Breaking News
ਪਾਕਿਸਤਾਨ ਵਿੱਚ ਦੋ ਬੰਬ ਧਮਾਕੇ, 7 ਦੀ ਮੌਤ, 3 ਜ਼ਖਮੀ

ਨਵੀਂ ਦਿੱਲੀ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਾਕਿਸਤਾਨ ਦੇ ਉੱਤਰ-ਪੱਛਮੀ ਬੰਨੂ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਸੜਕ ਕਿਨਾਰੇ ਹੋਏ ਦੋ ਬੰਬ ਧਮਾਕਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਪਹਿਲਾ ਧਮਾਕਾ ਵਜ਼ੀਰ ਉਪ-ਖੰਡ ਦੇ ਫਾਂਗ ਮੂਸਾ ਖੇਲ ਇਲਾਕੇ ਵਿੱਚ ਹੋਇਆ। ਡੋਮੇਲ ਵੱਲ ਜਾ ਰਹੀ ਇੱਕ ਯਾਤਰੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 5 ਲੋਕਾਂ ਦੀ ਜਾਨ ਚਲੀ ਅਤੇ 3 ਹੋਰ ਜ਼ਖ਼ਮੀ ਹੋ ਗਏ। ਪਹਿਲੇ ਹਮਲੇ ਦੇ ਕੁਝ ਸਮੇਂ ਬਾਅਦ ਦੂਜਾ ਧਮਾਕਾ ਹੋ ਗਿਆ। ਇਹ ਧਮਾਕਾ ਪਹਿਲੀ ਘਟਨਾ ਵਾਲੀ ਥਾਂ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਹੋਇਆ, ਜਿਸ ਵਿੱਚ 2 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਬੰਨੂ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ)  ਨੇ ਦੱਸਿਆ ਕਿ ਸੁਰੱਖਿਆ ਬਲ ਤੁਰੰਤ ਮੌਕੇ ‘ਤੇ ਪਹੁੰਚ ਗਏ ਸਨ। ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਇਨ੍ਹਾਂ ਹਮਲਿਆਂ ਨੂੰ ਕਾਇਰਤਾਪੂਰਨ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਪੁਲਿਸ ਦੇ ਮੁਤਾਬਕ, ਦੋਵੇਂ ਗੱਡੀਆਂ ਨੂੰ ਰਿਮੋਟ ਕੰਟਰੋਲ ਰਾਹੀਂ ਕੀਤੇ ਗਏ ਧਮਾਕਿਆਂ ਨਾਲ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਲਾਕੇ ਵਿੱਚ ਹੋਰ ਵੀ ਬੰਬ ਮੌਜੂਦ ਹੋ ਸਕਦੇ ਹਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।

ਰੇਲਵੇ ਸਟੇਸ਼ਨ ’ਤੇ ਜਨਰਲ ਡੱਬੇ ’ਚ ਸੀਟ ਲਈ ਨੌਜਵਾਨ ਦਾ ਕਤਲ

ਨਵੀਂ ਦਿੱਲੀ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਦਿੱਲੀ ਵਿੱਚ ਰੇਲਵੇ ਸਟੇਸ਼ਨ ਉਤੇ ਗੱਡੀ ਦੇ ਜਨਰਲ ਡੱਬੇ ਵਿੱਚ ਸੀਟ ਨੂੰ ਲੈ ਕੇ ਹੋਇਆ ਮਾਮੂਲੀ ਝਗੜਾ ਖੂਨੀ ਰੂਪ ਧਾਰਨ ਕਰ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਾਹਰਦਾ ਰੇਲਵੇ ਸਟੇਸ਼ਨ ਉਤੇ ਰੇਲ ਗੱਡੀ ਚੜ੍ਹਦੇ ਸਮੇਂ ਵਿਵਾਦ ਹੋ ਗਿਆ। ਪਲੇਟਫਾਰਮ ਨੰਬਰ 3 ਉਤੇ ਯੋਗਾ ਐਕਸਪ੍ਰੈਸ ਦੀ ਜਨਰਲ ਬੋਗੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਕੁਝ ਦੂਜੇ ਹੋਰ ਯਾਤਰੀਆਂ ਨੇ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮੌਕੇ ਉਤੇ ਰੇਲਵੇ ਪੁਲਿਸ ਮੁਲਾਜ਼ਮ ਪੀੜਤ ਮੁਲਾਜ਼ਮ ਨੂੰ ਸੁਰੱਖਿਅਤ ਘੇਰੇ ਵਿੱਚ ਲਿਆ ਕੇ ਫਰਸ਼ ਉਤੇ ਪਾਉਂਦੇ ਹਨ। ਬਾਅਦ ਵਿੱਚ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਸਵੇਰੇ 6 ਵਜੇ ਜਨਰਲ ਡੱਬੇ ਵਿੱਚ ਚੜ੍ਹਦੇ ਸਮੇਂ ਯਾਤਰੀਆਂ ਵਿੱਚ ਧੱਕਾ ਮੁੱਕੀ ਹੋ ਗਈ। ਇਸ ਦੌਰਾਨ ਉਤਰ ਪ੍ਰਦੇਸ਼ ਦੇ ਬਾਗਪਤ ਦੇ ਰਹਿਣ ਵਾਲੇ ਪੰਕਜ ਧਾਮਾ ਦਾ ਕੁਝ ਯਾਤਰੀਆਂ ਨਾਲ ਵਿਵਾਦ ਹੋ ਗਿਆ। ਦੇਖਦੇ ਦੇਖਦੇ ਹੀ ਬੋਗੀ ਦੇ ਗੇਟ ਉਤੇ ਸ਼ੁਰੂ ਹੋਇਆ ਮਾਮੂਲੀ ਝਗੜਾ ਹਿੰਸਕ ਰੂਪ ਧਾਰਨ ਕਰ ਗਿਆ। ਗੁੱਸੇ ਵਿੱਚ ਹੋਰਨਾ ਯਾਰਤੀਆਂ ਨੇ ਉਸ ਉਤੇ ਹਮਲਾ ਕਰ ਦਿੱਤਾ, ਜ਼ਮੀਨ ਉਤੇ ਡਿੱਗਦਿਆਂ ਹੀ ਉਸ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ।

ਨਵੀਂ ਦਿੱਲੀ ਰੇਲਵੇ ਦੇ ਡੀਸੀਪੀ ਸਚਿਨ ਸ਼ਰਮਾ ਨੇ ਦੱਇਸਆ ਕਿ ਗੰਭੀਰਤ ਹਾਲਤ ਵਿੱਚ ਪੀੜਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦੇ ਫ਼ਰੰਟਲਾਈਨ ਰਿਸਪਾਂਸ ਨੂੰ ਹੋਰ ਮਜ਼ਬੂਤ ਬਣਾ ਕੇ ਅਪਰਾਧ ਨਾਲ ਲੜਨ ਦੀ ਸਮਰੱਥਾ ਵਿੱਚ ਕਰ ਰਹੇ ਹਨ ਵਾਧਾ

ਚੰਡੀਗੜ੍ਹ , 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਪੁਲਿਸ ਦੀ ਸਫਲਤਾ ਸਿਰਫ਼ ਤਜਰਬੇਕਾਰ ਸੀਨੀਅਰ ਅਧਿਕਾਰੀਆਂ ਦੇ ਮੋਢਿਆਂ ’ਤੇ ਹੀ ਨਿਰਭਰ ਨਹੀਂ , ਸਗੋਂ ਉਹਨਾਂ ਨੌਜਵਾਨ ਅਧਿਕਾਰੀਆਂ ਦੀ ਦ੍ਰਿੜਤਾ ਤੇ ਤਨਦੇਹੀ ਦਾ ਵੀ ਭਰਪੂਰ ਯੋਗਦਾਨ ਹੈ,ਜੋ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਪੁਲਿਸ ਫੋਰਸ ਦੇ ਭਵਿੱਖ ਨੂੰ ਮਜ਼ਬੂਤ ਬਣਾ ਰਹੇ ਹਨ।

ਸੂਬੇ ਦੀ ਪੁਲਿਸ ਵਿੱਚ ਕਾਂਸਟੇਬਲ ਤੋਂ ਲੈ ਕੇ ਡੀਐਸਪੀ (ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ) ਤੱਕ ਵੱਖ-ਵੱਖ ਅਹੁਦਿਆਂ ’ਤੇ ਨੌਜਵਾਨ ਅਧਿਕਾਰੀ ਤਾਇਨਾਤ ਹਨ, ਜੋ ਆਧੁਨਿਕ ਤਕਨਾਲੋਜੀ ਅਤੇ ਨਿਡਰ ਸੋਚ ਦੇ ਨਾਲ ਅਪਰਾਧ ਅਤੇ ਗੈਂਗ ਗਤੀਵਿਧੀਆਂ ’ਤੇ ਨਕੇਲ ਕੱਸਣ ਵਿੱਚ ਵੱਡਮੁਲੀ ਭੂਮਿਕਾ ਨਿਭਾ ਰਹੇ ਹਨ। ਪੁਲਿਸ ਬਲ ਵਿੱਚ 27 ਤੋਂ 29 ਸਾਲ ਦੀ ਉਮਰ ਵਰਗ ਦੇ 4,253 ਕਰਮਚਾਰੀ ਹਨ, ਜਦਕਿ 3,978 ਕਰਮਚਾਰੀ 27 ਸਾਲ ਤੋਂ ਘੱਟ ਉਮਰ ਦੇ ਹਨ। ਇਸ ਨਾਲ ਸਰਹੱਦੀ ਸੂਬੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਅਪਰਾਧਾਂ ਨਾਲ ਨਜਿੱਠਣ ਲਈ ਨੌਜਵਾਨੀ ਅਤੇ ਤਜਰਬੇ ਦਾ ਸੰਤੁਲਿਤ ਸੁਮੇਲ ਮੌਜੂਦ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ, ਡੀਜੀਪੀ ਗੌਰਵ ਯਾਦਵ ਦੀ ਦੇਖ-ਰੇਖ ਹੇਠ ਕੀਤੀਆਂ ਗਈਆਂ ਤਾਜ਼ਾ ਭਰਤੀਆਂ ਨੇ ਅਜਿਹੀ ਪੁਲਿਸ ਫੋਰਸ ਤਿਆਰ ਕਰਨ ਵਿੱਚ ਯੋਗਦਾਨ ਪਾਇਆ ਹੈ ਜੋ ਸੂਬੇ ਦੇ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੇ ਸਮਰੱਥ ਹੈ।

ਰਿਕਾਰਡਾਂ ਅਨੁਸਾਰ, ਪੰਜਾਬ ਪੁਲਿਸ ਵਿੱਚ 29 ਸਾਲ ਤੋਂ ਘੱਟ ਉਮਰ ਦੇ 6,666 ਕਾਂਸਟੇਬਲ, 973 ਸੀਨੀਅਰ ਕਾਂਸਟੇਬਲ, 347 ਸਬ-ਇੰਸਪੈਕਟਰ ਅਤੇ 186 ਹੈੱਡ ਕਾਂਸਟੇਬਲ ਸੇਵਾ ਨਿਭਾ ਰਹੇ ਹਨ। ਇਹਨਾਂ 6,666 ਕਾਂਸਟੇਬਲਾਂ ਵਿੱਚੋਂ 3,855 ਦੀ ਉਮਰ 20 ਤੋਂ 26 ਸਾਲ ਦੇ ਵਿਚਕਾਰ ਹੈ, ਜਦਕਿ 1,198 ਦੀ ਉਮਰ 29 ਸਾਲ, 1,125 ਦੀ 28 ਸਾਲ ਅਤੇ 488 ਦੀ ਉਮਰ 27 ਸਾਲ ਹੈ।

ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਹਰ ਕਿਸਮ ਦੀ ਸਥਿਤੀ ਨੂੰ ਸੰਭਾਲਣ ਅਤੇ ਹਰ ਹਾਲਤ ਵਿੱਚ ਅਪਰਾਧੀਆਂ ਨਾਲ ਨਜਿੱਠਣ ਦੇ ਸਮਰੱਥ ਹੈ। ਵੱਖ-ਵੱਖ ਭਰਤੀ ਮੁਹਿੰਮਾਂ ਰਾਹੀਂ ਫੋਰਸ ਵਿੱਚ 29 ਸਾਲ ਤੋਂ ਘੱਟ ਉਮਰ ਦੇ 8,231 ਕਰਮਚਾਰੀ ਭਰਤੀ ਹੋਏ ਹਨ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਵਿੱਚੋਂ ਬਹੁਤੇ ਨੌਜਵਾਨ ਫਰੰਟਲਾਈਨ ਅਧਿਕਾਰੀ ਅਤੇ ਥਾਣਾ ਸਟਾਫ ਵਜੋਂ ਕੰਮ ਕਰ ਰਹੇ ਹਨ, ਜੋ ਸਿੱਧੇ ਤੌਰ ’ਤੇ ਕਾਨੂੰਨ-ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਮੌਜੂਦਗੀ ਪੁਲਿਸ ਫੋਰਸ ਨੂੰ ਵਿਲੱਖਣ ਬਣਾਉਂਣ ਅਤੇ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ।”

ਇਹ ਨਵੀ ਉਮਰ ਦੇ ਅਧਿਕਾਰੀ /ਕਰਮਚਾਰੀ ਨਾ ਸਿਰਫ ਪੰਜਾਬ ਪੁਲਿਸ ਦੀ ਬਦਲਦੀ ਤਸਵੀਰ ਪੇਸ਼ ਕਰ ਰਹੇ ਹਨ,ਸਗੋਂ ਇਸ ਨਾਲ ਪੁਲਿਸ ਦੀ ਸੰਸਥਾਗਤ ਮਜ਼ਬੂਤੀ
ਵੀ ਸਾਹਮਣੇ ਆਈ ਹੈ।

ਸੂਬੇ ਦੇ ਸਾਰੇ ਪੁਲਿਸ ਥਾਣਿਆਂ ਵਿੱਚ ਮਹਿਲਾ ਹੈਲਪ ਡੈਸਕਾਂ ਦੀ ਸਥਾਪਨਾ ਕੀਤੀ ਗਈ ਹੈ, ਇਸ ਦੇ ਨਾਲ ਹੀ ਰਾਜ ਦੇ ਸਿਟੀਜ਼ਨ ਪੋਰਟਲ ਦੀਆਂ ਸੇਵਾਵਾਂ ਵਿੱਚ ਵੀ ਸੁਧਾਰ ਹੋਇਆ ਹੈ।

ਨੌਜਵਾਨਾਂ ਨੂੰ ਫੋਰਸ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਅਜੇ ਜਾਰੀ ਹੈ। ਪੰਜਾਬ ਪੁਲਿਸ ਨੇ 3,298 ਅਸਾਮੀਆਂ ਲਈ ਵੱਡੀ ਕਾਂਸਟੇਬਲ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਲਈ ਕੰਪਿਊਟਰ ਅਧਾਰਿਤ ਪ੍ਰੀਖਿਆ (ਸੀ. ਬੀ. ਟੀ. ) 1 ਜੁਲਾਈ ਤੋਂ ਸ਼ੁਰੂ ਹੋਵੇਗੀ। ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨਾਲ ਫਰੰਟਲਾਈਨ ਪੁਲਿਸ ਦੀ ਮੌਜੂਦਗੀ ਹੋਰ ਵਧੇਗੀ ਅਤੇ ਹਰ ਉਮਰ ਵਰਗ ਦੇ ਨਾਗਰਿਕਾਂ ਨਾਲ ਬਿਹਤਰ ਤਾਲਮੇਲ ਬਣਾਉਣ ਵਿੱਚ ਮਦਦ ਮਿਲੇਗੀ।

ਚੰਡੀਗੜ੍ਹ ਭਾਜਪਾ ਪ੍ਰਧਾਨ ਨੇ ਪੰਜਾਬੀਆਂ ਤੋਂ ਮੰਗੀ ਮੁਆਫ਼ੀ

ਚੰਡੀਗੜ੍ਹ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬੀਆਂ ਸਬੰਧੀ ਵਿਵਾਦਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਮੁਆਫੀ ਮੰਗੀ ਹੈ। ਭਾਜਪਾ ਆਗੂ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਗੱਲ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਜਾਂ ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ, ਤਾਂ ਉਹ ਇਸ ਲਈ ਦਿਲੋਂ ਮਾਫ਼ੀ ਮੰਗਦੇ ਹਨ। ਉਨ੍ਹਾਂ ਕਾਂਗਰਸ ’ਤੇ ਰਾਜਨੀਤਿਕ ਲਾਭ ਲਈ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਪ੍ਰੋਗਰਾਮ ਦੀ ਪੂਰੀ ਵੀਡੀਓ ਦਿਖਾਉਣ ਦੀ ਬਜਾਏ ਉਸਦਾ ਇੱਕ ਛੋਟਾ ਹਿੱਸਾ ਕੱਟ ਕੇ ਗਲਤ ਸੰਦਰਭ ਵਿੱਚ ਪੇਸ਼ ਕੀਤਾ ਅਤੇ ਖੇਤਰੀ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਜਤਿੰਦਰ ਮਲਹੋਤਰਾ ਨੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋਏ ਕਿਹਾ, “ਮੈਂ ਖੁਦ ਇੱਕ ਪੰਜਾਬੀ ਹਾਂ। ਮੇਰਾ ਪਾਲਣ-ਪੋਸ਼ਣ ਅੰਮ੍ਰਿਤਸਰ ਵਿੱਚ ਹੋਇਆ ਹੈ ਅਤੇ ਅੱਜ ਮੈਂ ਚੰਡੀਗੜ੍ਹ ਵਿੱਚ ਰਹਿੰਦਾ ਹਾਂ। ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ।” ਉਨ੍ਹਾਂ ਨੇ ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਪੰਜਾਬੀਆਂ ਦੀਆਂ ਭਾਵਨਾਵਾਂ ਤਦ ਆਹਤ ਹੋਈਆਂ ਸਨ ਜਦੋਂ ਕਾਂਗਰਸ ਨੇ ਪੰਜਾਬ ਦੇ ਟੁਕੜੇ ਕੀਤੇ, ਜਦੋਂ ਕਾਂਗਰਸ ਸ਼ਾਸਨ ਦੌਰਾਨ ਹਰਿਮੰਦਰ ਸਾਹਿਬ ’ਤੇ ਹਮਲਾ ਹੋਇਆ, ਅਤੇ ਜਦੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਗੰਭੀਰ ਮੁੱਦਿਆਂ ’ਤੇ ਰਾਜਾ ਵੜਿੰਗ ਹਮੇਸ਼ਾ ਚੁੱਪ ਰਹੇ ਹਨ।‘

ਜ਼ਿਕਰਯੋਗ ਹੈ ਕਿ ਇੱਕ ਪ੍ਰੋਗਰਾਮ ਦੌਰਾਨ ਪੰਜਾਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਪੰਜਾਬੀਆਂ ਨੂੰ  ‘Emotional Bloody Fools’ ਕਿਹਾ ਸੀ।

NEET-UG 2026 ਤੋਂ ਪਹਿਲਾਂ ਦੇਸ਼ ਭਰ ‘ਚ ਮੌਕ ਡ੍ਰਿੱਲ

ਨਵੀਂ ਦਿੱਲੀ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੱਲ੍ਹ 21 ਜੂਨ ਐਤਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਦੇਸ਼ ਭਰ ਵਿੱਚ ਨੀਟ ਦੀ ਰੀ ਪ੍ਰੀਖਿਆ ਲਈ ਜਾ ਰਹੀ ਹੈ। NEET-UG 2026 ਦੀ ਮੁੜ ਹੋਣ ਵਾਲੀ ਪ੍ਰੀਖਿਆ ਤੋਂ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਮੌਕ ਡ੍ਰਿੱਲ ਕਰਵਾਈ ਜਾਵੇਗੀ। ਪ੍ਰੀਖਿਆ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 21 ਜੂਨ ਨੂੰ ਹੋਣ ਵਾਲੀ ਇਸ ਪ੍ਰੀਖਿਆ ਵਿੱਚ 22.79 ਲੱਖ ਤੋਂ ਵੱਧ ਉਮੀਦਵਾਰ ਹਿੱਸਾ ਲੈਣਗੇ। ਇਸ ਲਈ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ 5,000 ਤੋਂ ਵੱਧ ਪ੍ਰੀਖਿਆ ਕੇਂਦਰ ਬਣਾਏ ਗਏ ਹਨ। NTA ਮੁਤਾਬਕ ਪ੍ਰੀਖਿਆ ਕਰਵਾਉਣ ਲਈ 2 ਲੱਖ ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 674 ਸਿਟੀ ਕੋਆਰਡੀਨੇਟਰ ਅਤੇ 6,669 ਆਬਜ਼ਰਵਰ ਸ਼ਾਮਲ ਹਨ। NTA ਦੇ ਅਨੁਸਾਰ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਪੈਨ-ਐਂਡ-ਪੇਪਰ ਮੋਡ ਵਿੱਚ ਹੋਵੇਗੀ। ਜਦਕਿ PwD ਅਤੇ PwBD ਸ਼੍ਰੇਣੀ ਦੇ ਯੋਗ ਉਮੀਦਵਾਰਾਂ ਨੂੰ ਵਾਧੂ ਸਮਾਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਾਮ 6:20 ਵਜੇ ਤੱਕ ਪ੍ਰੀਖਿਆ ਲਿਖਣ ਦੀ ਇਜਾਜ਼ਤ ਹੋਵੇਗੀ। NTA ਦਾ ਕਹਿਣਾ ਹੈ ਕਿ ਇਸ ਵਾਰ ਪ੍ਰੀਖਿਆ ਨੂੰ ਨਿਰਪੱਖ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਨਿਗਰਾਨੀ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਵੜਿੰਗ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਵੱਲੋਂ ਪੰਜਾਬੀਆਂ ਖਿਲਾਫ਼ ਅਪਮਾਨਜਨਕ ਟਿੱਪਣੀ ਦੀ ਕੀਤੀ ਨਿੰਦਾ

ਚੰਡੀਗੜ੍ਹ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਇੱਕ ਜਨਤਕ ਸਮਾਗਮ ਦੌਰਾਨ ਪੰਜਾਬੀਆਂ ਬਾਰੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਅਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਚੰਡੀਗੜ੍ਹ ਵਿੱਚ ਹੋਏ ਇੱਕ ਸਮਾਗਮ ਦੌਰਾਨ ਮਲਹੋਤਰਾ ਨੇ ਪੰਜਾਬੀਆਂ ਨੂੰ “ਇਮੋਸ਼ਨਲ ਬਲੱਡੀ ਫੂਲਜ਼” ਕਰਾਰ ਦਿੱਤਾ ਸੀ।

ਇਨ੍ਹਾਂ ਟਿੱਪਣੀਆਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪੀ ’ਤੇ ਸਵਾਲ ਖੜ੍ਹੇ ਕੀਤੇ ਅਤੇ ਪੁੱਛਿਆ ਕਿ ਉਹ ਪੰਜਾਬੀ ਭਾਈਚਾਰੇ ਦੀ ਇਸ ਤਰ੍ਹਾਂ ਕੀਤੀ ਗਈ ਬੇਇੱਜ਼ਤੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਲਹੋਤਰਾ ਨੇ ਦਰਅਸਲ ਭਾਜਪਾ ਦੀ ਉਸ ਅਸਲੀ ਸੋਚ ਨੂੰ ਲੋਕਾਂ ਸਾਹਮਣੇ ਲਿਆਉਂਦਾ ਹੈ, ਜਿਹੜੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਵਿਰੋਧੀ ਅਤੇ ਨਫ਼ਰਤ ਭਰੀ ਹੈ। ਉਨ੍ਹਾਂ ਨੇ ਕਿਹਾ ਕਿ ਮਲਹੋਤਰਾ ਨੇ ਸ਼ਾਇਦ ਅਣਜਾਣੇ ਵਿੱਚ ਪੰਜਾਬੀਆਂ ਬਾਰੇ ਭਾਜਪਾ ਦੀ ਅਸਲ ਸੋਚ ਨੂੰ ਸਾਹਮਣੇ ਲਿਆ ਦਿੱਤਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਆਗੂਆਂ, ਖ਼ਾਸ ਕਰਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪੁੱਛਿਆ ਕਿ ਕੀ ਉਹ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਹਿਮਤ ਹਨ, ਜਿਨ੍ਹਾਂ ਵਿੱਚ ਉਹ ਖੁਦ ਵੀ ਸ਼ਾਮਲ ਹਨ। ਉਨ੍ਹਾਂ ਹੈਰਾਨੀ ਜਤਾਈ ਕਿ ਮਲਹੋਤਰਾ ਵੱਲੋਂ ਇਹ ਟਿੱਪਣੀਆਂ ਕੀਤੇ ਜਾਣ ਤੋਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੰਜਾਬ ਭਾਜਪਾ ਦੀ ਲੀਡਰਸ਼ਿਪ ਚੁੱਪ ਬੈਠੀ ਹੈ।

ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰਦਿਆਂ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਮਲਹੋਤਰਾ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਵੀ ਮੰਗ ਕੀਤੀ।

ਪਾਰਟੀ ਵਰਕਰਾਂ ਨੇ ਵੱਖ-ਵੱਖ ਜ਼ਿਲ੍ਹਾ ਮੁੱਖ ਦਫ਼ਤਰਾਂ ਵਿੱਚ ਰੋਸ ਮਾਰਚ ਕੱਢੇ ਅਤੇ ਭਾਜਪਾ ਅਤੇ ਇਸਦੇ ਚੰਡੀਗੜ੍ਹ ਦੇ ਪ੍ਰਧਾਨ ਮਲਹੋਤਰਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮਲਹੋਤਰਾ ਨੇ ਅਸਲ ਵਿੱਚ ਉਹ ਡੂੰਘੀ ਨਫ਼ਰਤ ਬੇਨਕਾਬ ਕਰ ਦਿੱਤੀ ਹੈ, ਜੋ ਭਾਜਪਾ ਦੇ ਆਗੂ ਪੰਜਾਬੀਆਂ ਪ੍ਰਤੀ ਆਪਣੇ ਮਨ ਵਿੱਚ ਰੱਖਦੇ ਹਨ।

CM ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਧੁੱਸੀ ਬੰਨ੍ਹ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ


ਸ਼ਾਹਕੋਟ (ਜਲੰਧਰ), 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਸਤਲੁਜ ਦਰਿਆ ਦੇ ਆਸ-ਪਾਸ ਦੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਅਤੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਆਵਾਜਾਈ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਹਕੋਟ ਹਲਕੇ ਵਿੱਚ 61.82 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਹਕੋਟ-ਮੋਗਾ-ਰਾਮਪੁਰ ਰੋਡ ਤੋਂ ਗਿੱਦੜਪਿੰਡੀ ਧੁੱਸੀ ਬੰਨ੍ਹ ਤੱਕ ਲਿੰਕ ਰੋਡ ਦਾ ਨੀਂਹ ਪੱਥਰ ਰੱਖਿਆ। 37.93 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਦਾ ਉਦੇਸ਼ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਸੰਪਰਕ ਵਿੱਚ ਸੁਧਾਰ ਕਰਨਾ ਅਤੇ ਸ਼ਾਹਕੋਟ-ਲੋਹੀਆਂ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਤਲੁਜ ਦਰਿਆ ਦੇ ਨਾਲ ਬਣਨ ਵਾਲੀ ਇਸ ਮਹੱਤਵਪੂਰਨ ਸੜਕ ਦੀ ਕੁੱਲ ਲੰਬਾਈ 37.93 ਕਿਲੋਮੀਟਰ ਹੋਵੇਗੀ। ਸਾਡੀ ਸਰਕਾਰ ਨੇ ਇਸ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਲਈ 61.82 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸ਼ਾਹਕੋਟ ਅਤੇ ਲੋਹੀਆਂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਦਹਾਕਿਆਂ ਤੋਂ ਹੜ੍ਹਾਂ ਦੇ ਨਿਰੰਤਰ ਖ਼ਤਰੇ ਹੇਠ ਜੀ ਰਹੇ ਹਨ। ਪਿਛਲੀਆਂ ਸਰਕਾਰਾਂ ਨੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਇਸ ਪੇਂਡੂ ਖੇਤਰ ਦੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ।”

ਮੁੱਖ ਮੰਤਰੀ ਨੇ ਕਿਹਾ, “ਅਸੀਂ ਝੂਠੇ ਵਾਅਦੇ ਕਰਨ ਵਿੱਚ ਨਹੀਂ, ਸਗੋਂ ਨਤੀਜੇ ਦੇਣ ਵਿੱਚ ਵਿਸ਼ਵਾਸ ਰੱਖਦੇ ਹਾਂ। ਮੈਂ ਖ਼ੁਦ ਇਸ ਖੇਤਰ ਦੇ ਲੋਕਾਂ ਦੁਆਰਾ ਝੱਲੀਆਂ ਮੁਸ਼ਕਲਾਂ ਨੂੰ ਦੇਖਿਆ, ਜਦੋਂ ਬਰਸਾਤ ਦੇ ਮੌਸਮ ਵਿੱਚ ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਸੀ। ਧੁੱਸੀ ਬੰਨ੍ਹ `ਤੇ ਇਸ ਸੜਕ ਦੇ ਨਿਰਮਾਣ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਬੰਨ੍ਹ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਇਹ ਸਥਾਨਕ ਲੋਕਾਂ ਲਈ ਹੜ੍ਹਾਂ ਦੇ ਖ਼ਤਰਿਆਂ ਵਿਰੁੱਧ ਮਜ਼ਬੂਤ ਢਾਲ ਵਜੋਂ ਕੰਮ ਕਰੇਗੀ।”

ਉਨ੍ਹਾਂ ਅੱਗੇ ਕਿਹਾ, “ਇਹ ਸੜਕ ਇਲਾਕੇ ਦੇ ਲਗਪਗ 15 ਪਿੰਡਾਂ ਵਿੱਚ ਰਹਿਣ ਵਾਲੇ ਤਕਰੀਬਨ 15-16 ਹਜ਼ਾਰ ਨਿਵਾਸੀਆਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਸਹੂਲਤ ਦੇਵੇਗੀ। ਇਹ ਸ਼ਾਹਕੋਟ-ਮੋਗਾ ਰੋਡ ਨੂੰ ਲੋਹੀਆਂ-ਮੱਖੂ ਰੋਡ ਨਾਲ ਜੋੜੇਗੀ ਅਤੇ ਇਕ ਪ੍ਰਭਾਵਸ਼ਾਲੀ ਬਾਈਪਾਸ ਵਜੋਂ ਕੰਮ ਕਰੇਗੀ, ਜਿਸ ਨਾਲ ਮੌਜੂਦਾ ਰੂਟ `ਤੇ ਟ੍ਰੈਫਿਕ ਦੀ ਸਮੱਸਿਆ ਕਾਫ਼ੀ ਹੱਦ ਤੱਕ ਘਟੇਗੀ। ਮੌਨਸੂਨ ਦੇ ਸੀਜ਼ਨ ਦੌਰਾਨ ਇਹ ਸੜਕ ਕਿਸਾਨਾਂ, ਸਕੂਲੀ ਬੱਸਾਂ ਅਤੇ ਆਮ ਜਨਤਾ ਲਈ ਸੁਚਾਰੂ ਅਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਏਗੀ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਪੂਰੇ ਪੰਜਾਬ ਵਿੱਚ ਮਜ਼ਬੂਤ ਪੇਂਡੂ ਬੁਨਿਆਦੀ ਢਾਂਚਾ ਕਾਇਮ ਕਰਨ ਅਤੇ ਉੱਚ ਪੱਧਰੀ ਸੜਕ ਤੇ ਆਵਾਜਾਈ ਨੈੱਟਵਰਕ ਯਕੀਨੀ ਬਣਾਉਣ ਲਈ ਦ੍ਰਿੜ੍ਹ ਹੈ। ਇਹ ਪ੍ਰਾਜੈਕਟ ਸਿਰਫ਼ ਇੱਕ ਸੜਕ ਦਾ ਨਿਰਮਾਣ ਨਹੀਂ, ਇਹ ਸ਼ਾਹਕੋਟ-ਲੋਹੀਆਂ ਖੇਤਰ ਦੇ ਲੋਕਾਂ ਦੀ ਸੁਰੱਖਿਆ, ਸੰਪਰਕ, ਆਰਥਿਕ ਵਿਕਾਸ ਅਤੇ ਬਿਹਤਰ ਜੀਵਨ ਪੱਧਰ ਲਈ ਨਿਵੇਸ਼ ਹੈ।”

ਆਪਣੀ ਸਰਕਾਰ ਦੇ ਹੋਰ ਲੋਕ-ਪੱਖੀ ਅਤੇ ਵਿਕਾਸ-ਮੁਖੀ ਕੰਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੇਰੇ ਲਈ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ‘ਆਪ` ਸਰਕਾਰ ਨੇ ਨੌਜਵਾਨਾਂ ਨੂੰ 67,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪੰਜਾਬ ਵਿੱਚ ਸਿਫ਼ਾਰਸ਼ਾਂ ਅਤੇ ਪੈਸੇ ਦੇ ਲੈਣ-ਦੇਣ ਦਾ ਦੌਰ ਖ਼ਤਮ ਹੋ ਚੁੱਕਿਆ ਹੈ ਅਤੇ ਹੁਣ ਨੌਜਵਾਨਾਂ ਨੂੰ ਸਿਰਫ਼ ਮੈਰਿਟ ਅਤੇ ਯੋਗਤਾ ਦੇ ਆਧਾਰ `ਤੇ ਨੌਕਰੀਆਂ ਮਿਲ ਰਹੀਆਂ ਹਨ।”

ਉਨ੍ਹਾਂ ਅੱਗੇ ਕਿਹਾ, “ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ `ਤੇ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਇਕ ਵੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਹੈ।”

ਸਿਹਤ ਸੰਭਾਲ ਦੇ ਖੇਤਰ ਵਿੱਚ ਪ੍ਰਾਪਤੀਆਂ `ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬੇ ਨੇ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਯੋਜਨਾਬੱਧ ਢੰਗ ਨਾਲ ਸਥਾਪਤ ਕੀਤੇ ਗਏ ਲਗਪਗ 990 ‘ਆਮ ਆਦਮੀ ਕਲੀਨਿਕਾਂ` ਦੇ ਆਪਣੇ ਇਤਿਹਾਸਕ ਕਦਮ ਰਾਹੀਂ ਮੁੱਢਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਇਹ ਕਲੀਨਿਕ ਮਿਆਰੀਕਰਨ ਦੇ ਸਿਧਾਂਤਾਂ `ਤੇ ਬਣਾਏ ਗਏ ਹਨ, ਜੋ ਆਈ.ਟੀ. ਆਧਾਰਤ ਰੀਅਲ-ਟਾਈਮ ਰਿਪੋਰਟਿੰਗ ਦੇ ਸਹਿਯੋਗ ਨਾਲ 107 ਜ਼ਰੂਰੀ ਦਵਾਈਆਂ ਅਤੇ 47 ਟੈਸਟ ਬਿਲਕੁਲ ਮੁਫ਼ਤ ਮੁਹੱਈਆ ਕਰਦੇ ਹਨ। ਲੋਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਕਿਉਂਕਿ ਹੁਣ ਤੱਕ 5.54 ਕਰੋੜ ਤੋਂ ਵੱਧ ਓ.ਪੀ.ਡੀ. ਦਰਜ ਕੀਤੀਆਂ ਜਾ ਚੁੱਕੀਆਂ ਹਨ। ਰੋਜ਼ਾਨਾ ਲਗਪਗ 84,000 ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ 90 ਫੀਸਦੀ ਤੋਂ ਵੱਧ ਮਰੀਜ਼ਾਂ ਨੂੰ ਸਾਰੀਆਂ ਲੋੜੀਦੀਆਂ ਦਵਾਈਆਂ ਕਲੀਨਿਕ ਤੋਂ ਹੀ ਮੁਫ਼ਤ ਮਿਲ ਰਹੀਆਂ ਹਨ।”

ਉਨ੍ਹਾਂ ਅੱਗੇ ਕਿਹਾ, “ਇਸ ਜਨਤਕ ਸਿਹਤ ਪਹਿਲਕਦਮੀ ਦਾ ਪ੍ਰਭਾਵ ਬੇਮਿਸਾਲ ਰਿਹਾ ਹੈ ਅਤੇ 97 ਫੀਸਦੀ ਮਰੀਜ਼ਾਂ ਨੇ ਮਿਲੀਆਂ ਸੇਵਾਵਾਂ `ਤੇ ਸੰਤੁਸ਼ਟੀ ਪ੍ਰਗਟਾਈ ਹੈ, ਜੋ ਇਸ ਯੋਜਨਾ ਵਿੱਚ ਲੋਕਾਂ ਦਾ ਵਿਸ਼ਵਾਸ ਦਰਸਾਉਂਦੀ ਹੈ। 400 ਹੋਰ ਆਮ ਆਦਮੀ ਕਲੀਨਿਕ ਜਲਦੀ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਪੰਜਾਬ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕੋਈ ਵੀ ਨਾਗਰਿਕ ਮਿਆਰੀ ਮੁੱਢਲੀ ਸਿਹਤ ਸੰਭਾਲ ਤੋਂ ਵਾਂਝਾ ਨਾ ਰਹੇ।”

ਸਿੰਜਾਈ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਨੇ ਬਿਹਤਰ ਸਿੰਜਾਈ ਪ੍ਰਣਾਲੀ ਰਾਹੀਂ ਇਸ ਸਾਲ 96 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ, ਜਦੋਂ ਕਿ ਪਹਿਲਾਂ ਇਹ ਪਾਣੀ ਬਰਬਾਦ ਹੋ ਜਾਂਦਾ ਸੀ। ਸਾਡੀ ਸਰਕਾਰ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਕਿਸਾਨਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਾਂ ਵਿਛਾਈਆਂ ਅਤੇ ਖਾਲੇ ਬਣਾਏ ਹਨ।”

ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਪਾਈਪਲਾਈਨਾਂ ਅਤੇ ਖਾਲਿਆਂ ਵਿੱਚ 21,000 ਕਿਊਸਿਕ ਪਾਣੀ ਛੱਡਿਆ ਗਿਆ ਹੈ ਤਾਂ ਜੋ ਕਿਸਾਨਾਂ ਦੀਆਂ ਸਿੰਜਾਈ ਲੋੜਾਂ ਨੂੰ ਪੂਰਾ ਕਰ ਕੇ ਉਨ੍ਹਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਸੂਬਾ ਸਰਕਾਰ ਵੱਲੋਂ ਛੱਡਿਆ ਗਿਆ ਇਹ ਪਾਣੀ ਦੋ ਭਾਖੜਾ ਨਹਿਰਾਂ ਦੁਆਰਾ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੇ ਬਰਾਬਰ ਹੈ ਅਤੇ ਇਸ ਕਦਮ ਨਾਲ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਫ਼ਾਇਦਾ ਹੋਵੇਗਾ।”

ਮੁੱਖ ਮੰਤਰੀ ਨੇ ਕਿਹਾ, “ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਰੱਖੇ ਗਏ ਹਨ ਤਾਂ ਜੋ ਜ਼ਮੀਨੀ ਪਾਣੀ ਦੇ ਪੱਧਰ ਵਿੱਚ ਸੁਧਾਰ ਹੋ ਸਕੇ ਅਤੇ ਇਨ੍ਹਾਂ ਯਤਨਾਂ ਸਦਕਾ ਕਈ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਤੱਕ ਵਧਿਆ ਹੈ। ਟੈਕਸਦਾਤਾਵਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਸਮਝਦਾਰੀ ਨਾਲ ਖ਼ਰਚਿਆ ਜਾ ਰਿਹਾ ਹੈ ਅਤੇ ਇਹ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦੇ ਰੂਪ ਵਿੱਚ ਉਨ੍ਹਾਂ ਕੋਲ ਵਾਪਸ ਆ ਰਿਹਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਪੰਜਾਬ ਸਰਕਾਰ ਹੁਣ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ 19 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਲੋਕਾਂ ਦੇ ਰੋਜ਼ਾਨਾ 70 ਲੱਖ ਰੁਪਏ ਬਚ ਰਹੇ ਹਨ। ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਰਕਾਰੀ ਖ਼ਜ਼ਾਨੇ ਦੀ ਇਕ-ਇਕ ਪਾਈ ਦੀ ਸੁਚੱਜੀ ਵਰਤੋਂ ਕਰ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਇੱਥੋਂ ਤੱਕ ਕਿ ਕਿਸਾਨਾਂ ਨੂੰ ਵੀ ਅੱਜ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ। ਅਜਿਹੇ ਸਮੇਂ ਵਿੱਚ ਜਦੋਂ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਸੰਪਤੀਆਂ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਦਿੱਤਾ ਜਾ ਰਿਹਾ ਹੈ, ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਅਤੇ ਇਸ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ `ਤੇ ਰੱਖ ਕੇ ਇਤਿਹਾਸ ਰਚਿਆ ਹੈ।”

ਮਹਿਲਾ ਸ਼ਕਤੀਕਰਨ ਦੀਆਂ ਪਹਿਲਕਦਮੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਨੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ` ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਬਾਕੀ ਸਾਰੀਆਂ ਸ਼਼੍ਰੇਣੀਆਂ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਵਜੋਂ ਮਿਲਣਗੇ।”

ਉਨ੍ਹਾਂ ਇਸ਼ਾਰਾ ਕਰਦਿਆਂ ਕਿਹਾ, “ਆਮ ਲੋਕਾਂ, ਖ਼ਾਸ ਕਰਕੇ ਗਰੀਬਾਂ ਲਈ 1,000-1,500 ਰੁਪਏ ਵੱਡੀ ਰਕਮ ਹੁੰਦੀ ਹੈ। ਇਹ ਰਾਸ਼ੀ ਮਾਵਾਂ ਅਤੇ ਧੀਆਂ ਲਈ ਸਤਿਕਾਰ ਦਾ ਪ੍ਰਤੀਕ ਹੈ ਅਤੇ ਇਸ ਯੋਜਨਾ ਕਾਰਨ ਔਰਤਾਂ ਦੇ ਚਿਹਰਿਆਂ `ਤੇ ਆਉਣ ਵਾਲੀ ਮੁਸਕਾਨ ਮੈਨੂੰ ਬਹੁਤ ਸੰਤੁਸ਼ਟੀ ਦਿੰਦੀ ਹੈ।”

ਸੂਬੇ ਦੀ ਸਰਵਵਿਆਪੀ ਸਿਹਤ ਸੰਭਾਲ ਯੋਜਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲੋਕਾਂ ਨੂੰ ਵਿਆਪਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ` ਸ਼ੁਰੂ ਕੀਤੀ ਹੈ, ਜੋ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ। ਇਹ ਪੰਜਾਬ ਦੇ ਹਰ ਵਸਨੀਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ (ਕੈਸ਼ਲੈੱਸ) ਇਲਾਜ ਪ੍ਰਦਾਨ ਕਰਦੀ ਹੈ।”

ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਅਜਿਹੀ ਵਿਆਪਕ ਸਿਹਤ ਬੀਮਾ ਸਹੂਲਤ ਦੇਣ ਵਾਲਾ ਪਹਿਲਾ ਭਾਰਤੀ ਸੂਬਾ ਹੈ, ਜਿਸ ਨੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਨਾਲ-ਨਾਲ ਜਨਤਾ `ਤੇ ਵਿੱਤੀ ਬੋਝ ਨੂੰ ਕਾਫ਼ੀ ਘੱਟ ਕੀਤਾ ਹੈ। ਇਸ ਇਤਿਹਾਸਕ ਕਦਮ ਦਾ ਉਦੇਸ਼ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਸਰਵਵਿਆਪੀ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ ਅਤੇ ਲੋਕ ਹੁਣ ਤੱਕ 650 ਕਰੋੜ ਰੁਪਏ ਤੋਂ ਵੱਧ ਦੇ ਮੁਫ਼ਤ ਇਲਾਜ ਦਾ ਲਾਭ ਉਠਾ ਚੁੱਕੇ ਹਨ।”

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ, “ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ, 2026` ਪਾਸ ਕਰਨ ਦਾ ਮੌਕਾ ਬਖ਼ਸ਼ਿਆ। ਪਿਛਲੇ ਸਮੇਂ ਵਿੱਚ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤਾਂ ਕਰੋੜਾਂ ਲੋਕਾਂ ਦੀ ਮਾਨਸਿਕਤਾ ਨੂੰ ਡੂੰਘੀ ਠੇਸ ਪਹੁੰਚੀ। ਪਰਮਾਤਮਾ ਨੇ ਮੈਨੂੰ ਕਾਨੂੰਨੀ ਮਾਹਰਾਂ ਨਾਲ ਵਿਸਤ੍ਰਿਤ ਸਲਾਹ-ਮਸ਼ਵਰੇ ਤੋਂ ਬਾਅਦ ਇਹ ਬਿੱਲ ਲਿਆਉਣ ਦੀ ਤਾਕਤ ਬਖ਼ਸ਼ੀ ਹੈ। ਪੰਜਾਬ ਸਰਕਾਰ ਨੇ ਇਸ ਬਿੱਲ ਨੂੰ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਹੈ ਤਾਂ ਜੋ ਇਹ ਸਮਾਜ ਵਿਰੋਧੀ ਅਨਸਰਾਂ ਲਈ ਭਵਿੱਖ ਵਿੱਚ ਅਜਿਹਾ ਕੋਈ ਵੀ ਗੁਨਾਹ ਕਰਨ ਤੋਂ ਰੋਕਣ ਲਈ ਵੱਡੀ ਚੇਤਾਵਨੀ ਵਜੋਂ ਕੰਮ ਕਰੇ ਅਤੇ ਕੋਈ ਵੀ ਕਦੇ ਵੀ ਅਜਿਹਾ ਘਿਨਾਉਣਾ ਅਪਰਾਧ ਕਰਨ ਦੀ ਹਿੰਮਤ ਨਾ ਕਰ ਸਕੇ।”

ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਪ੍ਰਦਰਸ਼ਨ ਅੱਜ

ਚੰਡੀਗੜ੍ਹ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਕਥਿਤ ਫਰਜ਼ੀ ਵੀਡੀਓ ਨੂੰ ਗਲਤ ਤਰੀਕੇ ਨਾਲ ਪ੍ਰਚਾਰਨ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਸੜਕਾਂ ‘ਤੇ ਉਤਰ ਰਹੀ ਹੈ। ‘ਆਪ’ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਪਾਰਟੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤੇ ਜਾ ਰਹੇ ਹਨ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਅਤੇ ਮੋਹਾਲੀ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਪਾਰਟੀ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਅਕਾਲੀ ਦਲ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਇਸ ਵਿਰੋਧ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਆਗੂ, ਵਿਧਾਇਕ, ਹਲਕਾ ਇੰਚਾਰਜ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਣਗੇ।  ਇਸ ਪ੍ਰਦਰਸ਼ਨ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਵੀ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਡਿਪਟੀ ਕਮਿਸ਼ਨਰ (DC) ਦਫ਼ਤਰਾਂ ਅਤੇ ਅਕਾਲੀ ਦਲ ਦੇ ਦਫ਼ਤਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

20-06-2026

ਸੋਰਠਿ ਮਹਲਾ ੪ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥ ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥ ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥ ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥ ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥ ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥ ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥ ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥ ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥ ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥ਸ਼ਨਿਚਰਵਾਰ, ੬ ਹਾੜ (ਸੰਮਤ ੫੫੮ ਨਾਨਕਸ਼ਾਹੀ)(ਅੰਗ: ੬੦੪)

ਪੰਜਾਬੀ ਵਿਆਖਿਆ

ਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹੈ । ਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ । ਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ ।੧। ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਿਫ਼ਤਿ-ਸਾਲਾਹ ਕਰਿਆ ਕਰ । (ਹੇ ਭਾਈ!) ਗੁਰੂ ਦੀ ਮੇਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ ।ਰਹਾਉ। ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣ ਕੇ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਮੂੰਹੋਂ (ਜੀਵਾਂ ਨੂੰ ਢਾਰਸ ਦੇਣ ਲਈ) ਮਿੱਠਾ ਬੋਲ ਬੋਲਦਾ ਹੈ । ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾ ਦੇਂਦਾ ਹੈ, ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ । ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ ।੨। ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿਚ ਲਾਈ ਰੱਖਦਾ ਹੈ, ਪ੍ਰਭੂ ਆਪ ਹੀ (ਜੀਵਾਂ ਦੀ) ਬਣਤਰ ਬਣਾਂਦਾ ਹੈ, ਆਪ ਹੀ ਮਾਰਦਾ ਹੈ, (ਤਾਂ ਉਸ ਦਾ ਪੈਦਾ ਕੀਤਾ ਜੀਵ) ਮਰ ਜਾਂਦਾ ਹੈ । ਪ੍ਰਭੂ ਆਪ ਹੀ (ਸੰਸਾਰ-ਨਦੀ ਉਤੇ) ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ (ਜੀਵਾਂ ਨੂੰ) ਪਾਰ ਲੰਘਾਂਦਾ ਹੈ ।੩। ਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ । ਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ । ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ । ਹੇ ਨਾਨਕ! (ਆਖ—) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ।੪।੧।

English Translation

SORAT’H, FOURTH MEHL, FIRST HOUSE:

ONE UNIVERSAL CREATOR GOD. BY THE GRACE OF THE TRUE GURU:My Beloved Lord Himself pervades and permeates all; He Himself is, all by Himself. My Beloved Himself is the trader in this world; He Himself is the true banker. My Beloved Himself is the trade and the trader; He Himself is the true credit. || 1 || O mind, meditate on the Lord, Har, Har, and praise His Name. By Guru’s Grace, the Beloved, Ambrosial, unapproachable and unfathomable Lord is obtained. || Pause || The Beloved Himself sees and hears everything; He Himself speaks through the mouths of all beings. The Beloved Himself leads us into the wilderness, and He Himself shows us the Way. The Beloved Himself is Himself all-in-all; He Himself is carefree. || 2 || The Beloved Himself, all by Himself, created everything; He Himself links all to their tasks. The Beloved Himself creates the Creation, and He Himself destroys it. He Himself is the wharf, and He Himself is the ferryman, who ferries us across. || 3 || The Beloved Himself is the ocean, and the boat; He Himself is the Guru, the boatman who steers it. The Beloved Himself sets sail and crosses over; He, the King, beholds His wondrous play. The Beloved Himself is the Merciful Master; O servant Nanak, He forgives and blends with Himself. || 4 || 1 ||Saturday, 6th Assaar (Samvat 558 Nanakshahi)(Page: 604)

5 ਬੱਚਿਆਂ ਦੇ ਚਿਹਰਿਆਂ ‘ਤੇ ਪਰਤੀ ਮੁਸਕਾਨ; ਪੰਜਾਬ ਸਰਕਾਰ ਨੇ ਕਰਵਾਇਆ ਪਰਿਵਾਰਾਂ ਨਾਲ ਮੁੜ ਮਿਲਾਪ: ਡਾ. ਬਲਜੀਤ ਕੌਰ

ਚੰਡੀਗੜ੍ਹ, 19 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ, ਦੇਖਭਾਲ ਅਤੇ ਉਨ੍ਹਾਂ ਦੇ ਸਰਵੋਤਮ ਹਿੱਤਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਵਤਨ ਭੇਜਿਆ ਗਿਆ ਹੈ, ਜਿੱਥੇ ਉਹ ਆਪਣੇ ਪਰਿਵਾਰਾਂ ਨਾਲ ਮੁੜ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਪਰਿਵਾਰਕ ਮਾਹੌਲ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਬੱਚੇ ਸਾਲ 2023 ਦੌਰਾਨ ਸਰਹੱਦੀ ਖੇਤਰ ਵਿੱਚ ਮਿਲੇ ਸਨ, ਜਿਸ ਉਪਰੰਤ ਬਾਲ ਭਲਾਈ ਕਮੇਟੀਆਂ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਪੰਜਾਬ ਦੇ ਬਾਲ ਘਰਾਂ ਵਿੱਚ ਸੁਰੱਖਿਆ ਅਤੇ ਦੇਖਭਾਲ ਲਈ ਰੱਖਿਆ ਗਿਆ। ਇਸ ਦੌਰਾਨ ਬੱਚਿਆਂ ਦੀ ਸਿੱਖਿਆ, ਸਿਹਤ, ਕੌਂਸਲਿੰਗ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਗਿਆ ਤਾਂ ਜੋ ਉਹ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਵਿੱਚ ਰਹਿ ਸਕਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਹਾਈ ਕਮਿਸ਼ਨ, ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਅਤੇ ਹੋਰ ਸਬੰਧਤ ਏਜੰਸੀਆਂ ਦੇ ਸਹਿਯੋਗ ਨਾਲ ਬੱਚਿਆਂ ਦੀ ਪਛਾਣ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਲੋੜੀਂਦੀ ਪੁਸ਼ਟੀ ਕਰਨ ਉਪਰੰਤ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਸਫਲਤਾਪੂਰਵਕ ਪੂਰੀਆਂ ਕੀਤੀਆਂ ਗਈਆਂ। ਇਸ ਉਪਰੰਤ 5 ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬੰਗਲਾਦੇਸ਼ ਭੇਜਿਆ ਗਿਆ, ਜਿੱਥੇ ਉਹ ਆਪਣੇ ਪਰਿਵਾਰਾਂ ਨਾਲ ਮੁੜ ਮਿਲ ਸਕਣਗੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਹਰ ਬੱਚੇ ਨੂੰ ਆਪਣੇ ਪਰਿਵਾਰ ਦੇ ਪਿਆਰ, ਸੁਰੱਖਿਆ ਅਤੇ ਆਪਣੇਪਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਲਈ ਆਪਣੇ ਪਰਿਵਾਰ ਨਾਲ ਮੁੜ ਮਿਲਾਪ ਜ਼ਿੰਦਗੀ ਦੇ ਸਭ ਤੋਂ ਖੁਸ਼ਗਵਾਰ ਅਤੇ ਯਾਦਗਾਰ ਪਲਾਂ ਵਿੱਚੋਂ ਇੱਕ ਹੁੰਦਾ ਹੈ। ਪੰਜਾਬ ਸਰਕਾਰ ਅਜਿਹੇ ਹਰ ਬੱਚੇ ਦੇ ਸਰਵੋਤਮ ਹਿੱਤਾਂ ਦੀ ਰੱਖਿਆ ਲਈ ਪੂਰੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਬੱਚਾ ਆਪਣੇ ਪਰਿਵਾਰ ਨਾਲ ਮੁੜ ਜੁੜਦਾ ਹੈ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਖੁਸ਼ੀ ਨਹੀਂ ਹੁੰਦੀ, ਸਗੋਂ ਮਨੁੱਖਤਾ, ਕਰੁਣਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਵੀ ਜਿੱਤ ਹੁੰਦੀ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਸਰਵੋਚ ਤਰਜੀਹ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰੱਖੇਗੀ।

ਪੰਜਾਬ

ਦੇਸ਼