ ਸੀ, ਜੋ ਉਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਨੇ ਪੀਆਰ ਲਈ ਫਾਈਲ ਵੀ ਲਗਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪਾਰਕ ਦੇ ਬੈਂਚ ‘ਤੇ ਬੈਠੀ ਸੀ ਜਿੱਥੇ ਉਸ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਕੈਨੇਡਾ ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਫਿਨਲੈਂਡ ਨਾਲ ਭਾਈਵਾਲੀ ਰਾਹੀਂ ਟ੍ਰੇਨ-ਦ-ਟ੍ਰੇਨਰ ਮਾਡਲ ਪੰਜਾਬ ਦੀ ‘ਸਿੱਖਿਆ ਕ੍ਰਾਂਤੀ’ ਨੂੰ ਅਗਲੇ ਪੱਧਰ ‘ਤੇ ਲੈ ਜਾਵੇਗਾ: CM ਮਾਨ


ਚੰਡੀਗੜ੍ਹ, 24 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਦਰਮਿਆਨ ਸਹਿਯੋਗ ਦੇ ਨਾਲ ਪੰਜਾਬ ਦੇ ਕਲਾਸਰੂਮਾਂ ਵਿੱਚ ਪ੍ਰਤੱਖ ਤਬਦੀਲੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਹਨ, ਜਿਸਨੇ ਅਧਿਆਪਨ ਅਭਿਆਸਾਂ ਨੂੰ ਵਧੇਰੇ ਆਨੰਦਮਈ ਅਤੇ ਵਿਹਾਰਕ ਬਣਾ ਦਿੱਤਾ ਹੈ ਅਤੇ ਵਿਦਿਆਰਥੀਆਂ ਲਈ ਸਿੱਖਣ ਦਾ ਮਾਹੌਲ ਵਧੇਰੇ ਪ੍ਰਭਾਵਸ਼ਾਲੀ ਬਣ ਰਿਹਾ ਹੈ।

ਇਸ ਪਹਿਲਕਦਮੀ ਦੇ ਹਿੱਸੇ ਵਜੋਂ ਪੜ੍ਹਾਈ-ਲਿਖਾਈ ਰੱਟੇ ਮਾਰਨ ਦੇ ਢੰਗ-ਤਰੀਕਿਆਂ ਤੋਂ ਹਟ ਕੇ ਹੁਣ ਵਧੇਰੇ ਅਨੰਦਮਈ ਅਤੇ ਸ਼ਮੂਲੀਅਤ ਭਰੇ ਸਿੱਖਣ ਦੇ ਮਾਹੌਲ ਵੱਲ ਵਧ ਰਹੀ ਹੈ। ਪੰਜਾਬ ਦੀ ਵਿਆਪਕ ਸਿੱਖਿਆ ਕ੍ਰਾਂਤੀ ਵਿੱਚ ਸ਼ਾਮਲ ਇਹ ਪ੍ਰੋਗਰਾਮ ਸਥਾਨਕ ਕਲਾਸਰੂਮ ਵਿੱਚ ਵਿਸ਼ਵਵਿਆਪੀ ਮੁਹਾਰਤ ਨੂੰ ਸ਼ਾਮਲ ਕਰਨ ‘ਤੇ ਕੇਂਦਰਿਤ ਹੈ, ਜੋ ਇੱਕ ਢਾਂਚਾਗਤ ਟ੍ਰੇਨ-ਦ-ਟ੍ਰੇਨਰਜ਼ ਮਾਡਲ ਰਾਹੀਂ ਪੈਮਾਨੇ ਨੂੰ ਤੈਅ ਕਰਦਾ ਹੈ, ਜਿਸ ਵਿੱਚ ਬੁਨਿਆਦੀ ਸਿੱਖਿਆ ਦੀ ਮਜ਼ਬੂਤੀ ਲਈ ਮਈ ਤੱਕ ਲਗਪਗ 300 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਫਿਨਲੈਂਡ ਦੀ ਆਪਣੀ ਸਰਕਾਰੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਕੁਲੋ-ਮੋਈਕੋਇਨੇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪਹਿਲਾਂ ਹੀ ਸਥਾਨਕ ਕਲਾਸਰੂਮਾਂ ਨਾਲ ਵਿਸ਼ਵਵਿਆਪੀ ਸਿੱਖਿਆ ਮੁਹਾਰਤ ਨੂੰ ਇਕਸਾਰ ਕਰਕੇ ਸ਼ਾਨਦਾਰ ਨਤੀਜੇ ਦੇ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅਧੀਨ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਰਾਹੀਂ ਸ਼ੁਰੂ ਹੋਈ ਇਹ ਭਾਈਵਾਲੀ ਸ਼ੁਰੂਆਤੀ ਅਤੇ ਬੁਨਿਆਦੀ ਸਿੱਖਿਆ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਯਤਨਾਂ ਵੱਲ ਸੇਧਿਤ ਹੈ। ਇਹ ਥੋੜ੍ਹੇ ਸਮੇਂ ਦੀ ਦਖਲਅੰਦਾਜ਼ੀ ਵਜੋਂ ਨਹੀਂ ਸਗੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਾਲ-ਕੇਂਦ੍ਰਿਤ ਅਤੇ ਖੇਡ-ਅਧਾਰਤ ਸਿੱਖਿਆ ਨੂੰ ਸ਼ਾਮਲ ਕਰਨ ਲਈ ਲੰਬੇ ਸਮੇਂ ਦੇ ਸੰਸਥਾਗਤ ਯਤਨ ਵਜੋਂ ਤਿਆਰ ਕੀਤੀ ਗਈ ਹੈ, ਜਿਸ ਵਿੱਚ ਬਿਹਤਰੀਨ ਸਿੱਖਿਆ ਅਭਿਆਸਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਪ੍ਰੋਗਰਾਮ ਅਧਿਆਪਕਾਂ ਨੂੰ ਖੋਜ-ਅਧਾਰਤ ਤਰੀਕਿਆਂ ਨਾਲ ਲੈਸ ਕਰਨ ‘ਤੇ ਕੇਂਦਰਿਤ ਹੈ, ਇਹ ਯਕੀਨੀ ਬਣਾਉਂਦਿਆਂ ਕਿ ਇਹ ਪਹੁੰਚ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਸੰਦਰਭ ਦੇ ਅਨੁਕੂਲ ਹੋਵੇ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਸੈਸ਼ਨ ਚੰਡੀਗੜ੍ਹ ਅਤੇ ਫਿਨਲੈਂਡ ਦੇ ਸ਼ਹਿਰਾਂ ਟੁਰਕੂ ਅਤੇ ਰਾਉਮਾ ਦੋਵੇਂ ਜਗ੍ਹਾ ਕਰਵਾਏ ਗਏ, ਜਿਸ ਵਿੱਚ ਅਧਿਆਪਕਾਂ ਨੂੰ ਵਰਕਸ਼ਾਪਾਂ, ਮਾਰਗਦਰਸ਼ਨ ਅਭਿਆਸਾਂ ਅਤੇ ਸਕੂਲਾਂ ਦੇ ਦੌਰਿਆਂ ਰਾਹੀਂ ਕਲਾਸਰੂਮ ਵਿਚਲੀਆਂ ਨਵੀਆਂ ਜੁਗਤਾਂ ਤੋਂ ਜਾਣੂ ਕਰਵਾਉਣਾ ਸ਼ਾਮਲ ਹੈ। ਦੱਸਣਯੋਗ ਹੈ ਕਿ ਮਈ 2026 ਤੱਕ ਚਾਰ ਗਰੁੱਪਾਂ ਵਿੱਚ ਲਗਪਗ 300 ਅਧਿਆਪਕ ਸਿਖਲਾਈ ਪ੍ਰਾਪਤ ਕਰ ਲੈਣਗੇ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦਿੰਦਿਆਂ ਕਿਹਾ, “ਸਿੱਖਿਆ ਨੂੰ ਆਨੰਦਮਈ ਅਤੇ ਦਿਲਚਸਪ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਅਸੀਂ ਰੱਟੇ ਲਾਉਣ ਦੇ ਪੁਰਾਣੇ ਤਰੀਕਿਆਂ ਦੀ ਥਾਂ ਸਰਗਰਮ ਸ਼ਮੂਲੀਅਤ ਵੱਲ ਵਧ ਰਹੇ ਹਾਂ। ਅਧਿਆਪਕਾਂ ਨੂੰ ਮਾਹਿਰਾਂ ਦੀ ਸਹਾਇਤਾ ਵਾਲੇ ਸੰਦਰਭ-ਵਿਸ਼ੇਸ਼ ਪ੍ਰਾਜੈਕਟ ਡਿਜ਼ਾਈਨ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਵਿਚਾਰਾਂ ਨੂੰ ਉਨ੍ਹਾਂ ਦੇ ਆਪਣੇ ਕਲਾਸਰੂਮਾਂ ਵਿੱਚ ਲਾਗੂ ਕੀਤਾ ਜਾ ਸਕੇ। ਖੇਤਰ ਤੋਂ ਮਿਲੇ ਫੀਡਬੈਕ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਪ੍ਰੇਰਨਾ ਵਿੱਚ ਸੁਧਾਰ ਹੁੰਦਾ ਹੈ ਅਤੇ ਕਲਾਸਰੂਮ ਵਾਤਾਵਰਣ ਸਾਕਾਰਾਤਮਕ ਬਣਦਾ ਹੈ।”

ਉਨ੍ਹਾਂ ਕਿਹਾ, “ਅਧਿਆਪਕਾਂ ਨੇ ਨਵੇਂ ਤਰੀਕਿਆਂ ਨਾਲ ਪ੍ਰਯੋਗ ਕਰਨ ਅਤੇ ਸਿੱਖਣ ਦੀਆਂ ਵੱਖ-ਵੱਖ ਲੋੜਾਂ ਅਨੁਸਾਰ ਪਾਠਾਂ ਨੂੰ ਢਾਲਣ ਵਿੱਚ ਵਧੇਰੇ ਵਿਸ਼ਵਾਸ ਪ੍ਰਗਟ ਕੀਤਾ ਹੈ। ਇਸ ਪਹਿਲਕਦਮੀ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਵਿਦੇਸ਼ੀ ਮਾਡਲਾਂ ਨੂੰ ਸਿੱਧੇ ਲਾਗੂ ਕਰਨ ਦੀ ਬਜਾਏ ਪ੍ਰਸੰਗਿਕ ਅਨੁਕੂਲਨ ’ਤੇ ਜ਼ੋਰ ਦੇਣਾ ਹੈ। ਫਿਨਲੈਂਡ ਦੇ ਮਾਹਿਰਾਂ ਤੋਂ ਨਿਰੰਤਰ ਸਲਾਹ ਸਹਾਇਤਾ ਨੇ ਇਸ ਤਬਦੀਲੀ ਨੂੰ ਸਮਰੱਥ ਬਣਾਇਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਆਲਮੀ ਪੱਧਰ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਥਾਨਕ ਪ੍ਰਣਾਲੀਆਂ ਵਿੱਚ ਅਰਥਪੂਰਨ ਢੰਗ ਨਾਲ ਏਕੀਕ੍ਰਿਤ ਕੀਤਾ ਜਾਵੇ।”

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸਥਾਰਿਤ ਗੱਲਬਾਤ ਲਈ ਟੁਰਕੂ ਯੂਨੀਵਰਸਿਟੀ ਅਤੇ ਟੁਰਕੂ ਅਧਿਆਪਕ ਸਿਖਲਾਈ ਸਕੂਲ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ, “ਸਰਕਾਰ ਹੁਣ ਪ੍ਰੋਗਰਾਮ ਨੂੰ ‘ਟ੍ਰੇਨ-ਦ-ਟ੍ਰੇਨਰਜ਼’ ਪਹੁੰਚ ਰਾਹੀਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਸੂਬੇ ਭਰ ਵਿੱਚ ਇਸਦੀ ਪਹੁੰਚ ਨੂੰ ਵਧਾਉਣ ਲਈ ਮਾਸਟਰ ਟ੍ਰੇਨਰਾਂ ਦਾ ਇੱਕ ਕਾਡਰ ਬਣਾਇਆ ਜਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਨਿਰੰਤਰ ਪੇਸ਼ੇਵਰ ਵਿਕਾਸ ਅਤੇ ਵਿਆਪਕ ਪਹੁੰਚ ਨੂੰ ਸਮਰਥਨ ਦੇਣ ਲਈ ਡਿਜੀਟਲ ਪਲੇਟਫਾਰਮ ਅਤੇ ਮਿਸ਼ਰਤ ਸਿਖਲਾਈ ਫਾਰਮੈਟ ਵੀ ਵਿਕਸਤ ਕੀਤੇ ਜਾ ਰਹੇ ਹਨ।’’

ਮੁੱਖ ਮੰਤਰੀ ਨੇ ਕਿਹਾ, “ਵਿਸਥਾਰ ਲਈ ਇੱਕ ਢਾਂਚਾਗਤ ਪ੍ਰਣਾਲੀ ਅਤੇ ਸਿਖਲਾਈ ਪ੍ਰਾਪਤ ਸਿੱਖਿਅਕਾਂ ਦੇ ਵਧ ਰਹੇ ਪੂਲ ਦੇ ਨਾਲ ਸਹਿਯੋਗ ਨੂੰ ਪੰਜਾਬ ਦੇ ਵਿਆਪਕ ਸਿੱਖਿਆ ਸੁਧਾਰਾਂ ਦੇ ਅਧਾਰ ਵਜੋਂ ਦੇਖਿਆ ਜਾ ਰਿਹਾ ਹੈ। ਸੂਬਾ ਜਨਤਕ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤਾਂ ਜੋ ਵਿਦਿਆਰਥੀ ਸਫ਼ਲ ਹੋਣ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ ਅਤੇ ਇਸ ਖੇਤਰ ਵਿੱਚ ਰਫ਼ਤਾਰ ਬਣਾਈ ਰੱਖਣ ਲਈ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ।”

ਦੇਸ਼