Breaking News
ਦੁਬਈ ਅਧਾਰਤ ਡਰੱਗ ਕਾਰਟੇਲ ਦਾ ਅੰਮ੍ਰਿਤਸਰ ‘ਚ ਪਰਦਾਫ਼ਾਸ਼; 10 ਕਿੱਲੋ ICE, 4 ਕਿੱਲੋ ਹੈਰੋਇਨ ਸਮੇਤ ਦੋ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ 10 ਕਿਲੋਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੋਹਿਤ ਉਰਫ਼ ਬਚੀ (19), ਵਾਸੀ ਪਿੰਡ ਪਾਵਾਰ (ਜਲੰਧਰ) ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਉਰਫ਼ ਹਰਮਨ (23) ਵਾਸੀ ਕੋਟ ਖਾਲਸਾ(ਅੰਮ੍ਰਿਤਸਰ), ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਬੂ ਧਾਬੀ/ਦੁਬਈ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਹੇ ਇੱਕ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ, ਜੋ ਉਕਤ ਮੁਲਜ਼ਮਾਂ ਤੋਂ ਪੰਜਾਬ ਅਤੇ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਉਂਦਾ ਸੀ।

ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮੋਹਿਤ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਹੈ, ਜਿੱਥੇ ਉਸਨੂੰ ਤਸਕਰੀ ਕਰਨ ਸਬੰਧੀ ਸਿਖਲਾਈ ਦਿੱਤੀ ਗਈ ਸੀ ਅਤੇ ਹੈਰੋਇਨ ਅਤੇ ਆਈ.ਸੀ.ਈ. ਦੀ ਖੇਪ ਲਿਜਾਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਗੇ ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ।

ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਯੋਜਨਾਬੱਧ ਢੰਗ ਨਾਲ ਪੁਲਿਸ ਟੀਮਾਂ ਨੇ ਮੋਹਿਤ ਉਰਫ਼ ਬਚੀ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਮੋਟਰਸਾਈਕਲ ’ਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋਗ੍ਰਾਮ ਆਈ.ਸੀ.ਈ. (ਮੇਥਾਮਫੇਟਾਮਾਈਨ) ਅਤੇ 4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਸੀ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੁਬਈ ਤੋਂ ਵਾਪਸ ਆਏ ਮੁਲਜ਼ਮ ਮੋਹਿਤ ਨੇ ਖੁਲਾਸਾ ਕੀਤਾ ਹੈ ਕਿ ਉਕਤ ਤਸਕਰ, ਮਜ਼ਦੂਰ-ਵਰਗ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ  ਉਨ੍ਹਾਂ ਨੂੰ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਲਈ ਪ੍ਰੇਰਦਾ ਸੀ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਅਰਸ਼ਦੀਪ ਉਰਫ਼ ਅਰਸ਼, ਜੋ ਪਹਿਲਾਂ ਹੀ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਦੁਬਈ ਸਥਿਤ ਤਸਕਰ ਨਾਲ ਸਿੱਧੇ ਸੰਪਰਕ ਵਿੱਚ ਸੀ, ਨੇ  ਅਣਪਛਾਤੇ ਵਿਅਕਤੀਆਂ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਨੂੂੰ ਅਪਣੇ ਕੋਲ ਸੰਭਾਲ ਕੇ ਰੱਖਦਾ  ਸੀ ਅਤੇ ਅੱਗੇ ਡਿਲੀਵਰ ਕਰਨ ਲਈ ਮੋਹਿਤ ਨੂੰ ਸੌਂਪ ਦਿੰਦਾ ਸੀ।

ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿੱਚ ਵੀ, ਇਸੇ ਦੁਬਈ ਅਧਾਰਤ ਤਸਕਰ ਦੇ ਦੋ ਸਾਥੀਆਂ, ਜਿਨ੍ਹਾਂ ਦੀ ਪਛਾਣ ਸਾਹਿਬਪ੍ਰੀਤ ਸਿੰਘ ਉਰਫ਼ ਸਾਹਿਬ ਅਤੇ ਗਗਨਦੀਪ ਸਿੰਘ ਉਰਫ਼ ਗਗਨ ਵਜੋਂ ਹੋਈ ਹੈ, ਨੂੰ 7.6 ਕਿਲੋਗ੍ਰਾਮ ਹੈਰੋਇਨ ਅਤੇ 21000 ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੁਬਈ ਅਧਾਰਤ ਤਸਕਰ ਦੀ ਮਾਂ ਅਤੇ ਭੈਣ ਇਸ ਸਮੇਂ ਪੁਲਿਸ ਸਟੇਸ਼ਨ ਰਾਜਾ ਸਾਂਸੀ ਵਿਖੇ ਐਨਡੀਪੀਐਸ ਐਕਟ ਤਹਿਤ 42 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ ਕੇਸ ਅਧੀਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹਨ।

ਸੀ.ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਲਗੇ-ਪਿਛਲੇ ਸਬੰਧ ਸਥਾਪਿਤ ਕੀਤੇ ਜਾ ਰਹੇ ਹਨ ਅਤੇ  ਹੋਰ ਰਿਕਵਰੀ ਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਐਫਆਈਆਰ ਨੰਬਰ 107 ਮਿਤੀ 18-05-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਤਹਿਤ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਛੱਤਬੀੜ ਚਿੜੀਆਘਰ ਨੇ ਜਾਨਵਰਾਂ ਨੂੰ ਗਰਮੀਆਂ ਦੌਰਾਨ ਤਿੱਖੜ ਧੁੱਪ ਤੇ ਲੂ ਤੋਂ ਬਚਾਉਣ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਕਟਾਰੂਚੱਕ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗਰਮੀਆਂ ਦੇ ਮੌਸਮ ਵਿੱਚ ਪੈ ਰਹੀ ਮਾਰੂ ਲੂ ਦੇ ਮੱਦੇਨਜ਼ਰ ਜਾਨਵਰਾਂ ਦੀ ਸੁਚੱਜੀ ਦੇਖਭਾਲ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰਦਿਆਂ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ (ਛੱਤਬੀੜ ਚਿੜੀਆਘਰ) ਨੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਹਨ।

ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਸੋਚ ਤੋਂ ਸੇਧ ਲੈਂਦਿਆਂ ਚਿੜੀਆਘਰ ਪ੍ਰਬੰਧਨ ਨੇ ਵੱਖ-ਵੱਖ ਸ਼੍ਰੇਣੀ ਦੇ ਜਾਨਵਰਾਂ ਨੂੰ ਰਾਹਤ ਦੇਣ ਲਈ ਵਿਆਪਕ ਉਪਾਅ ਕੀਤੇ ਹਨ।

ਮਾਸਾਹਾਰੀ ਜਾਨਵਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਾਰੇ ਬਾਘਾਂ, ਚੀਤਿਆਂ, ਸ਼ੇਰਾਂ, ਰਿੱਛਾਂ ਅਤੇ ਹੋਰਨਾਂ ਜਾਨਵਰਾਂ ਦੇ ਰੈਣ-ਬਸੇਰਿਆਂ ਵਿੱਚ ਡੈਸਰਟ ਕੂਲਰ ਅਤੇ ਏਅਰ ਸਰਕੂਲੇਟਰ ਪੱਖੇ ਪ੍ਰਦਾਨ ਕੀਤੇ ਗਏ ਹਨ। ਪਸ਼ੂ ਪ੍ਰਬੰਧਨ ਸੈੱਲ ਇਹ ਯਕੀਨੀ ਬਣਾਉਣ ਲਈ ਹਰ ਸਮੇਂ ਚੌਕਸ ਤੇ ਸਰਗਰਮ ਹੈ ਕਿ ਇਹ ਘਰ ਅਤੇ ਰੈਣ-ਬਸੇਰੇ ਠੰਡੇ ਅਤੇ ਸੁੱਕੇ ਰਹਿਣ। ਮੱਛਰ ਮੁਕਤ ਵਾਤਾਵਰਣ ਬਣਾਈ ਰੱਖਣ ਲਈ ਸਾਰੀਆਂ ਸਾਰੀਆਂ ਖਿੜਕੀਆਂ ਨੂੰ ਜਾਲੀਦਾਰ ਬਣਾਇਆ ਗਿਆ ਹੈ।

ਜਾਨਵਰਾਂ ਦੇ ਇਨ੍ਹਾਂ ਘਰਾਂ ਅਤੇ ਕੁਝ ਰੈਣ-ਬਸੇਰਿਆਂ ਨੂੰ 75ਫੀਸਦ ਸੰਘਣੀ ਐਗਰੋ-ਨੈੱਟ ਨਾਲ ਢਕਿਆ ਗਿਆ ਹੈ ਤਾਂ ਜੋ ਜਾਨਵਰਾਂ ਨੂੰ ਨਾ ਸਿਰਫ਼ ਛਾਂ ਮਿਲੇ ਸਗੋਂ ਆਲੇ- ਦੁਆਲੇ ਦੇ ਤਾਪਮਾਨ ਨੂੰ ਘਟਾਉਣ ਵਿੱਚ ਵੀ ਮਦਦ ਮਿਲੇ। ਐਮਰਜੈਂਸੀ ਦੀ ਸਥਿਤੀ ਵਿੱਚ ਚਿੜੀਆਘਰ ਵਿੱਚ ਹਰ ਥਾਂ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਟੈਂਕਰ ਅਤੇ ਟਰੈਕਟਰ ਹਮੇਸ਼ਾ ਉਪਲਬਧ ਰਹਿੰਦੇ ਹਨ।

ਸ਼ਾਕਾਹਾਰੀ ਜਾਨਵਰਾਂ ਤਿੱਖੜ ਗਰਮੀ ਅਤੇ ਤੇਜ਼ ਧੁੱਪ ਤੋਂ ਬਚਾਉਣ ਲਈ ਕਾਨੇ, ਲੱਕੜ ਅਤੇ ਬਾਂਸ ਆਦਿ ਤੋਂ ਬਣੇ ਅਸਥਾਈ ਸ਼ੈਲਟਰ/ਹੱਟ ਬਣਾਏ ਗਏ ਹਨ।

ਹਾਥੀਆਂ , ਮਨੀਪੁਰ ਦੇ ਹਿਰਨਾਂ , ਸਵੈਂਪ ਡੀਅਰ ਅਤੇ ਹਿਰਨ ਸਫਾਰੀ  ਨੂੰ ਨਹਾਉਣ ਲਈ ਪਾਣੀ ਨਾਲ ਭਰਿਆ ਚਿੱਕੜ ਵਾਲਾ ਪੂਲ ਬਣਾਇਆ ਗਿਆ ਹੈ। ਕੰਕਰੀਟ ਵਾਲੇ ਪਾਣੀ ਦੇ ਪੂਲ ਵੀ ਚੌਵੀ ਘੰਟੇ ਪਾਣੀ ਨਾਲ ਭਰੇ ਰਹਿੰਦੇ ਹਨ। ਬਿਹਤਰ ਠੰਡਕ  ਲਈ ਇਨ੍ਹਾਂ ਥਾਵਾਂ ’ਤੇ ਕੁਝ ਪੈਚਾਂ ਨੂੰ 75% ਸੰਘਣੇ ਐਗਰੋ-ਨੈੱਟ ਨਾਲ ਵੀ ਢੱਕਿਆ ਗਿਆ ਹੈ।

ਪੰਛੀਆਂ ਦੀਆਂ ਕਈ ਕਿਸਮਾਂ ਲਈ, ਪੰਛੀਆਂ ਦੇ ਸਾਰੇ ਪਿੰਜਰਿਆਂ ਨੂੰ 75% ਘਣਤਾ ਵਾਲੇ ਐਗਰੋ-ਨੈੱਟ ਅਤੇ ਜੂਟ ਮੈਟ ਨਾਲ ਕੱਸ ਕੇ ਢੱਕਿਆ ਗਿਆ ਹੈ ਤਾਂ ਜੋ ਪੰਛੀਆਂ ਨੂੰ ਗਰਮ ਹਵਾ ਅਤੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਗਰਮੀ  ਤੋਂ ਬਚਾਇਆ ਜਾ ਸਕੇ। ਪੰਛੀਆਂ ਨੂੰ ਵਧੇਰੇ ਖੁਸ਼ ਅਤੇ ਆਰਾਮਦਾਇਕ ਬਣਾਉਣ ਲਈ ਛੋਟੇ ਪਿੰਜਰੇ ਲਟੀ ਸਪ੍ਰਿੰਕਲ ਸ਼ਾਵਰ ਪ੍ਰਦਾਨ ਕੀਤੇ ਗਏ ਹਨ।

ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 123.47 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ

ਐਸ.ਏ.ਐਸ. ਨਗਰ (ਮੋਹਾਲੀ), 20 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਹਾੜੀ ਸੀਜਨ 2026-27 ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਕਣਕ ਦੇ ਖਰੀਦ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਗਏ। ਸੀਜਨ ਦੌਰਾਨ ਮੰਡੀਆਂ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਖਰੀਦ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਿਆ ਹੈ ਅਤੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਵਾਰ ਸੂਬੇ ਦੀਆਂ ਮੰਡੀਆਂ ਵਿੱਚੋਂ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਪੱਧਰ ਤੇ ਕੁੱਲ 123.47 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਸਰਕਾਰੀ ਏਜੰਸੀਆਂ ਨੇ 121.74 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਿਸਦੇ ਤਹਿਤ ਪਨਗ੍ਰੇਨ ਵੱਲੋਂ 39,94,602 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 2,58,350 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 31,28,227 ਮੀਟ੍ਰਿਕ ਟਨ, ਪਨਸਪ ਵੱਲੋਂ 28,32,109 ਮੀਟ੍ਰਿਕ ਟਨ, ਵੇਅਰ ਹਾਊਸ ਵੱਲੋਂ 19,61,010 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸਦੇ ਨਾਲ ਹੀ ਪ੍ਰਾਈਵੇਟ ਪੱਧਰ ਤੇ 1,73,458 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਮੰਡੀਆਂ ਵਿੱਚੋਂ 114.55 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਸਭ ਤੋਂ ਵੱਧ ਕਣਕ ਦੀ ਆਮਦ ਅਤੇ ਖਰੀਦ ਹੋਈ ਹੈ। ਇੱਥੇ 9,05,144 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ, ਜਿਸ ਵਿੱਚੋ 9,03,624 ਮੀਟ੍ਰਿਕ ਟਨ ਸਰਕਾਰੀ ਅਤੇ 1520 ਮੀਟ੍ਰਿਕ ਟਨ ਕਣਕ ਦੀ ਪ੍ਰਾਈਵੇਟ ਪੱਧਰ ਤੇ ਖਰੀਦ ਹੋਈ ਹੈ। ਜਦਕਿ ਦੂਜੇ ਨੰਬਰ ਤੇ ਸੰਗਰੂਰ ਵਿੱਚ 9,00,700 ਮੀਟ੍ਰਿਕ ਟਨ ਅਤੇ ਤੀਜੇ ਨੰਬਰ ਤੇ ਬਠਿੰਡਾ ਵਿੱਚ 8,90,564 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਨਾਲੋਂ-ਨਾਲ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਗਈ ਹੈ। ਹਾੜੀ ਸੀਜਨ 2026-27 ਦੌਰਾਨ 2585/- ਰੁਪਏ ਤੋਂ ਲੈ ਕੇ 2660/- ਰੁਪਏ ਪ੍ਰਤੀ ਕੁਵਿੰਟਲ ਤੱਕ ਕਣਕ ਦੀ ਖਰੀਦ ਹੋਈ ਹੈ।

ਸ. ਬਰਸਟ ਨੇ ਕਿਹਾ ਕਿ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਖਰੀਦ ਕਾਰਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਿਸਦੇ ਤਹਿਤ ਪੀਣ ਯੋਗ ਸਾਫ਼ ਪਾਣੀ, ਬਿਜਲੀ ਦੀਆਂ ਲਾਈਟਾਂ, ਸਾਫ਼-ਸਫਾਈ, ਬਾਥਰੂਮਾਂ, ਛਾਂ ਅਤੇ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਖੇ ਕੰਟਰੋਲ ਰੂਮ ਦੀ ਸਥਾਪਨਾ ਵੀ ਕੀਤੀ ਗਈ ਸੀ, ਜਿਸ ਕਰਕੇ ਕਿਸਾਨ ਆਪਣੀ ਫਸਲ ਨੂੰ  ਬਿਨਾਂ ਕਿਸੇ ਸਮੱਸਿਆ ਤੋਂ ਵੇਚ ਸਕਣ ਵਿੱਚ ਕਾਮਯਾਬ ਹੋ ਸਕੇ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸੀਜਨ ਦੌਰਾਨ ਕਣਕ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਆੜ੍ਹਤੀਆਂ, ਮਜਦੂਰਾਂ, ਕਿਸਾਨਾਂ, ਮੰਡੀ ਬੋਰਡ/ਮਾਰਕਿਟ ਕਮੇਟੀਆਂ ਸਮੇਤ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੰਡੀਆਂ ਵਿੱਚ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਮਨਪ੍ਰੀਤ ਸਿੰਘ ਇਆਲੀ ਦਾ ਅਸਤੀਫਾ ਪ੍ਰਵਾਨ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਅਹੁਦੇ ਅਤੇ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਗਿਆ ਅਸਤੀਫਾ ਜਥੇਬੰਦੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਗੱਲ ਦਾ ਖੁਲਾਸਾ ਜਥੇਬੰਦੀ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਸ ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਦੇ ਨਾਲ-ਨਾਲ ਕੋਰ ਕਮੇਟੀ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੀ ਸਨ। ਉਹਨਾਂ ਨੂੰ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੁਣੀ ਗਈ ਸੱਤ ਮੈਂਬਰੀ ਭਰਤੀ ਕਮੇਟੀ ਵਿੱਚ ਇਕ ਮੈਂਬਰ ਵਜੋਂ ਵੀ ਲਿਆ ਗਿਆ ਸੀ। ਸ ਵਡਾਲਾ ਨੇ ਕਿਹਾ ਕਿ ਅਸਤੀਫਾ ਦੇਣ ਤੋਂ ਬਾਅਦ ਅਧਿਕਾਰਤ ਤੌਰ ‘ਤੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਤੋਂ ਪੂਰੀ ਤਰ੍ਹਾਂ ਵੱਖ ਹੋ ਗਏ ਹਨ।

ਆਮ ਆਦਮੀ ਪਾਰਟੀ ’ਚ ਸ਼ਾਮਲ ਕਬੱਡੀ ਖਿਡਾਰੀ ਸੰਦੀਪ ਲੁਧੜ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਅੱਜ ਇੱਕ ਹੋਰ ਬਹੁਤ ਹੀ ਸ਼ਾਨਦਾਰ ਵਾਧਾ ਹੋਇਆ ਹੈ।  ਪੰਜਾਬ ਦੀ ਮਾਂ ਖੇਡ ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਜੀ ਨੇ ਅੱਜ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡ ਮੈਦਾਨਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਅਜਿਹੇ ਨੌਜਵਾਨਾਂ ਦਾ ਸਾਥ ਸਾਨੂੰ ‘ਰੰਗਲਾ ਪੰਜਾਬ’ ਸਿਰਜਣ ਦੀ ਮੁਹਿੰਮ ਵਿੱਚ ਹੋਰ ਤਾਕਤ ਦੇਵੇਗਾ। ਉਨ੍ਹਾਂ ਦੇ ਤਜ਼ਰਬੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੱਡੀ ਮਦਦ ਮਿਲੇਗੀ।

ਆਮ ਆਦਮੀ ਪਾਰਟੀ ਨੇ ਅਹੁਦੇਦਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਪੰਜਾਬ ਸੋਸ਼ਲ ਮੀਡੀਆ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।

ਕੌਸਲ ਚੋਣਾਂ ’ਚ 7623 ਉਮੀਦਵਾਰ ਮੈਦਾਨ ’ਚ, 73 ਬਿਨਾਂ ਮੁਕਾਬਲੇ ਜੇਤੂ

ਚੰਡੀਗੜ੍ਹ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਇਨ੍ਹਾਂ ਚੋਣਾਂ ਲਈ ਕੁੱਲ 7623 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ ਵੋਟਰਾਂ ਵੱਲੋਂ 26 ਮਈ ਨੂੰ ਕੀਤਾ ਜਾਵੇਗਾ। ਇਸ ਸਬੰਧੀ ਨਤੀਜੇ 29 ਮਈ ਨੂੰ ਆਉਣਗੇ। ਪੰਜਾਬ ਰਾਜ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅੱਠ ਨਗਰ ਨਿਗਮ ਦੀਆਂ ਚੋਣਾਂ ਲਈ 1613 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ, ਜਦੋਂ ਕਿ ਬੀਤੇ ਦਿਨ 386 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ। ਨਗਰ ਨਿਗਮ ਦੀ ਚੋਣ ਦੌਰਾਨ ਹੁਣ ਤੱਕ ਚਾਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਨਗਰ ਕੌਂਸਲ ਦੀ ਚੋਣ ਦੌਰਾਨ ਕੁੱਲ 5144 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਲੰਘੇ ਦਿਨ 1695 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ। ਨਗਰ ਕੌਂਸਲ ਦੀ ਚੋਣ ਦੌਰਾਨ 41 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।

ਇਸੇ ਤਰ੍ਹਾਂ ਨਗਰ ਪਰਿਸ਼ਦ ਦੀ ਚੋਣ ਵਿੱਚ 866 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਲੰਘੇ ਦਿਨ 312 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ ਅਤੇ 28 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ ਮਿਉਂਸਿਪਲ ਚੋਣਾਂ ਲਈ 10800 ਦੇ ਕਰੀਬ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਦੋਂ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 10096 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ । ਇਸ ਤੋਂ ਬਾਅਦ ਸੂਬੇ ਭਰ ਵਿੱਚ 2473 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹੁਣ ਅਖੀਰ ਵਿੱਚ 7623 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ।

ਅਮਰੀਕਾ ਦੇ ਗੁਰਦੁਆਰਾ ’ਚ ਗੋਲਕ ਦੀ ਗਿਣਤੀ ਨੂੰ ਲੈ ਕੇ ਹੰਗਾਮਾ, ਬੂਟ ਪਾ ਕੇ ਤੇ ਨੰਗੇ ਸਿਰ ਅੰਦਰ ਵੜੀ ਪੁਲਿਸ

ਫਿਲੇਡੈਲਫੀਆ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਦੇ ਫਿਲੇਡੈਲਫੀਆ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤ ਵਿੱਚ ਆਪਸੀ ਹੰਗਾਮਾ ਹੋਣ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਗੁਰਦੁਆਰਾ ਅੰਦਰ ਗੋਲਕ ਦੀ ਗਿਣਤੀ ਨੂੰ ਲੈ ਕੇ ਵਿਵਾਦ ਹੋ ਗਿਆ। ਗੋਲਕ ਦੀ ਲੜਾਈ ਵਿਚਾਲੇ ਗੁਰੂ ਦੀ ਦੀ ਮਰਿਆਣਾ ਭੰਗ ਵੀ ਹੋਈ ਹੈ। ਆਪਸੀ ਹੋਏ ਵਿਵਾਦ ਨੂੰ ਲੈ ਕੇ ਪੁਲਿਸ ਮੌਕੇ ਉਤੇ ਪਹੁੰਚੀ। ਨੰਗੇ ਸਿਰ ਅਤੇ ਬੂਟ ਪਾ ਕੇ ਪੁਲਿਸ ਮੁਲਾਜ਼ਮ ਗੁਰਦੁਆਰਾ ਅੰਦਰ ਦਾਖਲ ਹੋ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਿੱਠ ਕਰਕੇ ਖੜ੍ਹੇ ਰਹੇ। ਪੁਲਿਸ ਮੁਲਾਜ਼ਮਾਂ ਵੱਲੋਂ ਦੋਵੇਂ ਧਿਰਾਂ ਵਿੱਚ ਸਮਝੌਤਾ ਕਰਾਉਣ ਲਈ ਗੱਲਬਾਤ ਕੀਤੀ ਗਈ।

ਪਟਿਆਲਾ ਵਿਦਿਆਰਥੀ ਕਤਲ ਕਾਂਡ ਮਾਮਲਾ : ਬਚਪਨ ਦੇ ਦੋਸਤ ਨੇ ਲਈ ਜਾਨ

ਪਟਿਆਲਾ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਟਿਆਲਾ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਕਮਲ ਮਿੱਤਲ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਕਮਲ ਦਾ ਕਤਲ ਉਸ ਦੇ ਬਚਪਨ ਦੇ ਦੋਸਤ ਮੋਹਿਤ ਵੱਲੋਂ ਹੀ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ ਮੋਹਿਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ, ਕਮਲ ਮਿੱਤਲ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਨਿਊ ਬਾਗ ਇਲਾਕੇ ਦੇ ਪੀਜੀ ‘ਚੋਂ ਮਿਲੀ ਸੀ। ਮ੍ਰਿਤਕ ਬਰੇਟਾ ਜ਼ਿਲ੍ਹਾ ਮਾਨਸਾ ਦਾ ਵਸਨੀਕ ਸੀ। ਪੋਸਟਮਾਰਟਮ ਰਿਪੋਰਟ ‘ਚ ਮੁਤਾਬਕ ਕਮਲ ਮਿੱਤਲ ਦਾ ਕਤਲ ਸਵੇਰੇ 6:15 ਤੋਂ 7:15 ਵਿਚਕਾਰ ਹੋਇਆ। ਉਸ ਦੇ ਸਰੀਰ ‘ਤੇ ਕਿਸੇ ਤੀਖੀ ਚੀਜ਼ ਨਾਲ ਕਈ ਵਾਰ ਕੀਤੇ ਗਏ ਸਨ। ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਮੋਹਿਤ ਪੀਜੀ ਤੋਂ ਫ਼ਰਾਰ ਹੋ ਗਿਆ, ਉਹ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ। ਜਾਂਚ ‘ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮੋਹਿਤ ਨੇ ਕਮਲ ਮਿੱਤਲ ਦੇ ਮੋਬਾਇਲ ਤੋਂ ਕਰੀਬ 25 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ। ਪੁਲਿਸ ਹੁਣ ਇਸ ਮਾਮਲੇ ‘ਚ ਜਾਂਚ ਕਰ ਰਹੀ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਕਿ ਜਦੋਂ ਕਮਲ ਦੇ ਦੋਸਤਾਂ ਦਾ ਉਸ ਨਾਲ ਸੰਪਰਕ ਨਹੀਂ ਹੋ ਪਾਇਆ, ਤਾਂ ਉਹ ਉਸ ਦੇ ਕਮਰੇ ਤੱਕ ਪਹੁੰਚੇ। ਉੱਥੇ, ਕਮਲ ਦੀ ਲਾਸ਼ ਖ਼ੂਨ ਨਾਲ ਲੱਥ-ਪੱਥ ਪਈ ਸੀ। ਕਮਲ ਮਿੱਤਲ ਦੇ ਕਤਲ ਦੇ ਬਾਰੇ ਸੋਮਵਾਰ ਨੂੰ ਪਤਾ ਚਲਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਫੌਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ।ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਤ 10 ਵਜੇ ਦੇ ਕਰੀਬ ਗੱਲ ਹੋਈ ਸੀ। ਪੁੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਰੋਟੀ ਖਾ ਲਈ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਪੁੱਤਰ ਨਾਲ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਕੁਰਾਲੀ ‘ਚ ਦਾਦਾ-ਦਾਦੀ ਤੋਂ ਖੋਹ ਕੇ 4 ਸਾਲ ਦੀ ਬੱਚੀ ਨੂੰ ਕੀਤਾ ਅਗਵਾ

ਮੋਹਾਲੀ, 20 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਦੇ ਕੁਰਾਲੀ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁੱਝ ਲੋਕਾਂ ਵਲੋਂ ਸਾਢੇ 4 ਸਾਲ ਦੀ ਬੱਚੀ ਨੂੰ ਸ਼ਰੇਆਮ ਅਗਵਾ ਕਰ ਲਿਆ ਗਿਆ ਅਤੇ ਬੱਚੀ ਦੇ ਦਾਦਾ-ਦਾਦੀ ਨਾਲ ਵੀ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੀ ਨੂੰ ਉਸ ਦੇ ਦਾਦਾ-ਦਾਦੀ ਦੇ ਸਾਹਮਣੇ ਅਗਵਾ ਕਰ ਲਿਆ। ਜਦੋਂ ਦਾਦਾ-ਦਾਦੀ ਨੇ ਇਸ ਦਾ ਵਿਰੋਧ ਕੀਤ ਤਾਂ ਅਗਵਾਕਾਰਾਂ ਨੇ ਦਾਦਾ-ਦਾਦੀ ਨੂੰ ਕਾਰ ਹੇਠਾਂ ਦਰੜਨ ਦੀ ਕੋਸ਼ਿਸ਼ ਕੀਤੀ। ਅਗਵਾਕਾਰ ਇਕ ਕਾਰ ਅਤੇ ਮੋਟਰਸਾਈਵਲ ਉਤੇ ਆਏ ਸਨ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਅਤੇ ਅਦਾਲਤ ‘ਚ ਬੱਚੀ ਦੀ ਕਸਟਡੀ ਨੂੰ ਲੈ ਕੇ ਕੇਸ ਲੱਗਾ ਹੋਇਆ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਨੇ ਹੀ ਬੱਚੀ ਨੂੰ ਅਗਵਾ ਕਰਵਾਇਆ ਹੈ। ਫਿਲਹਾਲ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ ਅਤੇ ਇਸ ਦੇ ਆਧਾਰ ‘ਤੇ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬ

ਦੇਸ਼