Breaking News
ਐਸ.ਸੀ. ਬਹੁ-ਗਿਣਤੀ ਵਾਲੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 72.21 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ

ਚੰਡੀਗੜ੍ਹ, 27 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਮੂਹਿਕ ਪੇਂਡੂ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 40 ਫੀਸਦੀ ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ (ਐਸ.ਸੀ.) ਦੀ ਆਬਾਦੀ ਵਾਲੇ ਪਿੰਡਾਂ ਦੇ ਵਿਕਾਸ ਲਈ ਆਦਰਸ਼ ਗ੍ਰਾਮ ਯੋਜਨਾ ਤਹਿਤ 72.21 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਅਜਿਹਾ ‘ਰੰਗਲਾ ਪੰਜਾਬ’ ਸਿਰਜਣ ਲਈ ਵਚਨਬੱਧ ਹੈ ਜਿੱਥੇ ਹਰ ਪਿੰਡ ਨੂੰ ਵਿਕਾਸ ਦੇ ਬਰਾਬਰ ਮੌਕੇ ਅਤੇ ਮਿਆਰੀ ਬਨਿਆਦੀ ਢਾਂਚਾ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਦੇ ਵਿੱਤੀ ਪਾੜੇ ਨੂੰ ਪੂਰਨ, ਬੁਨਿਆਦੀ ਨਾਗਰਿਕ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ ਕਿ ਪ੍ਰਗਤੀ ਦਾ ਲਾਭ ਹਰ ਘਰ, ਖਾਸ ਕਰਕੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਤੱਕ ਪਹੁੰਚੇ।

ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ 3,763 ਪਿੰਡਾਂ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨ, ਪਿੰਡ ਵਿਕਾਸ ਯੋਜਨਾਵਾਂ (ਵੀ.ਡੀ.ਪੀ.) ਤਿਆਰ ਕਰਨ ਅਤੇ ਯੋਜਨਾਬੰਦੀ ਨਾਲ ਸਬੰਧਤ ਹੋਰ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 242 ਚੁਣੇ ਗਏ ਪਿੰਡਾਂ ਵਿੱਚੋਂ ਹਰੇਕ ਪਿੰਡ ਲਈ ਵਿਕਾਸ ਕਾਰਜਾਂ ਦੇ ਵਿੱਤੀ ਪਾੜੇ ਨੂੰ ਪੂਰਨ ਕਰਨ (ਗੈਪ-ਫਿਲਿੰਗ) ਵਾਸਤੇ 20 ਲੱਖ ਰੁਪਏ ਦੀ ਗ੍ਰਾਂਟ ਵੀ ਮਨਜ਼ੂਰ ਕੀਤੀ ਗਈ ਹੈ, ਜਿਸ ਦੀ ਵਰਤੋਂ ਪਿੰਡ ਵਿਕਾਸ ਯੋਜਨਾਵਾਂ ਰਾਹੀਂ ਪਛਾਣੀਆਂ ਗਈਆਂ ਸਥਾਨਕ ਬਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ।

ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਗਰਾਮਾਂ ਦੇ ਆਪਸੀ ਤਾਲਮੇਲ (ਕਨਵਰਜੈਂਸ) ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਉਪਲਬਧ ਸਰੋਤਾਂ ਦੀ ਸੁਚੱਜੀ ਅਤੇ ਨਤੀਜਾ-ਮੁਖੀ ਢੰਗ ਨਾਲ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਪ੍ਰਭਾਵਸ਼ਾਲੀ ਯੋਜਨਾਬੰਦੀ, ਸਮੇਂ ਸਿਰ ਕੰਮ ਮੁਕੰਮਲ ਕਰਨ ਅਤੇ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਗੀਆਂ ਤਾਂ ਜੋ ਵਿਕਾਸ ਦੇ ਵੱਧ ਤੋਂ ਵੱਧ ਨਤੀਜੇ ਸਾਹਮਣੇ ਆ ਸਕਣ।

ਮੰਤਰੀ ਨੇ ਕਿਹਾ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਬਹੁ-ਗਿਣਤੀ ਵਾਲੇ ਪਿੰਡਾਂ ਨੂੰ ਮਾਡਲ (ਆਦਰਸ਼) ਪਿੰਡਾਂ ਵਿੱਚ ਤਬਦੀਲ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਲੋੜੀਂਦੇ ਬਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ, ਜਨਤਕ ਸਹੂਲਤਾਂ ਦਾ ਵਿਸਥਾਰ ਕਰਕੇ ਅਤੇ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜੋ ਹਰ ਨਾਗਰਿਕ ਲਈ ਸਨਮਾਨ, ਬਿਹਤਰ ਮੌਕੇ ਅਤੇ ਮਿਆਰੀ ਜੀਵਨ ਪੱਧਰ ਨੂੰ ਉਤਸ਼ਾਹਿਤ ਕਰੇ।

ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ‘ਸੂਰਮੇ’ ਵਜੋਂ ਕੀਤਾ ਸਨਮਾਨਿਤ

ਲੁਧਿਆਣਾ, 27 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਦਿਸ਼ਾ ਵੱਲ ਮਜ਼ਬੂਤੀ ਨਾਲ ਕਦਮ ਵਧਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਅਗਲੇ ਪੜਾਅ ‘ਤੇ ਲਿਜਾਂਦਿਆਂ ‘ਸੂਰਮਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ‘ਸੂਰਮਾ’ ਛਾਪਾਂ (ਰਿੰਗ) ਅਤੇ ਟੀ-ਸ਼ਰਟਾਂ ਨਾਲ ਸਨਮਾਨਿਤ ਕੀਤਾ।
ਇਸ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ‘ਉਮੀਦ ਦੇ ਦੂਤ’ ਵਜੋਂ ਪੇਸ਼ ਕਰਨਾ ਹੈ, ਜੋ ਜ਼ਮੀਨੀ ਪੱਧਰ ‘ਤੇ ਨਸ਼ਿਆਂ ਖ਼ਿਲਾਫ਼ ਜੰਗ ਦੀ ਅਗਵਾਈ ਕਰਨਗੇ। ਦੋ ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ।
ਖੇਡਾਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਸਭ ਤੋਂ ਕਾਰਗਰ ਹਥਿਆਰ ਦੱਸਦਿਆਂ ਉਨ੍ਹਾਂ ਐਲਾਨ ਕੀਤਾ ਕਿ 15 ਜੁਲਾਈ ਤੱਕ ਪੰਜਾਬ ਭਰ ਵਿੱਚ ਲਗਭਗ 3,100 ਪਿੰਡਾਂ ਦੇ ਖੇਡ ਮੈਦਾਨ ਅਤੇ 3,000 ਜਿੰਮ ਚਾਲੂ ਕਰ ਦਿੱਤੇ ਜਾਣਗੇ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਿਆਰੀ ਸਿੱਖਿਆ, ਸਾਰਿਆਂ ਲਈ ਸਿਹਤ ਸਹੂਲਤਾਂ, ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਮੁੜ-ਵਸੇਬੇ ‘ਤੇ ਇੱਕੋ ਸਮੇਂ ਧਿਆਨ ਦਿੱਤਾ ਜਾ ਰਿਹਾ ਹੈ ਜੋ ਨਸ਼ਾ-ਮੁਕਤ ਅਤੇ ਰੰਗਲੇ ਪੰਜਾਬ ਦੀ ਨੀਂਹ ਰੱਖ ਰਿਹਾ ਹੈ।
ਕੁਝ ਮੁੱਖ ਨੁਕਤੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ‘ਤੇ ਲਿਖਿਆ, “ਅੱਜ ਅਸੀਂ ‘ਸੂਰਮਾ ਮੁਹਿੰਮ’ ਦੀ ਸ਼ੁਰੂਆਤ ਕੀਤੀ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਹੈ ਜੋ ਨਸ਼ਿਆਂ ਦੇ ਚੁੰਗਲ ‘ਚੋਂ ਨਿਕਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਹਨ। ਦੂਜਿਆਂ ਲਈ ਰੋਲ ਮਾਡਲ ਬਣੇ ਇਨ੍ਹਾਂ ਪ੍ਰੇਰਨਾਦਾਇਕ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਵੀ ਦਿੱਤੇ ਜਾਣਗੇ।
15 ਜੁਲਾਈ ਤੱਕ ਪੰਜਾਬ ਭਰ ਦੇ ਨੌਜਵਾਨਾਂ ਲਈ 3,100 ਨਵੇਂ ਖੇਡ ਮੈਦਾਨ ਅਤੇ 3,000 ਜਿੰਮ ਤਿਆਰ ਹੋ ਜਾਣਗੇ। ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਨੰਬਰ ਇਕ ‘ਤੇ ਹੈ ਅਤੇ 47 ਲੱਖ ਪਰਿਵਾਰਾਂ ਨੂੰ ਮੁਫ਼ਤ ਇਲਾਜ ਲਈ 10 ਲੱਖ ਰੁਪਏ ਦੇ ‘ਮੁੱਖ ਮੰਤਰੀ ਸਿਹਤ ਯੋਜਨਾ ਕਾਰਡ’ ਮਿਲ ਚੁੱਕੇ ਹਨ।
ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਨੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ 50 ਫੀਸਦੀ ਤੱਕ ਘਟਾ ਦਿੱਤਾ ਹੈ, ਜਿਸ ਨਾਲ ਹਰ ਸਾਲ ਲਗਭਗ 2,700 ਕੀਮਤੀ ਜਾਨਾਂ ਬਚ ਰਹੀਆਂ ਹਨ। ਜਦੋਂ ਨੀਅਤ ਸਾਫ਼ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਆਓ ਸਾਰੇ ਰਲ ਕੇ ਰੰਗਲਾ ਪੰਜਾਬ ਬਣਾਈਏ।”
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਗਮ ਵਿੱਚ ਹਾਜ਼ਰ ਨੌਜਵਾਨਾਂ ਨੇ ਨਸ਼ਿਆਂ ਕਾਰਨ ਸਭ ਕੁਝ ਗੁਆਉਣ ਤੋਂ ਬਾਅਦ ਇਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਇਤਿਹਾਸਕ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਦਾ ਸਨਮਾਨ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸਮਾਜਿਕ ਨਾਮੋਸ਼ੀ ਦੇ ਬਾਵਜੂਦ ਇਨ੍ਹਾਂ ਨੇ ਨਸ਼ੇ ਨੂੰ ਹਰਾਉਣ ਦਾ ਅਸਾਧਾਰਨ ਸਾਹਸ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ, “ਨਸ਼ੇ ਦੀ ਲਤ ਇਕ ਸਮਾਜਿਕ ਕਲੰਕ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਨਸ਼ਾ ਕਰਦਾ ਹੈ ਤਾਂ ਉਹ ਉਸ ਵਿਅਕਤੀ ਨਾਲ ਗੱਲ ਕਰਨਾ ਵੀ ਬੰਦ ਕਰ ਦਿੰਦੇ ਹਨ। ਇਨ੍ਹਾਂ ਨੌਜਵਾਨਾਂ ਨੇ ਉਸ ਦਰਦ ਅਤੇ ਮਾਨਸਿਕ ਪੀੜਾ ਨੂੰ ਹੰਢਾਇਆ ਹੈ, ਪਰ ਅੱਜ ਉਹ ਨਵੀਂ ਸ਼ੁਰੂਆਤ ਕਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।”
ਮੁੱਖ ਮੰਤਰੀ ਨੇ ਕਿਹਾ, “ਇਹ ਨੌਜਵਾਨ ਨਸ਼ੇ ਦੀ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਅਤੇ ਹੁਣ ਆਪਣੇ ਤਜਰਬੇ ਸਾਂਝੇ ਕਰਕੇ ਦੂਜਿਆਂ ਦੀ ਮਦਦ ਕਰ ਸਕਦੇ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਸਰਕਾਰ ਨਸ਼ਾ ਪੀੜਤਾਂ ਦੇ ਮੁੜ-ਵਸੇਬੇ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਸੂਬੇ ਭਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਵ ਪੱਧਰੀ ਮੁੜ-ਵਸੇਬਾ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਐਲਾਨ ਕੀਤਾ ਕਿ 15 ਜੁਲਾਈ ਤੱਕ ਪੰਜਾਬ ਭਰ ਵਿੱਚ ਲਗਭਗ 3,100 ਪਿੰਡਾਂ ਦੇ ਖੇਡ ਮੈਦਾਨ ਅਤੇ 3,000 ਜਿੰਮ ਚਾਲੂ ਹੋ ਜਾਣਗੇ ਤਾਂ ਜੋ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਬਦਲਿਆ ਜਾ ਸਕੇ।
ਸਮਾਗਮ ਵਿੱਚ ਹਾਜ਼ਰ ਨਸ਼ਾ ਮੁਕਤ ਹੋਏ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੁਖਦਾਇਕ ਅਤੀਤ ਨੂੰ ਪਿੱਛੇ ਛੱਡ ਕੇ ਸੁਨਹਿਰੇ ਭਵਿੱਖ ਵੱਲ ਵਧ ਚੁੱਕੇ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਨੇਕ ਮਿਸ਼ਨ ਵਿੱਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ, “ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੁਣ ਸਿਰਫ਼ ਇੱਕ ਹੀ ਰੰਗ ਬਾਕੀ ਰਹਿ ਗਿਆ ਹੈ ਅਤੇ ਉਹ ਵੀ ਜਲਦੀ ਹੀ ਭਰ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਛੇਤੀ ਹੀ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ।”
ਸੂਬੇ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਯਕੀਨੀ ਬਣਾ ਕੇ ਸਿੱਖਿਆ ਦੇ ਖੇਤਰ ਦਾ ਕਾਇਆ-ਕਲਪ ਕੀਤਾ ਹੈ, ਜਿਸ ਸਦਕਾ ਪੰਜਾਬ, ਕੇਰਲ ਅਤੇ ਕਈ ਹੋਰ ਸੂਬਿਆਂ ਨੂੰ ਪਛਾੜ ਕੇ 27ਵੇਂ ਨੰਬਰ ਤੋਂ ਪਹਿਲੇ ਨੰਬਰ ’ਤੇ ਆਇਆ ਹੈ।
ਉਨ੍ਹਾਂ ਕਿਹਾ ਕਿ ਗਰੀਬੀ ਨੂੰ ਖ਼ਤਮ ਕਰਨ ਲਈ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ। “ਸਾਡੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਭਲਕੇ ਉੱਚ ਅਧਿਕਾਰੀ ਬਣਨਗੇ ਅਤੇ ਆਪਣੇ ਪਰਿਵਾਰਾਂ ਨੂੰ ਗਰੀਬੀ ਵਿੱਚੋਂ ਕੱਢਣ ਵਿੱਚ ਮਦਦ ਕਰਨਗੇ। ਸਿਰਫ਼ ਕਾਰਡ ਜਾਂ ਮੁਫ਼ਤ ਦੀਆਂ ਸਹੂਲਤਾਂ ਗਰੀਬੀ ਖ਼ਤਮ ਨਹੀਂ ਕਰ ਸਕਦੀਆਂ, ਪਰ ਸਿੱਖਿਆ ਵਿੱਚ ਅਜਿਹਾ ਕਰਨ ਦੀ ਤਾਕਤ ਤੇ ਸਮਰੱਥਾ ਜ਼ਰੂਰ ਹੈ।”
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਲਗਭਗ 65 ਲੱਖ ਪਰਿਵਾਰਾਂ ਵਿੱਚੋਂ 17.47 ਲੱਖ ਪਰਿਵਾਰਾਂ ਨੂੰ ਪਹਿਲਾਂ ਹੀ ‘ਮੁੱਖ ਮੰਤਰੀ ਸਿਹਤ ਯੋਜਨਾ ਕਾਰਡ’ ਮਿਲ ਚੁੱਕੇ ਹਨ, ਜਿਸ ਨਾਲ ਉਹ ਮੁਫ਼ਤ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹੁਣ ਤੱਕ ਲਗਭਗ 650 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

ਸੂਬਾ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹੁਣ ਸਿੰਚਾਈ ਲਈ 80 ਫ਼ੀਸਦ ਨਹਿਰੀ ਪਾਣੀ ਦੀ ਵਰਤੋਂ ਕਰ ਰਿਹਾ ਹੈ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਸੜਕ ਸੁਰੱਖਿਆ ਫੋਰਸ (ਐਸਐਸਐਫ) ਨੇ ਸੜਕ ਹਾਦਸਿਆਂ ਵਿੱਚ ਹੁਣ ਤੱਕ ਲਗਭਗ 3,000 ਜਾਨਾਂ ਬਚਾਈਆਂ ਹਨ, ਲਗਭਗ 90 ਫ਼ੀਸਦ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਈ ਹੋਰ ਭਲਾਈ ਸਕੀਮਾਂ ਰਾਹੀਂ ਲੋਕਾਂ ਨੂੰ ਵੱਡਾ ਲਾਭ ਪਹੁੰਚਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਨਸ਼ੇ ਦੀ ਲਤ ‘ਤੇ ਸਫ਼ਲਤਾਪੂਰਵਕ ਕਾਬੂ ਪਾਇਆ ਹੈ ਅਤੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ (ਸੰਜਮ) ਰਹੇ ਹਨ। ਉਨ੍ਹਾਂ ਕਿਹਾ, “ਇਹ ਵਿਅਕਤੀ ਅਸਲੀ ‘ਸੂਰਮੇ’ ਹਨ ਕਿਉਂਕਿ ਇਨ੍ਹਾਂ ਹਿੰਮਤ ਅਤੇ ਜਜ਼ਬੇ ਨਾਲ ਨਸ਼ੇ ‘ਤੇ ਜਿੱਤ ਹਾਸਲ ਕੀਤੀ ਹੈ। ਅੱਜ ਦਾ ਇਹ ਸਮਾਗਮ ਪੰਜਾਬ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਰਮੇ ਹੁਣ ‘ਅੰਬੈਸਡਰ ਆਫ਼ ਰਿਕਵਰੀ’ ਵਜੋਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ, ਜੋ ਹੋਰਨਾਂ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਰਮਾ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਭਰ ਵਿੱਚ ਵਿਆਪਕ ਮੁੜ-ਵਸੇਬਾ ਪ੍ਰੋਗਰਾਮਾਂ ਅਤੇ ਮਜ਼ਬੂਤ ਸਮਾਜਿਕ ਸਹਾਇਤਾ ਪ੍ਰਣਾਲੀਆਂ ਦੇ ਉਸਾਰੂ ਪ੍ਰਭਾਵ ਦਾ ਇੱਕ ਵੱਡਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਵਿੱਚ ਡੂੰਘੀ ਤਰ੍ਹਾਂ ਰਚਿਆ ‘ਸੂਰਮਾ’ ਸ਼ਬਦ ਫੌਲਾਦੀ ਹਿੰਮਤ ਦਾ ਪ੍ਰਤੀਕ ਹੈ, ਜੋ ਇਨ੍ਹਾਂ ਵਿਅਕਤੀਆਂ ਦੁਆਰਾ ਆਪਣੀ ਅਟੁੱਟ ਇੱਛਾ ਸ਼ਕਤੀ ਪ੍ਰਤੀ ਪੂਰੀ ਵਚਨਬੱਧਤਾ ਸਦਕਾ ਆਪਣੀ ਜ਼ਿੰਦਗੀ ਨੂੰ ਮੁੜ ਸੁਰਜੀਤ ਕਰਨ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ।

ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾ ਰਹੀ ਹੈ ਕਿ ਨਸ਼ੇ ਤੋਂ ਪ੍ਰਭਾਵਿਤ ਹਰ ਪਰਿਵਾਰ ਨੂੰ ਇਲਾਜ ਲਈ ਲੋੜੀਂਦੀ ਸਹਾਇਤਾ ਮਿਲੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਇਨ੍ਹਾਂ ਵਿਅਕਤੀਆਂ ਦੀ ਰਿਕਵਰੀ ਲਈ ਨਹੀਂ, ਉਨ੍ਹਾਂ ਦੇ ਨਵੇਂ ਜੀਵਨ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ, “ਇਹ ਸੂਰਮੇ ਆਪਣੇ ਪਰਿਵਾਰਾਂ ਅਤੇ ਸਮਾਜ ਲਈ ਉਮੀਦ ਦੀ ਕਿਰਨ ਹਨ। ਇਨ੍ਹਾਂ ਦਾ ਸਫ਼ਰ ਇਹ ਸਾਬਤ ਕਰਦਾ ਹੈ ਕਿ ਦ੍ਰਿੜ ਇਰਾਦੇ, ਪਰਿਵਾਰਕ ਸਹਿਯੋਗ ਅਤੇ ਮਿਆਰੀ ਸਿਹਤ ਸਹੂਲਤਾਂ ਤੱਕ ਪਹੁੰਚ ਰਾਹੀਂ ਨਸ਼ੇ ਤੋਂ ਮੁਕਤੀ ਸੰਭਵ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਨਸ਼ੇ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਢੁਕਵਾਂ ਇਲਾਜ ਮਿਲੇ ਅਤੇ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਹੋ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਰਮੇ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹਨ ਕਿ ਸਮੇਂ ਸਿਰ ਸਹਾਇਤਾ ਮਿਲਣ ਨਾਲ ਉਨ੍ਹਾਂ ਜ਼ਿੰਦਗੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਜੋ ਸ਼ਾਇਦ ਨਸ਼ਿਆਂ ਕਾਰਨ ਬਰਬਾਦ ਹੋ ਸਕਦੀਆਂ ਸਨ। ਉਨ੍ਹਾਂ ਕਿਹਾ, “ਸਿਹਤਯਾਬ ਹੋਏ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਗਈਆਂ ਪ੍ਰੋਮਿਸ ਰਿੰਗਜ਼ (ਛਾਪਾਂ) ਅਤੇ ਬਾਜ਼ ਦੇ ਚਿੰਨ੍ਹ ਵਾਲੀਆਂ ਵਰਦੀਆਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਨਸ਼ਾ ਮੁਕਤ ਪੰਜਾਬ ਦੇ ਮਿਸ਼ਨ ਵਿੱਚ ਹਿੰਮਤ, ਤਾਕਤ ਅਤੇ ਪੰਜਾਬੀਅਤ ਦਾ ਪ੍ਰਤੀਕ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਰਮਾ ਪਹਿਲਕਦਮੀ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖ਼ਾਤਮੇ ਲਈ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਨੇ ਪਿਛਲੇ ਕਈ ਸਾਲਾਂ ਤੋਂ ਸੂਬੇ ‘ਚ ਤਬਾਹੀ ਮਚਾ ਰੱਖੀ ਸੀ। ਉਨ੍ਹਾਂ ਕਿਹਾ, “ਇਹ ਵਿਅਕਤੀ ‘ਯੁੱਧ ਨਸ਼ਿਆਂ ਵਿਰੁੱਧ’ ਦੀ ਅਸਲ ਭਾਵਨਾ ਨੂੰ ਦਰਸਾਉਂਦੇ ਹਨ। ਉਨ੍ਹਾਂ ਦੀ ਸਖ਼ਤ ਮਿਹਨਤ, ਹਿੰਮਤ ਅਤੇ ਦ੍ਰਿੜ ਇਰਾਦਾ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਜ਼ਰੀਆ ਹਨ।”

ਮੁੱਖ ਮੰਤਰੀ ਨੇ ਹਰ ਸੂਰਮੇ ਨੂੰ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਹੁਣ ਦੂਜਿਆਂ ਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਕੇ ਉਮੀਦ ਦੇ ਦੂਤ ਬਣਨਗੇ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨਸ਼ਾ ਛਡਾਊ ਕੇਂਦਰਾਂ, ਹੁਨਰ ਵਿਕਾਸ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ ਅਤੇ ਨਸ਼ੇ ਦੀ ਲਤ ਨਾਲ ਜੁੜੇ ਕਲੰਕ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਰਹੇਗੀ ਤਾਂ ਜੋ ਹਰ ਸਿਹਤਯਾਬ ਹੋਇਆ ਵਿਅਕਤੀ ਬਿਹਤਰ ਰੋਜ਼ਗਾਰ ਦੇ ਮੌਕਿਆਂ ਨਾਲ ਸਨਮਾਨਜਨਕ ਜੀਵਨ ਬਤੀਤ ਕਰ ਸਕੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੁਹਰਾਇਆ ਕਿ ਜਿੱਥੇ ਸਰਕਾਰ ਨਸ਼ਿਆਂ ਰਾਹੀਂ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ, ਉੱਥੇ ਹੀ ਮਦਦ ਦੀ ਮੰਗ ਕਰਨ ਵਾਲੇ ਹਰ ਵਿਅਕਤੀ ਨੂੰ ਪੂਰਾ ਸਹਿਯੋਗ ਦੇਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ, “ਇਹ ‘ਯੁੱਧ ਨਸ਼ਿਆਂ ਵਿਰੁੱਧ ਪੜਾਅ-2’ ਦਾ ਅਸਲ ਉਦੇਸ਼ ਹੈ।”

ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਸਮਰਪਿਤ ਇੱਕ ਪ੍ਰੇਰਨਾਦਾਇਕ ਗੀਤ ਵੀ ਲਾਂਚ ਕੀਤਾ ਅਤੇ ਐਲਾਨ ਕੀਤਾ ਕਿ ਸੂਰਮਾ ਪ੍ਰੋਗਰਾਮ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਤੱਕ ਪਹੁੰਚੇਗਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਸ਼ਾ ਛਡਾਊ ਇਲਾਜ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਘੱਟੋ-ਘੱਟ ਦੋ ਸਾਲਾਂ ਤੋਂ ਨਸ਼ੇ ਤੋਂ ਦੂਰੀ ਬਣਾਈ ਰੱਖੀ ਹੈ, ਉਹ ਵਟਸਐਪ ਉੱਪਰ 9779142200 ‘ਤੇ “Soorma” ਮੈਸੇਜ ਭੇਜ ਕੇ ਇਸ ਪ੍ਰੋਗਰਾਮ ਲਈ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯੋਗ ਵਿਅਕਤੀਆਂ ਨੂੰ ਉਨ੍ਹਾਂ ਦੀ ਬੇਮਿਸਾਲ ਹਿੰਮਤ ਲਈ ਮਾਨਤਾ ਦਿੱਤੀ ਜਾਵੇਗੀ ਅਤੇ ਉਹ ਪੰਜਾਬ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਚੈਂਪੀਅਨ ਵਜੋਂ ਸੇਵਾ ਕਰਨਗੇ। ਉਨ੍ਹਾਂ ਕਿਹਾ, “ਸੂਰਮਾ ਪਹਿਲਕਦਮੀ ਰਾਹੀਂ ਪੰਜਾਬ ਸਰਕਾਰ ਇੱਕ ਮਜ਼ਬੂਤ ਨੈੱਟਵਰਕ ਤਿਆਰ ਕਰ ਰਹੀ ਹੈ ਜੋ ਨਸ਼ੇ ਕਰਕੇ ਪਈ ਨਿਰਾਸ਼ਾ ਨੂੰ ਚੁਣੌਤੀ ਦਿੰਦਿਆਂ ਪੀੜਤਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਲੀਹ ‘ਤੇ ਲਿਆਉਣ ਅਤੇ ਉਨ੍ਹਾਂ ਦਾ ਸਨਮਾਨ ਬਹਾਲ ਕਰਨ ਵਿੱਚ ਮਦਦ ਕਰੇਗਾ।”

ਉਨ੍ਹਾਂ ਕਿਹਾ ਕਿ ਲਗਭਗ ਇੱਕ ਸਾਲ ਤਿੰਨ ਮਹੀਨੇ ਪਹਿਲਾਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਮਹੱਤਵਪੂਰਨ ਸਫ਼ਲਤਾ ਦਰਜ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਧੁਨਿਕ ਇਲਾਜ ਸਹੂਲਤਾਂ, ਕੌਂਸਲਿੰਗ ਸੇਵਾਵਾਂ ਅਤੇ ਫਾਲੋਅੱਪ ਸਪੋਰਟ ਨਾਲ ਲੈਸ ਅਤਿ-ਆਧੁਨਿਕ ਨਸ਼ਾ ਛਡਾਊ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ‘ਸੂਰਮਾ ਰਿਕੋਗਨੀਸ਼ਨ ਪ੍ਰੋਗਰਾਮ’ ਨਸ਼ੇ ਅਤੇ ਰਿਕਵਰੀ ਨਾਲ ਜੁੜੇ ਕਲੰਕ ਨੂੰ ਹਟਾ ਕੇ ਇਨ੍ਹਾਂ ਪ੍ਰਾਪਤੀਆਂ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਅਜਿਹਾ ਸਹਾਇਤਾ ਨੈੱਟਵਰਕ ਤਿਆਰ ਕਰਦਾ ਹੈ ਜੋ ਨਸ਼ੇ ਵਿਰੁੱਧ ਲੜ ਰਹੇ ਦੂਜੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਤ ਕਰੇ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।

ਹੁਣ ਪੰਜਾਬ ਉੱਡਦਾ ਪੰਜਾਬ ਨਹੀਂ ਪੜ੍ਹਦੇ ਪੰਜਾਬ ਵਜੋਂ ਜਾਣਿਆ ਜਾਵੇਗਾ : ਹਰਜੋਤ ਸਿੰਘ ਬੈਂਸ

ਅੰਮ੍ਰਿਤਸਰ, 27 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

‘ਬ੍ਰਾਈਟ ਮਾਈਂਡਜ਼ ਪੰਜਾਬ` ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ `ਆਪ` ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਇਕ ਸ਼ਾਨਦਾਰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 95 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ 332 ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਸ਼ਰਮਾ ਵੀ ਵਿਸ਼ੇਸ਼ ਤੌਰ `ਤੇ ਮੌਜੂਦ ਰਹੇ।

ਜ਼ਿਲ੍ਹਾ ਅੰਮ੍ਰਿਤਸਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਾਰੇ ਬੱਚੇ ਸੂਬਾ ਪੰਜਾਬ ਅਤੇ ਦੇਸ਼ ਦਾ ਭਵਿੱਖ ਹਨ। ਮਿਆਰੀ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿੱਚ ਕੇਰਲ ਨੂੰ ਪਛਾੜ ਕੇ ਪੰਜਾਬ ਹੁਣ ਭਾਰਤ ਦੇ ਸਿੱਖਿਆ ਸੂਚਕ ਅੰਕ ਵਿੱਚ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਦੀ 2026 ਦੀ ਰਿਪੋਰਟ ਅਤੇ ਕੇਂਦਰ ਦੀ ਪੀ.ਜੀ.ਆਈ 2.0 ਦਰਜਾਬੰਦੀ ਨਾਲ ਸੂਬੇ ਦੇ ਸਕੂਲਾਂ ਨੂੰ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ `ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਕਟ` ਵਿੱਚ ਸੋਧ ਕਰਨ ਲਈ ਇਕ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਫੀਸਾਂ ਅਤੇ ਫੰਡਾਂ ਵਿੱਚ ਸਾਲਾਨਾ ਵਾਧਾ ਵੱਧ ਤੋਂ ਵੱਧ 5 ਫੀਸਦੀ ਤੱਕ ਸੀਮਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਫ਼ੀਸਾਂ ਵਿੱਚ ‘ਗੈਰ-ਵਾਜਬ’ ਵਾਧਾ ਕਰਨ ਵਾਲੇ ਸਕੂਲਾਂ ਵਿਰੁੱਧ ਕਾਰਵਾਈ ਕਰਨ ਦਾ ਵੀ ਫ਼ੈਸਲਾ ਕੀਤਾ ਹੈ ਅਤੇ ਇਕੱਠੀ ਕੀਤੀ ਗਈ ਵਾਧੂ ਰਕਮ ਮਾਪਿਆਂ ਨੂੰ ਵਾਪਸ ਕਰਵਾਈ ਜਾਵੇਗੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਨਾਲ ਉਚੇਰੀ ਸਿੱਖਿਆ ਦੇ ਸੁਧਾਰ ਲਈ ਵੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਉਨ੍ਹਾਂ ਨੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਬਹੁਤ ਸਾਰੇ ਸਕੂਲਾਂ ਦਾ ਨਿੱਜੀ ਤੌਰ `ਤੇ ਵੀ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਸਿੱਖਿਆ ਦੇ ਖੇਤਰ ਵਿੱਚ ਇਸ ਵੇਲੇ ਸਰਬੋਤਮ ਕਾਰਗੁਜ਼ਾਰੀ ਦਿਖਾ ਰਿਹਾ ਹੈ।

ਇਸ ਦੌਰਾਨ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ `ਆਪ` ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਖੁੱਲ੍ਹੀ ਰਚਨਾਤਮਕ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਦੇਸ਼ ਦੀ ਤਰੱਕੀ ਅੰਦਰੂਨੀ ਤੌਰ ’ਤੇ ਇਸਦੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਠੀਕ ਕਰ ਦਿੱਤੀ ਜਾਵੇ, ਤਾਂ ਦੇਸ਼ ਆਪਣੇ ਆਪ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਰੱਟੇ ਦੀ ਜਗ੍ਹਾ ਸਮਝਣ ਵਾਲੀ ਹੋਣੀ ਚਾਹੀਦੀ ਹੈ।

ਸ੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਜਰੀਏ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਸਿੱਖਿਆ ਅਤੇ ਸਹੂਲਤਾਂ ਦੇ ਪੱਖ ਤੋਂ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਹਨ। ਇਸ ਮੌਕੇ ਉਨ੍ਹਾਂ ਬੱਚਿਆ ਤੋਂ ਵੀ ਸੁਝਾਅ ਲਏ ਕਿ ਸਿੱਖਿਆ ਨੀਤੀ ਅਤੇ ਪ੍ਰੀਖਿਆ ਪ੍ਰਣਾਲੀ `ਚ ਕੀ ਬਦਲਾਅ ਕਰਨੇ ਚਾਹੀਦੇ ਹੈ।

ਸਮਾਗਮ ਦਾ ਮਾਹੌਲ ਬਹੁਤ ਹੀ ਉਤਸ਼ਾਹਪੂਰਨ ਸੀ ਕਿਉਂਕਿ ਵਿਦਿਆਰਥੀਆਂ ਨੇ ਪ੍ਰਣਾਲੀਗਤ ਸੁਧਾਰਾਂ ਲਈ ਸੁਝਾਅ ਦੇ ਕੇ ਸਰਗਰਮੀ ਨਾਲ ਹਿੱਸਾ ਲਿਆ। ਇਕੱਠ ਵਿੱਚ ਨੀਤੀ ਘਾੜਿਆਂ ਅਤੇ ਨੌਜਵਾਨ ਸਿਖਿਆਰਥੀਆਂ ਦਰਮਿਆਨ ਵਿਚਾਰਾਂ ਦਾ ਸੁਚੱਜਾ ਆਦਾਨ-ਪ੍ਰਦਾਨ ਦੇਖਿਆ ਗਿਆ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਿਛਲੇ ਸਮੇਂ ਦੌਰਾਨ ਸਕੂਲਾਂ ਵਿੱਚ ਹੋਏ ਕ੍ਰਾਂਤੀਕਾਰੀ ਬਦਲਾਅ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 332 ਵਿਦਿਆਰੀਆਂ ਦਾ ਵਿਸ਼ੇਸ਼ ਤੌਰ `ਤੇ ਸਨਾਮਨ ਕੀਤਾ ਗਿਆ। ਇਸ ਮੌਕੇ ਸਕੂਲ ਆਫ਼ ਐਮੀਂਨੈਂਸ, ਮਾਲ ਰੋਡ, ਅੰਮ੍ਰਿਤਸਰ ਦੀ ਵਿਦਿਆਰਥਣ ਟੀਆ ਜਿਸ ਦੀ ਇਸਰੋ ਵਿੱਚ ਚੋਣ ਹੋਈ ਹੈ ਨੂੰ ਵੀ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸਰੋ ਵੱਲੋਂ 108 ਦੇਸ਼ਾਂ ਵਿੱਚੋਂ ਹੋਣਹਾਰ ਵਿਦਿਆਰਥੀਆਂ ਦੀ ਚੋਣ ਲਈ ਟੈਸਟ ਲਿਆ ਗਿਆ ਸੀ ਜਿਸ ਵਿੱਚ ਭਾਰਤ ਵੱਲੋਂ ਟੀਆ ਦੀ ਚੋਣ ਹੋਈ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੰਵਲਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਜੇਸ਼ ਖੰਨਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਜੋ ‘ਰਾਮ‘ ਦੇ ਨਾ ਹੋਏ, ਉਹ ‘ਰਾਸ਼ਟਰ’ ਦੇ ਕੀ ਹੋਣਗੇ, ਚੰਦਾ ਚੋਰ ਪਾਰਟੀ ਦਾ ਸਮਾਜਿਕ ਬਾਈਕਾਟ ਹੋਵੇ – ਕੇਜਰੀਵਾਲ

ਨਵੀਂ ਦਿੱਲੀ, 27 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵਾਨ ਸ਼੍ਰੀ ਰਾਮ ਦੇ ਘਰ ਵਿੱਚ ਅਰਬਾਂ ਰੁਪਏ ਦੀ ਚੋਰੀ ਕਰਨ ਵਾਲੇ ਸਾਰੇ ਰਾਖਸ਼ਾਂ ਨੂੰ ਸ਼ਰੇਆਮ ਫਾਂਸੀ ‘ਤੇ ਲਟਕਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ‘ਰਾਮ‘ ਦੇ ਨਾ ਹੋਏ, ਉਹ ‘ਰਾਸ਼ਟਰ’ ਦੇ ਕੀ ਹੋਣਗੇ। ਪੂਰੇ ਦੇਸ਼ ਵਿੱਚ ਚੰਦਾ ਚੋਰ ਪਾਰਟੀ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ, ਕਿਉਂਕਿ ਟ੍ਰਸਟ, ਟ੍ਰਸਟ ਦੇ ਲੋਕ ਅਤੇ ਰਾਮ ਦੇ ਘਰ ਡਾਕਾ ਮਾਰਨ ਵਾਲੇ ਸਭ ਚੰਦਾ ਚੋਰ ਪਾਰਟੀ ਦੇ ਹਨ। ਚੰਦਾ ਚੋਰ ਪਾਰਟੀ ਛੋਟੇ ਮੋਹਰਿਆਂ ਨੂੰ ਫਸਾ ਕੇ ਰਾਮ ਦੇ ਘਰ ਵੱਡਾ ਡਾਕਾ ਮਾਰਨ ਵਾਲਿਆਂ ਨੂੰ ਬਚਾ ਰਹੀ ਹੈ। ਅਜਿਹੇ ਵਿੱਚ ਕਰੋੜਾਂ ਹਿੰਦੂਆਂ ਦੀ ਆਤਮਾ ਨੂੰ ਉਦੋਂ ਹੀ ਸ਼ਾਂਤੀ ਮਿਲੇਗੀ, ਜਦੋਂ ਵੱਡੇ ਡਾਕੂਆਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ। ਪਰ ਬਦਕਿਸਮਤੀ ਦੀ ਗੱਲ ਹੈ ਕਿ ਜਿਨ੍ਹਾਂ ਨੇ ਚੋਰੀ ਕੀਤੀ ਹੈ, ਉਨ੍ਹਾਂ ਉੱਤੇ ਹੀ ਕਾਰਵਾਈ ਦੀ ਜ਼ਿੰਮੇਵਾਰੀ ਹੈ। ਫਰਜ਼ੀ ਐਸਆਈਟੀ, ਫਰਜ਼ੀ ਐਫਆਈਆਰ ਅਤੇ ਫਰਜ਼ੀ ਗ੍ਰਿਫਤਾਰੀ ਰਾਹੀਂ ਛੋਟੇ ਮੋਹਰਿਆਂ ਨੂੰ ਫਸਾ ਕੇ ਵੱਡੇ ਅਪਰਾਧੀਆਂ ਨੂੰ ਬਚਾਇਆ ਗਿਆ ਹੈ।

ਅਯੁੱਧਿਆ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵਾਨ ਰਾਮ ਦੇ ਘਰ ਵਿੱਚ ਮਹਾਂ ਡਾਕਾ ਪਿਆ ਹੈ। ਭਗਵਾਨ ਰਾਮ ਦੇ ਗਹਿਣੇ, ਉਨ੍ਹਾਂ ਦਾ ਹਾਰ, ਉਨ੍ਹਾਂ ਦੀਆਂ ਪਾਦੁਕਾਵਾਂ, ਉਨ੍ਹਾਂ ‘ਤੇ ਚੜ੍ਹਾਇਆ ਗਿਆ ਸੋਨਾ, ਚਾਂਦੀ, ਹੀਰੇ-ਜਵਾਹਰਾਤ, ਕਰੋੜਾਂ-ਅਰਬਾਂ ਰੁਪਏ ਦੀ ਨਕਦੀ ਅਤੇ ਨਾ ਜਾਣੇ ਕੀ-ਕੀ ਚੋਰੀ ਹੋ ਗਿਆ ਹੈ। ਇਸ ਚੋਰੀ ਵਿੱਚ ਬਹੁਤ ਵੱਡੇ-ਵੱਡੇ ਰਾਖਸ਼ ਸ਼ਾਮਲ ਹਨ। ਭਗਵਾਨ ਰਾਮ ‘ਤੇ ਕਰੋੜਾਂ-ਕਰੋੜਾਂ ਲੋਕਾਂ ਦੀ ਆਸਥਾ ਹੈ ਅਤੇ ਉਨ੍ਹਾਂ ਕਰੋੜਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ। ਲੋਕ ਦੁਖੀ ਹੋਏ ਹਨ। ਮੈਂ ਖੁਦ ਬਹੁਤ ਦੁਖੀ ਹੋਇਆ ਹਾਂ ਅਤੇ ਇਸੇ ਲਈ ਅੱਜ ਮੈਂ ਭਗਵਾਨ ਰਾਮ ਦੇ ਦਰਸ਼ਨਾਂ ਲਈ ਰਾਮ ਮੰਦਰ ਗਿਆ ਸੀ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਚੋਰੀ ਕੀਤੀ ਹੈ ਅਤੇ ਜੋ ਇਸ ਮਹਾਂ ਡਾਕੇ ਵਿੱਚ ਸ਼ਾਮਲ ਹਨ, ਬਦਕਿਸਮਤੀ ਨਾਲ ਕਾਰਵਾਈ ਵੀ ਉਨ੍ਹਾਂ ਨੇ ਹੀ ਕਰਨੀ ਹੈ। ਜ਼ਾਹਿਰ ਹੈ ਕਿ ਉਹ ਆਪਣੇ ਖਿਲਾਫ ਤਾਂ ਕਾਰਵਾਈ ਕਰਨਗੇ ਨਹੀਂ, ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਹ ਜੋ ਫਰਜ਼ੀ ਐਸਆਈਟੀ ਬਣੀ ਅਤੇ ਵੀਰਵਾਰ ਨੂੰ ਜੋ ਫਰਜ਼ੀ ਐਫਆਈਆਰ ਹੋਈ, ਉਸ ਫਰਜ਼ੀ ਐਫਆਈਆਰ ਵਿੱਚ ਅੱਠ ਛੋਟੇ-ਛੋਟੇ ਮੋਹਰਿਆਂ ਨੂੰ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ। ਕੋਈ ਵੱਡੇ ਨਾਂ ਨਹੀਂ ਹਨ। ਇੱਕ ਪਾਸੇ ਤਾਂ ਇੰਨਾ ਵੱਡਾ ਮਹਾਂ ਡਾਕਾ ਮਾਰਿਆ ਗਿਆ ਅਤੇ ਦੂਜੇ ਪਾਸੇ ਇਸ ਵਿੱਚ ਜਿੰਨੇ ਵੀ ਵੱਡੇ-ਵੱਡੇ ਰਾਖਸ਼ ਸ਼ਾਮਲ ਹਨ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇੱਕ ਤਰ੍ਹਾਂ ਨਾਲ ਸਾਰੇ ਹਿੰਦੂਆਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲੀ ਗੱਲ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਮਿਲੇਗੀ ਜਦੋਂ ਤੱਕ ਚੋਰੀ ਕਰਨ ਵਾਲੇ ਇਨ੍ਹਾਂ ਵੱਡੇ-ਵੱਡੇ ਲੋਕਾਂ ਨੂੰ ਸ਼ਰੇਆਮ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ।

ਅਰਵਿੰਦ ਕੇਜਰੀਵਾਲ ਨੇ ਕੁਝ ਉਦਾਹਰਣਾਂ ਦਿੰਦਿਆਂ ਕਿਹਾ ਕਿ ਸਿੰਧੀ ਐਸੋਸੀਏਸ਼ਨ ਨੇ 26 ਜਨਵਰੀ 2021 ਨੂੰ 200 ਕਿਲੋ ਚਾਂਦੀ ਦਾਨ ਵਿੱਚ ਦਿੱਤੀ ਸੀ। ਉਨ੍ਹਾਂ ਨੂੰ ਰਸੀਦ ਨਹੀਂ ਮਿਲੀ ਅਤੇ ਉਨ੍ਹਾਂ ਨੇ ਰਸੀਦ ਦੀ ਜ਼ਿੱਦ ਵੀ ਨਹੀਂ ਕੀਤੀ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਉਹ ਭਗਵਾਨ ਦੇ ਦਰ ‘ਤੇ ਚੰਦਾ ਚੜ੍ਹਾ ਰਹੇ ਹਨ, ਇਸ ਵਿੱਚ ਰਸੀਦ ਦੀ ਕੀ ਲੋੜ ਹੈ। ਬਹੁਤ ਸਾਰੇ ਲੋਕ ਭਗਵਾਨ ਦੇ ਦਰ ‘ਤੇ ਜਾਂਦੇ ਹਨ ਅਤੇ ਚੰਦਾ ਚੜ੍ਹਾਉਂਦੇ ਹਨ, ਰਸੀਦ ਕੌਣ ਮੰਗਦਾ ਹੈ। 5 ਸਾਲ ਹੋ ਗਏ ਉਨ੍ਹਾਂ ਨੇ ਕਦੇ ਰਸੀਦ ਦੀ ਜ਼ਿੱਦ ਨਹੀਂ ਕੀਤੀ, ਪਰ ਹੁਣ ਜਦੋਂ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਵੀ ਰੂਹ ਕੰਬ ਗਈ। ਹੁਣ ਉਹ ਪੁੱਛ ਰਹੇ ਹਨ ਕਿ ਸਾਡੀ 200 ਕਿਲੋ ਚਾਂਦੀ ਕਿੱਥੇ ਗਈ? ਉਨ੍ਹਾਂ ਦਾ ਵਿਸ਼ਵਾਸ ਡਗਮਗਾ ਗਿਆ ਹੈ। ਭਗਵਾਨ ਰਾਮ ‘ਤੇ ਉਨ੍ਹਾਂ ਦੀ ਅਟੁੱਟ ਸ਼ਰਧਾ ਹੈ, ਪਰ ਮੰਦਰ ਚਲਾਉਣ ਵਾਲਿਆਂ ਅਤੇ ਉਨ੍ਹਾਂ ਦੇ ਉੱਪਰ ਬੈਠੇ ਆਕਾਵਾਂ ‘ਤੇ ਉਨ੍ਹਾਂ ਦਾ ਵਿਸ਼ਵਾਸ ਡਗਮਗਾ ਗਿਆ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੋਜ਼ਾਨਾ ਲੱਖਾਂ ਸ਼ਰਧਾਲੂ ਮੰਦਰ ਆਉਂਦੇ ਹਨ ਅਤੇ ਚੜ੍ਹਾਵਾ ਚੜ੍ਹਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ 12 ਤੋਂ 14 ਲੱਖ ਰੁਪਏ ਦਾ ਚੰਦਾ ਮੰਦਰ ਵਿੱਚ ਆਉਂਦਾ ਸੀ। ਜਦੋਂ ਤੋਂ ਇਹ ਖ਼ਬਰਾਂ ਮੀਡੀਆ ਵਿੱਚ ਆਈਆਂ ਹਨ, ਇਹ ਘਟ ਕੇ 1 ਲੱਖ ਰੁਪਏ ਤੋਂ ਵੀ ਘੱਟ ਰਹਿ ਗਿਆ ਹੈ। ਲੋਕਾਂ ਦੀ ਆਸਥਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਕਿਸੇ ਰਸਤੋਗੀ ਜੀ ਨੇ ਦੋ ਦੀਵੇ ਦਾਨ ਕੀਤੇ ਸਨ, ਜਿਨ੍ਹਾਂ ਵਿੱਚੋਂ ਇੱਕ ਦੀਵੇ ‘ਤੇ ਅਖੰਡ ਜੋਤ ਜਗਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਉਸ ਦੀਵੇ ਦਾ ਕੋਈ ਅਤਾ-ਪਤਾ ਨਹੀਂ ਹੈ। ਬਹੁਤ ਸਾਰੇ ਲੋਕ ਹੁਣ ਆਪਣੇ-ਆਪਣੇ ਚੰਦੇ ਦਾ ਹਿਸਾਬ ਮੰਗ ਰਹੇ ਹਨ। ਜਿਨ੍ਹਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ, ਗਹਿਣੇ ਅਤੇ ਆਪਣੇ ਘਰ ਦਾ ਸਾਰਾ ਸਾਮਾਨ ਵੇਚ ਕੇ ਸਭ ਕੁਝ ਭਗਵਾਨ ਰਾਮ ‘ਤੇ ਲੁਟਾ ਦਿੱਤਾ, ਅੱਜ ਉਨ੍ਹਾਂ ਦੀ ਆਸਥਾ ਨੂੰ ਭਾਰੀ ਠੇਸ ਪਹੁੰਚੀ ਹੈ।

ਅਰਵਿੰਦ ਕੇਜਰੀਵਾਲ ਨੇ ਯਾਦ ਦਿਵਾਇਆ ਕਿ ਭਗਵਾਨ ਰਾਮ ਨੇ ਆਪਣੇ ਪਿਤਾ ਦਸ਼ਰਥ ਅਤੇ ਮਾਤਾ ਕੈਕੇਈ ਦੇ ਕਹਿਣ ‘ਤੇ ਸਵੇਰੇ ਹੋਣ ਵਾਲੀ ਆਪਣੀ ਤਾਜਪੋਸ਼ੀ ਨੂੰ ਛੱਡ ਕੇ ਇੱਕ ਮਿੰਟ ਵਿੱਚ ਸੱਤਾ ਨੂੰ ਲੱਤ ਮਾਰ ਦਿੱਤੀ ਸੀ ਅਤੇ ਮੁਸਕਰਾਉਂਦੇ ਹੋਏ 14 ਸਾਲਾਂ ਦਾ ਬਨਵਾਸ ਸਵੀਕਾਰ ਕਰ ਲਿਆ ਸੀ। ਅਜਿਹੇ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਦੇ ਨਾਮ ਦੀ ਗਲਤ ਵਰਤੋਂ ਕਰਕੇ ਅਤੇ ਪਿਛਲੇ 30 ਸਾਲਾਂ ਤੋਂ ਭਗਵਾਨ ਰਾਮ ਦਾ ਮੰਦਰ ਬਣਾਉਣ ਦੇ ਨਾਮ ‘ਤੇ ਚੰਦਾ ਚੋਰ ਪਾਰਟੀ ਸੱਤਾ ਵਿੱਚ ਆਈ। ਜਦੋਂ ਤੋਂ ਇਹ ਸੱਤਾ ਵਿੱਚ ਆਏ ਹਨ, ਉਦੋਂ ਤੋਂ ਇਨ੍ਹਾਂ ਨੇ ਰਾਮ ਮੰਦਰ ਨੂੰ ਆਪਣੇ ਪੈਸੇ ਦੀ ਹਵਸ ਦਾ ਸ਼ਿਕਾਰ ਬਣਾ ਲਿਆ ਹੈ। ਰੋਜ਼ ਕੁਝ ਨਾ ਕੁਝ ਨਵਾਂ ਨਿਕਲ ਰਿਹਾ ਹੈ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਰਾਮ ਮੰਦਰ ਦੇ ਨਾਂ ‘ਤੇ ਜ਼ਮੀਨਾਂ ਦੀ ਵੀ ਚੋਰੀ ਹੋਈ ਹੈ ਅਤੇ ਜ਼ਮੀਨਾਂ ਦੇ ਜ਼ਰੀਏ ਇਨ੍ਹਾਂ ਨੇ ਪੈਸੇ ਦੀ ਹੇਰਾਫੇਰੀ ਕੀਤੀ ਹੈ। ਇਸਦੀ ਇੱਕ ਉਦਾਹਰਣ ਹੈ ਕਿ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਨੇ 18 ਮਾਰਚ 2021 ਨੂੰ ਆਪਣੀ ਸਵਾ ਹੈਕਟੇਅਰ ਜ਼ਮੀਨ 2 ਕਰੋੜ ਰੁਪਏ ਵਿੱਚ ਚੰਦਾ ਚੋਰ ਪਾਰਟੀ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਵੇਚੀ ਸੀ। ਮਾਤਰ 10 ਮਿੰਟਾਂ ਦੇ ਅੰਦਰ, ਮੰਦਰ ਦੇ ਟ੍ਰਸਟ ਨੇ ਉਹੀ 2 ਕਰੋੜ ਦੀ ਜ਼ਮੀਨ ਚੰਦਾ ਚੋਰ ਪਾਰਟੀ ਦੇ ਲੋਕਾਂ ਤੋਂ 18 ਕਰੋੜ ਰੁਪਏ ਵਿੱਚ ਖਰੀਦ ਲਈ। ਇਸਦਾ ਮਤਲਬ ਹੈ ਕਿ ਟ੍ਰਸਟ ਨੇ ਭਗਵਾਨ ਰਾਮ ਦੇ 16 ਕਰੋੜ ਰੁਪਏ ਹੜੱਪ ਲਏ।
ਅਜਿਹੀਆਂ ਅਨੇਕਾਂ ਉਦਾਹਰਣਾਂ ਹਨ ਜਿਨ੍ਹਾਂ ਦੀ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਜਿਨ੍ਹਾਂ ਲੋਕਾਂ ਨੇ ਕਾਰਵਾਈ ਕਰਨੀ ਹੈ, ਉਹ ਆਪਣੇ ਖਿਲਾਫ ਐਕਸ਼ਨ ਨਹੀਂ ਲੈਣਗੇ। ਉਹ ਛੋਟੇ-ਛੋਟੇ ਕੈਸ਼ੀਅਰ, ਚੌਕੀਦਾਰ ਅਤੇ ਮਾਲੀ ਨੂੰ ਫੜਨਗੇ, ਉੱਪਰ ਬੈਠੇ ਵੱਡੇ ਲੋਕਾਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਵਿੱਚ ਵੀ ਦੋਸ਼ ਲੱਗ ਰਹੇ ਹਨ ਕਿ ਹਰ ਟੈਂਡਰ ਵਿੱਚ ਕਮਿਸ਼ਨ ਖਾਧਾ ਗਿਆ ਅਤੇ 2 ਰੁਪਏ ਦਾ ਕੰਮ 10-20 ਰੁਪਏ ਵਿੱਚ ਕਰਵਾਇਆ ਗਿਆ। ਅਤੇ ਹੁਣ ਜੋ ਸਾਹਮਣੇ ਆ ਰਿਹਾ ਹੈ ਕਿ ਮੰਦਰ ਬਣਨ ਦੇ ਸਮੇਂ ਅਤੇ ਮੰਦਰ ਸ਼ੁਰੂ ਹੋਣ ਤੋਂ ਬਾਅਦ ਜਿੰਨਾ ਚੜ੍ਹਾਵਾ ਆਇਆ, ਉਸ ਚੜ੍ਹਾਵੇ ਦੀ ਬਹੁਤ ਵੱਡੇ ਪੱਧਰ ‘ਤੇ ਚੋਰੀ ਕੀਤੀ ਗਈ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਹਿੰਦੂਆਂ ਨੇ ਚੰਦਾ ਚੋਰ ਪਾਰਟੀ ਨੂੰ ਪਿਆਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਚੰਦਾ ਚੋਰ ਪਾਰਟੀ ਨੇ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਚੰਦਾ ਚੋਰ ਪਾਰਟੀ ਨੇ ਹਿੰਦੂਆਂ ਨਾਲ ਜਿਸ ਤਰ੍ਹਾਂ ਦਾ ਧੋਖਾ ਕੀਤਾ ਹੈ, ਸ਼ਾਇਦ ਹੀ ਭਾਰਤ ਦੇ ਇਤਿਹਾਸ ਵਿੱਚ ਕਿਸੇ ਨੇ ਹਿੰਦੂਆਂ ਨਾਲ ਇੰਨਾ ਵੱਡਾ ਛਲ ਕੀਤਾ ਹੋਵੇਗਾ। ਇਹ ਜੋ ਟ੍ਰਸਟ ਹੈ, ਇਹ ਇਨ੍ਹਾਂ ਦਾ ਹੈ, ਇਸਦੇ ਮੈਂਬਰ ਅਤੇ ਟ੍ਰਸਟੀ ਸਭ ਇਨ੍ਹਾਂ ਦੇ ਹਨ। ਮੰਦਰ ਦਾ ਸਾਰਾ ਪ੍ਰਬੰਧ ਇਨ੍ਹਾਂ ਦਾ ਹੈ। ਮੰਦਰ ਵਿੱਚ ਬਹੁਤ ਵੱਡੇ ਪੱਧਰ ‘ਤੇ ਚੋਰੀ ਅਤੇ ਮਹਾਂ ਡਾਕਾ ਹੋਇਆ ਹੈ ਅਤੇ ਹੁਣ ਉਸ ਡਾਕੇ ‘ਤੇ ਪਰਦਾ ਪਾਉਣ ਦਾ ਕੰਮ ਵੀ ਇਹੀ ਲੋਕ ਕਰ ਰਹੇ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਇੰਨੇ ਵੱਡੇ ਪੱਧਰ ‘ਤੇ ਰੋਜ਼ਾਨਾ ਚੋਰੀ ਹੋ ਰਹੀ ਸੀ, ਤਾਂ ਕੀ ਵੱਡੇ ਲੋਕਾਂ ਨੂੰ ਪਤਾ ਨਹੀਂ ਸੀ? ਜੇਕਰ ਕਿਸੇ ਮੰਦਰ ਦੀ ਮੂਰਤੀ ਚੋਰੀ ਹੋ ਜਾਵੇ, ਤਾਂ ਉਹ ਇੱਕ ਘਟਨਾ ਮੰਨੀ ਜਾ ਸਕਦੀ ਹੈ, ਪਰ ਜਿੱਥੇ ਰੋਜ਼ਾਨਾ ਇੰਨੇ ਵੱਡੇ ਪੱਧਰ ‘ਤੇ ਚੋਰੀ ਹੋ ਰਹੀ ਹੋਵੇ, ਸ਼ਿਕਾਇਤਾਂ ਹੋ ਰਹੀਆਂ ਹੋਣ ਅਤੇ 8 ਮਹੀਨਿਆਂ ਦੀ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਗਾਇਬ ਕਰ ਦਿੱਤੀ ਗਈ ਹੋਵੇ, ਤਾਂ ਇਸਦਾ ਮਤਲਬ ਹੈ ਕਿ ਇਹ ਗੱਲ ਬਹੁਤ ਉੱਪਰ ਤੱਕ ਦੀ ਹੈ। ਮੁੱਖ ਸਵਾਲ ਇਹ ਹੈ, ਜੋ ਪੂਰਾ ਦੇਸ਼ ਅਤੇ ਹਿੰਦੂ ਸਮਾਜ ਜਾਣਨਾ ਚਾਹੁੰਦਾ ਹੈ ਕਿ ਕਿੰਨੇ ਕਰੋੜ ਅਤੇ ਅਰਬਾਂ ਰੁਪਏ ਦੀ ਚੋਰੀ ਹੋਈ ਅਤੇ ਉਹ ਸਾਰਾ ਪੈਸਾ ਗਿਆ ਕਿੱਥੇ? ਉਹ ਸਾਰਾ ਪੈਸਾ ਇਹ ਅੱਠ ਕੈਸ਼ੀਅਰ ਨਹੀਂ ਲੈ ਕੇ ਗਏ, ਜਿਨ੍ਹਾਂ ਖਿਲਾਫ ਐਫਆਈਆਰ ਹੋਈ ਹੈ। ਜੋ ਅਰਬਾਂ ਰੁਪਏ ਦਾ ਪੈਸਾ, ਸਾਰੇ ਹੀਰੇ-ਜਵਾਹਰਾਤ, ਚਾਂਦੀ, ਪਾਦੁਕਾਵਾਂ, ਹਾਰ ਅਤੇ ਭਗਵਾਨ ਦੇ ਗਹਿਣੇ ਚੋਰੀ ਹੋਏ ਹਨ, ਉਹ ਅਯੁੱਧਿਆ ਤੋਂ ਬਾਹਰ ਗਏ, ਕਿੱਥੇ ਗਏ ਅਤੇ ਉਸਦੀ ਮੰਜ਼ਿਲ ਕਿੱਥੇ ਹੈ? ਇਸਦੇ ਤਾਰ ਬਹੁਤ ਉੱਪਰ ਤੱਕ ਜੁੜੇ ਹੋਏ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਰੀ ਸਾਹਮਣੇ ਆਏ ਨੂੰ 18 ਦਿਨ ਹੋ ਗਏ ਹਨ। ਜਦੋਂ ਮੈਂ ਵੀਰਵਾਰ ਨੂੰ ਲਖਨਊ ਹਵਾਈ ਅੱਡੇ ‘ਤੇ ਉਤਰਿਆ ਅਤੇ ਅਯੁੱਧਿਆ ਵੱਲ ਆ ਰਿਹਾ ਸੀ, ਐਫਆਈਆਰ ਉਸ ਤੋਂ ਬਾਅਦ ਹੋਈ ਹੈ। ਐਫਆਈਆਰ ਦਰਜ ਕਰਵਾਉਣ ਲਈ ਵੀ ਇੰਨੀ ਜੱਦੋਜਹਿਦ ਕਰਨੀ ਪਈ। ਮੈਂ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਸੁਣਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਚੰਪਤ ਰਾਏ ਤੋਂ ਰਿਕਾਰਡ ਅਤੇ ਹਿਸਾਬ-ਕਿਤਾਬ ਮੰਗਿਆ ਸੀ, ਪਰ ਚੰਪਤ ਰਾਏ ਨੇ ਦੇਣ ਤੋਂ ਮਨਾ ਕਰ ਦਿੱਤਾ। ਇਸ ਦੇਸ਼ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜੋ ਮੋਦੀ ਜੀ ਨੂੰ ਮਨਾ ਵੀ ਕਰ ਸਕਦਾ ਹੈ ਅਤੇ ਮੋਦੀ ਜੀ ਨੇ ਉਸਦੀ ਗੱਲ ਮੰਨ ਵੀ ਲਈ, ਕੋਈ ਰੀਮਾਈਂਡਰ ਤੱਕ ਨਹੀਂ ਭੇਜਿਆ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਇਸਦੇ ਤਾਰ ਕਿੱਥੋਂ ਤੱਕ ਜੁੜੇ ਹੋਏ ਹਨ। ਚੰਪਤ ਰਾਏ ਕੋਲ ਅਜਿਹੀ ਕੀ ਜਾਣਕਾਰੀ ਹੈ ਜਿਸ ਦੇ ਸਾਹਮਣੇ ਮੋਦੀ ਜੀ ਵੀ ਬੇਵੱਸ ਹਨ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਚੰਦਾ ਚੋਰ ਪਾਰਟੀ ਨੇ ਇਸ ਮੁੱਦੇ ਨੂੰ ਸਭ ਤੋਂ ਵੱਧ ਭੁਨਾਇਆ, ਉਸਦੇ ਇੱਕ ਵੀ ਨੇਤਾ ਨੇ ਚੰਦਾ ਚੋਰੀ ਦੀ ਨਿੰਦਾ ਨਹੀਂ ਕੀਤੀ ਅਤੇ ਇਸਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ। ਪੂਰੇ ਹਿੰਦੂ ਸਮਾਜ ਦੀ ਇੱਕੋ-ਇੱਕ ਮੰਗ ਹੈ ਕਿ ਜਿਨ੍ਹਾਂ ਰਾਖਸ਼ਾਂ ਨੇ ਇਹ ਕੰਮ ਕੀਤਾ ਹੈ, ਉਨ੍ਹਾਂ ਨੂੰ ਸ਼ਰੇਆਮ ਫਾਂਸੀ ‘ਤੇ ਲਟਕਾਇਆ ਜਾਵੇ। ਚੰਦਾ ਚੋਰੀ, ਲੋਕਾਂ ਦੀ ਆਸਥਾ ਅਤੇ ਵਿਸ਼ਵਾਸ ਨਾਲ ਖਿਲਵਾੜ ਕਰਨਾ ਇੱਕ ਮਹਾਂਪਾਪ ਹੈ ਅਤੇ ਅਜਿਹਾ ਕਰਨ ਵਾਲੇ ਸਾਰੇ ਰਾਖਸ਼ਾਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਦੇਖਣ ਵਿੱਚ ਆ ਰਿਹਾ ਹੈ, ਇਹ ਲੋਕ ਕੁਝ ਨਹੀਂ ਕਰਨਗੇ, ਉੱਪਰ ਤੋਂ ਲੈ ਕੇ ਹੇਠਾਂ ਤੱਕ ਸਭ ਮਿਲੇ ਹੋਏ ਹਨ। ਜੇਕਰ ਪ੍ਰਧਾਨ ਮੰਤਰੀ ਜੀ ਚੰਪਤ ਰਾਏ ਸਾਹਮਣੇ ਇੰਨੇ ਬੇਵੱਸ ਹਨ, ਤਾਂ ਸੋਚਿਆ ਜਾ ਸਕਦਾ ਹੈ ਕਿ ਕੌਣ ਕਿੱਥੇ ਕਿੰਨਾ ਮਿਲਿਆ ਹੋਇਆ ਹੈ। ਪਰ ਮੇਰੀ ਸਮਾਜ ਨੂੰ ਬੇਨਤੀ ਹੈ ਕਿ ਕਾਨੂੰਨ ਆਪਣਾ ਕੰਮ ਕਰੇ ਜਾਂ ਨਾ ਕਰੇ, ਅਸੀਂ ਸਾਰੇ ਮਿਲ ਕੇ ਕਾਨੂੰਨ ਤੋਂ ਕੰਮ ਕਰਵਾਵਾਂਗੇ। ਭਗਵਾਨ ਰਾਮ ਵੀ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣਗੇ। ਅੱਜ ਮੈਂ ਭਗਵਾਨ ਰਾਮ ਦੇ ਸਾਹਮਣੇ ਨਤਮਸਤਕ ਹੋਇਆ ਹਾਂ, ਉਹ ਵੀ ਇਨ੍ਹਾਂ ਨੂੰ ਸਜ਼ਾ ਦੇਣਗੇ। ਪਰ ਇਹ ਪੂਰੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਕਿ ਜਿੰਨੇ ਵੀ ਚੰਦਾ ਚੋਰ, ਉਨ੍ਹਾਂ ਦੇ ਸਹਿਯੋਗੀ ਜਾਂ ਸਮਰਥਕ ਹਨ, ਉਨ੍ਹਾਂ ਸਾਰਿਆਂ ਦਾ ਸਮਾਜਿਕ ਬਾਈਕਾਟ ਕਰਨਾ ਸ਼ੁਰੂ ਕਰ ਦਿਓ, ਨਹੀਂ ਤਾਂ ਤੁਸੀਂ ਵੀ ਪਾਪ ਦੇ ਭਾਗੀਦਾਰ ਬਣੋਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਰਾਮ ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਮਿੱਟੀ ਦੀ ਹੈ। ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਭਗਵਾਨ ਰਾਮ ਕਿੰਨੇ ਸ਼ਕਤੀਸ਼ਾਲੀ ਹਨ ਅਤੇ ਉਨ੍ਹਾਂ ਦੀ ਤਾਕਤ ਕੀ ਹੈ। ਇਨ੍ਹਾਂ ਨੂੰ ਲੱਗਦਾ ਸੀ ਕਿ ਬੜੀ ਆਸਾਨੀ ਨਾਲ ਡਾਕਾ ਮਾਰ ਲੈਣਗੇ। ਮੈਂ ਇਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਰਾਮ ਦੇ ਸਹਾਰੇ ਆਏ ਸਨ, ਹੁਣ ਭਗਵਾਨ ਰਾਮ ਹੀ ਇਨ੍ਹਾਂ ਨੂੰ ਭਜਾਉਣਗੇ। ਪੂਰੇ ਹਿੰਦੂ ਸਮਾਜ ਦੀ ਮੰਗ ਹੈ ਕਿ ਟ੍ਰਸਟ ਦੇ ਅੰਦਰ ਬੈਠੇ ਇਨ੍ਹਾਂ ਨੇਤਾਵਾਂ ਅਤੇ ਅਫ਼ਸਰਾਂ ਦਾ ਮੰਦਰ ਨਾਲ ਕੀ ਲੈਣਾ-ਦੇਣਾ ਹੈ? ਇਨ੍ਹਾਂ ਨੇ ਆਪਣੇ ਮੋਹਰੇ ਬਿਠਾ ਰੱਖੇ ਹਨ। ਅੱਜ ਅਸੀਂ ਹਨੂਮਾਨਗੜ੍ਹੀ ਗਏ ਸੀ, ਜਿਸਦਾ ਸੰਚਾਲਨ ਸਾਧੂ-ਸੰਤ ਕਰਦੇ ਹਨ। ਸਾਧੂ-ਸੰਤ ਨਿਰਮੋਹੀ ਹੁੰਦੇ ਹਨ। ਉੱਥੇ ਸਦੀਆਂ ਤੋਂ ਕਰੋੜਾਂ ਦਾ ਚੰਦਾ ਚੜ੍ਹਦਾ ਹੈ, ਪਰ ਅੱਜ ਤੱਕ ਇੱਕ ਨਵੇਂ ਪੈਸੇ ਦਾ ਵੀ ਦੋਸ਼ ਨਹੀਂ ਲੱਗਿਆ। ਉਹ ਮੰਦਰ ਸਦੀਆਂ ਤੋਂ ਚੱਲ ਰਿਹਾ ਹੈ। ਭਗਵਾਨ ਰਾਮ ਦਾ ਮੰਦਰ ਵੀ ਸਾਧੂ-ਸੰਤਾਂ ਅਤੇ ਧਰਮਾਚਾਰੀਆਂ ਨੂੰ ਸੌਂਪਿਆ ਜਾਵੇ। ਇਨ੍ਹਾਂ ਅਫ਼ਸਰਾਂ ਅਤੇ ਨੇਤਾਵਾਂ ਨੂੰ ਉਸਦੇ ਚੁੰਗਲ ਵਿੱਚੋਂ ਹਟਾਇਆ ਜਾਵੇ ਅਤੇ ਟ੍ਰਸਟ ਵਿੱਚ ਕੇਵਲ ਧਰਮਾਚਾਰੀਆਂ ਨੂੰ ਹੀ ਰੱਖਿਆ ਜਾਵੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਰਾਮ ਦੇ ਨਹੀਂ ਹੋਏ, ਜਿਨ੍ਹਾਂ ਨੇ ਭਗਵਾਨ ਰਾਮ ਨੂੰ ਲੁੱਟ ਲਿਆ, ਉਹ ਤੁਹਾਡੇ ਕੀ ਹੋਣਗੇ? ਕੁਝ ਅੰਧ-ਭਗਤਾਂ ਨੂੰ ਲੱਗਦਾ ਸੀ ਕਿ ਇਹ ਲੋਕ ਬਹੁਤ ਇਮਾਨਦਾਰ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੀ ਇਮਾਨਦਾਰੀ ‘ਤੇ ਵੱਡਾ ਭਰੋਸਾ ਸੀ, ਉਹ ਅੰਧ-ਭਗਤ ਜਾਣ ਲੈਣ ਕਿ ਜਿਨ੍ਹਾਂ ਨੇ ਰਾਮ ਨੂੰ ਨਹੀਂ ਛੱਡਿਆ, ਉਹ ਰਾਸ਼ਟਰ ਨੂੰ ਕੀ ਛੱਡਣਗੇ? ਮੈਂ ਪੂਰੇ ਦੇਸ਼ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਧਰਮ ਯੁੱਧ ਹੈ, ਇਸਦੇ ਲਈ ਸਾਰੇ ਲੋਕਾਂ ਨੂੰ ਉੱਠਣਾ ਅਤੇ ਖੜ੍ਹੇ ਹੋਣਾ ਪਵੇਗਾ। ਸਾਰੇ ਲੋਕਾਂ ਨੂੰ ਇਸ ਧਰਮ ਯੁੱਧ ਦੀ ਲੜਾਈ ਲੜਨੀ ਪਵੇਗੀ। ਅੱਜ ਮੈਂ ਤਾਂ ਭਗਵਾਨ ਰਾਮ ਦੇ ਮੰਦਰ ਵਿੱਚ ਕਸਮ ਖਾ ਕੇ ਆਇਆ ਹਾਂ ਕਿ ਜਦੋਂ ਤੱਕ ਇਨ੍ਹਾਂ ਰਾਖਸ਼ਾਂ ਨੂੰ ਫਾਂਸੀ ‘ਤੇ ਨਹੀਂ ਚੜ੍ਹਵਾ ਦਿੰਦਾ, ਉਦੋਂ ਤੱਕ ਚੈਨ ਦਾ ਸਾਹ ਨਹੀਂ ਲਵਾਂਗਾ।

ਕੇਜਰੀਵਾਲ ਦਾ ਯੋਗੀ ‘ਤੇ ਪਲਟਵਾਰ, ‘ਚੰਦਾ ਚੋਰਾਂ ਦਾ ਸਾਥ ਛੱਡੋ, ਇਹ ਤੁਹਾਡੀ ਕੁਰਸੀ ਵੀ ਨਹੀਂ ਛੱਡਣਗੇ’

ਅਰਵਿੰਦ ਕੇਜਰੀਵਾਲ ਨੇ ਸੀਐਮ ਯੋਗੀ ਆਦਿੱਤਿਆਨਾਥ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਮਹਾਰਾਜ ਜੀ, ਇਹ ਜੋ ਚੰਦਾ ਚੋਰ ਹਨ, ਇਹ ਤੁਹਾਨੂੰ ਵੀ ਹਟਾਉਣ ਦੀ ਪੂਰੀ ਸਾਜ਼ਿਸ਼ ਰਚ ਰਹੇ ਹਨ ਅਤੇ ਤੁਹਾਡੀ ਵੀ ਕੁਰਸੀ ਦੇ ਪਿੱਛੇ ਪਏ ਹਨ। ਤੁਸੀਂ ਮਹਾਂਪਾਪ ਕਰਨ ਵਾਲਿਆਂ ਦਾ ਸਾਥ ਕਿਉਂ ਦੇ ਰਹੇ ਹੋ? ਮੇਰਾ ਸੰਘਰਸ਼ ਇਹ ਹੈ ਕਿ ਇਨ੍ਹਾਂ ਚੰਦਾ ਚੋਰਾਂ ਅਤੇ ਰਾਖਸ਼ਾਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿੱਚ ਮੇਰਾ ਸਾਥ ਦਿਓ ਅਤੇ ਇਨ੍ਹਾਂ ਮਹਾਂਪਾਪੀਆਂ ਦਾ ਸਾਥ ਨਾ ਦਿਓ।

ਉਨ੍ਹਾਂ ਨੇ ਐਕਸ ‘ਤੇ ਕਿਹਾ ਕਿ ਮਹਾਰਾਜ ਜੀ, ਤੁਸੀਂ ਚੰਦਾ ਚੋਰਾਂ ਦਾ ਕਿਉਂ ਸਾਥ ਦੇ ਰਹੇ ਹੋ? ਇਹ ਚੰਦਾ ਚੋਰ ਤੁਹਾਨੂੰ ਵੀ ਹਟਾਉਣ ਦੀ ਸਾਜ਼ਿਸ਼ ਕਰ ਰਹੇ ਹਨ। ਤੁਹਾਡੀ ਕੁਰਸੀ ਵੀ ਨਹੀਂ ਛੱਡਣਗੇ। ਭਗਵਾਨ ਰਾਮ ਦੇ ਘਰ ਹੋਏ ਮਹਾਂ ਡਾਕੇ ਦੇ ਰਾਖਸ਼ਾਂ ਨੂੰ ਸ਼ਰੇਆਮ ਫਾਂਸੀ ਦਿਵਾਉਣ ਦੇ ਮੇਰੇ ਸੰਘਰਸ਼ ਵਿੱਚ ਤੁਸੀਂ ਮੇਰਾ ਸਾਥ ਦਿਓ। ਇਸ ਮਹਾਂਪਾਪ ਵਿੱਚ ਭਾਗੀਦਾਰ ਨਾ ਬਣੋ।

ਦੂਜੇ ਪਾਸੇ, “ਆਪ” ਦੇ ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਜਦੋਂ ਅਰਵਿੰਦ ਕੇਜਰੀਵਾਲ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ, ਤਾਂ ਆਨਨ-ਫਾਨਨ ਵਿੱਚ ਚੰਦਾ ਚੋਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ। ਜਦੋਂ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਚੁੱਕਿਆ, ਤਾਂ ਅੱਜ ਇਹ ਜਾਣਕਾਰੀ ਮਿਲ ਰਹੀ ਹੈ ਕਿ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦਾ ਅਸਤੀਫਾ ਵੀ ਹੋ ਗਿਆ ਹੈ। ਰਾਮ ਮੰਦਰ ਵਿੱਚ ਹੋਈ ਇਸ ਚੰਦਾ ਚੋਰੀ ਦੀ ਘਟਨਾ ਤੋਂ ਅਰਵਿੰਦ ਕੇਜਰੀਵਾਲ ਅਤੇ ਹਿੰਦੂ ਧਰਮ ਵਿੱਚ ਆਸਥਾ ਰੱਖਣ ਵਾਲੇ ਦੇਸ਼ ਦੇ ਕਰੋੜਾਂ ਲੋਕ ਬਹੁਤ ਜ਼ਿਆਦਾ ਦੁਖੀ ਅਤੇ ਪੀੜਤ ਹਨ।

ਅਮਰੀਕਾ ਦਾ ਈਰਾਨ ’ਤੇ ਵੱਡਾ ਹਮਲਾ, ਮਿਜ਼ਾਇਲ-ਡ੍ਰੋਨ ਟਿਕਾਣਿਆਂ ‘ਤੇ ਕੀਤਾ ਹਮਲਾ

ਨਵੀਂ ਦਿੱਲੀ, 27 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਗਿਆ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਇਰਾਨ ਦੇ ਕਈ ਟਿਕਾਣਿਆਂ ‘ਤੇ ਲਗਭਗ ਇੱਕ ਘੰਟੇ ਤੱਕ ਜ਼ੋਰਦਾਰ ਹਮਲੇ ਕੀਤੇ। ਅਮਰੀਕੀ ਫ਼ੌਜ ਨੇ ਇਸ ਕਾਰਵਾਈ ਦੌਰਾਨ ਈਰਾਨ ਦੇ ਮਿਜ਼ਾਈਲ-ਡਰੋਨ ਕੇਂਦਰਾਂ ਅਤੇ ਤੱਟਵਰਤੀ ਰਡਾਰ ਸਾਈਟਾਂ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਈਰਾਨ ਨੇ ਖੁਦ ਜੰਗਬੰਦੀ (ਸੀਜ਼ਫਾਇਰ) ਦੀ ਉਲੰਘਣਾ ਕੀਤੀ ਸੀ, ਜਿਸ ਦੇ ਜਵਾਬ ਵਿੱਚ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ।

ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਹ ਕਾਰਵਾਈ ਇਰਾਨ ਵੱਲੋਂ ਕੀਤੇ ਗਏ ਇੱਕ ਹਮਲੇ ਦਾ ਜਵਾਬ ਸੀ। ਪ੍ਰਸ਼ਾਸਨ ਨੇ ਦੱਸਿਆ ਕਿ 25 ਜੂਨ ਦੀ ਘਟਨਾ: ਇਰਾਨ ਨੇ ਰਣਨੀਤਕ ਤੌਰ ‘ਤੇ ਅਹਿਮ ਮੰਨੇ ਜਾਂਦੇ ‘ਹੋਰਮੁਜ਼ ਸਟ੍ਰੇਟ’ ਵਿੱਚ ਸਿੰਗਾਪੁਰ ਦੇ ਇੱਕ ਵਪਾਰਕ ਜਹਾਜ਼  ‘ਐਮਵੀ ਐਵਰ ਲਵਲੀ’ ‘ਤੇ ਡਰੋਨ ਨਾਲ ਹਮਲਾ ਕੀਤਾ ਸੀ। ਅਮਰੀਕਾ ਨੇ ਇਸ ਨੂੰ ਸਮੁੰਦਰੀ ਸੁਰੱਖਿਆ ਅਤੇ ਜੰਗਬੰਦੀ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਮੰਨਦਿਆਂ ਜਵਾਬੀ ਕਾਰਵਾਈ ਕੀਤੀ।

ਦੂਜੇ ਪਾਸੇ, ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਮਰੀਕੀ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਹੈ।  ਇਰਾਨੀ ਫ਼ੌਜ ਮੁਤਾਬਕ ਉਨ੍ਹਾਂ ਨੇ ਖੇਤਰ ਵਿੱਚ ਮੌਜੂਦ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਲਟਵਾਰ ਕੀਤਾ ਹੈ। “ਇਸ ਹਮਲੇ ਤੋਂ ਬਾਅਦ ਇਰਾਨ ਦੇ ਸਿਆਸੀ ਹਲਕਿਆਂ ਵਿੱਚ ਭਾਰੀ ਗੁੱਸਾ ਹੈ। ਇਰਾਨੀ ਸੰਸਦ ਦੇ ਮੈਂਬਰ ਇਬਰਾਹਿਮ ਅਜ਼ੀਜ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਲਿਖਿਆ:”ਅਮਰੀਕਾ ਨੇ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਗੱਲਬਾਤ ਦੇ ਦੌਰਾਨ ਇਰਾਨ ‘ਤੇ ਹਮਲਾ ਕੀਤਾ ਹੈ। ਜੰਗਬੰਦੀ ਦੀ ਇਹ ਉਲੰਘਣਾ ਅਮਰੀਕਾ ਲਈ ਪਿੱਛੇ ਹਟਣ ਅਤੇ ਪਛਤਾਵੇ ਦਾ ਵੱਡਾ ਕਾਰਨ ਬਣੇਗੀ।”

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇਲਾਜ ਨਾਲ ਪੰਜਾਬ ਵਿੱਚ ਬਚ ਰਹੀਆਂ ਹਨ ਅਣਗਿਣਤ ਜਾਨਾਂ

ਚੰਡੀਗੜ੍ਹ; 27 ਜੂਨ 2026:

ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ ਗੰਭੀਰ ਸਮੱਸਿਆ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਪਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਪਰਕਿਊਟੇਨਿਅਸ ਟ੍ਰਾਂਸਲਿਊਮਿਨਲ ਕੋਰੋਨਰੀ ਐਂਜਿਓਪਲਾਸਟੀ (ਪੀਟੀਸੀਏ), ਜਿਸਨੂੰ ਆਮ ਤੌਰ ’ਤੇ ਐਂਜਿਓਪਲਾਸਟੀ ਕਿਹਾ ਜਾਂਦਾ ਹੈ, ਦੇ ਨਾਲ ਡਾਇਗਨੋਸਟਿਕ ਐਂਜਿਓਗ੍ਰਾਮ ਕੀਤਾ।

ਪੀਟੀਸੀਏ ਇੱਕ ਜੀਵਨ ਬਚਾਉਣ ਵਾਲੀ ਪ੍ਰਕਿਰਿਆ ਹੈ, ਜਿਸ ਰਾਹੀਂ ਦਿਲ ਦੀਆਂ ਧਮਨੀਆਂ ਵਿੱਚ ਆਈ ਰੁਕਾਵਟ ਨੂੰ ਦੂਰ ਕਰਕੇ ਖੂਨ ਦਾ ਪ੍ਰਵਾਹ ਮੁੜ ਬਹਾਲ ਕੀਤਾ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ ਹਾਰਟ ਅਟੈਕ ਦੌਰਾਨ ਹਰ ਮਿੰਟ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਲਾਜ ਵਿੱਚ ਦੇਰੀ ਨਾਲ ਦਿਲ ਨੂੰ ਸਥਾਈ ਨੁਕਸਾਨ ਪਹੁੰਚ ਸਕਦਾ ਹੈ ਅਤੇ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ। ਪਰ ਕਈ ਪਰਿਵਾਰਾਂ ਲਈ ਐਮਰਜੈਂਸੀ ਇਲਾਜ ਲਈ ਤੁਰੰਤ ਪੈਸਿਆਂ ਦਾ ਪ੍ਰਬੰਧ ਕਰਨਾ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਇਲਾਜ ਵਿੱਚ ਕਾਫ਼ੀ ਦੇਰੀ ਹੋ ਜਾਂਦੀ ਹੈ।

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਇਸ ਆਰਥਿਕ ਰੁਕਾਵਟ ਨੂੰ ਦੂਰ ਕਰਦਿਆਂ ਯੋਗ ਪਰਿਵਾਰਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੀ ਹੈ। ਸ਼ੇਖ ਜ਼ੀਸ਼ਾਨ ਕੁਰੈਸ਼ੀ ਦੇ ਮਾਮਲੇ ਵਿੱਚ 80,320 ਰੁਪਏ ਦੇ ਇਲਾਜ ਦਾ ਸਾਰਾ ਖ਼ਰਚਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਵਰ ਕੀਤਾ ਗਿਆ। ਸ਼ੇਖ ਜ਼ੀਸ਼ਾਨ ਕੁਰੈਸ਼ੀ ਨੇ ਕਿਹਾ, “ਮੇਰੇ ਅਤੇ ਮੇਰੇ ਪਰਿਵਾਰ ਲਈ ਇਹ ਬਹੁਤ ਵੱਡੀ ਰਾਹਤ ਸੀ ਕਿ ਮੇਰਾ ਇਲਾਜ ਸਮੇਂ ਸਿਰ ਅਤੇ ਬਿਨਾਂ ਕਿਸੇ ਆਰਥਿਕ ਬੋਝ ਦੇ ਹੋ ਗਿਆ। ਮੁੱਖ ਮੰਤਰੀ ਸਿਹਤ ਯੋਜਨਾ ਨੇ ਪੰਜਾਬ ਭਰ ਦੇ ਲੋਕਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ ਤੱਕ ਪਹੁੰਚ ਹੋਰ ਆਸਾਨ ਬਣਾ ਦਿੱਤੀ ਹੈ।”

ਰਾਜ ਸਿਹਤ ਏਜੰਸੀ (ਐੱਸਐੱਚਏ), ਪੰਜਾਬ ਅਨੁਸਾਰ, ਪਿਛਲੇ ਪੰਜ ਮਹੀਨਿਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6,000 ਤੋਂ ਵੱਧ ਕਾਰਡਿਅਕ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਪੀਟੀਸੀਏ ਪ੍ਰਕਿਰਿਆਵਾਂ ਸ਼ਾਮਲ ਹਨ, ਜਿਸ ਨਾਲ ਮਰੀਜ਼ਾਂ ਨੂੰ ਹਸਪਤਾਲ ਦੇ ਖ਼ਰਚ ਦੀ ਚਿੰਤਾ ਤੋਂ ਬਿਨਾਂ ਤੁਰੰਤ ਇਲਾਜ ਮਿਲ ਸਕਿਆ। ਡਾਇਗਨੋਸਟਿਕ ਐਂਜਿਓਗ੍ਰਾਮ ਸਮੇਤ ਪੀਟੀਸੀਏ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 64.82 ਕਰੋੜ ਰੁਪਏ ਦੇ ਖ਼ਰਚ ਨਾਲ ਦੂਜੀ ਸਭ ਤੋਂ ਵੱਧ ਖ਼ਰਚ ਵਾਲੀ ਇਲਾਜ ਸ਼੍ਰੇਣੀ ਹੈ, ਜੋ ਸਿਰਫ਼ ਗੋਡੇ ਬਦਲਣ (ਨੀ ਰਿਪਲੇਸਮੈਂਟ) ਤੋਂ ਬਾਅਦ ਆਉਂਦੀ ਹੈ। ਇਸ ਇਲਾਜ ਦਾ ਲਾਭ ਹੁਣ ਤੱਕ ਪੰਜਾਬ ਦੇ 6,138 ਮਰੀਜ਼ਾਂ ਨੂੰ ਮਿਲਿਆ ਹੈ ਅਤੇ ਮਰੀਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਇਹ ਯੋਜਨਾ ਵਿੱਚ ਛੇਵੇਂ ਸਥਾਨ ’ਤੇ ਹੈ। ਪ੍ਰਤੀ ਮਾਮਲਾ ਔਸਤ ਇਲਾਜ ਲਾਗਤ 1,05,611 ਰੁਪਏ (ਲਗਭਗ 1.06 ਲੱਖ ਰੁਪਏ) ਰਹੀ ਹੈ। ਹਾਲਾਂਕਿ, ਹਰ ਮਰੀਜ਼ ਦੀ ਸਥਿਤੀ ਅਨੁਸਾਰ ਇਲਾਜ ਦੀ ਲਾਗਤ ਵੱਖ-ਵੱਖ ਹੋ ਸਕਦੀ ਹੈ।

ਹਾਰਟ ਅਟੈਕ ਦੌਰਾਨ ਪੀਟੀਸੀਏ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਜੀਵਨ ਬਚਾਉਣ ਵਾਲਾ ਇਲਾਜ ਹੈ, ਜਿਸ ਨੂੰ ਸਮੇਂ ਸਿਰ ਕਰਨਾ ਮਰੀਜ਼ ਦੀ ਜਾਨ ਬਚਾਉਣ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਪਲੱਬਧ ਕੈਸ਼ਲੈੱਸ ਸਹੂਲਤ ਸਦਕਾ ਹਸਪਤਾਲ ਆਰਥਿਕ ਰਸਮੀ ਕਾਰਵਾਈਆਂ ਦੀ ਉਡੀਕ ਕੀਤੇ ਬਿਨਾਂ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ।

ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੀ 60 ਸਾਲਾ ਹਰਜਿੰਦਰ ਕੌਰ ਨੇ ਵੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲਿਆ। ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿੱਚ ਉਨ੍ਹਾਂ ਦੀ ਪੀਟੀਸੀਏ, ਡਾਇਗਨੋਸਟਿਕ ਐਂਜਿਓਗ੍ਰਾਮ ਅਤੇ ਅਸਥਾਈ ਪੇਸਮੇਕਰ ਇੰਪਲਾਂਟੇਸ਼ਨ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ, ਜੋ ਇੱਕ ਕਿਸਾਨ ਹਨ, ਨੇ ਦੱਸਿਆ ਕਿ ਉਹ ਆਪਣੇ ਪੱਧਰ ’ਤੇ ਇਸ ਇਲਾਜ ਦਾ ਖ਼ਰਚ ਨਹੀਂ ਝੱਲ ਸਕਦੇ ਸਨ।

ਉਨ੍ਹਾਂ ਕਿਹਾ, “ਜੇ ਸਿਹਤ ਕਾਰਡ ਨਾ ਹੁੰਦਾ ਤਾਂ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰਵਾ ਸਕਦਾ ਸੀ। ਇਲਾਜ ਦਾ ਖ਼ਰਚ ਸਾਡੀ ਸਮਰੱਥਾ ਤੋਂ ਬਾਹਰ ਸੀ। ਅੱਜ ਮੇਰੀ ਮਾਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਬਦੌਲਤ ਠੀਕ ਹੋ ਰਹੀ ਹੈ।”

ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਕਾਰਡੀਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਡਾ. ਸੌਰਭ ਸ਼ਰਮਾ ਨੇ ਕਿਹਾ ਕਿ ਪੀਟੀਸੀਏ ਹਾਰਟ ਅਟੈਕ ਦੇ ਮਰੀਜ਼ਾਂ ਲਈ ਸਭ ਤੋਂ ਮਹੱਤਵਪੂਰਨ ਐਮਰਜੈਂਸੀ ਇਲਾਜਾਂ ਵਿੱਚੋਂ ਇੱਕ ਹੈ।

ਉਨ੍ਹਾਂ ਕਿਹਾ, “ਇਲਾਜ ਵਿੱਚ ਹਰ ਮਿੰਟ ਦੀ ਦੇਰੀ ਨਾਲ ਦਿਲ ਨੂੰ ਸਥਾਈ ਨੁਕਸਾਨ ਪਹੁੰਚਣ ਦਾ ਖ਼ਤਰਾ ਵੱਧ ਜਾਂਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਇਲਾਜ ਉਪਲੱਬਧ ਹੋਣ ਕਾਰਨ ਡਾਕਟਰ ਪਰਿਵਾਰ ਵੱਲੋਂ ਪੈਸਿਆਂ ਦਾ ਪ੍ਰਬੰਧ ਕਰਨ ਦੀ ਉਡੀਕ ਕੀਤੇ ਬਿਨਾਂ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ।”

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਭਰ ਵਿੱਚ ਐਮਰਜੈਂਸੀ ਦਿਲ ਦੇ ਇਲਾਜ ਤੱਕ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾ ਰਹੀ ਹੈ। ਉਨ੍ਹਾਂ ਕਿਹਾ, “ਕੈਸ਼ਲੈੱਸ ਇਲਾਜ ਦੀ ਸਹੂਲਤ ਨਾਲ ਮੈਡੀਕਲ ਐਮਰਜੈਂਸੀ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਿਚਕਚਾਹਟ ਘੱਟ ਹੋਈ ਹੈ। ਹੁਣ ਵੱਧ ਤੋਂ ਵੱਧ ਲੋਕ ਸਮੇਂ ਸਿਰ ਹਸਪਤਾਲ ਪਹੁੰਚ ਰਹੇ ਹਨ ਅਤੇ ਡਾਕਟਰ ਬਿਨਾਂ ਕਿਸੇ ਆਰਥਿਕ ਦੇਰੀ ਦੇ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ। ਇਸ ਨਾਲ ਜਾਨਾਂ ਬਚਾਉਣ ਵਿੱਚ ਮਦਦ ਮਿਲ ਰਹੀ ਹੈ।”

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵਧ ਰਹੀਆਂ ਕਾਰਡਿਅਕ ਪ੍ਰਕਿਰਿਆਵਾਂ ਦੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਵਿੱਚ ਯੋਜਨਾ ਪ੍ਰਤੀ ਜਾਗਰੂਕਤਾ ਵਧੀ ਹੈ ਅਤੇ ਸਰਕਾਰ ਵੱਲੋਂ ਸਮਰਥਿਤ ਸਿਹਤ ਸੇਵਾਵਾਂ ਉੱਤੇ ਉਨ੍ਹਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਪਰਿਵਾਰਾਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ, ਜਿਸ ਵਿੱਚ ਅਤਿ ਆਧੁਨਿਕ ਢੰਗ ਨਾਲ ਦਿਲ ਦੇ ਇਲਾਜ ਸਮੇਤ ਕਈ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਸ਼ਾਮਲ ਹਨ।

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 27 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ 10 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਰਵੀ ਸਿੰਘ (33) ਅਤੇ ਸ਼ਰਨਬੀਰ ਸਿੰਘ ਉਰਫ਼ ਸੰਨੀ (31) ਦੋਵੇਂ ਵਾਸੀ ਪਿੰਡ ਮਹਾਵਾ (ਅੰਮ੍ਰਿਤਸਰ); ਮਨਪ੍ਰੀਤ ਸਿੰਘ ਉਰਫ਼ ਮੰਨੂ (21) ਵਾਸੀ ਪਿੰਡ ਨਿਹਾਲਾ ਕਿਲਚਾ, ਫਿਰੋਜ਼ਪੁਰ ਅਤੇ ਪਿੱਪਲ ਸਿੰਘ (22) ਵਾਸੀ ਪਿੰਡ ਫਤਿਹਵਾਲਾ ਹਿਠਾੜ, ਫਿਰੋਜ਼ਪੁਰ ਵਜੋਂ ਹੋਈ ਹੈ। ਬਰਾਮਦ ਹਥਿਆਰਾਂ ਵਿੱਚ ਤਿੰਨ .30 ਬੋਰ (ਮੇਡ ਇਨ ਚਾਈਨਾ), ਇੱਕ 9ਐਮਐਮ ਗਲਾਕ (ਮੇਡ ਇਨ ਆਸਟਰੀਆ), ਇੱਕ ਹੋਰ 9ਐਮਐਮ ਪਿਸਤੌਲ, ਪੰਜ .30 ਬੋਰ ਪਿਸਤੌਲ ਅਤੇ ਨੌਂ ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕਰ ਲਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫਤਾਰ ਮੁਲਜ਼ਮ ਵਿਦੇਸ਼-ਅਧਾਰਤ ਤਸਕਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ ਅਤੇ ਸਰਹੱਦ ਪਾਰ ਦੇ ਰੂਟਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਦੇ ਸਨ।
ਡੀਜੀਪੀ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਇਸ ਸਪਲਾਈ ਚੇਨ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੁਖਤਾ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਰਵੀ ਸਿੰਘ ਅਤੇ ਸ਼ਰਨਬੀਰ ਉਰਫ਼ ਸੰਨੀ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਖੁਲਾਸਿਆਂ ਦੇ ਆਧਾਰ ‘ਤੇ ਦੋ ਹੋਰ ਪਿਸਤੌਲ ਬਰਾਮਦ ਕੀਤੇ ਅਤੇ ਜਾਂਚ ਜਾਰੀ ਰੱਖੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਦੇਸ਼-ਅਧਾਰਤ ਤਸਕਰ ਬਾਰੇ ਹੋਰ ਸੁਰਾਗ ਮਿਲਣ ‘ਤੇ ਜਾਂਚ ਨੂੰ ਤੇਜ਼ ਕਰਦਿਆਂ ਪੁਲਿਸ ਟੀਮਾਂ ਨੇ ਮਨਪ੍ਰੀਤ ਉਰਫ਼ ਮੰਨੂ ਅਤੇ ਪਿੱਪਲ ਸਿੰਘ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਮੰਨੂ ਅਤੇ ਪਿੱਪਲ ਸਿੰਘ ਤੋਂ ਅਗਲੇਰੀ ਪੁੱਛਗਿੱਛ ਦੌਰਾਨ ਦੋ ਹੋਰ ਪਿਸਤੌਲ ਬਰਾਮਦ ਹੋਏ, ਜਿਸ ਨਾਲ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਦਾ ਪਰਦਾਫਾਸ਼ ਹੋਇਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਅਪਰਾਧਕ ਪਿਛੋਕੜ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸ਼ਰਨਬੀਰ ਉਰਫ਼ ਸੰਨੀ ਅਤੇ ਰਵੀ ਸਿੰਘ ਪਹਿਲਾਂ ਹੀ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਮਾਮਲੇ ਵਿੱਚ ਲੋੜੀਂਦੇ ਸਨ।
ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਰੇ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ, ਜੋ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਪਹੁੰਚ ਅਤੇ ਸ਼ਮੂਲੀਅਤ ਨੂੰ ਦਰਸਾਉਂਦਾ ਹੈ।
ਇਸ ਸਬੰਧ ਵਿੱਚ, ਦੋ ਵੱਖ-ਵੱਖ ਮਾਮਲੇ— ਥਾਣਾ ਛੇਹਰਟਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (6, 7, 8) ਤਹਿਤ ਐਫਆਈਆਰ ਨੰਬਰ 140 ਮਿਤੀ 21.06.2026 ਅਤੇ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਵਿਖੇ ਅਸਲਾ ਐਕਟ ਦੀ ਧਾਰਾ 25(8) ਤਹਿਤ ਐਫਆਈਆਰ ਨੰਬਰ 198 ਮਿਤੀ 22.06.2026— ਦਰਜ ਕੀਤੇ ਗਏ ਹਨ।

ਕੈਨੇਡਾ ‘ਚ ਕਿਉਂ ਮ,ਰੇ ਲੋਕ ਕਾਰਨ ਸੁਣ ਹੋਸ਼ ਉੱਡਣਗੇ
ਪਹਿਲੀ ਜੁਲਾਈ ਨੂੰ CUSMA ਖ਼ਤਮ ਕਿਉਂ ਨਹੀਂ ਹੋ ਸਕਦਾ, ਵਾਪਾਰ ਜ਼ਾਰੀ ਹੀ ਰਹੇਗਾ
ਕੈਨੇਡਾ ਕੱਚੇ ਲੋਕਾਂ ਨੂੰ ਪੱਕਾ ਕਰਨ ਜਾ ਰਿਹਾ ?

ਪੰਜਾਬ

ਦੇਸ਼