Breaking News
ਹੁਸ਼ਿਆਰਪੁਰ : ਬੋਰਵੈੱਲ ’ਚ ਡਿੱਗੇ ਮਾਸੂਮ ਨੂੰ 9 ਘੰਟਿਆਂ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ

ਹੁਸ਼ਿਆਰਪੁਰ, 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹੁਸ਼ਿਆਰਪੁਰ ਜ਼ਿਲੇ ਦੇ ਥਾਣਾ ਹਰਿਆਣਾ ਦੇ ਦੇ ਨਜ਼ਦੀਕੀ ਪਿੰਡ ਚੱਕ ਸਮਾਣਾ ਵਿਚ ਬੀਤੇ ਕੱਲ੍ਹ ਸ਼ਾਮ ਇਕ 4 ਸਾਲ ਦਾ ਬੱਚਾ ਗੁਰਕਰਨ ਸਿੰਘ 300 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ ਸੀ, ਜਿਸ ਨੂੰ 9 ਘੰਟਿਆਂ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਿਵੇਂ ਹੀ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਬਾਰੇ ਪਤਾ ਲੱਗਾ, ਤੁਰੰਤ ਹੀ ਪਿੰਡ ਵਾਸੀਆਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਖੁਦ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ, ਬੱਚੇ ਨੂੰ ਬਚਾਉਣ ਅਤੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਖੁਦ ਵੀ ਮੌਕੇ ’ਤੇ ਪਹੁੰਚ ਕੇ ਪੂਰੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਕੇ ਸਹਾਇਤਾ ਵਿਚ ਜੁੱਟ ਗਈਆਂ ਸਨ। ਜੇ.ਸੀ.ਬੀ. ਨਾਲ ਆਲੇ-ਦੁਆਲੇ ਦੀ ਮਿੱਟੀ ਨੂੰ ਹਟਾਇਆ ਗਿਆ। ਦੇਰ ਰਾਤ ਤੱਕ ਜਾਰੀ ਬਚਾਅ ਕਾਰਜ ਚਲਾ ਕੇ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ ਤਾਂ ਜੋ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਸਕੇ। ਬੱਚੇ ਦੇ ਸੁਰੱਖਿਅਤ ਬਾਹਰ ਆਉਣ ’ਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੇ ਬਚਾਅ ਦਲ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਫਿਲਹਾਲ, ਹੁਸ਼ਿਆਰਪੁਰ ਵਿੱਚ ਮਾਸੂਮ ਦੀ ਜਾਨ ਬਚ ਜਾਣ ਨਾਲ ਹਰ ਕੋਈ ਰਾਹਤ ਮਹਿਸੂਸ ਕਰ ਰਿਹਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

16-05-2026

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

ੴ ਸਤਿਗੁਰ ਪ੍ਰਸਾਦਿ ॥

ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥

ਸ਼ਨਿੱਚਰਵਾਰ, ੨ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੯੨)

ਪੰਜਾਬੀ ਵਿਆਖਿਆ

ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹਾ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ। ।੧। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ) । (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ।੧।ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ।੨।੩।

English Translation

RAAG DHANAASAREE, THE WORD OF DEVOTEE KABEER JEE:
ONE UNIVERSAL CREATOR GOD. BY THE GRACE OF THE TRUE GURU:

That humble being, who knows even a little about loving devotional worship — what surprises are there for him? Like water, dripping into water, which cannot be separated out again, so is the weaver Kabeer, with softened heart, merged into the Lord. || 1 || O people of the Lord, I am just a simple-minded fool. If Kabeer were to leave his body at Benares, and so liberate himself, what obligation would he have to the Lord? || 1 || Pause || Says Kabeer, listen, O people — do not be deluded by doubt. What is the difference between Benares and the barren land of Maghar, if the Lord is within one’s heart? || 2 || 3 ||

Saturday, 2nd Jayt’h (Samvat 558 Nanakshahi)

(Page: 692)

ਭਾਜਪਾ ਨੇ ਪੱਛਮੀ ਬੰਗਾਲ ਵਿੱਚ ਵੋਟਾਂ ਲੁੱਟੀਆਂ, ਹੁਣ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਨੂੰ ਲੁੱਟ ਰਹੀ ਹੈ: ਅਮਨ ਅਰੋੜਾ

ਚੰਡੀਗੜ੍ਹ 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਮਹਿੰਗਾਈ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਂਦੇ ਹੋਏ ਆਮ ਲੋਕਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੰਗੀ ਵਿੱਚ ਧੱਕ ਦਿੱਤਾ ਹੈ।

ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ 12 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਅੱਜ ਪੂਰਾ ਦੇਸ਼ ਵਧਦੀ ਮਹਿੰਗਾਈ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨਾਲ ਆਮ ਲੋਕਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ‘ਤੇ ਇੱਕ ਵਾਰ ਫਿਰ ਬੋਝ ਪਾ ਦਿੱਤਾ ਹੈ। ਪੂਰਾ ਦੇਸ਼ ਦੇਖ ਰਿਹਾ ਹੈ ਕਿ 12 ਸਾਲ ਪਹਿਲਾਂ ਪੀਐਮ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਉੱਚੇ-ਉੱਚੇ ਵਾਅਦਿਆਂ ਦੇ ਬਾਵਜੂਦ ਲੋਕ ਮਹਿੰਗਾਈ ਹੇਠ ਕਿਵੇਂ ਪੀਸ ਰਹੇ ਹਨ।

ਤੇਲ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਹੋਏ ਤਾਜ਼ਾ ਵਾਧੇ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੱਛਮੀ ਬੰਗਾਲ ਚੋਣਾਂ ਤੋਂ ਤੁਰੰਤ ਬਾਅਦ ਕੇਂਦਰ ਸਰਕਾਰ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ₹943 ਦਾ ਵਾਧਾ ਕਰਕੇ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਕਰਾਰੀ ਸੱਟ ਮਾਰੀ ਹੈ। ਇਸ ਦੇ ਨਾਲ ਹੀ ਕੇਂਦਰ ਨੇ ਪੈਟਰੋਲ ਦੀ ਕੀਮਤ ਵਿੱਚ ₹3.14 ਪ੍ਰਤੀ ਲੀਟਰ, ਡੀਜ਼ਲ ਵਿੱਚ ₹3.11 ਪ੍ਰਤੀ ਲੀਟਰ ਅਤੇ ਸੀਐਨਜੀ ਦੀ ਕੀਮਤ ਵਿੱਚ ₹2 ਦਾ ਵਾਧਾ ਕੀਤਾ ਹੈ। ਇਹ ਦੇਸ਼ ਦੇ ਲੋਕਾਂ ਨੂੰ ਇੱਕ ਸ਼ਰਮਨਾਕ ਤੋਹਫ਼ਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਚੋਣਾਂ ਵੇਲੇ ਹੀ ਲੋਕ ਭਲਾਈ ਦੀ ਯਾਦ ਆਉਂਦੀ ਹੈ ਪਰ ਵੋਟਾਂ ਹਾਸਲ ਕਰਨ ਤੋਂ ਬਾਅਦ ਉਹ ਲੋਕਾਂ ‘ਤੇ ਆਰਥਿਕ ਬੋਝ ਪਾ ਦਿੰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਚੋਣਾਂ ਦੌਰਾਨ ਲੋਕ ਭਲਾਈ ਦੀਆਂ ਗੱਲਾਂ ਕਰਦੀ ਹੈ, ਪਰ ਵੋਟਾਂ ਜਿੱਤਣ ਤੋਂ ਬਾਅਦ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣੀ ਸ਼ੁਰੂ ਕਰ ਦਿੰਦੀ ਹੈ। ਕੀਮਤਾਂ ਵਿੱਚ ਇਹ ਵਾਧਾ ਸਿਰਫ਼ ਸੱਤਾਧਾਰੀ ਪਾਰਟੀ ਦੇ ਨਜ਼ਦੀਕੀ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।

ਭਾਜਪਾ ਦੇ ਚੋਣ ਵਾਅਦਿਆਂ ‘ਤੇ ਨਿਸ਼ਾਨਾ ਸਾਧਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਹਰ ਨਾਗਰਿਕ ਦੇ ਬੈਂਕ ਖਾਤੇ ‘ਚ ₹15 ਲੱਖ ਜਮ੍ਹਾ ਕਰਵਾਉਣ, ਦੋ ਕਰੋੜ ਨੌਕਰੀਆਂ ਦੇਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਭਾਜਪਾ ਸਰਕਾਰ ਨੇ ਮਹਿੰਗਾਈ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਰਾਹੀਂ ਕਿਸਾਨਾਂ ‘ਤੇ ਲਗਾਤਾਰ ਆਰਥਿਕ ਬੋਝ ਵਧਾਇਆ ਹੈ।

ਪੰਜਾਬ ਦੇ ਖੇਤੀਬਾੜੀ ਸੈਕਟਰ ‘ਤੇ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਕਰਦਿਆਂ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ‘ਤੇ ਸਿੱਧਾ ਅਸਰ ਪਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਸਿੰਚਾਈ ਲਈ ਹਜ਼ਾਰਾਂ ਲੀਟਰ ਪਾਣੀ ਅਤੇ ਤੇਲ ਦੀ ਲੋੜ ਹੁੰਦੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਸਿੱਧੇ ਤੌਰ ‘ਤੇ ਉਨ੍ਹਾਂ ਦੇ ਖੇਤੀਬਾੜੀ ਕਾਰਜਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਉਨ੍ਹਾਂ ਦਾ ਆਰਥਿਕ ਬੋਝ ਵਧਾਏਗਾ।

ਅਮਨ ਅਰੋੜਾ ਨੇ ਅੱਗੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧੇ ‘ਤੇ ਵੀ ਦੇਸ਼ ਵਿਆਪੀ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਸਨ, ਪਰ ਪਿਛਲੇ 12 ਤੋਂ 13 ਸਾਲਾਂ ਤੋਂ ਮਹਿੰਗਾਈ ਨੂੰ ਬਰਦਾਸ਼ਤ ਕਰਦੇ-ਕਰਦੇ ਲੋਕ ਹੁਣ ਥੱਕ ਚੁੱਕੇ ਹਨ ਅਤੇ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਮੌਜੂਦਾ ਸਥਿਤੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਘਰੇਲੂ ਆਰਥਿਕ ਨੀਤੀਆਂ ਦੀ ਪੂਰੀ ਤਰ੍ਹਾਂ ਨਾਕਾਮਯਾਬੀ ਦਾ ਨਤੀਜਾ ਹੈ।

ਭਾਰਤ ਨੂੰ “ਆਤਮਨਿਰਭਰ” ਬਣਾਉਣ ਦੇ ਕੇਂਦਰ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਉਲਟਾ ਆਯਾਤ (ਇੰਪੋਰਟ) ‘ਤੇ ਨਿਰਭਰਤਾ ਕਾਫ਼ੀ ਵਧ ਗਈ ਹੈ। ਤੇਲ ਦੀ ਦਰਾਮਦ ਨਾਲ ਸਬੰਧਤ ਕੇਂਦਰ ਦੇ ਵਿਦੇਸ਼ ਨੀਤੀ ਦੇ ਫੈਸਲਿਆਂ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ”ਇਹ ਸਮਝਣਾ ਮੁਸ਼ਕਲ ਹੈ ਕਿ ਰੂਸ ਵਰਗੇ ਦੇਸ਼ਾਂ ਤੋਂ ਮੌਕੇ ਉਪਲਬਧ ਹੋਣ ਦੇ ਬਾਵਜੂਦ ਭਾਰਤ ਤੇਲ ਖਰੀਦਣ ਬਾਰੇ ਸੁਤੰਤਰ ਫੈਸਲੇ ਲੈਣ ਤੋਂ ਕਿਉਂ ਝਿਜਕ ਰਿਹਾ ਹੈ।’

ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਅਮਨ ਅਰੋੜਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਵਾਧੇ ਨੂੰ ਤੁਰੰਤ ਵਾਪਸ ਲਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਆਮ ਲੋਕਾਂ ਦਾ ਦਮ ਘੁੱਟਦੀ ਰਹੀ, ਤਾਂ ਜਨਤਾ ਦਾ ਗੁੱਸਾ ਸੜਕਾਂ ‘ਤੇ ਨਿਕਲ ਸਕਦਾ ਹੈ, ਜਿਸ ਦੇ ਭਾਜਪਾ ਸਰਕਾਰ ਲਈ ਵੱਡੇ ਸਿਆਸੀ ਨਤੀਜੇ ਭੁਗਤਣੇ ਪੈਣਗੇ।

ਵਿਸ਼ਵ ਹਾਈਪਰਟੈਂਸ਼ਨ ਦਿਵਸ : ‘ਮੁੱਖ ਮੰਤਰੀ ਸਿਹਤ ਯੋਜਨਾ’ 40 ਤੋਂ 90 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਬਣੀ ਸਹਾਰਾ

ਚੰਡੀਗੜ੍ਹ, 15 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ ‘ਤੇ, ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਉੱਚ ਰਕਤਚਾਪ ਅਤੇ ਇਸ ਨਾਲ ਸੰਬੰਧਿਤ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਮਹੱਤਵਪੂਰਨ ਰਾਹਤ ਦੇ ਰਹੀ ਹੈ। ਜਿਵੇਂ-ਜਿਵੇਂ ਵੱਖ-ਵੱਖ ਉਮਰ ਵਰਗਾਂ ਵਿੱਚ ਉੱਚ ਰਕਤਚਾਪ ਦੇ ਮਾਮਲੇ ਵਧ ਰਹੇ ਹਨ, ਇਹ ਯੋਜਨਾ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਮੇਂ ਸਿਰ ਇਲਾਜ ਉਪਲੱਬਧ ਕਰਵਾਉਣ ਦੇ ਨਾਲ-ਨਾਲ ਭਾਰੀ ਚਿਕਿਤਸਾ ਖਰਚਿਆਂ ਤੋਂ ਵੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ।

ਹਾਈਪਰਟੈਂਸ਼ਨ, ਜਿਸਨੂੰ ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ, ਨੂੰ ਡਾਕਟਰ ਅਕਸਰ “ਸਾਇਲੈਂਟ ਕਿਲਰ” ਕਹਿੰਦੇ ਹਨ। ਇਹ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਦੇ ਸਟ੍ਰੋਕ, ਹਾਰਟ ਫੇਲਿਅਰ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬੀਮਾਰੀ ਲਗਭਗ ਹਰ ਉਮਰ ਵਰਗ ਵਿੱਚ ਦੇਖੀ ਜਾ ਰਹੀ ਹੈ।

ਹਸਪਤਾਲਾਂ ਵਿੱਚ ਬਜ਼ੁਰਗ ਪੁਰਸ਼ ਜਾਂਚ ਰਿਪੋਰਟਾਂ ਦੀ ਉਡੀਕ ਕਰਦੇ ਨਜ਼ਰ ਆਉਂਦੇ ਹਨ, ਮਹਿਲਾਵਾਂ ਆਪਣੇ ਪਰਸ ਵਿੱਚ ਦਵਾਈਆਂ ਦੀਆਂ ਪਰਚੀਆਂ ਸੰਭਾਲ ਕੇ ਰੱਖਦੀਆਂ ਹਨ, ਜਦਕਿ ਨੌਜਵਾਨ ਮਰੀਜ਼ ਵੀ ਬਲੱਡ ਪ੍ਰੈਸ਼ਰ ਦੀਆਂ ਵਧਦੀਆਂ ਰੀਡਿੰਗਾਂ ਨੂੰ ਲੈ ਕੇ ਚਿੰਤਾ ਵਿਅਕਤ ਕਰਦੇ ਦਿਖਾਈ ਦਿੰਦੇ ਹਨ। ਹਰ ਮਰੀਜ਼ ਦੀ ਫਾਈਲ ਦੇ ਪਿੱਛੇ ਇੱਕ ਪਰਿਵਾਰ ਹੁੰਦਾ ਹੈ ਜੋ ਬੀਮਾਰੀ ਅਤੇ ਵਧਦੇ ਇਲਾਜ ਖਰਚਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।

ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਭਾਰਤ ਵਿੱਚ ਉੱਚ ਰਕਤਚਾਪ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ, ਜਿਸਦੇ ਮੁੱਖ ਕਾਰਨ ਗਲਤ ਖ਼ੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀ ਦੀ ਕਮੀ ਅਤੇ ਅਨਿਯਮਿਤ ਜੀਵਨਸ਼ੈਲੀ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਨੂੰ ਇਸ ਬੀਮਾਰੀ ਦਾ ਪਤਾ ਤਦ ਲੱਗਦਾ ਹੈ ਜਦੋਂ ਗੰਭੀਰ ਜਟਿਲਤਾਵਾਂ ਪੈਦਾ ਹੋ ਚੁੱਕੀਆਂ ਹੁੰਦੀਆਂ ਹਨ। ਇਸ ਵਧਦੇ ਸਿਹਤ ਸੰਕਟ ਵਿਚਕਾਰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਇੱਕ ਮਹੱਤਵਪੂਰਨ ਸੁਰੱਖਿਆ ਕਵਚ ਸਾਬਤ ਹੋ ਰਹੀ ਹੈ। ਇਹ ਯੋਜਨਾ ਹਜ਼ਾਰਾਂ ਮਰੀਜ਼ਾਂ ਨੂੰ ਉੱਚ ਰਕਤਚਾਪ ਅਤੇ ਇਸ ਨਾਲ ਸੰਬੰਧਿਤ ਜਟਿਲਤਾਵਾਂ ਦਾ ਇਲਾਜ ਬਿਨਾਂ ਮਹਿੰਗੇ ਖਰਚਿਆਂ ਦੇ ਬੋਝ ਤੋਂ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਹੈ।

ਅਨਿਯੰਤਰਿਤ ਰਕਤਚਾਪ ਦੇ ਕਾਰਨ ਹੋਣ ਵਾਲੇ ਸਟ੍ਰੋਕ, ਹਿਰਦੇ ਸੰਬੰਧੀ ਗੰਭੀਰ ਐਮਰਜੈਂਸੀ, ਕਿਡਨੀ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਅਤੇ ਹਸਪਤਾਲ ਵਿੱਚ ਦਾਖ਼ਲੇ ਦਾ ਖ਼ਰਚਾ ਹੁਣ ਇਸ ਯੋਜਨਾ ਤਹਿਤ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਨਸਿਕ ਤਣਾਅ ਨਾਲ ਜੂਝ ਰਹੇ ਪਰਿਵਾਰਾਂ ਨੂੰ ਰਾਹਤ ਮਿਲ ਰਹੀ ਹੈ।

ਪੰਜਾਬ ਵਿੱਚ ਜ਼ਿਆਦਾਤਰ ਮਰੀਜ਼ ਅਜੇ ਵੀ ਮੱਧ ਉਮਰ ਅਤੇ ਬਜ਼ੁਰਗ ਵਰਗ ਨਾਲ ਸੰਬੰਧਿਤ ਹਨ, ਜਿੰਨ੍ਹਾਂ ਵਿੱਚ 40 ਤੋਂ 80 ਸਾਲ ਵਾਲਾ ਉਮਰ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੈ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿੱਚ 94 ਸਾਲ ਤੱਕ ਦੀ ਉਮਰ ਦੇ ਮਰੀਜ਼ ਦਰਜ ਕੀਤੇ ਗਏ, ਜਦਕਿ ਐੱਸ.ਏ.ਐੱਸ. ਨਗਰ ਵਿੱਚ 98 ਸਾਲ ਦੀ ਉਮਰ ਤੱਕ ਦੇ ਮਰੀਜ਼ ਦਰਜ ਕੀਤੇ ਗਏ, ਜੋ ਇਸ ਬੀਮਾਰੀ ਦੀ ਗਹਿਰੀ ਪਹੁੰਚ ਨੂੰ ਦਰਸਾਉਂਦੇ ਹਨ।

ਪਟਿਆਲਾ, ਐੱਸ.ਏ.ਐੱਸ. ਨਗਰ, ਹੁਸ਼ਿਆਰਪੁਰ, ਜਲੰਧਰ ਅਤੇ ਫ਼ਰੀਦਕੋਟ ਵਰਗੇ ਜ਼ਿਲ੍ਹਿਆਂ ਵਿੱਚ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਦਰਜ ਹੋਏ ਹਨ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਹਸਪਤਾਲ ਰਿਕਾਰਡਾਂ ਵਿੱਚ 50 ਤੋਂ 77 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਵਿੱਚ ਮਾਮਲਿਆਂ ਦੀ ਗਿਣਤੀ ਵਧੀ ਹੋਈ ਮਿਲੀ ਹੈ।

ਡਾ. ਸੌਰਭ ਸ਼ਰਮਾ, ਜੋ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿੱਚ ਕਾਰਡੀਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਵਿਭਾਗ ਮੁਖੀ ਹਨ, ਕਹਿੰਦੇ ਹਨ ਕਿ ਉੱਚ ਰਕਤਚਾਪ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਹਰ ਉਮਰ ਵਰਗ ਲਈ ਨਵੀਆਂ ਸਿਹਤ ਚੁਣੌਤੀਆਂ ਲੈ ਕੇ ਆ ਰਹੀ ਹੈ।

ਡਾ. ਸ਼ਰਮਾ ਨੇ ਕਿਹਾ ਕਿ ਤਣਾਅ, ਖਰਾਬ ਖ਼ੁਰਾਕ, ਕਸਰਤ ਦੀ ਕਮੀ ਅਤੇ ਅਨਿਯਮਿਤ ਦਿਨਚਰਿਆ ਮੁੱਖ ਕਾਰਨ ਹਨ, ਅਤੇ ਹੁਣ ਇਹ ਜਟਿਲਤਾਵਾਂ ਪਹਿਲਾਂ ਨਾਲੋਂ ਜ਼ਿਆਦਾ ਜਲਦੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਟ੍ਰੋਕ, ਹਾਰਟ ਫੇਲਿਅਰ ਅਤੇ ਕਿਡਨੀ ਰੋਗ ਵਰਗੀਆਂ ਜਟਿਲਤਾਵਾਂ ਵੀ ਹੁਣ ਜਲਦੀ ਦਿਖਾਈ ਦੇ ਰਹੀਆਂ ਹਨ।

ਡਾਕਟਰ ਸ਼ਰਮਾ ਦੇ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਮਰੀਜ਼ਾਂ ਨੂੰ ਆਰਥਿਕ ਡਰ ਕਾਰਨ ਇਲਾਜ ਟਾਲਣ ਤੋਂ ਰੋਕਦੀ ਹੈ। ਉਨ੍ਹਾਂ ਕਿਹਾ ਕਿ ਉੱਚ ਰਕਤਚਾਪ ਐਮਰਜੈਂਸੀ ਵਿੱਚ ਦੇਰੀ ਕਈ ਵਾਰ ਜੀਵਨ ਅਤੇ ਮੌਤ ਵਿਚਕਾਰ ਫ਼ਰਕ ਬਣ ਸਕਦੀ ਹੈ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਿਰਫ਼ ਇਲਾਜ ਨਹੀਂ, ਸਗੋਂ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣਾ ਹੈ। ਪਹਿਲਾਂ ਕਈ ਪਰਿਵਾਰ ਆਰਥਿਕ ਡਰ ਕਾਰਨ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਵਿੱਚ ਦੇਰੀ ਕਰਦੇ ਸਨ, ਜੋ ਕਈ ਵਾਰ ਘਾਤਕ ਸਾਬਤ ਹੁੰਦੀ ਸੀ। ਹੁਣ ਮਰੀਜ਼ ਸਮੇਂ ਸਿਰ ਇਲਾਜ ਲੈ ਰਹੇ ਹਨ, ਜਿਸ ਨਾਲ ਸੁਧਾਰ ਦੀ ਸੰਭਾਵਨਾ ਵਧੀ ਹੈ। ਮੱਧ ਵਰਗ ਦੇ ਘਰਾਂ, ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਇਹ ਯੋਜਨਾ ਭਾਰੀ ਚਿਕਿਤਸਾ ਖਰਚਿਆਂ ਤੋਂ ਸੁਰੱਖਿਆ ਦਾ ਇੱਕ ਮਜ਼ਬੂਤ ਸਹਾਰਾ ਬਣ ਗਈ ਹੈ।

ਇਸ ਵਿਸ਼ਵ ਉੱਚ ਰਕਤਚਾਪ ਦਿਵਸ ‘ਤੇ, ਸਿਹਤ ਕਾਰਡ ਦੀ ਸਭ ਤੋਂ ਵੱਡੀ ਉਪਲੱਬਧੀ ਸਿਰਫ਼ ਨਿਪਟਾਏ ਗਏ ਮਾਮਲਿਆਂ ਦੀ ਗਿਣਤੀ ਨਹੀਂ, ਸਗੋਂ ਉਹ ਸਨਮਾਨ ਅਤੇ ਆਤਮ-ਵਿਸ਼ਵਾਸ ਹੈ ਜੋ ਇਸਨੇ ਮਰੀਜ਼ਾਂ ਨੂੰ ਦਿੱਤਾ ਹੈ, ਜਿਸ ਕਰਕੇ ਹੁਣ ਉਹ ਆਰਥਿਕ ਮੁਸ਼ਕਲਾਂ ਦੇ ਡਰ ਤੋਂ ਬਿਨਾਂ ਇਲਾਜ ਕਰਵਾ ਸਕਦੇ ਹਨ।

ਸਿੱਖਿਆ ਬੋਰਡ 10ਵੀਂ ਤੇ 12ਵੀਂ ਪ੍ਰੀਖਿਆਵਾਂ ਦੀ ਰੀ ਚੈਕਿੰਗ ਵਾਸਤੇ ਫਾਰਮ ਭਰਨ ਦਾ ਸਮਾਂ ਦਿੱਤਾ

ਮੋਹਾਲੀ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਰੀ ਅਪੀਅਰ, ਵਾਧੂ ਵਿਸ਼ਾ ਅਤੇ ਦਰਜ਼ਾ/ਕਾਰਗੁਜ਼ਾਰੀ ਵਧਾਉਣ ਦਾ ਨਤੀਜਾ ਕ੍ਰਮਵਾਰ 10ਵੀਂ ਕਲਾਸ ਦਾ 11 ਮਈ ਅਤੇ 12ਵੀਂ ਕਲਾਸ ਦਾ 13 ਮਈ ਨੂੰ ਐਲਾਨਿਆ ਗਿਆ ਸੀ। ਇਨ੍ਹਾਂ ਪ੍ਰੀਖਿਆਵਾਂ ਨਾਲਸਬੰਧਤ ਪ੍ਰੀਖਿਆਰਥੀਆਂ ਜੇਕਰ ਰੀ ਚੈਕਿੰਗ/ਰੀ ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨਲਾਈਨ ਫਾਰਮ ਅਤੇ ਫੀਸ ਭਰਨ ਲਈ 16 ਮਈ 2026 ਤੋਂ 30 ਮਈ 2026 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆਰਥੀ ਆਨਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰਿਕਾਰਡ ਵਾਸਤੇ ਰੱਖਣ। ਇਸ ਫਾਰਮ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੋਰ ਵਧੇਰੀ ਜਾਣਕਾਰੀ ਬੋਰਡ ਦੀ ਵੈਬਸਾਈਟ ਉਤੇ ਉਪਲੱਬਧ ਹੈ।

ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ : ਜ਼ਿਲ੍ਹਾ ਚੋਣ ਅਫਸਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਮਈ, 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਇੱਥੇ ਮੀਡੀਆ ਨੂੰ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਨਗਰ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਜ਼ਿਲ੍ਹੇ ਵਿੱਚ ਵੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਅਧੀਨ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ 25 ਜੂਨ,2026 ਤੋਂ 24 ਜੁਲਾਈ, 2026 ਤੱਕ ਬੀ ਐਲ ਓਜ਼ ਘਰੋਂ-ਘਰੀਂ ਜਾ ਕੇ ਵੋਟਰਜ਼ ਦੇ ਫਾਰਮ ਭਰਵਾਉਣਗੇ। ਇਸ ਕਾਰਜ ਲਈ 838 ਬੀ ਐਲ ਓਜ਼, 83 ਸੁਪਰਵਾਈਜ਼ਰ, 3 ਈ ਆਰ ਓਜ਼ ਅਤੇ 6 ਏ ਈ ਆਰ ਓਜ਼ ਸਮੇਤ ਪੂਰਾ ਚੋਣ ਅਮਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਸਬੰਧੀ ਬੀ ਐਲ ਓਜ਼ ਨੂੰ ਟ੍ਰੇਨਿੰਗ ਦੇਣ ਅਤੇ ਹੋਰ ਤਿਆਰੀਆਂ ਸਬੰਧੀ ਕੰਮ 15 ਜੂਨ, 2026 ਤੋਂ 24 ਜੂਨ, 2026 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਸੂਚੀ ਵਿੱਚੋਂ ਬਾਹਰ ਕਰਨਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਦੋਹਰੀ ਵੋਟ ਰੱਖਣਾ ਭਾਰਤੀ ਸੰਵਿਧਾਨ ਅਨੁਸਾਰ ਅਪਰਾਧ ਹੈ, ਜਿਸ ਲਈ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੈ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ 1 ਜਨਵਰੀ, 2003 ਨੂੰ ਯੋਗਤਾ ਮਿਤੀ ਨਿਰਧਾਰਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸ.ਆਈ.ਆਰ. ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕਰਨ ਦਾ ਕਾਰਜ 24-07-2026 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦਾ ਖਰੜਾ 31-07-2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 31-07-2026 ਤੋਂ 30-08-2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 31-07-2026 ਤੋਂ 28-09-2026 ਤੱਕ ਕੀਤਾ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ। ਸ੍ਰੀਮਤੀ ਕੋਮਲ ਮਿੱਤਲ ਨੇ ਜਿਲ੍ਹਾ ਐਸ.ਏ.ਐਸ ਨਗਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਵਿੱਚ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਵੋਟਰਾਂ ਦੀ ਸਹੂਲਤ ਲਈ ਯੋਗਤਾ ਮਿਤੀ 1 ਜਨਵਰੀ, 2003 ਦੀਆਂ ਵੋਟਰ ਸੂਚੀਆਂ ਨਾਲ ਮੌਜੂਦਾ ਵੋਟਰ ਸੂਚੀਆਂ ਨੂੰ ਜੋੜ ਦਿੱਤਾ ਗਿਆ ਹੈ, ਜਿਸ ਨਾਲ ਸੂਬੇ ਦੇ ਵੋਟਰਾਂ ਨੂੰ ਪੁਰਾਣੀਆਂ ਵੋਟਰ ਸੂਚੀਆਂ ਨੂੰ ਲੱਭਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ।

ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ 65.74% ਫੀਸਦੀ ਮੈਪਿੰਗ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪੂਰਵ ਗਤੀਵਿਧੀ ਵਜੋਂ ਨੇਪਰੇ ਚੜ੍ਹ ਚੁੱਕੀ ਹੈ, ਜਿਸ ਸਬੰਧੀ ਬੀ.ਐਲ.ਓਜ਼ ਘਰੋਂ-ਘਰੀਂ ਜਾ ਕੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਫਾਰਮ ਭਰਵਾਉਣਗੇ ਅਤੇ ਫਾਰਮ ਨੂੰ ਮੁੜ ਪ੍ਰਾਪਤ ਕਰਨ ਲਈ ਵੋਟਰਾਂ ਦੇ ਘਰ ਜਾ ਕੇ ਤਿੰਨ ਵਾਰ ਉਨ੍ਹਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਦੌਰਾਨ ਆਧਾਰ ਕਾਰਡ ਨੂੰ ਸਿਰਫ ਪਹਿਚਾਣ ਦੇ ਸਰੋਤ ਵਜੋਂ ਹੀ ਮਾਨਤਾ ਦਿੱਤੀ ਗਈ ਹੈ ਨਾ ਕਿ ਪਹਿਚਾਣ ਦੇ ਸਬੂਤ ਵਜੋਂ।

ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬਲਾਕ ਲੈਵਲ ਏਜੰਟ ਜ਼ਰੂਰ ਨਿਯੁਕਤ ਕਰਨ ਤਾਂ ਜੋ ਇਹ ਕਾਰਜ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹ ਸਕੇ।

ਵਧੇਰੀ ਜਾਣਕਾਰੀ ਲਈ ਟੋਲ ਫਰੀ ਨੰ.1950 ਤੇ ਸੰਪਰਕ ਕਰ ਸਕਦੇ ਹੋ ।

ਫਾਸ਼ੀਵਾਦੀ ਸ਼ਕਤੀਆਂ ਦੇ ਟਾਕਰੇ ਲਈ ਪੰਜਾਬ ਨੂੰ ਇੱਕ ਮਜ਼ਬੂਤ ਖੱਬੇਪੱਖੀ ਬਲਾਕ ਦੀ ਜ਼ਰੂਰਤ : ਦੀਪੰਕਰ ਭਟਾਚਾਰੀਆ

ਮਾਨਸਾ, 15 ਮਈ 26, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਜਰਮਨੀ ਦੇ ਫਾਸੀਵਾਦੀਆਂ ਵਾਂਗ ਹੀ ਦੇਸ਼ ਵਿੱਚ ਸੰਸਦ ਰਾਹੀਂ ਦੇਸ਼ ਭਰ ਵਿੱਚ ਇਕ ਪਾਰਟੀ ਦੇ ਗਲਬੇ ਵੱਲ ਵਧ ਰਹੀ ਹੈ। ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪੰਕਰ ਭਟਾਚਾਰੀਆ ਨੇ ਮਾਨਸਾ ਵਿੱਚ ‘ਨਾਗਰਿਕ ਸਮਾਜ ਨਾਲ ਇੱਕ ਸੰਵਾਦ’ ਸੰਮੇਲਨ ਦੌਰਾਨ ਕਹੀ। ਉਹ ਇੱਥੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਸੂਬਾ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ ਸਨ।
ਕਾਮਰੇਡ ਦੀਪੰਕਰ ਨੇ ਕਿਹਾ ਕਿ ਜਰਮਨੀ ਵਿੱਚ ਯਹੂਦੀਆਂ ਵਿਰੋਧੀ ਜਿਹੜਾ ਮਾਹੌਲ ਹਿਟਲਰ ਅਤੇ ਉਸਦੀ ਪਾਰਟੀ ਨੇ ਬਣਾਇਆ ਸੀ, ਭਾਰਤ ਵਿੱਚ ਮੁਸਲਮਾਨਾਂ ਦੇ ਵਿਰੁਧ ਉਹੀ ਮਾਹੌਲ ਭਾਜਪਾ-ਆਰਐੱਸਐੱਸ ਨੇ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਬੰਗਾਲ ਦਾ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪਰ 1947 ਵਿੱਚ ਇਹਨਾਂ ਦੋਵੇਂ ਰਾਜਾਂ ਨੂੰ ਫਿਰਕੂ ਆਧਾਰ ਉੱਤੇ ਦੋ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਗਿਆ। ਪਰ ਬੀਤੇ ਵਿੱਚ ਅਸੀਂ ਵੇਖਿਆ ਕਿ ਪੰਜਾਬ ਦੇ ਲੋਕ ਉਸ ਫਿਰਕੂ ਰਾਜਨੀਤੀ ਨੂੰ ਅਲਵਿਦਾ ਆਖ ਕੇ ਕਸ਼ਮੀਰੀਆਂ ਅਤੇ ਮੁਸਲਿਮਾਂ ਦੇ ਮੁੱਦਿਆਂ ਉੱਤੇ ਉਨ੍ਹਾਂ ਦੇ ਨਾਲ ਖੁੱਲ੍ਹ ਕੇ ਖੜ੍ਹੇ ਹੁੰਦੇ ਰਹੇ ਹਨ। ਜਦਕਿ ਬੰਗਾਲ ਵਿੱਚ ਫਿਰਕੂ ਵੰਡ ਵਾਲੀ ਉਹ ਰਾਜਨੀਤੀ ਅਜੇ ਵੀ ਮੌਜੂਦ ਹੈ ਅਤੇ ਵਧਦੀ ਜਾ ਰਹੀ ਹੈ। ਹੁਣ ਇਸੇ ਧਰੁਵੀਕਰਨ ਨੂੰ ਹੋਰ ਤਿੱਖਾ ਕਰਦਿਆਂ ਬੀਜੇਪੀ ਨੇ ਉਥੇ ਵੱਡੀ ਜਿੱਤ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ 2024 ਦੀਆਂ ਲੋਕਸਭਾ ਚੋਣਾਂ ਵਿੱਚ ਬੀਜੇਪੀ ਕੁਝ ਕਮਜ਼ੋਰ ਹੋਈ ਸੀ। ਪਰ ਉਸ ਤੋਂ ਬਾਅਦ ਉਸਦੀ ਤਾਕਤ ਲਗਾਤਾਰ ਵਧ ਰਹੀ ਹੈ। ਇਸ ਵਿੱਚ ਚੋਣ ਕਮਿਸ਼ਨ, ਈਡੀ, ਸੀਬੀਆਈ ਅਤੇ ਨਿਆਂਪਾਲਿਕਾ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਬੀਜੇਪੀ ਨੂੰ ਖੁੱਲ੍ਹ ਕੇ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਅਮਰੀਕਾ ਤੇ ਟਰੰਪ ਦੇ ਸਾਹਮਣੇ ਮੁਕੰਮਲ ਸਮਰਪਣ ਵਾਲੀਆਂ ਨੀਤੀਆਂ ਨੇ ਦੇਸ਼ ਨੂੰ ਵੱਡੇ ਆਰਥਿਕ ਸੰਕਟ ਅਤੇ ਦੁਨੀਆਂ ਤੋਂ ਨਿਖੇੜੇ ਵੱਲ ਧੱਕ ਦਿੱਤਾ ਹੈ। ਦੋ ਦਿਨ ਪਹਿਲਾਂ ਦਿੱਤਾ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਦਰ ਅਸਲ ਦੇਸ਼ ਵਿੱਚ ਆਰਥਿਕ ਐਮਰਜੈਂਸੀ ਦੀ ਘੋਸ਼ਣਾ ਹੀ ਹੈ।
ਪੰਜਾਬ ਦੀਆਂ ਰਾਜਨੀਤਿਕ ਸਥਿਤੀਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਚਰਚਾ ਹੈ ਕਿ ਪੱਛਮੀ ਬੰਗਾਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਬੀਜੇਪੀ -ਆਰਐੱਸਐੱਸ ਦਾ ਅਗਲਾ ਨਿਸ਼ਾਨਾ ਪੰਜਾਬ ਹੈ। ਇੱਥੇ ਐੱਸਆਈਆਰ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਅਤੇ ਮੀਡੀਆ ਵਿੱਚ ਹਾਲੇ ਕੋਈ ਚਿੰਤਾ ਤੇ ਹਲਚਲ ਨਜ਼ਰ ਨਹੀਂ ਆ ਰਹੀ, ਜਦਕਿ ਬਾਕੀ ਸੂਬਿਆਂ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਸਵੈ ਰੁਜ਼ਗਾਰ ਕਰ ਰਹੇ ਮਜ਼ਦੂਰਾਂ ਅਤੇ ਸ਼ਹਿਰੀ ਤੇ ਪੇਂਡੂ ਗਰੀਬਾਂ ਦੇ ਵੋਟਾਂ ਵੱਡੀ ਗਿਣਤੀ ਵਿੱਚ ਕੱਟੇ ਜਾਣਗੇ। ਸਾਨੂੰ ਗਰੀਬਾਂ ਦੇ ਵੋਟ ਦੇ ਹੱਕ ਨੂੰ ਖੋਹਣ ਵਾਲੀਆਂ ਭਾਜਪਾਈ ਸਾਜ਼ਿਸ਼ਾਂ ਵਿਰੋਧੀ ਤੁਰੰਤ ਮੁਹਿੰਮ ਆਰੰਭ ਕਰਨ ਦੀ ਲੋੜ ਹੈ। ਇਸਦੀ ਸ਼ੁਰੂਆਤ ਵਜੋਂ ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰਐੱਮਪੀਆਈ ਵਲੋਂ ਸਾਂਝੇ ਤੌਰ ਉੱਤੇ 7 ਜੂਨ ਨੂੰ ਲੁਧਿਆਣਾ ਵਿੱਚ ਇੱਕ ਖੁੱਲ੍ਹੀ ਜਨ ਸੁਣਵਾਈ ਜਥੇਬੰਦ ਕੀਤੀ ਜਾਵੇਗੀ।
ਕਾਮਰੇਡ ਦੀਪੰਕਰ ਨੇ ਕਿਹਾ ਕਿ ਪੰਜਾਬ ਵਿੱਚ ਇਨਕਲਾਬੀਆਂ ਅਤੇ ਖੱਬੇਪੱਖੀਆਂ ਦਾ ਸੰਘਰਸ਼ਾਂ ਅਤੇ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ। ਅਸੀਂ ਇੱਥੇ ਖੱਬੇ ਪੱਖ ਦੇ ਮੁੜ ਉਭਾਰ ਲਈ ਕੰਮ ਕਰ ਰਹੇ ਹਾਂ। ਖੱਬੇ ਪੱਖ ਦੇ ਮੁੜ ਉਭਾਰ ਲਈ ਦੇਸ਼ ਭਰ ਦੀਆਂ ਖੱਬੇ ਪੱਖੀ ਅਤੇ ਇਨਕਲਾਬੀ ਕਤਾਰਾਂ ਦੀ ਨਜ਼ਰ ਹੁਣ ਸੀਪੀਆਈ (ਐਮ ਐਲ) ਲਿਬਰੇਸ਼ਨ ਉੱਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਖੱਬੇਪੱਖ ਦੀ ਮਜ਼ਬੂਤ ਹਿੱਸੇਦਾਰੀ ਦੇ ਬਾਵਜੂਦ ਪਿਛਲੀਆਂ ਚੋਣਾਂ ਵਿੱਚ ਉਸਦਾ ਫਾਇਦਾ ਖੱਬੇਪੱਖ ਦੀ ਬਜਾਏ, ਆਪ ਪਾਰਟੀ ਨੇ ਉਠਾ ਲਿਆ, ਪਰ ਉਸ ਨੇ ਉਨ੍ਹਾਂ ਤਮਾਮ ਪੰਜਾਬੀਆਂ ਦੀ ਉਮੀਦਾਂ ਦਾ ਗਰਭਪਾਤ ਕਰ ਦਿੱਤਾ, ਜਿੰਨਾਂ ਨੇ ਬੜੇ ਜੋਸ਼ ਤੇ ਚਾਅ ਨਾਲ ਭਗਵੰਤ ਮਾਨ ਨੂੰ ਸਤਾ’ਤੇ ਪਹੁੰਚਿਆ ਸੀ। ਹੁਣ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਯਕੀਨਨ ਬਹੁ ਕੋਣੀ ਮੁਕਾਬਲੇ ਹੋਣਗੇ। ਇਸ ਲਈ ਸੀਪੀਆਈ ਐਮ ਐਲ ਲਿਬਰੇਸ਼ਨ ਪੰਜਾਬ ਚੋਣਾਂ ਵਿੱਚ ਇੱਕ ਮਜ਼ਬੂਤ ਖੱਬੇ ਬਲਾਕ ਦੇ ਨਿਰਮਾਣ ਲਈ ਹਰ ਸੰਭਵ ਯਤਨ ਕਰੇਗੀ।
ਇਸ ਇਕੱਤਰਤਾ ਵਿੱਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਪ੍ਰਸ਼ੋਤਮ ਸ਼ਰਮਾ, ਨਛੱਤਰ ਸਿੰਘ ਖੀਵਾ, ਮਾਣਿਕ ਗੋਇਲ, ਡਾਕਟਰ ਧੰਨਾ ਮੱਲ ਗੋਇਲ, ਗੁਰਲਾਭ ਸਿੰਘ ਮਾਹਲ, ਸਿਕੰਦਰ ਸਿੰਘ ਘਰਾਂਗਣਾ, ਕਾਮਰੇਡ ਕੁਲਵਿੰਦਰ ਸਿੰਘ ਉੱਡਤ, ਜੁਗਰਾਜ ਸਿੰਘ ਰੱਲਾ, ਧਰਮਪਾਲ ਨੀਟਾ, ਭੋਲਾ ਸਿੰਘ ਸਮਾਓਂ, ਕਰਨੈਲ ਸਿੰਘ ਮਾਨਸਾ, ਵਿਜੇ ਭੀਖੀ, ਇੰਜੀ. ਹਰਮੀਤ ਸਿੰਘ, ਅਜਮੇਰ ਅਕਲੀਆ, ਸੁਖਦਰਸ਼ਨ ਸਿੰਘ ਨੱਤ, ਸੁਰਿੰਦਰ ਪਾਲ ਸ਼ਰਮਾ, ਮੰਗਾ ਖੋਖਰ, ਗੁਰਸੇਵਕ ਮਾਨ, ਸੁਖਜੀਤ ਰਾਮਾਨੰਦੀ, ਹੈਪੀ ਮਾਨ, ਨੌਜਵਾਨ ਆਗੂ ਅਮਰਦੀਪ ਪਰੋਚਾ, ਜਸਬੀਰ ਕੌਰ ਨੱਤ, ਗੁਰਮੀਤ ਨੰਦਗੜ੍ਹ, ਕ੍ਰਿਸ਼ਨਾ ਕੌਰ, ਅਜੈਬ ਸਿੰਘ ਭੈਣੀ, ਗੋਰਾ ਲਾਲ ਅਤਲਾ ਅਤੇ ਐਡਵੋਕੇਟ ਅਜੈਬ ਸਿੰਘ ਸਮੇਤ ਹੋਰ ਸਥਾਨਕ ਲੋਕ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੁਰਜੀਤ ਸਿੰਘ ਰੱਖੜਾ ਨੂੰ ਮੁਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਚੰਡੀਗੜ੍ਹ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਵੱਲੋਂ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕਿਹਾ ਗਿਆ ਕਿ ਪਾਰਟੀ ਵਿਰੋਧੀ ਨੀਤੀਆਂ ਕਰਨ ਕਰਕੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ ਹੈ।

ਦੂਜਾ ਪਾਸੇ ਪਿਛਲੇ ਦਿਨਾਂ ਤੋਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਸੁਰਜੀਤ ਸਿੰਘ ਰੱਖੜਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਉਣਗੇ।

ਅੰਮ੍ਰਿਤਸਰ ਏਅਰਪੋਰਟ ‘ਤੇ 2.58 ਕਰੋੜ ਦਾ ਸੋਨਾ ਬਰਾਮਦ, ਇੱਕ ਗ੍ਰਿਫ਼ਤਾਰ

ਅੰਮ੍ਰਿਤਸਰ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਯਾਤਰੀ ਕੋਲੋਂ ਕਰੀਬ 2.58 ਕਰੋੜ ਰੁਪਏ ਮੁੱਲ ਦਾ ਸੋਨਾ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਯਾਤਰੀ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ MH-119 ਰਾਹੀਂ ਕੁਆਲਾਲੰਪੁਰ ਜਾਣ ਦੀ ਤਿਆਰੀ ਵਿੱਚ ਸੀ। ਸ਼ੱਕ ਦੇ ਆਧਾਰ ‘ਤੇ ਕਸਟਮ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਵਿਸਥਾਰਪੂਰਵਕ ਜਾਂਚ ਅਤੇ ਸਮਾਨ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ 24 ਕੈਰਟ ਸੋਨਾ ਬਰਾਮਦ ਕੀਤਾ। ਇਹ ਸੋਨਾ ਕੜੇ ਅਤੇ ਬਿਸਕਿਟ ਦੇ ਰੂਪ ਵਿੱਚ ਚਲਾਕੀ ਨਾਲ ਲੁਕਾਇਆ ਗਿਆ ਸੀ। ਬਰਾਮਦ ਸੋਨੇ ਦਾ ਕੁੱਲ ਵਜ਼ਨ 1,676 ਗ੍ਰਾਮ ਦੱਸਿਆ ਗਿਆ ਹੈ। ਕਸਟਮ ਵਿਭਾਗ ਨੇ ਸੋਨੇ ਨੂੰ ਕਸਟਮ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਜ਼ਬਤ ਕਰ ਲਿਆ ਹੈ। ਇਸਦੇ ਨਾਲ ਹੀ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਚੋਣ ਹਲਕਿਆਂ ਅੰਦਰ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਚੁੱਕਣ ‘ਤੇ ਪਾਬੰਦੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਰਾਜ ਵਿੱਚ ਮਿਤੀ 26.05.2026 ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ, ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ, ਚੋਣਾਂ ਦੀ ਪ੍ਰੀਕਿਰਿਆ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਅਤੇ ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸਬੰਧਤ ਚੋਣਾਂ ਅਧੀਨ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ ਅਤੇ ਲੈ ਕੇ ਚੱਲਣ ਤੇ ਪਾਬੰਦੀ ਲਾ ਦਿੱਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 (46 ਆਫ 2023) ਚੈਪਟਰ 11 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸਬੰਧਤ ਚੋਣਾਂ ਅਧੀਨ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ ਅਤੇ ਨਾਲ਼ ਲੈ ਕੇ ਚੱਲਣ ਤੇ ਪਾਬੰਦੀ ਲਗਾ ਦਿਤੀ ਹੈ।

ਇਹ ਹੁਕਮ ਮਿਤੀ 15.05.2026 ਤੋਂ ਮਿਤੀ 29.05.2026 ਤੱਕ ਜ਼ਿਲ੍ਹੇ ਵਿੱਚ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ।

ਪੰਜਾਬ

ਦੇਸ਼