Breaking News
ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਰਹੇ ਨੇਤਾ ਹੀ  ਛੱਡ ਕੇ ਮੈਦਾਨ ਭੱਜ ਗਏ : ਕੁਲਵੰਤ ਸਿੰਘ 

ਮੋਹਾਲੀ 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ : 

ਮੇਅਰ, ਡਿਪਟੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਰਹੇ ਨੇਤਾਗਣ ਹੀ ਛੱਡ ਕੇ ਮੈਦਾਨ ਭੱਜ ਗਏ ਹਨ, ਉਹ ਚੋਣ ਨਹੀਂ ਲੜ ਰਹੇ ਅਤੇ ਇਹਨਾਂ  ਤਿੰਨਾਂ ਤੋਂ ਇਲਾਵਾ ਹੋਰ ਵੀ ਕਈ ਸਾਬਕਾ ਕੌਂਸਲਰ ਮੈਦਾਨ ਛੱਡ ਕੇ ਭੱਜ ਚੁੱਕੇ ਹਨ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਮੂੰਹ ਹੀ ਨਹੀਂ ਲਗਾਉਣਾ ਸੀ ਅਤੇ ਉਹ  ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਹੀ ਨਹੀਂ ਰੱਖਦੇ,  ਇਸ ਕਰਕੇ ਉਹ ਚੋਣ ਮੈਦਾਨ ਤੋਂ ਪਿਛਾਂ ਹਟ ਗਏ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ- 9 (ਫੇਜ -5) ਤੋ ਉਮੀਦਵਾਰ- ਅਨੂ ਬੱਬਰ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਲੋਕਾਂ ਨੇ  ਸਿਰਫ  ਤੋਹਮਤਬਾਜ਼ੀ ਹੀ ਲਗਾਈ ਹੈ ਅਤੇ ਆਪਣਾ ਨਿਜ ਹੀ ਵੇਖਿਆ ਹੈ, ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੇ ਕੰਮ ਕਰਨ ਵੱਲ ਕਦੀ ਵੀ ਸੰਜੀਦਗੀ ਨਾਲ ਯਤਨ ਤੱਕ ਨਹੀਂ ਕੀਤੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੀ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਭਨਾਂ ਨੂੰ ਇਹ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ ਕਿਉਂਕਿ ਅਤੇ ਆਪਣੀ ਮਰਜ਼ੀ ਦਾ ਉਮੀਦਵਾਰ ਚੁਣਨ, ਕਿਉਂਕਿ ਅਜਿਹਾ ਸਮਾਂ 5 ਸਾਲਾਂ ਬਾਅਦ ਆਉਂਦਾ ਹੈ ਕਿ ਤੁਸੀਂ  ਆਪਣੀ ਮਰਜ਼ੀ ਦਾ ਨੁਮਾਇੰਦਾ ਚੁਣਨਾ ਹੁੰਦਾ ਹੈ ਅਤੇ ਜੋ ਲੋਕ ਮੀਂਹ, ਬਿਮਾਰੀ ਜਾਂ ਮੌਸਮ ਦਾ ਬਹਾਨਾ ਬਣਾ ਕੇ ਘਰ ਬੈਠਣਗੇ , ਅਜਿਹਾ ਕਰਨ ਦੀ ਸੂਰਤ ਵਿੱਚ ਲੋਕਤੰਤਰ ਦਾ ਘਾਣ ਹੋਵੇਗਾ ਅਤੇ ਮੇਰੀ ਫਿਰ ਤੋਂ ਇਹ ਸਭਨਾਂ ਨੂੰ ਬੇਨਤੀ ਹੈ ਕਿ ਉਹ ਵੋਟ ਪਾਉਣ ਲਈ 26 ਤਰੀਕ ਨੂੰ ਆਪਣੇ ਘਰੋਂ ਜਰੂਰ ਨਿਕਲਣ, ਵਾਰਡਬੰਦੀ ਸਬੰਧੀ ਲਗਾਏ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਗੱਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਾਰਡਬੰਦੀ ਆਬਾਦੀ ਦੇ ਹਿਸਾਬ ਨਾਲ ਹੁੰਦੀ ਹੈ,  ਨਾ ਕਿ ਕਿਸੇ ਨੇਤਾ ਦੀ ਸਿਫਾਰਿਸ਼ ਜਾਂ ਮਰਜ਼ੀ ਦੇ ਨਾਲ, ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਦੇ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਮੋਹਾਲੀ ਵਿੱਚ ਗੰਦਗੀ ਦੇ ਢੇਰ ਲੱਗੇ ਹਨ ਅਤੇ ਮੈਂ ਆਪਣੇ ਪਿਛਲੇ ਮੇਅਰ ਦੇ ਕਾਰਜਕਾਲ ਵਿੱਚ  ਜਗਹਾ ਡੰਪਿੰਗ ਗਰਾਊਂਡ ਲਈ ਪਾਸ ਕਰਵਾਈ ਸੀ, ਪ੍ਰੰਤੂ ਇਸ ਤੇ ਕਾਂਗਰਸ ਦੇ ਮੇਅਰ ਨੇ ਕੋਈ ਕਾਰਵਾਈ ਨਹੀਂ ਕਰਵਾਈ ਅਤੇ ਨਾ ਹੀ ਇਸ ਗੱਲ ਤੇ ਪਹਿਰਾ ਦਿੱਤਾ ਹੈ ਕਿ ਡੰਪਿੰਗ ਗਰਾਊਂਡ ਬਣ ਜਾਵੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕੀ ਕਾਂਗਰਸੀਆਂ ਨੂੰ ਮੂੰਹ ਨਹੀਂ ਲਗਾ ਰਹੇ, ਕਿਉਂਕਿ ਜਿੰਨੀ ਲੁੱਟ ਕਾਂਗਰਸ ਦੇ  ਕਾਰਜਕਾਲ ਵਿੱਚ ਇਹਨਾਂ ਨੇ ਕੀਤੀ ਹੈ, ਉਸ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਸੀ, ਅਤੇ ਜਿਹੜੇ ਮੋਹਾਲੀ ਦੇ ਕਾਂਗਰਸੀ ਹਨ, ਉਹਨਾਂ ਬਾਰੇ ਮੋਹਾਲੀ ਦੇ ਲੋਕੀ ਚੰਗੀ ਤਰ੍ਹਾਂ ਜਾਣਦੇ ਹਨ, ਕਿ ਉਹ ਕਿੰਨਾ ਝੂਠ ਬੋਲਦੇ ਹਨ ਅਤੇ ਕਿੰਨਾ  ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ, ਪ੍ਰੰਤੂ ਹੁਣ ਮੋਹਾਲੀ ਦੇ ਲੋਕੀ ਇਹਨਾਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ, ਅਤੇ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਾਲੇ ਕੁਝ ਸਮਾਂ ਪਹਿਲਾਂ ਹੀ ਪੰਚਾਇਤਾਂ, ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਹੋਈਆਂ ਹੋਈਆਂ ਹਨ, ਅਤੇ ਕਿਸੇ ਵੀ ਇਲਾਕੇ ਵਿੱਚ ਕੋਈ ਘਟਨਾ ਜਾਂ ਧੱਕੇਸ਼ਾਹੀ ਦੀ  ਗੱਲ ਸਾਹਮਣੇ ਨਹੀਂ ਆਈ, ਅਤੇ ਹੁਣ ਨਗਰ ਨਿਗਮ  ਦੀਆਂ ਚੋਣਾਂ ਵਿੱਚ ਵੀ ਕੋਈ ਧੱਕੇਸ਼ਾਹੀ  ਨਹੀਂ ਹੋਵੇਗੀ,   ਹਰ ਕੋਈ ਵੋਟਰ ਆਪਣੀ  ਆਪਣੀ ਮਰਜ਼ੀ ਦਾ ਉਮੀਦਵਾਰ ਨੂੰ ਵੋਟ ਪਾ ਕੇ ਜਿਤਾ ਸਕੇਗਾ,  ਇਸ ਮੌਕੇ ਤੇ ਵਾਰਡ ਨੰਬਰ -9 (ਫੇਸ਼-5) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ

ਉਮੀਦਵਾਰ – ਅਨੂੰ ਬੱਬਰ, ਕੁਲਦੀਪ ਸਿੰਘ ਸਮਾਣਾ, ਗੋਵਿੰਦ ਮਿਤਲ, ਅਕਬਿੰਦਰ ਸਿੰਘ ਗੋਸਲ,ਗੁਰਜੀਤ ਸਿੰਘ ਮਟੋਰ, ਜਗੀਰ ਸਿੰਘ, ਰਜਨੀਸ਼ ਸ਼ਰਮਾ,ਸੁਰਿੰਦਰ ਸਿੰਘ,ਊਸ਼ਾ ਸਾਹੀ,ਜੋਗਿੰਦਰ ਕੌਰ ਬੁੱਟਰ,ਅਵਤਾਰ ਸਿੰਘ, ਮੋਹਿੰਦਰ ਸਿੰਘ ਵੀ ਹਾਜ਼ਰ ਸਨ, 

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਪ੍ਰਿੰਸ ਨਿਝਾਵਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਲਰ ਸਿਸਟਮ ਲਗਾਉਣ ਦਾ ਕੰਮ ਕਰਦਾ ਹੈ। ਉਸਨੇ ਵੱਖ-ਵੱਖ ਥਾਵਾਂ ‘ਤੇ 02 ਸੋਲਰ ਸਿਸਟਮ ਲਗਾਏ ਸਨ। ਪੀਐਸਪੀਸੀਐਲ ਵੱਲੋਂ ਇਨ੍ਹਾਂ ਸੋਲਰ ਸਿਸਟਮਾਂ ਦਾ ਨਿਰੀਖਣ ਕੀਤਾ ਜਾਣਾ ਸੀ ਅਤੇ ਫਿਰ ਉਨ੍ਹਾਂ ‘ਤੇ ਮੀਟਰ ਲਗਾਉਣੇ ਸਨ। ਇਸ ਸਬੰਧੀ, ਮੁਲਜ਼ਮ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੇ ਨਿਰੀਖਣ ਅਤੇ ਅਨੁਮਾਨ ਰਿਪੋਰਟ ਤਿਆਰ ਕਰਨ ਬਦਲੇ ਹਰੇਕ ਫਾਈਲ ਲਈ 10,000 ਰੁਪਏ ਭਾਵ 02 ਫਾਈਲਾਂ ਲਈ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧੀ, ਉਕਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

CEO ਵੱਲੋਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ. ਲਗਾਉਣ ਦੀ ਅਪੀਲ

ਚੰਡੀਗੜ੍ਹ, 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਰਾਜ ਵਿੱਚ ਭਾਰਤੀ ਚੋਣ ਕਮਿਸ਼ਨ ਵਲੋਂ ਕਰਵਾਏ ਜਾ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਅੱਜ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਪੰਜਾਬ ਰਾਜ ਦੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਰਾਜ ਦੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ. ਸਬੰਧੀ ਬੂਥ ਲੈਵਲ ਏਜੰਟ (ਬੀ.ਐਲ.ਏ.) ਦੀਆਂ ਨਿਯੁਕਤੀਆਂ ਜਲਦ ਤੋਂ ਜਲਦ ਕਰ ਦੇਣ ਤਾਂ ਜੋ ਇਹਨਾਂ ਬੀ.ਐਲ.ਏਜ਼ ਨੂੰ ਬੀ.ਐਲ.ਓਜ਼ ਦੇ ਨਾਲ ਹੀ ਸਮਾਂ ਰਹਿੰਦਿਆਂ ਟ੍ਰੇਨਿੰਗ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੀ.ਐਲ.ਏਜ਼ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਐਸ.ਆਈ.ਆਰ. ਦੇ ਹਰੇਕ ਪੜਾਅ ਉੱਤੇ ਬੀ.ਐਲ.ਓ. ਵੱਲੋਂ ਬੀ.ਐਲ.ਏ. ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਸ ਸਾਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਰਕਰਾਰ ਰਹੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਬੀ.ਐਲ.ਏ.-1 ਦੀ ਨਿਯੁਕਤੀ ਸਬੰਧੀ ਵੀ ਪ੍ਰਕਿਰਿਆ ਨੂੰ ਵੀ ਜਲਦ ਮੁਕੰਮਲ ਕਰ ਲਿਆ ਜਾਵੇ।

ਸ੍ਰੀਮਤੀ ਮਿਤਰਾ ਨੇ ਕਿਹਾ ਕਿ ਐਸ.ਆਈ.ਆਰ. ਦੀ ਸਮੁੱਚੀ ਪ੍ਰਕਿਰਿਆ ਦੌਰਾਨ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੇਗਾ। ਇਸ ਮੌਕੇ ਉਨ੍ਹਾਂ ਵੋਟ ਸਬੰਧੀ ਅਧਿਕਾਰੀ ਬਾਰੇ ਵੀ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾਇਆ।  

ਇਸ ਮੌਕੇ ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਅਧੀਨ ਪੰਜਾਬ ਰਾਜ ਵਿੱਚ 25 ਜੂਨ, 2026 ਤੋਂ 24 ਜੁਲਾਈ, 2026 ਤੱਕ ਬੀਐਲਓਜ਼ ਘਰੋਂ-ਘਰੀਂ ਜਾ ਕੇ ਵੋਟਰਜ਼ ਦੇ ਫਾਰਮ ਭਰਵਾਉਣਗੇ। ਇਸ ਕਾਰਜ ਲਈ 24453 ਬੀਐਲਓਜ਼, 2476 ਸੁਪਰਵਾਈਜ਼ਰ, 117 ਈਆਰਓਜ਼ ਅਤੇ 234 ਏਈਆਰਓਜ਼ ਸਮੇਤ ਪੂਰਾ ਚੋਣ ਅਮਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਸਬੰਧੀ ਬੀਐਲਓਜ਼ ਨੂੰ ਟ੍ਰੇਨਿੰਗ ਦੇਣ ਅਤੇ ਹੋਰ ਤਿਆਰੀਆਂ ਸਬੰਧੀ ਕੰਮ 15 ਜੂਨ, 2026 ਤਂ2 24 ਜੂਨ, 2026 ਤੱਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਸੂਚੀ ਵਿੱਚੋਂ ਬਾਹਰ ਕਰਨਾ ਹੈ। ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਦੋਹਰੀ ਵੋਟ ਰੱਖਣਾ ਭਾਰਤੀ ਸੰਵਿਧਾਨ ਅਨੁਸਾਰ ਅਪਰਾਧ ਹੈ ਜਿਸ ਲਈ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੈ। ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ 89.58 ਫ਼ੀਸਦੀ ਮੈਪਿੰਗ ਹੋ ਚੁੱਕੀ ਹੈ ਜਦਕਿ ਸ਼ਹਿਰੀ ਖੇਤਰਾਂ ਵਿੱਚ 73 ਫ਼ੀਸਦੀ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਮੁੱਖ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਸਾਲ 2003 ਵਿੱਚ ਵੀ ਪੰਜਾਬ ਰਾਜ ਵਿੱਚ ਐਸ.ਆਈ.ਆਰ. ਹੋਈ ਸੀ। ਉਸ ਐਸ.ਆਈ.ਆਰ. ਨੂੰ ਆਧਾਰ ਮੰਨ ਕੇ ਮੌਜੂਦਾ ਐਸ.ਆਈ.ਆਰ. ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋ ਐਸ.ਆਈ.ਆਰ. ਸਬੰਧੀ ਕੁਝ ਸ਼ੰਕੇ ਪ੍ਰਗਟਾਏ ਗਏ ਜਿਹਨਾਂ ਨੂੰ ਮੁੱਖ ਚੋਣ ਅਫ਼ਸਰ ਵੱਲੋਂ ਦੂਰ ਕੀਤਾ ਗਿਆ ਅਤੇ ਰਾਜਨੀਤਿਕ ਪਾਰਟੀਆਂ ਨੂੰ ਭਰੋਸਾ ਦਵਾਇਆ ਗਿਆ ਕਿ ਐਸ.ਆਈ.ਆਰ. ਦੀ ਸਮੁੱਚੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੀ ਨੇਪਰੇ ਚਾੜ੍ਹੀ ਜਾਵੇਗੀ।
ਮੀਟਿੰਗ ਦੌਰਾਨ ਮਾਨਤਾ ਪ੍ਰਾਪਤ ਪਾਰਟੀਆਂ ਵਿੱਚੋਂ ਆਮ ਆਦਮੀ ਪਾਰਟੀ ਤੋਂ ਫੈਰੀ ਸੋਫ਼ਤ, ਬਹੁਜਨ ਸਮਾਜ ਪਾਰਟੀ ਤੋਂ ਡਾ. ਅਵਤਾਰ ਸਿੰਘ ਕਰੀਮਪੁਰੀ, ਭਾਰਤੀ ਜਨਤਾ ਪਾਰਟੀ ਤੋਂ ਐਨ.ਕੇ. ਵਰਮਾ, ਕਮਿਊਨਿਸਟ ਪਾਰਟੀ ਆਫ਼ ਇੰਡੀਆਂ (ਮਾਰਕਸਵਾਦੀ) ਆਰ.ਐਲ. ਮੋਦਗਿੱਲ ਅਤੇ ਰਣਜੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਡਾ. ਅਮਰ ਸਿੰਘ ਅਤੇ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ ਤੋਂ ਡਾ. ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹਾਜ਼ਰ ਸਨ। ਇਸੇ ਤਰ੍ਹਾਂ, ਰਜਿਸਟਰਡ ਅਤੇ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਵਿੱਚੋਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਮੇਜਰ ਆਰ.ਪੀ.ਐਸ. ਮਲਹੋਤਰਾ, ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਪੀ. ਕੁਮਾਰ, ਸੱਚੋ ਸੱਚ ਪਾਰਟੀ ਤੋਂ ਸੁੱਚਾ ਲਾਲ, ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਤੋਂ ਸੁਖਦੇਵ ਸਿੰਘ, ਸਮਾਜਿਕ ਸੰਘਰਸ਼ ਪਾਰਟੀ ਜਸਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਤੋਂ ਕੁਸ਼ਲਪਾਲ ਸਿੰਘ ਮਾਨ ਹਾਜ਼ਰ ਸਨ।

ਪੰਜਾਬ ਪੁਲਿਸ ਨੇ SDM ਅਨੂਪ੍ਰੀਤ ਕੌਰ ਨੂੰ ਕੀਤਾ ਗ੍ਰਿਫਤਾਰ

ਗੁਰਦਾਸਪੁਰ, 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਦੀ ਐਸਡੀਐਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਵੱਲੋਂ ਅੱਜ ਸਵੇਰੇ 7 ਵਜੇ ਐਸਡੀਐਮ ਅਨੂਪ੍ਰੀਤ ਕੌਰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੱਟੀ ਵਿੱਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਸ ਹਿਰਾਸਤ ਨੂੰ ਜੰਮੂ ਕਸ਼ਮੀਰ- ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਵਿਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਅਨੁਦੀਪ ਕੌਰ ਰੰਧਾਵਾ ਉਤੇ ਇਕ ਕਰੋੜ 63 ਲੱਖ ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ।

ਅੱਜ AAP ‘ਚ ਸ਼ਾਮਲ ਹੋਣਗੇ ਸੁਰਜੀਤ ਸਿੰਘ ਰੱਖੜਾ, CM ਮਾਨ ਕਰਵਾਉਣਗੇ ਸ਼ਾਮਲ

ਪਟਿਆਲਾ, 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਦੋ ਵਾਰ ਰਹਿ ਚੁੱਕੇ ਹਨ ਵਿਧਾਇਕ, ਅਕਾਲੀ ਸਰਕਾਰ ‘ਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਗੇ। ਇਸ ਤੋਂ ਪਹਿਲਾਂ ਸੁਰਜੀਤ ਸਿੰਘ ਰੱਖੜਾ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰਗਠਨ ਸੁਰਜੀਤ ਦੀ ਮੀਟਿੰਗ ਵਿੱਚ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਆਰੋਪ ਲਗਾਇਆ ਗਿਆ ਸੀ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਜਗੀਰ ਕੌਰ ਵਰਗੇ ਸੀਨੀਅਰ ਆਗੂਆਂ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਬੇਅਦਬੀ ਕਾਨੂੰਨ, 2027 ਦੀਆਂ ਚੋਣਾਂ ਅਤੇ ਪੰਜਾਬ ਵਿੱਚ ਸੁਰੱਖਿਆ ਸਥਿਤੀ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਗਈ।

ਹੁਸ਼ਿਆਰਪੁਰ : ਬੋਰਵੈੱਲ ’ਚ ਡਿੱਗੇ ਮਾਸੂਮ ਨੂੰ 9 ਘੰਟਿਆਂ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ

ਹੁਸ਼ਿਆਰਪੁਰ, 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹੁਸ਼ਿਆਰਪੁਰ ਜ਼ਿਲੇ ਦੇ ਥਾਣਾ ਹਰਿਆਣਾ ਦੇ ਦੇ ਨਜ਼ਦੀਕੀ ਪਿੰਡ ਚੱਕ ਸਮਾਣਾ ਵਿਚ ਬੀਤੇ ਕੱਲ੍ਹ ਸ਼ਾਮ ਇਕ 4 ਸਾਲ ਦਾ ਬੱਚਾ ਗੁਰਕਰਨ ਸਿੰਘ 300 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ ਸੀ, ਜਿਸ ਨੂੰ 9 ਘੰਟਿਆਂ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਿਵੇਂ ਹੀ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਬਾਰੇ ਪਤਾ ਲੱਗਾ, ਤੁਰੰਤ ਹੀ ਪਿੰਡ ਵਾਸੀਆਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਖੁਦ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ, ਬੱਚੇ ਨੂੰ ਬਚਾਉਣ ਅਤੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਖੁਦ ਵੀ ਮੌਕੇ ’ਤੇ ਪਹੁੰਚ ਕੇ ਪੂਰੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਕੇ ਸਹਾਇਤਾ ਵਿਚ ਜੁੱਟ ਗਈਆਂ ਸਨ। ਜੇ.ਸੀ.ਬੀ. ਨਾਲ ਆਲੇ-ਦੁਆਲੇ ਦੀ ਮਿੱਟੀ ਨੂੰ ਹਟਾਇਆ ਗਿਆ। ਦੇਰ ਰਾਤ ਤੱਕ ਜਾਰੀ ਬਚਾਅ ਕਾਰਜ ਚਲਾ ਕੇ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ ਤਾਂ ਜੋ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਸਕੇ। ਬੱਚੇ ਦੇ ਸੁਰੱਖਿਅਤ ਬਾਹਰ ਆਉਣ ’ਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੇ ਬਚਾਅ ਦਲ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਫਿਲਹਾਲ, ਹੁਸ਼ਿਆਰਪੁਰ ਵਿੱਚ ਮਾਸੂਮ ਦੀ ਜਾਨ ਬਚ ਜਾਣ ਨਾਲ ਹਰ ਕੋਈ ਰਾਹਤ ਮਹਿਸੂਸ ਕਰ ਰਿਹਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

16-05-2026

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

ੴ ਸਤਿਗੁਰ ਪ੍ਰਸਾਦਿ ॥

ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥

ਸ਼ਨਿੱਚਰਵਾਰ, ੨ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੯੨)

ਪੰਜਾਬੀ ਵਿਆਖਿਆ

ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹਾ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ। ।੧। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ) । (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ।੧।ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ।੨।੩।

English Translation

RAAG DHANAASAREE, THE WORD OF DEVOTEE KABEER JEE:
ONE UNIVERSAL CREATOR GOD. BY THE GRACE OF THE TRUE GURU:

That humble being, who knows even a little about loving devotional worship — what surprises are there for him? Like water, dripping into water, which cannot be separated out again, so is the weaver Kabeer, with softened heart, merged into the Lord. || 1 || O people of the Lord, I am just a simple-minded fool. If Kabeer were to leave his body at Benares, and so liberate himself, what obligation would he have to the Lord? || 1 || Pause || Says Kabeer, listen, O people — do not be deluded by doubt. What is the difference between Benares and the barren land of Maghar, if the Lord is within one’s heart? || 2 || 3 ||

Saturday, 2nd Jayt’h (Samvat 558 Nanakshahi)

(Page: 692)

ਭਾਜਪਾ ਨੇ ਪੱਛਮੀ ਬੰਗਾਲ ਵਿੱਚ ਵੋਟਾਂ ਲੁੱਟੀਆਂ, ਹੁਣ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਨੂੰ ਲੁੱਟ ਰਹੀ ਹੈ: ਅਮਨ ਅਰੋੜਾ

ਚੰਡੀਗੜ੍ਹ 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਮਹਿੰਗਾਈ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਂਦੇ ਹੋਏ ਆਮ ਲੋਕਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੰਗੀ ਵਿੱਚ ਧੱਕ ਦਿੱਤਾ ਹੈ।

ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ 12 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਅੱਜ ਪੂਰਾ ਦੇਸ਼ ਵਧਦੀ ਮਹਿੰਗਾਈ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨਾਲ ਆਮ ਲੋਕਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ‘ਤੇ ਇੱਕ ਵਾਰ ਫਿਰ ਬੋਝ ਪਾ ਦਿੱਤਾ ਹੈ। ਪੂਰਾ ਦੇਸ਼ ਦੇਖ ਰਿਹਾ ਹੈ ਕਿ 12 ਸਾਲ ਪਹਿਲਾਂ ਪੀਐਮ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਉੱਚੇ-ਉੱਚੇ ਵਾਅਦਿਆਂ ਦੇ ਬਾਵਜੂਦ ਲੋਕ ਮਹਿੰਗਾਈ ਹੇਠ ਕਿਵੇਂ ਪੀਸ ਰਹੇ ਹਨ।

ਤੇਲ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਹੋਏ ਤਾਜ਼ਾ ਵਾਧੇ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੱਛਮੀ ਬੰਗਾਲ ਚੋਣਾਂ ਤੋਂ ਤੁਰੰਤ ਬਾਅਦ ਕੇਂਦਰ ਸਰਕਾਰ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ₹943 ਦਾ ਵਾਧਾ ਕਰਕੇ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਕਰਾਰੀ ਸੱਟ ਮਾਰੀ ਹੈ। ਇਸ ਦੇ ਨਾਲ ਹੀ ਕੇਂਦਰ ਨੇ ਪੈਟਰੋਲ ਦੀ ਕੀਮਤ ਵਿੱਚ ₹3.14 ਪ੍ਰਤੀ ਲੀਟਰ, ਡੀਜ਼ਲ ਵਿੱਚ ₹3.11 ਪ੍ਰਤੀ ਲੀਟਰ ਅਤੇ ਸੀਐਨਜੀ ਦੀ ਕੀਮਤ ਵਿੱਚ ₹2 ਦਾ ਵਾਧਾ ਕੀਤਾ ਹੈ। ਇਹ ਦੇਸ਼ ਦੇ ਲੋਕਾਂ ਨੂੰ ਇੱਕ ਸ਼ਰਮਨਾਕ ਤੋਹਫ਼ਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਚੋਣਾਂ ਵੇਲੇ ਹੀ ਲੋਕ ਭਲਾਈ ਦੀ ਯਾਦ ਆਉਂਦੀ ਹੈ ਪਰ ਵੋਟਾਂ ਹਾਸਲ ਕਰਨ ਤੋਂ ਬਾਅਦ ਉਹ ਲੋਕਾਂ ‘ਤੇ ਆਰਥਿਕ ਬੋਝ ਪਾ ਦਿੰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਚੋਣਾਂ ਦੌਰਾਨ ਲੋਕ ਭਲਾਈ ਦੀਆਂ ਗੱਲਾਂ ਕਰਦੀ ਹੈ, ਪਰ ਵੋਟਾਂ ਜਿੱਤਣ ਤੋਂ ਬਾਅਦ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣੀ ਸ਼ੁਰੂ ਕਰ ਦਿੰਦੀ ਹੈ। ਕੀਮਤਾਂ ਵਿੱਚ ਇਹ ਵਾਧਾ ਸਿਰਫ਼ ਸੱਤਾਧਾਰੀ ਪਾਰਟੀ ਦੇ ਨਜ਼ਦੀਕੀ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।

ਭਾਜਪਾ ਦੇ ਚੋਣ ਵਾਅਦਿਆਂ ‘ਤੇ ਨਿਸ਼ਾਨਾ ਸਾਧਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਹਰ ਨਾਗਰਿਕ ਦੇ ਬੈਂਕ ਖਾਤੇ ‘ਚ ₹15 ਲੱਖ ਜਮ੍ਹਾ ਕਰਵਾਉਣ, ਦੋ ਕਰੋੜ ਨੌਕਰੀਆਂ ਦੇਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਭਾਜਪਾ ਸਰਕਾਰ ਨੇ ਮਹਿੰਗਾਈ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਰਾਹੀਂ ਕਿਸਾਨਾਂ ‘ਤੇ ਲਗਾਤਾਰ ਆਰਥਿਕ ਬੋਝ ਵਧਾਇਆ ਹੈ।

ਪੰਜਾਬ ਦੇ ਖੇਤੀਬਾੜੀ ਸੈਕਟਰ ‘ਤੇ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਕਰਦਿਆਂ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ‘ਤੇ ਸਿੱਧਾ ਅਸਰ ਪਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਸਿੰਚਾਈ ਲਈ ਹਜ਼ਾਰਾਂ ਲੀਟਰ ਪਾਣੀ ਅਤੇ ਤੇਲ ਦੀ ਲੋੜ ਹੁੰਦੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਸਿੱਧੇ ਤੌਰ ‘ਤੇ ਉਨ੍ਹਾਂ ਦੇ ਖੇਤੀਬਾੜੀ ਕਾਰਜਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਉਨ੍ਹਾਂ ਦਾ ਆਰਥਿਕ ਬੋਝ ਵਧਾਏਗਾ।

ਅਮਨ ਅਰੋੜਾ ਨੇ ਅੱਗੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧੇ ‘ਤੇ ਵੀ ਦੇਸ਼ ਵਿਆਪੀ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਸਨ, ਪਰ ਪਿਛਲੇ 12 ਤੋਂ 13 ਸਾਲਾਂ ਤੋਂ ਮਹਿੰਗਾਈ ਨੂੰ ਬਰਦਾਸ਼ਤ ਕਰਦੇ-ਕਰਦੇ ਲੋਕ ਹੁਣ ਥੱਕ ਚੁੱਕੇ ਹਨ ਅਤੇ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਮੌਜੂਦਾ ਸਥਿਤੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਘਰੇਲੂ ਆਰਥਿਕ ਨੀਤੀਆਂ ਦੀ ਪੂਰੀ ਤਰ੍ਹਾਂ ਨਾਕਾਮਯਾਬੀ ਦਾ ਨਤੀਜਾ ਹੈ।

ਭਾਰਤ ਨੂੰ “ਆਤਮਨਿਰਭਰ” ਬਣਾਉਣ ਦੇ ਕੇਂਦਰ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਉਲਟਾ ਆਯਾਤ (ਇੰਪੋਰਟ) ‘ਤੇ ਨਿਰਭਰਤਾ ਕਾਫ਼ੀ ਵਧ ਗਈ ਹੈ। ਤੇਲ ਦੀ ਦਰਾਮਦ ਨਾਲ ਸਬੰਧਤ ਕੇਂਦਰ ਦੇ ਵਿਦੇਸ਼ ਨੀਤੀ ਦੇ ਫੈਸਲਿਆਂ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ”ਇਹ ਸਮਝਣਾ ਮੁਸ਼ਕਲ ਹੈ ਕਿ ਰੂਸ ਵਰਗੇ ਦੇਸ਼ਾਂ ਤੋਂ ਮੌਕੇ ਉਪਲਬਧ ਹੋਣ ਦੇ ਬਾਵਜੂਦ ਭਾਰਤ ਤੇਲ ਖਰੀਦਣ ਬਾਰੇ ਸੁਤੰਤਰ ਫੈਸਲੇ ਲੈਣ ਤੋਂ ਕਿਉਂ ਝਿਜਕ ਰਿਹਾ ਹੈ।’

ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਅਮਨ ਅਰੋੜਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਵਾਧੇ ਨੂੰ ਤੁਰੰਤ ਵਾਪਸ ਲਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਆਮ ਲੋਕਾਂ ਦਾ ਦਮ ਘੁੱਟਦੀ ਰਹੀ, ਤਾਂ ਜਨਤਾ ਦਾ ਗੁੱਸਾ ਸੜਕਾਂ ‘ਤੇ ਨਿਕਲ ਸਕਦਾ ਹੈ, ਜਿਸ ਦੇ ਭਾਜਪਾ ਸਰਕਾਰ ਲਈ ਵੱਡੇ ਸਿਆਸੀ ਨਤੀਜੇ ਭੁਗਤਣੇ ਪੈਣਗੇ।

ਵਿਸ਼ਵ ਹਾਈਪਰਟੈਂਸ਼ਨ ਦਿਵਸ : ‘ਮੁੱਖ ਮੰਤਰੀ ਸਿਹਤ ਯੋਜਨਾ’ 40 ਤੋਂ 90 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਬਣੀ ਸਹਾਰਾ

ਚੰਡੀਗੜ੍ਹ, 15 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ ‘ਤੇ, ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਉੱਚ ਰਕਤਚਾਪ ਅਤੇ ਇਸ ਨਾਲ ਸੰਬੰਧਿਤ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਮਹੱਤਵਪੂਰਨ ਰਾਹਤ ਦੇ ਰਹੀ ਹੈ। ਜਿਵੇਂ-ਜਿਵੇਂ ਵੱਖ-ਵੱਖ ਉਮਰ ਵਰਗਾਂ ਵਿੱਚ ਉੱਚ ਰਕਤਚਾਪ ਦੇ ਮਾਮਲੇ ਵਧ ਰਹੇ ਹਨ, ਇਹ ਯੋਜਨਾ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਮੇਂ ਸਿਰ ਇਲਾਜ ਉਪਲੱਬਧ ਕਰਵਾਉਣ ਦੇ ਨਾਲ-ਨਾਲ ਭਾਰੀ ਚਿਕਿਤਸਾ ਖਰਚਿਆਂ ਤੋਂ ਵੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ।

ਹਾਈਪਰਟੈਂਸ਼ਨ, ਜਿਸਨੂੰ ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ, ਨੂੰ ਡਾਕਟਰ ਅਕਸਰ “ਸਾਇਲੈਂਟ ਕਿਲਰ” ਕਹਿੰਦੇ ਹਨ। ਇਹ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਦੇ ਸਟ੍ਰੋਕ, ਹਾਰਟ ਫੇਲਿਅਰ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬੀਮਾਰੀ ਲਗਭਗ ਹਰ ਉਮਰ ਵਰਗ ਵਿੱਚ ਦੇਖੀ ਜਾ ਰਹੀ ਹੈ।

ਹਸਪਤਾਲਾਂ ਵਿੱਚ ਬਜ਼ੁਰਗ ਪੁਰਸ਼ ਜਾਂਚ ਰਿਪੋਰਟਾਂ ਦੀ ਉਡੀਕ ਕਰਦੇ ਨਜ਼ਰ ਆਉਂਦੇ ਹਨ, ਮਹਿਲਾਵਾਂ ਆਪਣੇ ਪਰਸ ਵਿੱਚ ਦਵਾਈਆਂ ਦੀਆਂ ਪਰਚੀਆਂ ਸੰਭਾਲ ਕੇ ਰੱਖਦੀਆਂ ਹਨ, ਜਦਕਿ ਨੌਜਵਾਨ ਮਰੀਜ਼ ਵੀ ਬਲੱਡ ਪ੍ਰੈਸ਼ਰ ਦੀਆਂ ਵਧਦੀਆਂ ਰੀਡਿੰਗਾਂ ਨੂੰ ਲੈ ਕੇ ਚਿੰਤਾ ਵਿਅਕਤ ਕਰਦੇ ਦਿਖਾਈ ਦਿੰਦੇ ਹਨ। ਹਰ ਮਰੀਜ਼ ਦੀ ਫਾਈਲ ਦੇ ਪਿੱਛੇ ਇੱਕ ਪਰਿਵਾਰ ਹੁੰਦਾ ਹੈ ਜੋ ਬੀਮਾਰੀ ਅਤੇ ਵਧਦੇ ਇਲਾਜ ਖਰਚਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।

ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਭਾਰਤ ਵਿੱਚ ਉੱਚ ਰਕਤਚਾਪ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ, ਜਿਸਦੇ ਮੁੱਖ ਕਾਰਨ ਗਲਤ ਖ਼ੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀ ਦੀ ਕਮੀ ਅਤੇ ਅਨਿਯਮਿਤ ਜੀਵਨਸ਼ੈਲੀ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਨੂੰ ਇਸ ਬੀਮਾਰੀ ਦਾ ਪਤਾ ਤਦ ਲੱਗਦਾ ਹੈ ਜਦੋਂ ਗੰਭੀਰ ਜਟਿਲਤਾਵਾਂ ਪੈਦਾ ਹੋ ਚੁੱਕੀਆਂ ਹੁੰਦੀਆਂ ਹਨ। ਇਸ ਵਧਦੇ ਸਿਹਤ ਸੰਕਟ ਵਿਚਕਾਰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਇੱਕ ਮਹੱਤਵਪੂਰਨ ਸੁਰੱਖਿਆ ਕਵਚ ਸਾਬਤ ਹੋ ਰਹੀ ਹੈ। ਇਹ ਯੋਜਨਾ ਹਜ਼ਾਰਾਂ ਮਰੀਜ਼ਾਂ ਨੂੰ ਉੱਚ ਰਕਤਚਾਪ ਅਤੇ ਇਸ ਨਾਲ ਸੰਬੰਧਿਤ ਜਟਿਲਤਾਵਾਂ ਦਾ ਇਲਾਜ ਬਿਨਾਂ ਮਹਿੰਗੇ ਖਰਚਿਆਂ ਦੇ ਬੋਝ ਤੋਂ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਹੈ।

ਅਨਿਯੰਤਰਿਤ ਰਕਤਚਾਪ ਦੇ ਕਾਰਨ ਹੋਣ ਵਾਲੇ ਸਟ੍ਰੋਕ, ਹਿਰਦੇ ਸੰਬੰਧੀ ਗੰਭੀਰ ਐਮਰਜੈਂਸੀ, ਕਿਡਨੀ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਅਤੇ ਹਸਪਤਾਲ ਵਿੱਚ ਦਾਖ਼ਲੇ ਦਾ ਖ਼ਰਚਾ ਹੁਣ ਇਸ ਯੋਜਨਾ ਤਹਿਤ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਨਸਿਕ ਤਣਾਅ ਨਾਲ ਜੂਝ ਰਹੇ ਪਰਿਵਾਰਾਂ ਨੂੰ ਰਾਹਤ ਮਿਲ ਰਹੀ ਹੈ।

ਪੰਜਾਬ ਵਿੱਚ ਜ਼ਿਆਦਾਤਰ ਮਰੀਜ਼ ਅਜੇ ਵੀ ਮੱਧ ਉਮਰ ਅਤੇ ਬਜ਼ੁਰਗ ਵਰਗ ਨਾਲ ਸੰਬੰਧਿਤ ਹਨ, ਜਿੰਨ੍ਹਾਂ ਵਿੱਚ 40 ਤੋਂ 80 ਸਾਲ ਵਾਲਾ ਉਮਰ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੈ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿੱਚ 94 ਸਾਲ ਤੱਕ ਦੀ ਉਮਰ ਦੇ ਮਰੀਜ਼ ਦਰਜ ਕੀਤੇ ਗਏ, ਜਦਕਿ ਐੱਸ.ਏ.ਐੱਸ. ਨਗਰ ਵਿੱਚ 98 ਸਾਲ ਦੀ ਉਮਰ ਤੱਕ ਦੇ ਮਰੀਜ਼ ਦਰਜ ਕੀਤੇ ਗਏ, ਜੋ ਇਸ ਬੀਮਾਰੀ ਦੀ ਗਹਿਰੀ ਪਹੁੰਚ ਨੂੰ ਦਰਸਾਉਂਦੇ ਹਨ।

ਪਟਿਆਲਾ, ਐੱਸ.ਏ.ਐੱਸ. ਨਗਰ, ਹੁਸ਼ਿਆਰਪੁਰ, ਜਲੰਧਰ ਅਤੇ ਫ਼ਰੀਦਕੋਟ ਵਰਗੇ ਜ਼ਿਲ੍ਹਿਆਂ ਵਿੱਚ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਦਰਜ ਹੋਏ ਹਨ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਹਸਪਤਾਲ ਰਿਕਾਰਡਾਂ ਵਿੱਚ 50 ਤੋਂ 77 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਵਿੱਚ ਮਾਮਲਿਆਂ ਦੀ ਗਿਣਤੀ ਵਧੀ ਹੋਈ ਮਿਲੀ ਹੈ।

ਡਾ. ਸੌਰਭ ਸ਼ਰਮਾ, ਜੋ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿੱਚ ਕਾਰਡੀਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਵਿਭਾਗ ਮੁਖੀ ਹਨ, ਕਹਿੰਦੇ ਹਨ ਕਿ ਉੱਚ ਰਕਤਚਾਪ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਹਰ ਉਮਰ ਵਰਗ ਲਈ ਨਵੀਆਂ ਸਿਹਤ ਚੁਣੌਤੀਆਂ ਲੈ ਕੇ ਆ ਰਹੀ ਹੈ।

ਡਾ. ਸ਼ਰਮਾ ਨੇ ਕਿਹਾ ਕਿ ਤਣਾਅ, ਖਰਾਬ ਖ਼ੁਰਾਕ, ਕਸਰਤ ਦੀ ਕਮੀ ਅਤੇ ਅਨਿਯਮਿਤ ਦਿਨਚਰਿਆ ਮੁੱਖ ਕਾਰਨ ਹਨ, ਅਤੇ ਹੁਣ ਇਹ ਜਟਿਲਤਾਵਾਂ ਪਹਿਲਾਂ ਨਾਲੋਂ ਜ਼ਿਆਦਾ ਜਲਦੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਟ੍ਰੋਕ, ਹਾਰਟ ਫੇਲਿਅਰ ਅਤੇ ਕਿਡਨੀ ਰੋਗ ਵਰਗੀਆਂ ਜਟਿਲਤਾਵਾਂ ਵੀ ਹੁਣ ਜਲਦੀ ਦਿਖਾਈ ਦੇ ਰਹੀਆਂ ਹਨ।

ਡਾਕਟਰ ਸ਼ਰਮਾ ਦੇ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਮਰੀਜ਼ਾਂ ਨੂੰ ਆਰਥਿਕ ਡਰ ਕਾਰਨ ਇਲਾਜ ਟਾਲਣ ਤੋਂ ਰੋਕਦੀ ਹੈ। ਉਨ੍ਹਾਂ ਕਿਹਾ ਕਿ ਉੱਚ ਰਕਤਚਾਪ ਐਮਰਜੈਂਸੀ ਵਿੱਚ ਦੇਰੀ ਕਈ ਵਾਰ ਜੀਵਨ ਅਤੇ ਮੌਤ ਵਿਚਕਾਰ ਫ਼ਰਕ ਬਣ ਸਕਦੀ ਹੈ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਿਰਫ਼ ਇਲਾਜ ਨਹੀਂ, ਸਗੋਂ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣਾ ਹੈ। ਪਹਿਲਾਂ ਕਈ ਪਰਿਵਾਰ ਆਰਥਿਕ ਡਰ ਕਾਰਨ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਵਿੱਚ ਦੇਰੀ ਕਰਦੇ ਸਨ, ਜੋ ਕਈ ਵਾਰ ਘਾਤਕ ਸਾਬਤ ਹੁੰਦੀ ਸੀ। ਹੁਣ ਮਰੀਜ਼ ਸਮੇਂ ਸਿਰ ਇਲਾਜ ਲੈ ਰਹੇ ਹਨ, ਜਿਸ ਨਾਲ ਸੁਧਾਰ ਦੀ ਸੰਭਾਵਨਾ ਵਧੀ ਹੈ। ਮੱਧ ਵਰਗ ਦੇ ਘਰਾਂ, ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਇਹ ਯੋਜਨਾ ਭਾਰੀ ਚਿਕਿਤਸਾ ਖਰਚਿਆਂ ਤੋਂ ਸੁਰੱਖਿਆ ਦਾ ਇੱਕ ਮਜ਼ਬੂਤ ਸਹਾਰਾ ਬਣ ਗਈ ਹੈ।

ਇਸ ਵਿਸ਼ਵ ਉੱਚ ਰਕਤਚਾਪ ਦਿਵਸ ‘ਤੇ, ਸਿਹਤ ਕਾਰਡ ਦੀ ਸਭ ਤੋਂ ਵੱਡੀ ਉਪਲੱਬਧੀ ਸਿਰਫ਼ ਨਿਪਟਾਏ ਗਏ ਮਾਮਲਿਆਂ ਦੀ ਗਿਣਤੀ ਨਹੀਂ, ਸਗੋਂ ਉਹ ਸਨਮਾਨ ਅਤੇ ਆਤਮ-ਵਿਸ਼ਵਾਸ ਹੈ ਜੋ ਇਸਨੇ ਮਰੀਜ਼ਾਂ ਨੂੰ ਦਿੱਤਾ ਹੈ, ਜਿਸ ਕਰਕੇ ਹੁਣ ਉਹ ਆਰਥਿਕ ਮੁਸ਼ਕਲਾਂ ਦੇ ਡਰ ਤੋਂ ਬਿਨਾਂ ਇਲਾਜ ਕਰਵਾ ਸਕਦੇ ਹਨ।

ਸਿੱਖਿਆ ਬੋਰਡ 10ਵੀਂ ਤੇ 12ਵੀਂ ਪ੍ਰੀਖਿਆਵਾਂ ਦੀ ਰੀ ਚੈਕਿੰਗ ਵਾਸਤੇ ਫਾਰਮ ਭਰਨ ਦਾ ਸਮਾਂ ਦਿੱਤਾ

ਮੋਹਾਲੀ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਰੀ ਅਪੀਅਰ, ਵਾਧੂ ਵਿਸ਼ਾ ਅਤੇ ਦਰਜ਼ਾ/ਕਾਰਗੁਜ਼ਾਰੀ ਵਧਾਉਣ ਦਾ ਨਤੀਜਾ ਕ੍ਰਮਵਾਰ 10ਵੀਂ ਕਲਾਸ ਦਾ 11 ਮਈ ਅਤੇ 12ਵੀਂ ਕਲਾਸ ਦਾ 13 ਮਈ ਨੂੰ ਐਲਾਨਿਆ ਗਿਆ ਸੀ। ਇਨ੍ਹਾਂ ਪ੍ਰੀਖਿਆਵਾਂ ਨਾਲਸਬੰਧਤ ਪ੍ਰੀਖਿਆਰਥੀਆਂ ਜੇਕਰ ਰੀ ਚੈਕਿੰਗ/ਰੀ ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨਲਾਈਨ ਫਾਰਮ ਅਤੇ ਫੀਸ ਭਰਨ ਲਈ 16 ਮਈ 2026 ਤੋਂ 30 ਮਈ 2026 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆਰਥੀ ਆਨਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰਿਕਾਰਡ ਵਾਸਤੇ ਰੱਖਣ। ਇਸ ਫਾਰਮ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੋਰ ਵਧੇਰੀ ਜਾਣਕਾਰੀ ਬੋਰਡ ਦੀ ਵੈਬਸਾਈਟ ਉਤੇ ਉਪਲੱਬਧ ਹੈ।

ਪੰਜਾਬ

ਦੇਸ਼