Breaking News
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਮਾਰਿਆ ਥੱਪੜ

ਜੈਪੁਰ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਰਾਜਸਥਾਨ ਦੇ ਜੈਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਇੱਕ ਪ੍ਰਦਰਸ਼ਨ ਦੌਰਾਨ ਇੱਕ ਨੌਜਵਾਨ ਵੱਲੋਂ ਥੱਪੜ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਮੌਕੇ ‘ਤੇ ਹੰਗਾਮਾ ਖੜ੍ਹਾ ਹੋ ਗਿਆ ਅਤੇ ਅਭਿਜੀਤ ਦੇ ਸਮਰਥਕਾਂ ਨੇ ਕਥਿਤ ਹਮਲਾਵਰ ਨੂੰ ਫੜ ਕੇ ਉਸ ਦੀ ਕੁੱਟਮਾਰ ਕਰ ਦਿੱਤੀ।ਸੋਮਵਾਰ ਨੂੰ ਜੈਪੁਰ ਦੇ ਸ਼ਹੀਦ ਸਮਾਰਕ ਵਿਖੇ ਕਾਕਰੋਚ ਜਨਤਾ ਪਾਰਟੀ ਦੇ ਵਰਕਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਮੌਕੇ ‘ਤੇ ਪਹੁੰਚੇ। ਜਿਵੇਂ ਹੀ ਅਭਿਜੀਤ ਦੀਪਕੇ ਮੀਟਿੰਗ ਵਾਲੀ ਥਾਂ ‘ਤੇ ਦਾਖਲ ਹੋਏ, ਇੱਕ ਨੌਜਵਾਨ ਅਚਾਨਕ ਉਨ੍ਹਾਂ ਦੇ ਨੇੜੇ ਪਹੁੰਚ ਗਿਆ ਅਤੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਵਾਰ-ਵਾਰ ਥੱਪੜ ਮਾਰ ਦਿੱਤੇ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ। ਅਭਿਜੀਤ ਦੀਪਕੇ ‘ਤੇ ਹਮਲੇ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਸਮਰਥਕ ਗੁੱਸੇ ਵਿੱਚ ਆ ਗਏ। ਸਮਰਥਕਾਂ ਨੇ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਮੌਕੇ ‘ਤੇ ਤਣਾਅਪੂਰਨ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ। ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪ੍ਰਦਰਸ਼ਨ ਵਿੱਚ ਸ਼ਾਮਲ ਵਰਕਰਾਂ ਵਿੱਚ ਵੀ ਨਾਰਾਜ਼ਗੀ ਅਤੇ ਰੋਸ ਦੇਖਣ ਨੂੰ ਮਿਲਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

16-06-2026

ਸੋਰਠਿ ਮਹਲਾ ੩ ॥

ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ਮੰਗਲਵਾਰ, ੨ ਹਾੜ (ਸੰਮਤ ੫੫੮ ਨਾਨਕਸ਼ਾਹੀ)(ਅੰਗ: ੬੦੧)

ਪੰਜਾਬੀ ਵਿਆਖਿਆ

ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ । ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ । ਹੇ ਭਾਈ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ ।੧। ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼ । ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ ।ਰਹਾਉ। ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ । ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ । ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ । ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ । ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ।੩। ਪਰ, ਹੇ ਭਾਈ! (ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) । ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ । ਹੇ ਨਾਨਕ! (ਆਖ—) ਹੇ ਭਾਈ! (ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ ।੪।੪।

English Translation

SORAT’H, THIRD MEHL:

Dear Beloved Lord, I praise You continually, as long as there is the breath within my body. If I were to forget You, for a moment, even for an instant, O Lord Master, it would be like fifty years for me. I was always such a fool and an idiot, O Siblings of Destiny, but now, through the Word of the Guru’s Shabad, my mind is enlightened. || 1 || Dear Lord, You Yourself bestow understanding. Dear Lord, I am forever a sacrifice to You; I am dedicated and devoted to Your Name. || Pause || I have died in the Word of the Shabad, and through the Shabad, I am dead while yet alive, O Siblings of Destiny; through the Shabad, I have been liberated. Through the Shabad, my mind and body have been purified, and the Lord has come to dwell within my mind. The Guru is the Giver of the Shabad; my mind is imbued with it, and I remain absorbed in the Lord. || 2 || Those who do not know the Shabad are blind and deaf; why did they even bother to come into the world? They do not obtain the subtle essence of the Lord’s elixir; they waste away their lives, and are reincarnated over and over again. The blind, idiotic, self-willed manmukhs are like maggots in manure, and in manure they rot away. || 3 || The Lord Himself creates us, watches over us, and places us on the Path, O Siblings of Destiny; there is no one other than Him. No one can erase that which is pre-ordained, O Siblings of Destiny; whatever the Creator wills, comes to pass. O Nanak, the Naam, the Name of the Lord, abides deep within the mind; O Siblings of Destiny, there is no other at all. || 4 || 4 ||Tuesday, 2nd Assaar (Samvat 558 Nanakshahi)(Page: 601)

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਲੋਕ ਸਭਾ ਇੰਚਾਰਜ, ਜ਼ਿਲ੍ਹਾ ਇੰਚਾਰਜ ਅਤੇ ਸੂਬਾ ਜਨਰਲ ਸਕੱਤਰਾਂ ਦਾ ਐਲਾਨ

ਚੰਡੀਗੜ੍ਹ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਲੋਕ ਸਭਾ ਇੰਚਾਰਜ, ਜ਼ਿਲ੍ਹਾ ਇੰਚਾਰਜ ਅਤੇ ਸੂਬਾ ਜਨਰਲ ਸਕੱਤਰਾਂ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ

ਚੰਡੀਗੜ੍ਹ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਤਹਿਤ ਸੂਬੇ ਭਰ ਵਿੱਚ ਘਰ-ਘਰ ਗਣਨਾ 25 ਜੂਨ 2026 ਤੋਂ 24 ਜੁਲਾਈ, 2026 ਤੱਕ ਹੋਵੇਗੀ, ਜਿਸ ਵਿੱਚ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਤਰ ਕਰਨ ਲਈ ਘਰ-ਘਰ ਜਾਣਗੇ।

ਇਸ ਸੂਬੇ ਪੱਧਰੀ ਰਿਵੀਜ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਸੀ.ਈ.ਓ. ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਐਸ.ਏ.ਐਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ ਐਸ.ਬੀ.ਐਸ. ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓਜ਼) ਨਾਲ ਕੀਤੀ ਗਈ।

ਸੀ.ਈ.ਓ. ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਨੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 5 ਡਿਵੀਜ਼ਨਾਂ, 23 ਜ਼ਿਲ੍ਹੇ ਅਤੇ 117 ਹਲਕੇ ਸ਼ਾਮਲ ਹਨ ਜਿਹਨਾਂ ਵਿੱਚ ਕੁੱਲ 14,664 ਸਥਾਨਾਂ ‘ਤੇ 24,453 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਕੁੱਲ 85.82 ਫ਼ੀਸਦ ਵੋਟਰ ਮੈਪਿੰਗ ਮੁਕੰਮਲ ਹੋ ਚੁੱਕੀ ਹੈ।

ਸੀ.ਈ.ਓ. ਪੰਜਾਬ ਨੇ ਦੱਸਿਆ ਕਿ ਏ.ਡੀ.ਈ.ਓਜ਼, ਈ.ਆਰ.ਓਜ਼, ਏ.ਈ.ਆਰ.ਓਜ਼, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਸਟਾਫ ਲਈ ਕਰਵਾਇਆ ਗਿਆ ਤਿੰਨ-ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ, ਜਦੋਂ ਕਿ ਬੀ.ਐਲ.ਓਜ਼ ਅਤੇ ਬੀ.ਐਲ.ਓਜ਼ ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ। ਚੋਣ ਸਮੱਗਰੀ ਦੀ ਛਪਾਈ ਦਾ ਕੰਮ ਜਾਰੀ ਹੈ ਅਤੇ ਘਰ-ਘਰ ਜਾ ਕੇ ਤਸਦੀਕ ਕਰਨ ਸਬੰਧੀ ਪੜਾਅ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਿਵੀਜ਼ਨ ਨੂੰ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਭਰ ਵਿੱਚ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ।

ਸੈਸ਼ਨ ਦੌਰਾਨ, ਡਿਪਟੀ ਚੋਣ ਕਮਿਸ਼ਨਰ ਨੇ ਸਾਰੇ ਡੀ.ਈ.ਓਜ਼ ਨੂੰ ਵੋਟਰ ਸੂਚੀਆਂ ਦੀ ਸਟੀਕਤਾ, ਸੰਪੂਰਨਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਰੇਕ ਜ਼ਿਲ੍ਹੇ ਦੀ ਫੀਲਡ ਮਸ਼ੀਨਰੀ ਦੀਆਂ ਤਿਆਰੀਆਂ ਅਤੇ ਲਾਗੂਕਰਨ ਪ੍ਰੋਟੋਕੋਲ ਦੀ ਸਮੀਖਿਆ ਕੀਤੀ ਜਿਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਸੂਚੀ ਵਿੱਚ ਦਰਜ ਕਰਨ ਤੋਂ ਰਹਿ ਨਾ ਜਾਵੇ ਅਤੇ ਕੋਈ ਵੀ ਅਯੋਗ ਐਂਟਰੀ ਸ਼ਾਮਲ ਨਾ ਕੀਤੀ ਜਾਵੇ।

ਮੀਟਿੰਗ ਦੌਰਾਨ ਘਰ-ਘਰ ਜਾ ਕੇ ਤਸਦੀਕ ਕਰਨ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਵਿੱਚ ਸਹਾਇਤਾ ਕਰਨ ਵਿੱਚ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਪ੍ਰਚਾਰ ਮੁਹਿੰਮਾਂ ਰਾਹੀਂ ਵੋਟਰ ਜਾਗਰੂਕਤਾ ਵਧਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ।

ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈ.ਏ.ਐਸ. ਪੰਜਾਬ ਦੇ ਤਿੰਨ ਰੋਜ਼ਾ ਦੌਰੇ ‘ਤੇ ਹਨ ਅਤੇ ਅਗਲੇ ਦੋ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਨੂੰ ਕਵਰ ਕਰਨਗੇ ਅਤੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੀ.ਈ.ਓ. ਪੰਜਾਬ ਵੀ ਹੋਣਗੇ।

ਮੰਦਰ ’ਚ 200 ਕਰੋੜ ਦੀ ਚੋਰੀ ਦਾ ਖ਼ਦਸ਼ਾ, 50 ਕਰਮਚਾਰੀ ਸ਼ੱਕ ਦੇ ਘੇਰੇ ‘ਚ

ਨਵੀਂ ਦਿੱਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਰਾਮ ਮੰਦਰ ਦੇ ਦਾਨ ਬਕਸਿਆਂ ਵਿਚੋਂ 200 ਕਰੋੜ ਰੁਪਏ ਦੀ ਚੋਰੀ ਹੋਣ ਦਾ ਖ਼ਦਸ਼ਾ ਸਾਹਮਣੇ ਆਇਆ ਹੈ। ਇਸ ਕਥਿਤ ਚੋਰੀ ਸਬੰਧੀ ਪੈਸੇ ਗਿਣਨ ਵਾਲੇ 50 ਕਰਮਚਾਰੀ ਸ਼ੱਕ ਦੇ ਘੇਰੇ ਵਿੱਚ ਹਨ। ਇਸ ਚੋਰੀ ਨੂੰ ਲੈ ਕੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਇਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾ ਅੰਦਰ ਆਪਣੀ ਰਿਪੋਰਟ ਸੌਂਪੇਗੀ। ਰਾਮ ਮੰਦਰ ਉਸਾਰੀ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਂਜ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਅੰਦਰੂਨੀ ਆਡਿਟ ਜਾਰੀ ਹੈ ਅਤੇ ਹਾਲੇ ਤੱਕ ਕੋਈ ਗੜਬੜੀ ਸਾਹਮਣੇ ਨਹੀਂ ਆਈ ਹੈ।

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਰਾਮ ਮੰਦਰ ਲਈ ਦਾਨ ਦੇ ਪੈਸੇ ’ਚ ਹੋਈ ਕਥਿਤ ਹੇਰਾ-ਫੇਰੀ ਦੀ ਜਾਂਚ ਅਧਿਕਾਰੀਆਂ ਹਵਾਲੇ ਕਰਨ ਨੂੰ ਮੰਦਭਾਗਾ ਫ਼ੈਸਲਾ ਕਰਾਰ ਦਿੱਤਾ ਹੈ।

ਪੰਜਾਬ ਪੁਲਿਸ ਦੇ ASI ਨੇ ਆਪਣੇ ਆਪ ਨੂੰ ਮਾਰੀ ਗੋਲੀ

ਤਰਨਤਾਰਨ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਤਰਨਤਾਰਨ ਦੇ ਪੱਟੀ ਵਿੱਚ ਪੰਜਾਬ ਪੁਲਿਸ ਦੇ ਏ ਐਸ ਆਈ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਕੰਪਲੈਕਸ਼ ਵਿੱਚ ਗਾਰਦ ਦੀ ਡਿਊਟੀ ਨਿਭਾਅ ਰਹੇ ਏਐਸਆਈ ਗੁਰਮੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਮੁਲਾਜ਼ਮਾਂ ਵੱਲੋਂ ਜਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਚਲਦਿਆਂ ਉਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।

ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ‘ਤੇ ਬਣੀ ਸਹਿਮਤੀ

ਨਵੀਂ ਦਿੱਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਅਤੇ ਇਰਾਨ ਵਿੱਚਕਾਰ ਚੱਲਦੀ ਜੰਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਅਤੇ ਈਰਾਨ ਵਿੱਚਕਾਰ ਹੁਣ ਸਮਝੌਤਾ ਹੋ ਗਿਆ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤਾ ਲਈ ਸਹਿਮਤੀ ਬਣ ਗਈ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਈਰਾਨ ਵੱਲੋਂ ਪੁਸ਼ਟੀ ਕੀਤੀ ਗਈ ਹੈ। 19 ਜੂਨ ਨੂੰ ਇਸ ਸਮਝੌਤੇ ਉਤੇ ਦਸਤਖਤ ਕੀਤੇ ਜਾਣਗੇ।

ਗੱਲਬਾਤ ਵਿੱਚ ਵਿਚੋਲਗੀ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਈਰਾਨ ਨਾਲ ਸਮਝੌਤੇ ‘ਤੇ ਪਹੁੰਚਣ ਦੀ ਗੱਲ ਕਹੀ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਬ੍ਰਿਟੇਨ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਉਹ ਅਮਰੀਕਾ, ਈਰਾਨ ਅਤੇ ਖੇਤਰੀ ਭਾਈਵਾਲਾਂ ਨਾਲ ਮਿਲ ਕੇ “ਇਸ ਮੌਕੇ ਦਾ ਪੂਰਾ ਸਦਉਪਯੋਗ ਕਰਨ” ਲਈ ਕੰਮ ਕਰਨਗੇ।  Donald Trump ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਲਗਾਤਾਰ ਤਿੰਨ ਮਹੀਨਿਆਂ ਤੋਂ ਚੱਲ ਰਹੇ ਤਣਾਅ ਦੇ ਬਾਅਦ ਸ਼ਾਂਤੀ ਸਮਝੌਤਾ ਐਤਵਾਰ ਨੂੰ ਫਾਈਨਲ ਹੋ ਸਕਦਾ ਹੈ।ਦੋਵੇਂ ਦੇਸ਼ਾਂ ਵਿਚਕਾਰ ਤਿਆਰ ਹੋ ਰਹੇ ਸਮਝੌਤੇ ਦੇ ਮਸੌਦੇ, ਜਿਸਨੂੰ ਮੈਮੋਰੈਂਡਮ ਆਫ ਅੰਡਰਸਟੈਂਡਿੰਗ (MoU) ਕਿਹਾ ਜਾ ਰਿਹਾ ਹੈ, ‘ਤੇ ਵੱਡੀ ਹੱਦ ਤੱਕ ਸਹਿਮਤੀ ਬਣ ਚੁੱਕੀ ਹੈ।

ਬ੍ਰਾਜੀਲ ’ਚ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਏ, 6 ਦੀ ਮੌਤ

ਨਵੀਂ ਦਿੱਲੀ, 16 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬ੍ਰਾਜ਼ੀਲ ਦੇ ਸ਼ਹਿਰ ਰਿਓ ਵਿੱਚ ਦੋ ਹੈਲੀਕਾਪਟਰਾਂ ਦੇ ਆਪਸ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਕ ਹੈਲੀਕਾਪਟਰ ਇਕ ਕਾਰ ਡੀਲਰਸ਼ਿਪ ਉਤੇ ਡਿੱਗ ਗਿਆ, ਜਿਸ ਨਾਲ ਕਈ ਗੱਡੀਆਂ ਨੂੰ ਅੱਗ ਲੱਗ ਗਈ। ਫਾਈਰਫਾਈਟਰ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਰਿਓ ਡੀ ਜਨੇਰਿਓ ਦੇ ਉਪਰ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਅ ਗਏ। ਟੱਕਰਾਉਣ ਤੋਂ ਬਾਅਦ ਸ਼ਹਿਰ ਦੇ ਪੱਛਮੀ ਖੇਤਰ ਵਿੱਚ ਦੋਵੇਂ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਦੋਵੇਂ ਹੈਲੀਕਾਪਟਰ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਵੀ ਦੱਸਿਆ ਗਿਆ ਕਿ ਇਕ ਹੈਲੀਕਾਪਟਰ ਇਕ ਕਾਰ ਡੀਲਰਸ਼ਿਪ ਉਤੇ ਡਿੱਗ ਗਿਆ, ਜਿੱਥੇ ਕਈ ਇਲੈਕ੍ਰਿਟਕ ਗੱਡੀਆਂ ਖੜ੍ਹੀਆਂ ਸਨ, ਜਿੰਨਾਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਦੀ ਥਾਂ ਉਤੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

SC ਕਮਿਸ਼ਨ ਅੱਗੇ ਅੱਜ ਵੀ ਪੇਸ਼ ਨਾ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ

24 ਨੂੰ ਪੇਸ਼ ਨਾ ਹੋਏ ਤਾਂ ਹੋਵੇਗੀ ਕਾਨੂੰਨੀ ਕਾਰਵਾਈ : ਜਸਵੀਰ ਗੜ੍ਹੀ

ਚੰਡੀਗੜ੍ਹ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਅੱਜ ਵੀ ਐਸ ਸੀ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ। ਧੂਰੀ ’ਚ ਨਗਰ ਕੌਂਸਲ ਦੀਆਂ ਚੋਣਾਂ ਵਾਲੇ ਦਿਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਵਰਤੀ ਗਈ ਜਾਤੀ ਸੂਚਕ ਸ਼ਬਦਾਵਲੀ ਦੇ ਮਾਮਲੇ ਵਿੱਚ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਅੱਜ ਪੇਸ਼ ਹੋਣ ਲਈ ਸੱਦਾ ਦਿੱਤਾ ਗਿਆ ਸੀ। ਰਵਨੀਤ ਸਿੱਟੂ ਵੱਲੋਂ ਵਕੀਲ ਅੱਜ ਐਸ ਸੀ ਕਮਿਸ਼ਨ ਅੱਗੇ ਪੇਸ਼ ਹੋਏ। ਐਸ ਸੀ ਕਮਿਸ਼ਨ ਅੱਗੇ ਵਕੀਲ ਵੱਲੋਂ ਰਵਨੀਤ ਬਿੱਟੂ ਦਾ ਪੱਖ ਰੱਖਿਆ ਗਿਆ। ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ 24 ਜੂਨ ਨੂੰ ਰਵਨੀਤ ਬਿੱਟੂ ਨੂੰ ਪੇਸ਼ ਹੋਣ ਕਿਹਾ ਗਿਆ। ਜਸਵੀਰ ਸਿੰਘ ਗੜ੍ਹ ਨੇ ਕਿਹਾ ਕਿ ਜੇਕਰ 24 ਨੂੰ ਪੇਸ਼ ਨਾ ਹੋਏ ਤਾਂ ਕਾਰਵਾਈ ਕੀਤੀ ਜਾਵੇਗੀ।

ਮੋਹਾਲੀ ’ਚ ਦੋਸਤ ਨੇ ਦੋਸਤ ਦਾ ਚਾਕੂ ਮਾਰ ਕੇ ਕੀਤਾ ਕਤਲ

ਮੋਹਾਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਵਿੱਚ ਇਕ ਦੋਸਤ ਵੱਲੋਂ ਹੀ ਦੋਸਤ ਦਾ ਕਤਲ ਕੀਤੇ ਜਾਣ ਦਾ ਮਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਦੋਸਤ ਨੇ ਚਾਕੂ ਮਾਰ ਕੇ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਬੀਤੇ ਦਿਨ ਦੁਪਿਹਰ ਸਮੇਂ ਬਡਾਲੀ ਦੇ ਬੱਸ ਅੱਡੇ ਨੇੜੇ ਵਾਪਰੀ। ਇਸ ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਵਿੱਚ ਸੜਕ ਕਿਨਾਰੇ ਇਕ ਨੌਜਵਾਨ ਦੂਜੇ ਉਤੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਚਾਕੂ ਵੱਜਣ ਤੋਂ ਬਾਅਦ ਨੌਜਵਾਨ ਜ਼ਖਮੀ ਹਾਲਤ ਵਿੱਚ ਕੁਝ ਦੂਰ ਤੱਕ ਤੁਰ ਕੇ ਜਾਂਦਾ ਹੈ, ਪਰ ਬਾਅਦ ਵਿੱਚ ਉਹ ਸੜਕ ਉਤੇ ਹੀ ਡਿੱਗ ਜਾਂਦਾ ਹੈ। ਸੜਕ ਉਤੇ ਉਹ ਉਥੇ ਡਿੱਗਿਆ ਹੋਇਆ ਤੜਫਦਾ ਰਿਹਾ ਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਨੀ ਵਜੋਂ ਹੋਈ ਹੈ, ਜੋ ਕਿ ਪਿੰਡ ਬਡਾਲੀ ਵਿੱਚ ਹੀ ਰਹਿੰਦਾ ਸੀ ਅਤੇ ਇਕ ਕਿਰਆਨੇ ਦੀ ਦੁਕਾਨ ਉਤੇ ਕੰਮ ਕਰਦਾ ਸੀ। ਮ੍ਰਿਤਕ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਮੌਕੇ ਉਤੇ ਖੜ੍ਹੇ ਲੋਕਾਂ ਨੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਨੌਜਵਾਨ ਨੇ ਬਾਅਦ ਵਿੱਚ ਰੋਂਦੇ ਹੋਏ ਕਿਹਾ ਕਿ ਉਸ ਤੋਂ ਚਾਕੂ ਗਲਤੀ ਨਾਲ ਲੱਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ

ਦੇਸ਼