Breaking News
ਚੰਡੀਗੜ੍ਹ ’ਚ ਤੇਲ ਲਿਮਟ ਨੂੰ ਲੈ ਕੇ ਪ੍ਰਸ਼ਾਸਨ ਨੇ ਕੀਤਾ ਸਪੱਸ਼ਟ, ‘ਕੋਈ ਤੇਲ ਲਿਮਟ ਨਹੀਂ ਕੀਤੀ’

ਚੰਡੀਗੜ੍ਹ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਚੰਡੀਗੜ੍ਹ ਵਿੱਚ ਸੈਕਟਰ 17 ਦੇ ਇਕ ਪੈਟਰੋਲ ਪੰਪ ਵੱਲੋਂ ਦੋ ਪਹੀਆ ਵਾਹਨ ਨੂੰ 500 ਅਤੇ ਚਾਰ ਪਹੀਆ ਵਾਹਨ ਨੂੰ 1500 ਰੁਪਏ ਦਾ ਤੇਲ ਦੇਣ ਦੇ ਲਗਾਏ ਗਏ ਪੋਸਟਰ ਨੂੰ ਲੈ ਕੇ ਪ੍ਰਸ਼ਾਸਨ ਦਾ ਬਿਆਨ ਸਾਹਮਣੇ ਆਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਦੀ ਕੋਈ ਕਮੀ ਨਹੀਂ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ, ਫਾਲਤੂ ਤੇਲ ਭੰਡਾਰ ਕਰਨ ਦੀ ਦੋੜ ਵਿੱਚ ਨਾ ਪੈਣਾ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ ਪੈਟਰੋਲ-ਡੀਜ਼ਲ ਨੂੰ ਲੈ ਕੇ ਲਿਮਿਟ ਤੈਅ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਇਹ ਪੋਸਟਰ ਹਟਵਾ ਦਿੱਤਾ ਗਿਆ ਹੈ। ਫੂਡ ਐਂਡ ਸਪਲਾਈ ਵਿਭਾਗ ਸ਼ਹਿਰ ਵਿੱਚ ਸਾਰੇ ਪੈਟਰੋਲ ਪੰਪ ਆਪਰੇਟਰਾਂ ਦੇ ਸੰਪਰਕ ਵਿੱਚ ਹੈ।

ਨਸ਼ੀਲੇ ਪਦਾਰਥ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼

ਅਮ੍ਰਿਤਸਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ, ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ, ਇੱਕ ਦੋਸ਼ੀ ਨੂੰ 7 ਆਧੁਨਿਕ ਪਿਸਤੌਲਾਂ ਅਤੇ 2.1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਅੱਗੇ ਸਪਲਾਈ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ।

ਪੁਲਿਸ ਸਟੇਸ਼ਨ ਸੀ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਚੰਡੀਗੜ੍ਹ ’ਚ ਪੈਟਰੋਲ ਪੰਪ ’ਤੇ ਲੱਗੇ ਪੋਸਟਰ, ਦੱਸਿਆ ਸਿਰਫ ਕਿੰਨੇ ਰੁਪਏ ਦਾ ਮਿਲੇਗਾ ਤੇਲ

ਚੰਡੀਗੜ੍ਹ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਤੇ ਇਰਾਨ ਵਿੱਚਕਾਰ ਜੰਗ ਦੇ ਚਲਦਿਆਂ ਭਾਰਤ ਵਿੱਚ ਵੀ ਤੇਲ ਦੀ ਕਿੱਲਤ ਦਿਖਾਈ ਦੇਣ ਲੱਗੀ ਹੈ। ਹੁਣ ਚੰਡੀਗੜ੍ਹ ਵਿੱਚ ਪੈਟਰੋਲ ਪੰਪ ਉਤੇ ਪੋਸਟਰ ਲਗਾਏ ਗਏ ਹਨ ਜਿਸ ਵਿੱਚ ਦੱਸਿਆ ਗਿਆ ਕਿ ਦੋ ਪਹੀਆ ਅਤੇ 4 ਪਹੀਆ ਵਾਹਨਾਂ ਨੂੰ ਤੇਲ ਦਿੱਤਾ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੈਟਰੋਲ ਪੰਪ ਉਤੇ ਪੋਸਟਰ ਲਗਾ ਕੇ ਕਿਹਾ ਗਿਆ ਕਿ ਦੋ ਪਹੀਆ ਵਾਹਨ ਨੂੰ 500 ਰੁਪਏ ਅਤੇ 4 ਪਹੀਆ ਵਾਹਨ ਨੂੰ 1500 ਰੁਪਏ ਤੱਕ ਦਾ ਹੀ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ, ਇਸ ਤੋਂ ਜ਼ਿਆਦਾ ਨਹੀਂ। ਦੱਸਿਆ ਜਾ ਰਿਹਾ ਹੈ ਕਿ ਪਿੱਛੇ ਤੋਂ ਤੇਲ ਦੀ ਸਪਲਾਈ ਘੱਟ ਆ ਰਹੀ ਹੈ। ਇਸ ਲਈ ਇਹ ਤੈਅ ਕੀਤਾ ਗਿਆ ਹੈ ਤਾਂ ਕਿ ਕਿਸੇ ਨੂ ਖਾਲੀ ਨਾ ਮੁੜਨਾ ਪਵੇ।

ਹਰਿਆਣਾ ਸਰਕਾਰ ਵੱਲੋਂ IPS ਅਤੇ HPS ਅਧਿਕਾਰੀਆਂ ਦੀਆਂ ਬਦਲੀਆਂ

ਚੰਡੀਗੜ੍ਹ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਰਿਆਣਾ ਸਰਕਾਰ ਵੱਲੋਂ ਆਈਪੀਐਸ ਅਤੇ ਐਚਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

‘ਆਪ’ ਆਗੂ ਦੇ ਘਰ ED ਨੇ ਮਾਰਿਆ ਛਾਪਾ

ਨਵੀਂ ਦਿੱਲੀ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇ ਘਰ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਛਾਪਾ ਮਾਰਿਆ ਗਿਆ ਹੈ। ਬੈਂਕ ਲੋਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ ਵਿੱਚ ‘ਆਪ’ ਆਗੂ ਦੀਪਕ ਸਿੰਗਲਾ ਅਤੇ ਕੁਝ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਈਡੀ ਵੱਲੋਂ ਦਿੱਲੀ ਅਤੇ ਗੋਆ ਵਿੱਚ ਛਾਪੇਮਾਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਦੀਪਕ ਸਿੰਗਲਾ ਦਿੱਲੀ ਦੇ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਦੀ ਸੀਟ ਉਤੇ ਚੋਣ ਲੜ ਚੁੱਕੇ ਹਨ।

ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਵਿੱਚ ਬਾਬਾਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਵਜੋਂ ਪਛਾਣੇ ਗਏ ਇੱਕ ਵਿਅਕਤੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਆਪਣੇ ਨਿੱਜੀ ਗੁੰਡਿਆਂ ਦੀ ਤਰ੍ਹਾਂ ਵਰਤੋਂ ਕਰਕੇ ਮੋਦੀ ਜੀ ਵਿਰੋਧੀਆਂ ਦੇ ਆਗੂਆਂ ਨੂੰ ਚੋਣਾਂ ਜਿੱਤਣ ਤੋਂ ਰੋਕ ਸਕਦੇ ਹਨ… ਪ੍ਰੰਤੂ ਦੇਸ਼ ਦੀ ਅਰਥਵਿਵਸਥਾ ਨੂੰ, ਰੁਪਿਆ ਦੀ ਡਿੱਗਦੀ ਇੱਜਤ ਨੂੰ ਨਹੀਂ ਸੰਭਾਲ ਸਕਦੇ।

ਰਈਆ ‘ਚ ਟਾਇਲ ਸ਼ੋਅਰੂਮ ‘ਤੇ ਚੱਲੀਆਂ ਤਾਬੜਤੋੜ ਗੋਲੀਆਂ

ਅੰਮ੍ਰਿਤਸਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਰਈਆ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਇਸੇ ਦਰਮਿਆਨ ਚੋਣ ਲੜ ਰਹੇ ਇੱਕ ਉਮੀਦਵਾਰ ਦੇ ਸ਼ੋਅਰੂਮ ‘ਤੇ ਫਾਇਰਿੰਗ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੇਰ ਰਾਤ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਵੱਲੋਂ ਸ਼ੋਅਰੂਮ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਾਇਰਿੰਗ ਸਮੇਂ ਦੁਕਾਨ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ਟਰ ‘ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਵੇਖੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੋਅਰੂਮ ਦੇ ਮਾਲਕ ਨੂੰ ਰੰਗਦਾਰੀ ਦੇ ਲਈ ਫੋਨ ਆਇਆ ਸੀ, ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨਸਾਫ ਨਾ ਮਿਲਣ ਤੱਕ ਸ਼ਾਂਤਮਈ ਧਰਨੇ ਦਾ ਐਲਾਨ ਵੀ ਕੀਤਾ ਗਿਆ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਡੀਐਸਪੀ ਬਾਬਾ ਬਕਾਲਾ ਸੁਖਪਾਲ ਸਿੰਘ ਨੇ ਕਿਹਾ ਕਿ, ‘ਪਹਿਲਾਂ ਧਮਕੀ ਭਰੀ ਕਾਲ ਉਕਤ ਵਿਅਕਤੀ ਨੂੰ ਆਉਣ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਇਸ ਘਟਨਾ ਸਬੰਧੀ ਵੀ ਪੁਲਿਸ ਨੂੰ ਕੁਝ ਲੀਡ ਮਿਲੀਆਂ ਹਨ। ਜਿਸ ਦੇ ਅਧਾਰ ਉੱਤੇ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।’

ਕੇਜਰੀਵਾਲ ਨੇ ਨੀਟ ਪ੍ਰੀਖਿਆਰਥੀਆਂ ਨੂੰ ਕਿਹਾ, ‘ਆਪਣੀਆਂ ਭਾਵਨਾਵਾਂ ਅਤੇ ਸੁਝਾਅ ਮੇਰੇ ਨਾਲ ਸਾਂਝੇ ਕਰੋ, ਅਸੀਂ ਤੁਹਾਡੇ ਨਾਲ’

ਨਵੀਂ ਦਿੱਲੀ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਪ੍ਰੇਸ਼ਾਨ ਵਿਦਿਆਰਥੀਆਂ ਨੂੰ ਤਣਾਅ ਤੋਂ ਬਾਹਰ ਕੱਢਣ ਅਤੇ ਪ੍ਰੀਖਿਆ ਨੂੰ ਪਾਰਦਰਸ਼ੀ ਬਣਾਉਣ ਲਈ ਇੱਕ ਵੱਡੀ ਪਹਿਲ ਕੀਤੀ ਹੈ। ਐਤਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਜੇਕਰ ਤੁਸੀਂ ਤਣਾਅ ਵਿੱਚ ਹੋ, ਤਾਂ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਸੁਝਾਅ ਮੇਰੇ ਨਾਲ ਸਾਂਝੇ ਕਰੋ। ਤੁਸੀਂ ਮੇਰੇ ਸੋਸ਼ਲ ਮੀਡੀਆ ਹੈਂਡਲ ‘ਤੇ ਕਮੈਂਟ ਸੈਕਸ਼ਨ ਜਾਂ ਡਾਇਰੈਕਟ ਮੈਸੇਜ ਕਰਕੇ ਮੈਨੂੰ ਆਪਣੇ ਸੁਝਾਅ ਅਤੇ ਆਪਣੀਆਂ ਭਾਵਨਾਵਾਂ ਭੇਜ ਸਕਦੇ ਹੋ। ਮੈਂ ਸਮਝ ਸਕਦਾ ਹਾਂ ਕਿ ਪੇਪਰ ਲੀਕ ਹੋਣ ‘ਤੇ ਕੀ ਬੀਤਦੀ ਹੈ, ਪਰ ਖੁਦਕੁਸ਼ੀ ਵਰਗਾ ਸਖ਼ਤ ਕਦਮ ਇਸ ਦਾ ਹੱਲ ਨਹੀਂ ਹੈ। ਮੈਂ ਹਮੇਸ਼ਾ ਤੁਹਾਡੇ ਸੰਪਰਕ ਵਿੱਚ ਰਹਾਂਗਾ। ਸਾਨੂੰ ਸਾਰਿਆਂ ਨੂੰ ਮਿਲ ਕੇ ਪੇਪਰ ਲੀਕ ਦੇ ਮੁੱਦੇ ਦਾ ਹੱਲ ਕੱਢਣਾ ਹੋਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਚਾਰੇ ਪਾਸਿਓਂ ਰਿਪੋਰਟਾਂ ਆ ਰਹੀਆਂ ਹਨ। ਬਹੁਤ ਸਾਰੇ ਬੱਚਿਆਂ ਦੇ ਸੰਦੇਸ਼ ਆਏ ਹਨ ਅਤੇ ਫ਼ੋਨ ਕਾਲਾਂ ਆ ਰਹੀਆਂ ਹਨ ਕਿ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਕਈ ਬੱਚੇ ਡਿਪਰੈਸ਼ਨ ਅਤੇ ਸਟ੍ਰੈੱਸ (ਤਣਾਅ) ਵਿੱਚ ਹਨ। ਹੁਣੇ ਚਾਰ ਬੱਚਿਆਂ ਦੀ ਖੁਦਕੁਸ਼ੀ ਦੀ ਖ਼ਬਰ ਵੀ ਆਈ ਹੈ। ਗੋਆ ਵਿੱਚ ਇੱਕ ਬੱਚੇ ਨੇ ਖੁਦਕੁਸ਼ੀ ਕਰ ਲਈ। ਮੈਂ ਉਸ ਦੇ ਘਰ ਵੀ ਗਿਆ ਸੀ। ਇਸੇ ਤਰ੍ਹਾਂ ਸੀਕਰ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਵੀ ਬੱਚਿਆਂ ਨੇ ਖੁਦਕੁਸ਼ੀ ਕਰ ਲਈ।

ਅਰਵਿੰਦ ਕੇਜਰੀਵਾਲ ਨੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੀ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇੰਨਾ ਸਖ਼ਤ ਕਦਮ ਨਾ ਚੁੱਕੋ। ਮੈਂ ਤੁਹਾਡੀ ਚਿੰਤਾ ਅਤੇ ਘਬਰਾਹਟ ਨੂੰ ਸਮਝ ਰਿਹਾ ਹਾਂ। ਮੈਂ ਵੀ ਆਈਆਈਟੀ ਅਤੇ ਯੂਪੀਐਸਸੀ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ।

 ਅਸੀਂ ਕਿੰਨੇ ਤਣਾਅ ਵਿੱਚ ਪ੍ਰੀਖਿਆ ਦਿੰਦੇ ਹਾਂ, ਤਿਆਰੀ ਕਰਦੇ ਹਾਂ, ਪੇਪਰ ਦੇ ਕੇ ਆਉਂਦੇ ਹਾਂ ਅਤੇ ਜੇਕਰ ਅਜਿਹੇ ਵਿੱਚ ਪੇਪਰ ਰੱਦ ਹੋ ਜਾਵੇ ਤਾਂ ਦੁੱਖ ਹੁੰਦਾ ਹੈ। ਮੈਂ ਇਹ ਸੋਚ ਰਿਹਾ ਸੀ ਕਿ ਜੇਕਰ ਮੇਰੇ ਸਮੇਂ ਵਿੱਚ ਪੇਪਰ ਰੱਦ ਹੋ ਜਾਂਦਾ ਤਾਂ ਮੇਰੇ ‘ਤੇ ਕੀ ਬੀਤਦੀ? ਪਰ ਖੁਦਕੁਸ਼ੀ ਕਰਨਾ ਜਾਂ ਇੰਨਾ ਸਖ਼ਤ ਕਦਮ ਚੁੱਕਣਾ, ਇਸ ਦਾ ਹੱਲ ਨਹੀਂ ਹੈ। ਸਾਨੂੰ ਮਿਲ ਕੇ ਇਸ ਦਾ ਹੱਲ ਕੱਢਣਾ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਡਿਪਰੈਸ਼ਨ ਵਿੱਚ ਹੋ, ਤਾਂ ਤੁਸੀਂ ਆਪਣੀ ਭਾਵਨਾ ਮੇਰੇ ਨਾਲ ਸਾਂਝੀ ਕਰੋ। ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾਂ ਡਾਇਰੈਕਟ ਮੈਸੇਜ (ਡੀਐਮ) ਕਰਕੇ ਮੇਰੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਸੰਪਰਕ ਕਰਾਂਗਾ ਅਤੇ ਅਸੀਂ ਮਿਲ ਕੇ ਇਸ ਦਾ ਹੱਲ ਕੱਢਾਂਗੇ। ਤੁਸੀਂ ਸਾਰੇ ਪੜ੍ਹੇ-ਲਿਖੇ ਅਤੇ ਸਮਝਦਾਰ ਲੋਕ ਹੋ। ਨੀਟ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ, ਇਸ ਦਾ ਹੱਲ ਅਸੀਂ ਮਿਲ ਕੇ ਕੱਢਾਂਗੇ। ਤੁਸੀਂ ਵੀ ਇਸ ਬਾਰੇ ਕੁਝ ਸੋਚਿਆ ਹੋਵੇਗਾ, ਇਸ ਲਈ ਤੁਸੀਂ ਆਪਣੇ ਸੁਝਾਅ ਵੀ ਮੈਨੂੰ ਭੇਜੋ। ਅਸੀਂ ਮਿਲ ਕੇ ਇਸ ਦਾ ਹੱਲ ਕਰਦੇ ਹਾਂ।

ਗੁਰਦਾਸਪੁਰ ਵਿਖੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ; ਮੁਲਜ਼ਮਾਂ ਕੋਲੋਂ ਇੱਕ ਹੋਰ ਗ੍ਰਨੇਡ ਬਰਾਮਦ

ਚੰਡੀਗੜ੍ਹ/ਗੁਰਦਾਸਪੁਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦਰਮਿਆਨ ਵੱਡੀ ਸਫ਼ਲਤਾ ਤਹਿਤ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪੰਜਾਬ ਨਾਲ ਤਾਲਮੇਲ ਰਾਹੀਂ ਗੁਰਦਾਸਪੁਰ ਵਿਖੇ ਦੁਕਾਨ ਨੇੜੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਇੱਕ ਹੋਰ ਹੈਂਡ-ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰਕੇ ਕੇਸ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਬਿੱਲਾ ਵਾਸੀ ਰਾਮਾ ਮੰਡੀ, ਗਣੇਸ਼ ਨਗਰ,ਜਲੰਧਰ; ਕਰਨਜੀਤ ਸਿੰਘ ਉਰਫ਼ ਕਰਨ ਵਾਸੀ ਤਾਰਾਪੁਰ,  ਅੰਮ੍ਰਿਤਸਰ; ਅਤੇ ਸਤਨਾਮ ਸਿੰਘ ਵਾਸੀ ਪਿੰਡ ਬੋਪਾਰਾਏ, ਅੰਮ੍ਰਿਤਸਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ 27 ਅਪ੍ਰੈਲ, 2026 ਨੂੰ ਗੁਰਦਾਸਪੁਰ ਦੇ ਗੀਤਾ ਭਵਨ ਰੋਡ ‘ਤੇ ਸਥਿਤ ਇੱਕ ਦੁਕਾਨ ਨੇੜੇ ਅਣ-ਚੱਲਿਆ ਹੈਂਡ ਗ੍ਰਨੇਡ ਮਿਲਿਆ ਸੀ। ਇਸ ਉਪਰੰਤ ਬੰਬ ਸਕੁਐਡ ਵੱਲੋਂ ਇਸਨੂੰ ਸਫਲਤਾਪੂਰਵਕ ਨਕਾਰਾ ਕੀਤੇ ਜਾਣ ਤੋਂ ਬਾਅਦ, ਪੁਲਿਸ ਨੇ ਇਹ ਗ੍ਰਨੇਡ ਆਪਣੇ ਕਬਜ਼ੇ ਵਿੱਚ ਲੈ ਲਿਆ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਾਮਲੇ ਦੀ ਵਿਆਪਕ ਜਾਂਚ ਤੋਂ ਬਾਅਦ, ਪੁਲਿਸ ਨੇ ਦੁਕਾਨ ਨੇੜੇ ਹੈਂਡ ਗ੍ਰਨੇਡ ਸੁੱਟਣ ‘ਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰ ਲਈ। ਜਾਂਚ ਦੌਰਾਨ, ਗ੍ਰਿਫ਼ਤਾਰ ਮੁਲਜ਼ਮ ਅਮਰਜੀਤ ਸਿੰਘ ਉਰਫ਼ ਬਿੱਲਾ ਦੇ ਘਰ ਤੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ।

ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ ਅਤੇ ਆਪਣੇ ਹੈਂਡਲਰ ਜ਼ਰੀਏ ਉਨ੍ਹਾਂ ਨੂੰ ਦੋ ਹੈਂਡ ਗ੍ਰਨੇਡ ਪ੍ਰਾਪਤ ਹੋਏ ਸਨ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਕੇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।

ਸੀਸੀਟੀਵੀ ਫੁਟੇਜ, ਖੁਫੀਆ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ ਦੀ ਮਦਦ ਨਾਲ ਪਤਾ ਚੱਲਿਆ ਕਿ ਪਲਸਰ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਵੱਲੋਂ ਅਸ਼ੋਕਾ ਚਿਪਸ ਨੇੜੇ ਗ੍ਰਨੇਡ ਸੁਟਿਆ ਗਿਆ ਸੀ, ਜਿਸ ਉਪਰੰਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਐਸਐਸਪੀ ਨੇ ਦੱਸਿਆ ਕਿ ਇਸ ਕੇਸ ਵਿੱਚ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਾਇਤਾ ਨੈਟਵਰਕਾਂ ਦੀ ਭੂਮਿਕਾ ਸਮੇਤ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5  ਤਹਿਤ ਐਫਆਈਆਰ ਨੰਬਰ 113 ਮਿਤੀ 27.04.2026 ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਬਾਅਦ ‘ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਸਬੰਧਤ ਧਾਰਾਵਾਂ ਨੂੰ ਜੋੜਿਆ ਗਿਆ।

GMADA ਦਾ ਮੁੱਖ ਪ੍ਰਸ਼ਾਸਕ ED ਵੱਲੋਂ ਤਲਬ

ਚੰਡੀਗੜ੍ਹ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗਮਾਡਾ ਤੋਂ ਫਰਜ਼ੀ CLU (Change of Land Use) ਲਾਈਸੈਂਸ ਜਾਰੀ ਹੋਣ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਵੱਲੋਂ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਗਮਾਡਾ ਦੇ ਮੁਖੀ ਨੂੰ ਤਲਬ ਕਰ ਲਿਆ ਹੈ। ਜਲੰਧਰ ਸਥਿਤ ਈਡੀ ਦਫ਼ਤਰ ਵੱਲੋਂ ਗਮਾਡਾ ਚੀਫ ਨੂੰ ਨੋਟਿਸ ਭੇਜ ਕੇ ਅੱਜ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਪੂਰਾ ਮਾਮਲਾ ਦੋ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਦਿੱਤੀਆਂ ਗਈਆਂ ਜ਼ਮੀਨ ਦੀ ਵਰਤੋਂ ਬਦਲਣ (CLU) ਦੀਆਂ ਮਨਜ਼ੂਰੀਆਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀਆਂ ਅਤੇ ਬੇਨਿਯਮੀਆਂ ਹੋਣ ਦੇ ਇਲਜ਼ਾਮ ਹਨ, ਜਿਸ ਦੀ ਜਾਂਚ ਹੁਣ ਈਡੀ ਵੱਲੋਂ ਤੇਜ਼ ਕਰ ਦਿੱਤੀ ਗਈ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

18-05-2026

ਸਲੋਕੁ ਮਃ ੩ ॥

ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਮਃ ੩ ॥ ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ ਪਉੜੀ ॥ ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥

ਸੋਮਵਾਰ, ੪ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੪੫)

ਪੰਜਾਬੀ ਵਿਆਖਿਆ

ਜੋ ਮਨੁੱਖ ਸਤਿਗੁਰੂ ਵੱਲੋਂ ਮਨਮੁਖ ਹਨ, ਉਹ ਅੰਤ ਨੂੰ ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ॥੧॥ ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਂਹ ਥਾਂ ਨਾਂਹ ਥਿੱਤਾ; ਉਹ ਵਿਭ-ਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਬਦਨਾਮ ਹੁੰਦੀ ਫਿਰਦੀ ਹੈ। ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ॥੨॥ ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ, ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ; ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ; ਪਰ ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ। ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਸਦਾ ਤੇਰੇ ਗੁਣ ਗਾਵਾਂ॥੭॥

English Translation

SHALOK THIRD MEHL:

Those who turn their faces away from the True Guru, suffer in sorrow and bondage. Again and again, they are born only to die; they cannot meet their Lord. The disease of doubt does not depart, and they find only pain and more pain. O Nanak, if the Gracious Lord forgives, then one is united in Union with the Word of the Shabad. || 1 || THIRD MEHL: Those who turn their faces away from the True Guru, shall find no place of rest or shelter. They wander around from door to door, like a woman forsaken, with a bad character and a bad reputation. O Nanak, the Gurmukhs are forgiven, and united in Union with the True Guru. || 2 || PAUREE: Those who serve the True Lord, the Destroyer of ego, cross over the terrifying world-ocean. Those who chant the Name of the Lord, Har, Har, are passed over by the Messenger of Death. Those who meditate on the Lord, go to His Court in robes of honor. They alone serve You, O Lord, whom You bless with Grace. I sing continually Your Glorious Praises, O Beloved; as Gurmukh, my doubts and fears have been dispelled. || 7 ||

Monday, 4th Jayt’h (Samvat 558 Nanakshahi)

(Page: 645)

ਪੰਜਾਬ

ਦੇਸ਼