Breaking News
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਮਨਪ੍ਰੀਤ ਸਿੰਘ ਇਆਲੀ ਦਾ ਅਸਤੀਫਾ ਪ੍ਰਵਾਨ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਅਹੁਦੇ ਅਤੇ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਗਿਆ ਅਸਤੀਫਾ ਜਥੇਬੰਦੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਗੱਲ ਦਾ ਖੁਲਾਸਾ ਜਥੇਬੰਦੀ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਸ ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਦੇ ਨਾਲ-ਨਾਲ ਕੋਰ ਕਮੇਟੀ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੀ ਸਨ। ਉਹਨਾਂ ਨੂੰ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੁਣੀ ਗਈ ਸੱਤ ਮੈਂਬਰੀ ਭਰਤੀ ਕਮੇਟੀ ਵਿੱਚ ਇਕ ਮੈਂਬਰ ਵਜੋਂ ਵੀ ਲਿਆ ਗਿਆ ਸੀ। ਸ ਵਡਾਲਾ ਨੇ ਕਿਹਾ ਕਿ ਅਸਤੀਫਾ ਦੇਣ ਤੋਂ ਬਾਅਦ ਅਧਿਕਾਰਤ ਤੌਰ ‘ਤੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਤੋਂ ਪੂਰੀ ਤਰ੍ਹਾਂ ਵੱਖ ਹੋ ਗਏ ਹਨ।

ਆਮ ਆਦਮੀ ਪਾਰਟੀ ’ਚ ਸ਼ਾਮਲ ਕਬੱਡੀ ਖਿਡਾਰੀ ਸੰਦੀਪ ਲੁਧੜ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਅੱਜ ਇੱਕ ਹੋਰ ਬਹੁਤ ਹੀ ਸ਼ਾਨਦਾਰ ਵਾਧਾ ਹੋਇਆ ਹੈ।  ਪੰਜਾਬ ਦੀ ਮਾਂ ਖੇਡ ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਜੀ ਨੇ ਅੱਜ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡ ਮੈਦਾਨਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਅਜਿਹੇ ਨੌਜਵਾਨਾਂ ਦਾ ਸਾਥ ਸਾਨੂੰ ‘ਰੰਗਲਾ ਪੰਜਾਬ’ ਸਿਰਜਣ ਦੀ ਮੁਹਿੰਮ ਵਿੱਚ ਹੋਰ ਤਾਕਤ ਦੇਵੇਗਾ। ਉਨ੍ਹਾਂ ਦੇ ਤਜ਼ਰਬੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੱਡੀ ਮਦਦ ਮਿਲੇਗੀ।

ਆਮ ਆਦਮੀ ਪਾਰਟੀ ਨੇ ਅਹੁਦੇਦਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਪੰਜਾਬ ਸੋਸ਼ਲ ਮੀਡੀਆ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।

ਕੌਸਲ ਚੋਣਾਂ ’ਚ 7623 ਉਮੀਦਵਾਰ ਮੈਦਾਨ ’ਚ, 73 ਬਿਨਾਂ ਮੁਕਾਬਲੇ ਜੇਤੂ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਇਨ੍ਹਾਂ ਚੋਣਾਂ ਲਈ ਕੁੱਲ 7623 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ ਵੋਟਰਾਂ ਵੱਲੋਂ 26 ਮਈ ਨੂੰ ਕੀਤਾ ਜਾਵੇਗਾ। ਇਸ ਸਬੰਧੀ ਨਤੀਜੇ 29 ਮਈ ਨੂੰ ਆਉਣਗੇ। ਪੰਜਾਬ ਰਾਜ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅੱਠ ਨਗਰ ਨਿਗਮ ਦੀਆਂ ਚੋਣਾਂ ਲਈ 1613 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ, ਜਦੋਂ ਕਿ ਬੀਤੇ ਦਿਨ 386 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ। ਨਗਰ ਨਿਗਮ ਦੀ ਚੋਣ ਦੌਰਾਨ ਹੁਣ ਤੱਕ ਚਾਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਨਗਰ ਕੌਂਸਲ ਦੀ ਚੋਣ ਦੌਰਾਨ ਕੁੱਲ 5144 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਲੰਘੇ ਦਿਨ 1695 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ। ਨਗਰ ਕੌਂਸਲ ਦੀ ਚੋਣ ਦੌਰਾਨ 41 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।

ਇਸੇ ਤਰ੍ਹਾਂ ਨਗਰ ਪਰਿਸ਼ਦ ਦੀ ਚੋਣ ਵਿੱਚ 866 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਲੰਘੇ ਦਿਨ 312 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ ਅਤੇ 28 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ ਮਿਉਂਸਿਪਲ ਚੋਣਾਂ ਲਈ 10800 ਦੇ ਕਰੀਬ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਦੋਂ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 10096 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ । ਇਸ ਤੋਂ ਬਾਅਦ ਸੂਬੇ ਭਰ ਵਿੱਚ 2473 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹੁਣ ਅਖੀਰ ਵਿੱਚ 7623 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ।

ਅਮਰੀਕਾ ਦੇ ਗੁਰਦੁਆਰਾ ’ਚ ਗੋਲਕ ਦੀ ਗਿਣਤੀ ਨੂੰ ਲੈ ਕੇ ਹੰਗਾਮਾ, ਬੂਟ ਪਾ ਕੇ ਤੇ ਨੰਗੇ ਸਿਰ ਅੰਦਰ ਵੜੀ ਪੁਲਿਸ

ਫਿਲੇਡੈਲਫੀਆ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਦੇ ਫਿਲੇਡੈਲਫੀਆ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤ ਵਿੱਚ ਆਪਸੀ ਹੰਗਾਮਾ ਹੋਣ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਗੁਰਦੁਆਰਾ ਅੰਦਰ ਗੋਲਕ ਦੀ ਗਿਣਤੀ ਨੂੰ ਲੈ ਕੇ ਵਿਵਾਦ ਹੋ ਗਿਆ। ਗੋਲਕ ਦੀ ਲੜਾਈ ਵਿਚਾਲੇ ਗੁਰੂ ਦੀ ਦੀ ਮਰਿਆਣਾ ਭੰਗ ਵੀ ਹੋਈ ਹੈ। ਆਪਸੀ ਹੋਏ ਵਿਵਾਦ ਨੂੰ ਲੈ ਕੇ ਪੁਲਿਸ ਮੌਕੇ ਉਤੇ ਪਹੁੰਚੀ। ਨੰਗੇ ਸਿਰ ਅਤੇ ਬੂਟ ਪਾ ਕੇ ਪੁਲਿਸ ਮੁਲਾਜ਼ਮ ਗੁਰਦੁਆਰਾ ਅੰਦਰ ਦਾਖਲ ਹੋ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਿੱਠ ਕਰਕੇ ਖੜ੍ਹੇ ਰਹੇ। ਪੁਲਿਸ ਮੁਲਾਜ਼ਮਾਂ ਵੱਲੋਂ ਦੋਵੇਂ ਧਿਰਾਂ ਵਿੱਚ ਸਮਝੌਤਾ ਕਰਾਉਣ ਲਈ ਗੱਲਬਾਤ ਕੀਤੀ ਗਈ।

ਪਟਿਆਲਾ ਵਿਦਿਆਰਥੀ ਕਤਲ ਕਾਂਡ ਮਾਮਲਾ : ਬਚਪਨ ਦੇ ਦੋਸਤ ਨੇ ਲਈ ਜਾਨ

ਪਟਿਆਲਾ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਟਿਆਲਾ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਕਮਲ ਮਿੱਤਲ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਕਮਲ ਦਾ ਕਤਲ ਉਸ ਦੇ ਬਚਪਨ ਦੇ ਦੋਸਤ ਮੋਹਿਤ ਵੱਲੋਂ ਹੀ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ ਮੋਹਿਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ, ਕਮਲ ਮਿੱਤਲ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਨਿਊ ਬਾਗ ਇਲਾਕੇ ਦੇ ਪੀਜੀ ‘ਚੋਂ ਮਿਲੀ ਸੀ। ਮ੍ਰਿਤਕ ਬਰੇਟਾ ਜ਼ਿਲ੍ਹਾ ਮਾਨਸਾ ਦਾ ਵਸਨੀਕ ਸੀ। ਪੋਸਟਮਾਰਟਮ ਰਿਪੋਰਟ ‘ਚ ਮੁਤਾਬਕ ਕਮਲ ਮਿੱਤਲ ਦਾ ਕਤਲ ਸਵੇਰੇ 6:15 ਤੋਂ 7:15 ਵਿਚਕਾਰ ਹੋਇਆ। ਉਸ ਦੇ ਸਰੀਰ ‘ਤੇ ਕਿਸੇ ਤੀਖੀ ਚੀਜ਼ ਨਾਲ ਕਈ ਵਾਰ ਕੀਤੇ ਗਏ ਸਨ। ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਮੋਹਿਤ ਪੀਜੀ ਤੋਂ ਫ਼ਰਾਰ ਹੋ ਗਿਆ, ਉਹ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ। ਜਾਂਚ ‘ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮੋਹਿਤ ਨੇ ਕਮਲ ਮਿੱਤਲ ਦੇ ਮੋਬਾਇਲ ਤੋਂ ਕਰੀਬ 25 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ। ਪੁਲਿਸ ਹੁਣ ਇਸ ਮਾਮਲੇ ‘ਚ ਜਾਂਚ ਕਰ ਰਹੀ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਕਿ ਜਦੋਂ ਕਮਲ ਦੇ ਦੋਸਤਾਂ ਦਾ ਉਸ ਨਾਲ ਸੰਪਰਕ ਨਹੀਂ ਹੋ ਪਾਇਆ, ਤਾਂ ਉਹ ਉਸ ਦੇ ਕਮਰੇ ਤੱਕ ਪਹੁੰਚੇ। ਉੱਥੇ, ਕਮਲ ਦੀ ਲਾਸ਼ ਖ਼ੂਨ ਨਾਲ ਲੱਥ-ਪੱਥ ਪਈ ਸੀ। ਕਮਲ ਮਿੱਤਲ ਦੇ ਕਤਲ ਦੇ ਬਾਰੇ ਸੋਮਵਾਰ ਨੂੰ ਪਤਾ ਚਲਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਫੌਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ।ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਤ 10 ਵਜੇ ਦੇ ਕਰੀਬ ਗੱਲ ਹੋਈ ਸੀ। ਪੁੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਰੋਟੀ ਖਾ ਲਈ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਪੁੱਤਰ ਨਾਲ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਕੁਰਾਲੀ ‘ਚ ਦਾਦਾ-ਦਾਦੀ ਤੋਂ ਖੋਹ ਕੇ 4 ਸਾਲ ਦੀ ਬੱਚੀ ਨੂੰ ਕੀਤਾ ਅਗਵਾ

ਮੋਹਾਲੀ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਦੇ ਕੁਰਾਲੀ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁੱਝ ਲੋਕਾਂ ਵਲੋਂ ਸਾਢੇ 4 ਸਾਲ ਦੀ ਬੱਚੀ ਨੂੰ ਸ਼ਰੇਆਮ ਅਗਵਾ ਕਰ ਲਿਆ ਗਿਆ ਅਤੇ ਬੱਚੀ ਦੇ ਦਾਦਾ-ਦਾਦੀ ਨਾਲ ਵੀ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੀ ਨੂੰ ਉਸ ਦੇ ਦਾਦਾ-ਦਾਦੀ ਦੇ ਸਾਹਮਣੇ ਅਗਵਾ ਕਰ ਲਿਆ। ਜਦੋਂ ਦਾਦਾ-ਦਾਦੀ ਨੇ ਇਸ ਦਾ ਵਿਰੋਧ ਕੀਤ ਤਾਂ ਅਗਵਾਕਾਰਾਂ ਨੇ ਦਾਦਾ-ਦਾਦੀ ਨੂੰ ਕਾਰ ਹੇਠਾਂ ਦਰੜਨ ਦੀ ਕੋਸ਼ਿਸ਼ ਕੀਤੀ। ਅਗਵਾਕਾਰ ਇਕ ਕਾਰ ਅਤੇ ਮੋਟਰਸਾਈਵਲ ਉਤੇ ਆਏ ਸਨ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਅਤੇ ਅਦਾਲਤ ‘ਚ ਬੱਚੀ ਦੀ ਕਸਟਡੀ ਨੂੰ ਲੈ ਕੇ ਕੇਸ ਲੱਗਾ ਹੋਇਆ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਨੇ ਹੀ ਬੱਚੀ ਨੂੰ ਅਗਵਾ ਕਰਵਾਇਆ ਹੈ। ਫਿਲਹਾਲ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ ਅਤੇ ਇਸ ਦੇ ਆਧਾਰ ‘ਤੇ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਆਰੰਭ, ਪੰਜ ਪਿਆਰਿਆਂ ਦੀ ਅਗਵਾਈ ‘ਚ ਪਹਿਲਾ ਜਥਾ ਰਵਾਨਾ

ਰਿਸ਼ੀਕੇਸ਼, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਅੱਜ ਪਹਿਲਾਂ ਜੱਥਾ ਰਿਸ਼ੀਕੇਸ਼ ਤੋਂ ਰਵਾਨਾ ਹੋ ਗਿਆ ਹੈ। 23 ਮਈ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣਗੇ। ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਪਹਿਲੇ ਜਥੇ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਹਾਜ਼ਰ ਸਨ। ਰਵਾਨਗੀ ਤੋਂ  ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਅਰਦਾਸ਼ ਕੀਤੀ ਗਈ। ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੱਥਾ ਰਵਾਨਾ ਹੋਇਆ। ਸਵੇਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਪੂਰੀ ਮਰਿਆਦਾ ਨਾਲ ਸੰਗਤਾਂ ਲਈ ਖੋਲ੍ਹੇ ਜਾਣਗੇ। ਰਸਤੇ ਵਿੱਚ ਪੈ ਰਹੀ ਭਾਰੀ ਬਰਫ਼ ਨੂੰ ਭਾਰਤੀ ਫ਼ੌਜ ਦੇ ਜਵਾਨਾਂ ਨੇ ਦਿਨ-ਰਾਤ ਮਿਹਨਤ ਕਰਕੇ ਸਾਫ਼ ਕੀਤਾ ਹੈ ਤਾਂ ਜੋ ਪੈਦਲ ਯਾਤਰਾ ਕਰਨ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਥਾਂ-ਥਾਂ ‘ਤੇ ਲੰਗਰ, ਮੈਡੀਕਲ ਕੈਂਪ ਅਤੇ ਰਹਿਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।”

ਮਨਪ੍ਰੀਤ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਹੁਦਿਆਂ ਤੋਂ ਦਿੱਤਾ ਅਸਤੀਫਾ, ਭਵਿੱਖ ਬਾਰੇ ਕੀਤਾ ਵੱਡਾ ਐਲਾਨ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਮਨਪ੍ਰੀਤ ਸਿੰਘ ਇਆਲੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘2 ਦਸੰਬਰ ਦੇ ਹੁਕਮਨਾਮਾ ਸਾਹਿਬ ਅਨੁਸਾਰ ਨੈਤਿਕ ਅਧਿਕਾਰ ਗਵਾਉਣ ਵਾਲੀ ਲੀਡਰਸ਼ਿਪ ਦਾ ਪਿੱਛੇ ਨਾ ਹੋਣਾ ਤੇ ਪੰਥਕ ਏਕਤਾ ਟੁੱਟਣ ਦੇ ਕਾਰਨਾਂ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਮੀਟਿੰਗ ਵਿੱਚ ਕਈ ਵਾਰ ਗਿਆ। ਮੀਟਿੰਗ ਵਿੱਚ ਜੋ ਫੈਸਲੇ ਲਏ ਜਾਂਦੇ ਸਨ, ਅਗਲੇ ਦਿਨ ਮੀਡੀਆ ਵਿੱਚ ਕੁਝ ਹੋਰ ਆਉਂਦੇ ਸਨ।

ਉਨ੍ਹਾਂ ਇਹ ਵੀ ਕਿਹਾ, ਭਵਿੱਖ ਵਿੱਚ ਕਦੇ ਵੀ ਬੀ.ਜੇ.ਪੀ, ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗਾ। ਪੰਥ, ਪੰਜਾਬ,ਪੰਜਾਬੀਅਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਧਿਰ ਨਾਲ ਰਲ ਕੇ ਕੰਮ ਕਰਾਂਗਾ।

ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 10 ਕਿਲੋਗ੍ਰਾਮ ICE ਤੇ 4 ਕਿਲੋ ਹੈਰੋਇਨ ਸਮੇਤ 2 ਗ੍ਰਿਫਤਾਰ

ਅੰਮ੍ਰਿਤਸਰ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋ 10 ਕਿਲੋਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ 04 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੁਬਈ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ ਜੋ ਅਬੂ ਧਾਬੀ/ਦੁਬਈ ਤੋਂ ਕੰਮ ਕਰ ਰਿਹਾ ਸੀ ਅਤੇ ਉਸਦੇ ਨਿਰਦੇਸ਼ਾਂ ਹੇਠ ਪੰਜਾਬ ਅਤੇ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਇੱਕ ਮੁਲਜ਼ਮ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ, ਜਿੱਥੇ ਉਸਨੂੰ ਕਥਿਤ ਤੌਰ ‘ਤੇ ਸਿਖਲਾਈ ਦਿੱਤੀ ਗਈ ਸੀ ਅਤੇ ਹੈਰੋਇਨ ਅਤੇ ਆਈ.ਸੀ.ਈ. ਦੀਆਂ ਖੇਪਾਂ ਦੀ ਢੋਆ-ਢੁਆਈ ਦਾ ਕੰਮ ਸੌਂਪਿਆ ਗਿਆ ਸੀ, ਜਿਸ ਨਾਲ ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾ ਰਹੀ ਸੀ।

ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਇਸ ਨਸ਼ਾ ਤਸਕਰੀ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਵਾਧੂ ਬਰਾਮਦਗੀਆਂ ਦਾ ਪਤਾ ਲਗਾਉਣ ਲਈ ਅਤੇ ਅਗਲੇਰੇ ਤੇ ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ

ਦੇਸ਼